Punjab

ਬੱਚੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ‘ਤੇ ਗੁੱਸੇ ‘ਚ ਜਥੇਦਾਰ ਸਾਹਿਬ !

ਬਿਉਰੋ ਰਿਪੋਰਟ : ਬਟਾਲਾ ਦੇ ਪਿੰਡ ਸਦਾਰੰਗ ਨੇੜੇ ਮਹਿਤਾ ਚੌਂਕ ਵਿਖੇ ਇਕ ਬੱਚੇ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੀਤੀ ਗਈ ਬੇਅਦਬੀ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਸਖਤ ਨੋਟਿਸ ਲਿਆ ਹੈ । ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਆਦੇਸ਼ ਕੀਤਾ ਹੈ ਕਿ ਸੁਚੇਤ ਹੋ ਕੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ-ਸੰਭਾਲ ਕੀਤੀ ਜਾਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬ ਵਿਖੇ ਇਕ ਸਿੰਘ ਜਰੂਰ ਗੁਰੂ-ਘਰ ਵਿਚ ਹਾਜ਼ਰ ਰਹੇ ਅਤੇ ਸਰਕਾਰ ਵੀ ਇਸ ਘਟਨਾ ਦੇ ਅੰਜਾਮ ਦੇਣ ਵਾਲਿਆਂ ਤੇ ਸਖਤ ਕਾਰਵਾਈ ਕਰੇ ਤਾਂ ਜੋ ਕੋਈ ਅਨਸਰ ਅਜਿਹਾ ਕਰਨ ਦਾ ਅੱਗੇ ਤੋਂ ਹੀਆ ਨਾ ਕਰ ਸਕੇ।

ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਦਿਆਂ ਕਿਹਾ ਕਿ ਇਸ ਘਟਨਾ ਵਾਲੀ ਥਾ ਤੋਂ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਤਿਕਾਰ ਸਹਿਤ ਕਿਸੇ ਨੇੜਲੇ ਸੁਰੱਖਿਅਤ ਗੁਰਦੁਆਰੇ ਸਾਹਿਬਾਨ ਵਿਖੇ ਸੁਭਾਇਮਾਨ ਕਰਵਾ ਦਿੱਤੇ ਜਾਣ ਕਿਉੰਕਿ ਐਸੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਤਾਂ ਉਹ ਗੁਰੂ ਸਾਹਿਬ ਜੀ ਦੇ ਸਰੂਪ ਰੱਖਣ ਦੇ ਵੀ ਅਧਿਕਾਰੀ ਨਹੀਂ ਹਨ।

ਸੋਮਵਾਰ ਦੀ ਸਵੇਰ ਤਕਰੀਬਨ ਸਾਢੇ 8 ਵਜੇ 12 ਸਾਲ ਦਾ ਬੱਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਦਾ ਹੋਇਆ ਸੀਸੀਟੀਵੀ ਵਿੱਚ ਕੈਦ ਹੋਇਆ ਹੈ । ਇਲਜ਼ਾਮ ਹੈ ਕਿ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਦਿੱਤੇ । ਇਤਲਾਹ ਮਿਲਣ ਦੇ ਬਾਅਦ ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ । ਇਸ ਪੂਰੀ ਘਟਨਾ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਗੁੱਸਾ ਹੈ ।

ਬੇਅਦਬੀ ਦੀ ਸਾਰੀ ਘਟਨਾ ਗੁਰੂ ਘਰ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ । ਪਿੰਡ ਸਦਾਰੰਗ ਦੇ ਗੁਰਦੁਆਾਰ ਸਾਹਿਬ ਵਿੱਚ 12 ਸਾਲ ਦਾ ਬੱਚਾ ਬੇਅਦਬੀ ਕਰਦੇ ਹੋਏ ਨਜ਼ਰ ਆ ਰਿਹਾ ਹੈ । ਵੀਡੀਓ ਵਿੱਚ ਨਜ਼ਰ ਆ ਰਿਹਾ ਬੱਚਾ ਤਾਬਿਆਂ ਦੇ ਕੋਲ ਆਉਂਦਾ ਹੈ ਅਤੇ ਇੱਕ ਅੰਗ ਨੂੰ ਪਾੜ ਕੇ ਉੱਥੇ ਰੱਖ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਚੱਲਾ ਜਾਂਦਾ । ਬੱਚੇ ਨੇ ਹਲਕੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਸੀ ਅਤੇ ਸਿਰ ‘ਤੇ ਕੇਸਰੀ ਰੰਗ ਦਾ ਰੂਮਾਲਾ ਬੰਨਿਆ ਸੀ ।

ਘਟਨਾ ਨੂੰ ਲੈਕੇ ਸਵਾਲ

ਜਿਸ ਤਰ੍ਹਾਂ ਨਾਲ ਬੱਚੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੂੰ ਪਾੜਿਆ ਅਤੇ ਫਰਾਰ ਹੋ ਗਿਆ ਉਸ ਤੋਂ ਸਾਫ ਜ਼ਾਹਿਰ ਹੈ ਕਿ ਉਸ ਨੂੰ ਕਿਸੇ ਨੇ ਇਹ ਕੰਮ ਕਰਨ ਦੇ ਲਈ ਲਾਲਚ ਦਿੱਤਾ ਹੈ । ਹੁਣ ਇਹ ਲਾਲਚ ਕਿਸ ਨੇ ਦਿੱਤਾ ਹੈ ? ਕੌਣ ਹੈ ? ਕਿਸ ਮਕਸਦ ਨਾਲ ਦਿੱਤਾ ? ਇਸ ਦਾ ਪਤਾ ਪੁਲਿਸ ਨੂੰ ਲਗਾਉਣਾ ਹੋਵੇਗਾ । ਕਿਉਂਕਿ ਧਾਰਮਿਕ ਮੁੱਦਾ ਹੋਣ ਦੇ ਨਾਲ ਇਹ ਗੰਭੀਰ ਹਰਕਤ ਹੈ । ਕਿਉਂਕਿ ਵਾਰ-ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੱਚੇ ਦੀ ਆੜ ਵਿੱਚ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਕੌਣ ਹਨ ? ਕੀ ਇੰਨਾਂ ਨੂੰ ਰੱਬ ਦਾ ਕੋਈ ਖੌਫ ਨਹੀਂ ਹੈ ? ਹਰ ਵਾਰ ਸ਼ਰਾਰਤੀ ਅਨਸਰਾਂ ਦਾ ਹਵਾਲਾ ਦੇਕੇ ਪੁਲਿਸ ਵੀ ਆਪਣੀ ਜਵਾਬ ਦੇਹੀ ਤੋਂ ਬਚ ਨਹੀਂ ਸਕਦੀ ਹੈ । ਅਜਿਹਾ ਲੋਕਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣਾ ਹੋਵੇਗਾ ।