ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰੂ ਘਰਾਂ, ਖ਼ਾਸ ਕਰਕੇ ਸ੍ਰੀ ਦਰਬਾਰ ਸਾਹਿਬ ਵਿੱਚ ਰੁਮਾਲਾ ਭੇਟ ਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਹੈ ਸ੍ਰੀ ਦਰਬਾਰ ਸਾਹਿਬ ਅੰਦਰ ਬਹੁਤ ਹੀ ਮਾੜੀ ਕੁਆਲਟੀ ਦੇ ਰੁਮਾਲੇ ਆ ਰਹੇ। ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗੈਰ ਸਿੱਖ ਦੁਕਾਨਦਾਰਾਂ ਵੱਲੋਂ ਰੁਮਾਲੇ ਵੇਚੇ ਜਾ ਰਹੇ ਹਨ, ਰੁਮਾਲੇ ਨਾ ਸਿਰਫ਼ ਮਾੜੀ ਕੁਆਲਿਟੀ ਦੇ ਹਨ ਬਲਕਿ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ।
ਜਥੇਦਾਰ ਸਾਹਿਬ ਨੇ ਕਿਹਾ ਰੁਮਾਲਿਆਂ ਵਿੱਚ ਲੱਗੇ ਗੱਤੇ ਅਤੇ ਅਖਬਾਰੀ ਕਾਗਜ਼ ਦੀ ਕੁਆਲਿਟੀ ਇੰਨੀ ਮਾੜੀ ਹੁੰਦੀ ਹੈ ਕਿ ਬਦਬੂ ਆਉਂਦੀ ਹੈ। ਪਰ ਦੁਕਾਨਦਾਰ ਲੋਕਾਂ ਦੀ ਸ਼ਰਧਾ ਦੀ ਥਾਂ ਆਪਣੇ ਵਪਾਰ ਨੂੰ ਤਰਜੀਹ ਦਿੰਦੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਨੂੰ ਵੀ ਅਹਿਮ ਅਪੀਲ ਕੀਤੀ ਹੈ।
ਜਥੇਦਾਰ ਸਾਹਿਬ ਦੀ ਸੰਗਤਾਂ ਨੂੰ ਸਲਾਹ
ਜਥੇਦਾਰ ਸਾਹਿਬ ਨੇ ਸੰਗਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੁਰੂ ਘਰ ਰੁਮਾਲਾ ਭੇਟ ਕਰਨ ਦੀ ਥਾਂ ’ਤੇ ਗੁਰੂ ਕੇ ਲੰਗਰਾਂ ਜਾਂ ਇਮਾਰਤਾਂ ਦੇ ਸੇਵਾ ਵਿੱਚ ਆਪਣੀ ਮਾਇਆ ਦਾ ਯੋਗਦਾਨ ਦੇਣ। ਜੇ ਰੁਮਾਲਾ ਭੇਟ ਕਰਨ ਦੀ ਸ਼ਰਧਾ ਹੈ ਤਾਂ ਰੁਮਾਲਾ ਉਸ ਦੁਕਾਨਦਾਰ ਕੋਲੋਂ ਲਿਆ ਜਾਵੇ ਜਿਸਨੇ ਸਤਿਕਾਰ ਨਾਲ ਚੰਗੀ ਕਵਾਲਿਟੀ ਦਾ ਰੁਮਾਲਾ ਰੱਖਿਆ ਹੋਵੇ।
ਜਥੇਦਾਰ ਨੇ ਖ਼ੁਲਾਸਾ ਕੀਤਾ ਹੈ ਕਿ ਘੰਟਾ ਘਰ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤਕ ਦੁਕਾਨਦਾਰ ਰੇਹੜੀਆਂ ’ਤੇ ਜਾਂ ਹੱਥ ਵਿੱਚ ਫੜ ਕੇ ਹੀ ਰੁਮਾਲਾ ਸਾਹਿਬ ਵੇਚ ਰਹੇ ਹਨ। ਗੁਰੂ ਸਾਹਿਬ ਦੀ ਮਰਿਆਦਾ ਦਾ ਵੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ। ਹੋ ਸਕਦਾ ਹੈ ਕਿ ਉਹ ਕਿਸੇ ਨਸ਼ੇ ਦੀ ਵਰਤੋਂ ਵੀ ਕਰਦੇ ਹੋਣ। ਉੱਤੋਂ ਸੰਗਤ ਵਿੱਚ ਭਰਮ ਜਾਲ ਫੈਲਾਇਆ ਜਾ ਰਿਹਾ ਹੈ ਕਿ ਜੇ ਸੰਗਤ ਰੁਮਾਲਾ ਨਹੀਂ ਚੜ੍ਹਾਵੇਗੀ ਤਾਂ ਉਨ੍ਹਾਂ ਦੀ ਯਾਤਰਾ ਸਫ਼ਲ ਨਹੀਂ ਹੋਏਗੀ।
SGPC ਸੰਗਤਾਂ ਨੂੰ ਆਗਾਹ ਕਰੇ
