‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਦੁਨੀਆ ਤੇ ਅਜਿਹਾ ਕੋਈ ਗ੍ਰੰਥ ਨਹੀਂ ਹੈ ਜਿਸਨੂੰ ਕਿਸੇ ਕੌਮ ਨੇ ਸਦੀਵੀ ਗੁਰੂ ਦਾ ਦਰਜਾ ਦਿੱਤਾ ਹੋਵੇ। ਸਾਡੇ ਲਈ ਜਿੱਥੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਜਾਨਣਾ ਜ਼ਰੂਰੀ ਹੈ ਉੱਥੇ ਹੀ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੀ ਲੋੜ ਕਿਉਂ ਪਈ। ਦਰਅਸਲ ਪਹਿਲੇ ਚਾਰ ਗੁਰੂ ਸਾਹਿਬਾਨਾਂ ਵੇਲੇ ਬਾਣੀ ਨੂੰ ਪੋਥੀਆਂ ਵਿੱਚ ਰਚਿਆ ਗਿਆ ਸੀ। ਪਰ ਜਦੋਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵੇਖਿਆ ਕਿ ਧੁਰਕੀ ਬਾਣੀ ਵਿੱਚ ਮਿਲਾਵਟ ਸ਼ੁਰੂ ਹੋ ਚੁੱਕੀ ਹੈ, ਤਾਂ ਗੁਰੂ ਸਾਹਿਬ ਨੇ ਤੁਰੰਤ ਬਾਣੀ ਦੀਆਂ ਸਾਰੀਆਂ ਪੋਥੀਆਂ ਮੰਗਵਾ ਕੇ ਇਕੱਠਾ ਕੀਤਾ, ਅਤੇ ਸਿਰਫ ਇੱਕ ਗ੍ਰੰਥ ਤਿਆਰ ਕਰਨ ਦਾ ਫੈਸਲਾ ਲਿਆ। ਸੱਚੀ ਬਾਣੀ ਵਿੱਚ ਕੱਚੀ ਬਾਣੀ ਦੀ ਮਿਲਾਵਟ ਭਾਵੇਂ ਗੁਰੂ ਸਾਹਿਬ ਨੇ ਇੱਕ ਗ੍ਰੰਥ ਦਾ ਸੰਪਾਦਨ ਕਰਕੇ ਰੋਕ ਦਿੱਤੀ ਸੀ ਪਰ ਦੁਖਦਾਈ ਹੈ ਕਿ ਅੱਜ ਅਸੀਂ ਫੇਰ ਸੱਚੀ ਬਾਣੀ ਤੋਂ ਕੱਚੀ ਬਾਣੀ ‘ਤੇ ਆ ਗਏ, ਕੱਚੀ ਬਾਣੀ ਤੋਂ ਧਾਰਨਾਵਾਂ ‘ਤੇ ਆ ਗਏ ਅਤੇ ਧਾਰਨਾਵਾਂ ਤੋਂ ਗੀਤਾਂ ‘ਤੇ ਆ ਗਏ ਹਾਂ। ਅੱਜ ਜਾਣਦੇ ਹਾਂ ਸੱਚ ਦੀ ਬਾਣੀ ਕੀ ਕਹਿੰਦੀ ਹੈ।
ਅਸੀਂ ਜਦੋਂ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ, ਪਰ ਸਿੱਖ ਧਰਮ ਵਿੱਚ ਮੱਥਾ ਟੇਕਣ ਦੀ ਪਰਿਭਾਸ਼ਾ ਕੀ ਹੈ ਇਸਨੂੰ ਸਿੱਖਣਾ ਜ਼ਰੂਰੀ ਹੈ। ਗੁਰੂ ਸਾਹਿਬ ਅੱਗੇ ਮੱਥਾ ਟੇਕਣਾ ਕੇਵਲ ਤਨ ਨੂੰ ਝੁਕਾਉਣ ਦੀ ਜਾਂ ਸਿਰ ਝੁਕਾਉਣ ਦੀ ਕਿਰਿਆ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਭਾਵ ਹੈ ਕਿ ਮੈਂ ਤੇਰੇ ਗਿਆਨ ਨੂੰ ਸਮਰਪਿਤ ਹਾਂ, ਉਸਨੂੰ ਮੰਨਦਾ ਹਾਂ ਤੇ ਜ਼ਿੰਦਗੀ ਉਸ ਹੁਕਮ ਮੁਤਾਬਕ ਹੀ ਜਿਉਂਦਾ ਹਾਂ।
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।।
