‘ਦ ਖ਼ਾਲਸ ਬਿਊਰੋ (ਪੁਨੀਤ ਕੌਰ):-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।
ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਧਰਮ ਗ੍ਰੰਥ ਤੋਂ ਬਿਨਾਂ ਧਰਮ ਦਾ ਹਨੇਰੇ ਵਿੱਚ ਲੁਪਤ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਧਰਮ ਗ੍ਰੰਥ ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਂਤਾਂ ਦੀ ਜਿੰਦ-ਜਾਨ ਹੁੰਦਾ ਹੈ। ਧਰਮ ਗ੍ਰੰਥਾਂ ਦੇ ਇਤਿਹਾਸ ਵੱਲ ਜਦੋਂ ਝਾਤ ਮਾਰਦੇ ਹਾਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਦੇ ਝਲਕਾਰੇ ਸਪੱਸ਼ਟ ਰੂਪ ਵਿੱਚ ਵੇਖਣ ਨੂੰ ਮਿਲਦੇ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਇਸ ਲਈ ਅਲੱਗ ਹਨ ਕਿਉਂਕਿ ਇਸ ਧਾਰਮਿਕ ਗ੍ਰੰਥ ਦੀ ਸੰਪਾਦਨਾ ਸਿੱਖ ਧਰਮ ਦੇ ਬਾਨੀਆਂ ਵੱਲੋਂ ਆਪ ਕੀਤੀ ਗਈ ਹੈ ਜਿਸ ਕਰਕੇ ਇਹ ਧਰਮ ਗ੍ਰੰਥ ਸਭ ਪ੍ਰਕਾਰ ਦੇ ਸ਼ੰਕਿਆਂ ਤੋਂ ਮੁਕਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਸਿੱਖ ਬਾਨੀਆਂ ਦੀਆਂ ਕਥਾ-ਕਹਾਣੀਆਂ ਨੂੰ ਚਮਤਕਾਰੀ ਰੂਪ ਵਿੱਚ ਬਿਆਨ ਨਹੀਂ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਲਈ ਸਿਰਫ਼ ਧਰਮ ਗ੍ਰੰਥ ਹੀ ਨਹੀਂ ਬਲਕਿ ਚਵਰ ਤਖ਼ਤਾਂ ਦੇ ਮਾਲਿਕ, ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰ-ਗੱਦੀ ‘ਤੇ ਬਿਰਾਜਮਾਨ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਰੀ ਮਨੁੱਖਤਾ ਦੇ ਲਈ ਸਾਂਝਾ ਉਪਦੇਸ਼ ਹੈ।
1430 ਅੰਗਾਂ ‘ਤੇ ਰਚੀ ਹੋਈ ਰਾਗਮਈ ਅਲੌਕਿਕ ਬਾਣੀ ਰੱਬੀ ਚਾਨਣ ਦੀ ਇਲਾਹੀ ਮੌਜੂਦਗੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ, ਸੰਪਾਦਨ ਦਾ ਇਤਿਹਾਸ ਬਹੁਤ ਅਹਿਮ ਤੇ ਨਿਆਰਾ ਹੈ। ਇਸ ਪਵਿੱਤਰ ਗ੍ਰੰਥ ਵਿੱਚ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਰਚੀ ਗਈ ਰੱਬੀ ਬਾਣੀ ਸਾਂਝੇ ਰੂਪ ਵਿੱਚ ਸੁਭਾਇਮਾਨ ਹੈ।
ਸਦੀਵੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਛੇ ਗੁਰੂਆਂ ਮੋਹਰ ਹੈ ਲਾਈ।
15 ਭਗਤਾਂ 11 ਭੱਟਾਂ 4 ਗੁਰੂ ਦੇ ਸਿੱਖਾਂ, ਵਿੱਚ 31 ਰਾਗਾਂ ਬਾਣੀ ਦਰਜ ਕਰਾਈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ, 11 ਭੱਟਾਂ, 15 ਭਗਤਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਸਿਰਫ਼ ਇੱਕ ਧਰਮ ਗ੍ਰੰਥ ਨਹੀਂ ਹੈ ਬਲਕਿ ਜਾਗਤ ਜੋਤ ਗੁਰੂ ਹਨ। ਸਿੱਖਾਂ ਦੇ ਹਿਰਦਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਿਸ਼ੇਸ਼ ਸ਼ਰਧਾ, ਉੱਚਾ-ਸੁੱਚਾ ਸਤਿਕਾਰ ਅਤੇ ਡੂੰਘਾ ਅਹਿਸਾਸ ਤੇ ਮਹੱਤਵ ਹੈ।
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲਿਖਤ ਰੂਪ ਅਤੇ ਸੰਭਾਲਣ ਦੀ ਪਰੰਪਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਆਰੰਭ ਹੋ ਗਈ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਵਨ ਬਚਨ ਇੱਕ ਪੋਥੀ ਵਿੱਚ ਲਿਖੇ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇਣ ਸਮੇਂ ਗੁਰੂ ਜੀ ਨੇ ਇਕੱਤਰ ਕੀਤੀ ਹੋਈ ਪਾਵਨ ਬਾਣੀ ਦੀ ਪੋਥੀ ਵੀ ਉਨ੍ਹਾਂ ਨੂੰ ਦਿੱਤੀ ਸੀ। ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੱਕ ਬਾਣੀ ਨੂੰ ਪੋਥੀਆਂ ਵਿੱਚ ਅੰਕਿਤ ਕੀਤਾ ਜਾਣ ਲੱਗਾ। ਇਸ ਤੋਂ ਬਾਅਦ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੇ ਇਕੱਠੀ ਕਰਕੇ ਗੁਰਬਾਣੀ ਦਾ ਪ੍ਰਮਾਣਿਕ ਗ੍ਰੰਥ ਤਿਆਰ ਕਰਨ ਦਾ ਫ਼ੈਸਲਾ ਲਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੰਪੂਰਨ ਕੀਤਾ ਗਿਆ। 1599 ਈ: ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਆਰੰਭ ਹੋਇਆ। ਇਸ ਪਵਿੱਤਰ ਗ੍ਰੰਥ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ। ਸੰਤ ਦਾਸ ਜੀ, ਹਰੀਆ ਜੀ, ਸੁੱਖਾ ਜੀ, ਮਨਸਾ ਰਾਮ ਜੀ ਨੇ ਭਾਈ ਗੁਰਦਾਸ ਜੀ ਦੇ ਸਹਾਇਕ ਲਿਖਾਰੀ ਵਜੋਂ ਸੇਵਾ ਨਿਭਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਸੇਵਾ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ‘ਤੇ ਕੀਤੀ ਗਈ।
1604 ਈ: ਨੂੰ ਇਸ ਕਾਰਜ ਦੀ ਸੰਪੂਰਨਤਾ ਹੋਈ। ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਗਿਆ ਅਤੇ ਬਾਬ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਉਸ ਸਮੇਂ ਪਹਿਲਾ ਹੁਕਮਨਾਮਾ ਆਇਆ ਸੀ :
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।।
ਇਸ ਤੋਂ ਬਾਅਦ 1706 ਈ: ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਗੁਰੂ ਕੀ ਕਾਂਸ਼ੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਕੀਤਾ ਅਤੇ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦਾ ਪ੍ਰਮਾਣਿਕ ਤੇ ਸੰਪੂਰਨ ਰੂਪ ਤਿਆਰ ਕੀਤਾ। ਇਸ ਬੀੜ ਨੂੰ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ ਕੀਤੀ। ਇਸਨੂੰ ਦਮਦਮੀ ਬੀੜ ਦਾ ਨਾਮ ਦਿੱਤਾ ਗਿਆ।
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਅਬਚਲ ਨਗਰ, ਨਾਂਦੇੜ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਸੀਸ ਨਿਵਾਇਆ। ਗੁਰੂ ਜੀ ਨੇ ਸੰਗਤ ਅੱਗੇ ਐਲਾਨ ਕੀਤਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਅਗਲੇ ਗੁਰੂ ਹਨ।
ਸਮੁੱਚੇ ਗ੍ਰੰਥ ਨੂੰ 31 ਰਾਗਾਂ ਦੀ ਤਰਤੀਬ ਦੇ ਅਨੁਸਾਰ ਸੰਪਾਦਿਤ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਨਿੱਤਨੇਮ ਦੀਆਂ ਬਾਣੀਆਂ ਜਪੁ ਜੀ, ਸੋ ਦਰੁ ਦੇ ਪੰਜ ਸ਼ਬਦ, ਸੋ ਪੁਰਖ ਦੇ ਚਾਰ ਸ਼ਬਦ ਅਤੇ ਸੋਹਿਲਾ ਸਾਹਿਬ ਜੀ ਦੇ ਪੰਜ ਸ਼ਬਦ ਅੰਕਿਤ ਹਨ। ਇਸ ਤੋਂ ਉਪਰੰਤ ਰਾਗ ਬੱਧ ਬਾਣੀ ਦਾ ਆਰੰਭ ਹੁੰਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਬਾਣੀ ਰਾਗ ਦੇ ਅਨੁਸਾਰ ਗਾਉਣ ਦਾ ਉਪਦੇਸ਼ ਦਿੱਤਾ ਸੀ। ਗੁਰੂ ਸਾਹਿਬਾਨਾਂ ਨੇ ਬਾਣੀ ਨੂੰ ਸੁਰਤਾਲ ਵਿੱਚ ਗਾਉਣ ਦਾ ਉਪਦੇਸ਼ ਦਿੱਤਾ ਹੈ। ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜੀਵਨ ਸਫਲਾ ਬਣਾਉਣ।
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ।।
ਸਤਿਗੁਰੂ ਦੀ ਬਾਣੀ ਇਸ ਜਗਤ ਵਿੱਚ ਜੀਵਨ ਦੇ ਰਸਤੇ ਵਿੱਚ ਚਾਨਣ ਕਰਦੀ ਹੈ । ਇਹ ਬਾਣੀ ਪਰਮਾਤਮਾ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਵੱਸਦੀ ਹੈ।