‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਜੋਤ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿੱਚ 1479 ਈ: ਨੂੰ ਹੋਇਆ। ਗੁਰੂ ਸਾਹਿਬ ਜੀ ਨੇ ਆਪਣੇ ਭਤੀਜੇ ਦੀ ਪਤਨੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਪਾਸੋ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣੀ। ਬਾਣੀ ਨੂੰ ਸੁਣਨ ਤੋਂ ਬਾਅਦ ਆਪ ਜੀ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਜਾਣ ਦਾ ਫੈਸਲਾ ਕੀਤਾ।
ਗੁਰਮਤਿ ਜੀਵਨ-ਜਾਚ ਨੂੰ ਆਪ ਜੀ ਨੇ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਅਜਿਹੀ ਨਿਭਾਈ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਵਾਰਸ ਥਾਪ ਦਿੱਤਾ। ਆਪ ਜੀ ਨੇ ਪਹਿਲੇ ਦੋ ਗੁਰੂ ਸਾਹਿਬਾਨਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਸੰਗ੍ਰਹਿਤ ਕੀਤਾ। ਗੁਰੂ ਸਾਹਿਬ ਜੀ ਨੇ ਪਹਿਲੇ ਸਿੱਖ ਅਸਥਾਨ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ। ਆਪ ਜੀ ਨੇ ਸੰਗਤ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਸਿਧਾਂਤ ਦਿੱਤਾ। ਆਪ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ, ਜੋ ਬਾਅਦ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਰੂਪ ਵਿੱਚ ਸਿੱਖਾਂ ਦੇ ਚੌਥੇ ਗੁਰੂ ਬਣੇ।
ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 31 ਰਾਗਾਂ ਵਿੱਚੋਂ 18 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਆਪ ਜੀ ਦੀਆਂ ਲੰਮੀਆਂ ਰਚਨਾਵਾਂ ਵਿੱਚੋਂ ਰਾਮਕਲੀ ਰਾਗ ਵਿੱਚ ਸ਼੍ਰੀ ਅਨੰਦ ਸਾਹਿਬ ਜੀ ਦਾ ਪਾਠ ਪ੍ਰਮੁੱਖ ਰਚਨਾ ਹੈ। ਗੁਰੂ ਸਾਹਿਬ ਜੀ ਨੇ ਆਪਣੀ ਇਸ ਰਚਨਾ ਵਿੱਚ ਮਨੁੱਖ ਦੀ ਸਰਬ-ਉੱਚ ਪ੍ਰਾਪਤੀ ਨੂੰ ਅਨੰਦ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ। 40 ਪਉੜੀਆਂ ਦੀ ਇਸ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਅਤੇ ਅੰਤਲੀ ਪਉੜੀ ਦਾ ਪਾਠ ਜਾਂ ਗਾਇਨ ਖੁਸ਼ੀ ਜਾਂ ਗਮੀ ਦੇ ਹਰ ਮੌਕੇ ਉੱਤੇ ਕੀਤਾ ਜਾਂਦਾ ਹੈ।
ਗੁਰਸਿੱਖੀ ਦੇ ਪ੍ਰਚਾਰ ਲਈ ਆਪ ਜੀ ਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿਚ ਵੰਡਿਆ। ਹਰੇਕ ਹਿੱਸੇ ਲਈ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਇਕ ਸਿੱਖ ਪ੍ਰਚਾਰਕ ਨੂੰ ਮੁਖੀ ਥਾਪਿਆ ਗਿਆ। ਇਹਨਾਂ 22 ਹਿੱਸਿਆਂ ਨੂੰ ਬਾਈ ਮੰਜੀਆਂ ਦਾ ਨਾਂ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਚਾਰ ਦੇ 52 ਉਪ ਕੇਂਦਰ ਵੀ ਬਣਾਏ ਗਏ ਜਿਨ੍ਹਾਂ ਨੂੰ ਪੀਹੜੇ ਦਾ ਨਾਮ ਦਿੱਤਾ ਗਿਆ। ਨਤੀਜੇ ਵਜੋਂ ਸਭ ਜਾਤਾਂ ਬਰਾਦਰੀਆਂ ਦੇ ਲੋਕ ਸਿੱਖ ਬਣਨ ਲੱਗ ਪਏ ਤੇ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਦੇ ਸਿੱਖ ਬਣ ਗਏ।
ਗੁਰੂ ਸਾਹਿਬ ਜੀ ਨੇ ਹਿੰਦੂ ਸਮਾਜ ਵਿੱਚ ਪ੍ਰਚਲਿਤ ਸਤੀ ਪ੍ਰਥਾ ਦਾ ਵੀ ਖੰਡਨ ਕੀਤਾ। ਆਪਣੇ ਜੀਵਨ ਅਤੇ ਆਪਣੀ ਬਾਣੀ, ਦੋਹਾਂ ਹੀ ਰੂਪਾਂ ਰਾਹੀਂ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਅਧਿਆਤਮਿਕ ਮੰਜ਼ਲ ਦੀ ਪ੍ਰਾਪਤੀ ਅਤੇ ਸੰਤੁਲਿਤ ਸਮਾਜਿਕ ਜੀਵਨ ਦੇ ਰਾਹ ਉੱਤੇ ਤੋਰਨ ਦਾ ਉਪਰਾਲਾ ਕੀਤਾ। ਆਪ ਜੀ 1574 ਈ: ਨੂੰ ਜੋਤੀ ਜੋਤ ਸਮਾ ਗਏ।