ਇਸ ਦੇ ਹੱਲ ਵਜੋਂ ਜਥੇਦਾਰ ਨੇ ਸੰਗਤ ਨੂੰ ਸਲਾਹ ਦਿੱਤੀ ਹੈ ਕਿ ਗੁਰੂ ਘਰ ਵਿੱਚ ਉਹ ਵਸਤਾਂ ਵੀ ਚੜ੍ਹਾਈਆਂ ਜਾਣ ਜੋ ਗੁਰੂ ਘਰ ਦੀ ਸੰਗਤ ਵਾਸਤੇ ਵਰਤੀਆਂ ਜਾ ਸਕਣ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੰਗਤ ਨੂੰ ਰੁਮਾਲਿਆਂ ਪ੍ਰਤੀ ਸੁਚੇਤ ਕਰੇ ਕਿ ਕਿਹੜੀਆਂ ਵਸਤੂਆਂ ਗੁਰੂ ਘਰ ਵਿੱਚ ਸੇਵਾ ਲਈ ਭੇਟ ਕੀਤੀਆਂ ਜਾਣ ਤਾਂ ਜੋ ਸੰਗਤ ਦੀ ਮਾਇਆ ਨਾਲ ਭੇਟ ਕੋਈ ਵੀ ਵਸਤੂ ਗੁਰੂ ਘਰ ਵਿੱਚ ਪ੍ਰਵਾਨ ਚੜ੍ਹ ਜਾਵੇ। ਉਨ੍ਹਾਂ ਕਿਹਾ ਕਿ ਸੰਗਤ ਨੂੰ ਗ਼ੈਰ-ਜ਼ਰੂਰੀ ਤੇ ਗ਼ੈਰ-ਮਿਆਰੀ ਚੀਜ਼ਾਂ ਗੁਰੂ ਘਰ ਚੜ੍ਹਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਿਰਫ਼ 5 ਫੀਸਦੀ ਰੁਮਾਲੇ ਹੀ ਚੰਗੀ ਕਵਾਲਟੀ ਦੇ ਹਨ
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਘੁਰੂ ਘਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਰੁਮਾਲਾ ਸਾਹਿਬ ਚੜ੍ਹਾਏ ਜਾ ਰਹੇ ਹਨ। ਪਰ 100 ਵਿੱਚੋਂ 5 ਫ਼ੀਸਦੀ ਰੁਮਾਲੇ ਹੀ ਚੰਗੀ ਕਵਾਲਟੀ ਵਾਲੇ ਹੁੰਦੇ ਹਨ। 95 ਫ਼ੀਸਦੀ ਰੁਮਾਲੇ ਮਾੜੀ ਕਵਾਲਟੀ ਦੇ ਹੁੰਦੇ ਹਨ। ਉਨ੍ਹਾਂ ਰੁਮਾਲਿਆਂ ਵਿੱਚ ਗੰਦੀਆਂ ਤਸਵੀਰਾਂ ਵਾਲੀਆਂ ਅਖ਼ਬਾਰਾਂ ਹੁੰਦੀਆਂ ਹਨ ਤੇ ਸਿੱਲ੍ਹੇ ਹੋਏ ਗੰਦੇ ਬਦਬੂਦਾਰ ਗੱਤੇ ਪਾਏ ਹੁੰਦੇ ਹਨ, ਤੇ ਰੁਮਾਲੇ ਆਪਸ ਵਿੱਚ ਚਿਪਕੇ ਹੋਏ ਵੀ ਹੁੰਦੇ ਹਨ। ਜਦ ਗ੍ਰੰਥੀ ਸਿੰਘ ਦਰਬਾਰ ਸਾਹਿਬ ਅੰਦਰ ਇਹ ਰੁਮਾਲੇ ਖੋਲ੍ਹਦੇ ਹਨ ਤਾਂ ਇਨ੍ਹਾਂ ਵਿੱਚੋਂ ਬੜੀ ਗੰਦੀ ਬਦਬੂ ਆਉਂਦੀ ਹੈ ਤੇ ਗੁਰੂ ਘਰ ਦਾ ਸੁਗੰਧਿਤ ਵਾਤਾਵਰਨ ਗੰਦਲਾ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਇੱਕ ਹੋਰ ਰੁਝਾਨ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰਕੀ ਹੋਇਆ ਸੀ ਕਿ ਰੁਮਾਲਿਆਂ ‘ਤੇ ਗੁਰੂ ਸਾਹਿਬ ਦੀ ਕੋਈ ਤਸਵੀਰ, ਏਕ ਓਂਕਾਰ ਜਾਂ ਖੰਡੇ ਦਾ ਚਿੰਨ੍ਹ ਜਾਂ ਗੁਰਬਾਣੀ ਦੀਆਂ ਤੁਕਾਂ ਨਾ ਉਕਾਰੀਆਂ ਜਾਣ। ਉਦੋਂ ਇਹ ਵਰਤਾਰਾ ਬੰਦ ਵੀ ਹੋਇਆ ਸੀ ਪਰ ਪਿਛਲੇ ਸਾਲ ਤੋਂ ਇਹ ਫਿਰ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਦੁਕਾਨਦਾਰ ਤੇ ਫਰਮਾਂ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਇਹ ਰੁਮਾਲੇ ਧੜੱਲੇ ਨਾਲ ਵੇਚ ਰਹੇ ਹਨ। ਉਨ੍ਹਾਂ ਇਹ ਫ਼ਰਮਾਂ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਵਰਤਾਰਾ ਨਾ ਕਰਨ।