ਪਰ ਅਸੀਂ ਹੁਕਮ ਮੰਨਣਾ ਹੀ ਛੱਡ ਦਿੱਤਾ ਹੈ। ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਮੱਥਾ ਟੇਕਦੇ ਹਾਂ ਪਰ ਰੁਮਾਲਾ ਸਾਹਿਬ ਦੇ ਅੰਦਰ ਬਿਰਾਜਮਾਨ ਗਿਆਨ ਦੇ ਖਜ਼ਾਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਨਹੀਂ ਵੇਖਦੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਜਿਸ ਢੰਗ ਦੇ ਨਾਲ ਸੁਭਾਇਮਾਨ ਕੀਤਾ, ਬਾਣੀ ਦੇ ਇੱਕ-ਇੱਕ ਅੱਖਰ ਦੀ ਪੂਰੀ ਗਿਣਤੀ ਕਰਕੇ ਲਿਖਿਆ ਤਾਂ ਜੋ ਕੋਈ ਬਾਣੀ ਨਾਲ ਬਾਅਦ ਵਿੱਚ ਕੋਈ ਛੇੜ-ਛਾੜ ਨਾ ਕਰ ਸਕੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਅੰਗ ਹਨ। 1430 ਅੰਗਾਂ ‘ਚ ਰਚੀ ਹੋਈ ਰਾਗਮਈ ਅਲੌਕਿਕ ਬਾਣੀ ਰੱਬੀ ਚਾਨਣ ਦੀ ਇਲਾਹੀ ਮੌਜੂਦਗੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 6 ਗੁਰੂ ਸਾਹਿਬਾਨਾਂ, ਪਹਿਲੇ ਪੰਜ ਗੁਰੂ ਸਾਹਿਬਾਨ ਤੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਣੀ ਦਰਜ ਹੈ। 15 ਭਗਤਾਂ, 11 ਭੱਟਾਂ ਤੇ 4 ਗੁਰਸਿੱਖ ਸ਼ਰਧਾਲੂਆਂ ਦੀ ਬਾਣੀ ਵੀ ਇਸ ਮਹਾਨ ਗ੍ਰੰਥ ਦੇ ਅੰਦਰ ਹੈ। ਬਾਣੀ ਦੀ ਰਚਨਾ 31 ਰਾਗਾਂ ਵਿੱਚ ਕੀਤੀ ਗਈ ਹੈ।
ਸਦੀਵੀ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਛੇ ਗੁਰੂਆਂ ਮੋਹਰ ਹੈ ਲਾਈ।
15 ਭਗਤਾਂ 11 ਭੱਟਾਂ 4 ਗੁਰੂ ਦੇ ਸਿੱਖਾਂ, ਵਿੱਚ 31 ਰਾਗਾਂ ਬਾਣੀ ਦਰਜ ਕਰਾਈ।
ਸਭ ਤੋਂ ਪਹਿਲਾਂ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਵਾਈ। ਇਹ ਮਹਾਨ ਕਾਰਜ ਅੰਮ੍ਰਿਤਸਰ ਦੇ ਨੇੜੇ ਰਾਮਸਰ ਸਰੋਵਰ ‘ਤੇ ਕੀਤਾ ਗਿਆ।
ਸੰਪੂਰਨਤਾ ਤੋਂ ਬਾਅਦ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1 ਸਤੰਬਰ, 1604 ਈ: ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਉਸ ਵੇਲੇ 95 ਸਾਲ ਦੇ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ। ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਆਇਆ:
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।।
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਪੂਰੀ ਮਨੁੱਖਤਾ ਲਈ ਹੈ। 1708 ਈ: ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਹੋਣ ਦਾ ਦਰਜਾ ਦੇ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁਖੀ ਲਿਪੀ ਵਿੱਚ ਲਿਖੀ ਗਈ ਹੈ। ਸ਼ਬਦ ਗੁਰੂ ਨੂੰ ਸਦੀਵੀ ਗੁਰੂ ਥਾਪਣ ਦੀ ਇੱਕ ਵੱਡੀ ਇਤਿਹਾਸਕ ਅਤੇ ਵਿਲੱਖਣ ਘਟਨਾ ਦੁਨੀਆ ‘ਤੇ ਸਿਰਫ਼ ਤੇ ਸਿਰਫ਼ ਇੱਕੋ ਵਾਰ 1708 ਵਿੱਚ ਵਾਪਰੀ ਸੀ, ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਸਦੀਵੀ ਗੁਰੂ ਦਾ ਦਰਜਾ ਨਹੀਂ ਦਿੱਤਾ ਗਿਆ।
ਜੇ ਮੰਨੀਏ ਤਾਂ ਗੁਰਬਾਣੀ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ, ਅਜਮਾ ਕੇ ਦੇਖ ਸਕਦੇ ਹੋ, ਜਦੋਂ ਵੀ ਕਦੇ ਜ਼ਿੰਦਗੀ ਚ ਕੋਈ ਸਮੱਸਿਆ ਹੋਵੇ ਦੁਚਿੱਤੀ ਹੋਵੇ ਜਾ ਕੇ ਗੁਰੂ ਸਾਹਿਬ ਤੋਂ ਵਾਕ ਲੈ ਕੇ ਦੇਖਿਉ, ਕਰਿਸ਼ਮਾ ਮਹਿਸੂਸ ਕਰੋਗੇ ਕਿ ਤੁਹਾਡੀ ਸਮੱਸਿਆ ਦਾ ਹੱਲ ਉਸ ਹੁਕਮਨਾਮੇ ਚ ਹੋਵੇਗਾ, ਲੱਗੇਗਾ ਇਹ ਤਿਹਾਡੇ ਲਈ ਹੀ ਲਿਖਿਆ ਗਿਆ ਹੈ, ਯਾਨਿ ਕਿ ਦੁਨੀਆ ਦੀ ਹਰ ਸਮੱਸਿਆ ਦਾ ਹੱਲ ਇਹ ਸ਼ਬਦ ਗੁਰੂ ਨੇ ਆਪਣੇ ਅੰਦਰ ਸਮਾ ਕੇ ਰੱਖਿਆ ਹੈ, ਤੇ ਅੱਜ ਪ੍ਰਕਾਸ਼ ਦਿਹਾੜੇ ਮੌਕੇ ਹਰ ਸਿੱਖ ਨੂੰ ਗੁਰੂ ਸਾਹਿਬ ਦੇ ਚਰਨੀਂ ਲੱਗਕੇ ਬਾਣੀ ਦਾ ਅਧਿਐਨ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਹੈ, ਦੂਜੀ ਅਹਿਮ ਗੱਲ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਜ਼ਰੂਰ ਸਿੱਖਣੀ ਚਾਹੀਦੀ ਹੈ ਕਿਉਂਕਿ ਬਾਣੀ ਪੜਨ ਅਸਲੀ ਆਨੰਦ ਗੁਰਮੁਖੀ ਲਿਪੀ ਵਿੱਚ ਹੀ ਆਉਂਦਾ ਹੈ ਕਿਉਂਕਿ ਇੰਨ ਬਿੰਨ ਪੜ ਸਕਦੇ ਹੋ, ਅੰਗਰੇਜ਼ੀ ਜਾਂ ਕਿਸੇ ਵੀ ਹੋਰ ਭਾਸ਼ਾ ਵਿੱਚ ਅਰਥ ਤਾਂ ਭਾਵੇਂ ਉਹੀ ਰਹਿੰਦੇ ਨੇ ਪਰ ਤੁਕਬੰਦੀ ਉਹ ਨਹੀਂ ਰਹਿੰਦੀ।