Punjab

ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਨਿਹੰਗ ਦੇ ਬਾਣੇ ਊਲ-ਜਲੂਲ ਬੋਲਣ ਵਾਲੇ ਦੀ ਖ਼ੈਰ ਨਹੀਂ ! ਜਥੇਬੰਦੀ ਖਿਲਾਫ਼ ਵੀ ਹੋਵੇਗਾ ਐਕਸ਼ਨ

ਬਿਉਰੋ ਰਿਪੋਰਟ : ਬੰਦੀ ਛੋੜ ਦਿਹਾੜੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ‘ਤੇ ਖੜੇ ਹੋ ਕੇ ਇੱਕ ਨਿਹੰਗ ਵੱਲੋਂ ਮਾਇਕ ‘ਤੇ ਜ਼ਬਰਦਸਤੀ ਬੋਲਣ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲਿਆ ਹੈ । ਉਨ੍ਹਾਂ ਨੇ ਕਿਹਾ ਇਸ ਅਵੱਗਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਤਾ ਲੱਗਣ ‘ਤੇ ਸਬੰਧਤ ਵਿਅਕਤੀ ਅਤੇ ਜਥੇਬੰਦੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਬੰਦੀ ਛੋੜ ਦਿਹਾੜੇ ਮੌਕੇ 40 ਤੋਂ ਵੱਧ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਪੁਰਾਤਮ ਚਲਦੀ ਆ ਰਹੀ ਪ੍ਰੰਪਰਾ ਮੁਤਾਬਿਕ ਸਨਮਾਨ ਤੋਂ ਬਾਅਦ ਨਿਹੰਗ ਮੁਖੀਆਂ ਨੇ ਸਵੱਈਏ ਦਾ ਪਾਠ ਕੀਤਾ ਗਿਆ । ਸਮਾਪਤੀ ਉਪਰੰਤ ਇੱਕ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਉਸ ਨੇ ਮਾਇਕ ਫੜ ਕੇ ਕੁਝ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ।ਮੌਕੇ ’ਤੇ ਹਾਜਰ ਸਿੰਘਾਂ ਨੇ ਮਾਇਕ ਬੰਦ ਕਰ ਦਿੱਤਾ ਅਤੇ ਸ਼ਰਾਰਤੀ ਅਨਸਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਬਾਹਰ ਕਰ ਦਿੱਤਾ।

ਪੀਰ ਮੁਹੰਮਦ ਨੇ ਕੀਤੀ ਸੀ ਸ਼ਿਕਾਇਤ

ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਸਿੰਘ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਐੱਸਜੀਪੀਸੀ ਨੂੰ ਨਿਹੰਗ ਦੇ ਬਾਣੇ ਵਿੱਚ ਸ਼ਖਸ ਵੱਲੋਂ ਕੀਤੀ ਗਈ ਹਰਕਤ ਦੀ ਸ਼ਿਕਾਇਤ ਕੀਤੀ ਸੀ । ਕਰਨੈਲ ਸਿੰਘ ਪੀਰ ਮੁਹੰਮਦ ਮੁਤਾਬਿਕ ਨਿਹੰਗ ਸਿੰਘ ਜਥੇਦਾਰ ਦੀ ਨਿਯੁਕਤੀ ਨਿਹੰਗ ਸਿੰਘ ਜਥੇਬੰਦੀਆਂ ਤੋਂ ਹੋਣ ਦੀ ਮੰਗ ਕਰ ਰਿਹਾ ਸੀ । ਇਸ ਦੌਰਾਨ ਜਦੋਂ ਉਸ ਨੇ ਇਸ ਦਾ ਐਲਾਨ ਕੀਤਾ ਤਾਂ ਮੌਕੇ ‘ਤੇ ਮੌਜੂਦ ਹੋਰ ਨਿਹੰਗ ਜਥੇਬੰਦੀਆਂ ਨੇ ਜੈਕਾਰਿਆਂ ਦੇ ਨਾਲ ਇਸ ਦਾ ਸੁਆਗਤ ਕੀਤਾ । ਐੱਸਜੀਪੀਸੀ ਦੇ ਮੁਲਾਜ਼ਮਾਂ ਨੇ ਨਿਹੰਗ ਤੋਂ ਮਾਇਕ ਲੈਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੇ ਨਹੀਂ ਛੱਡਿਆ ਤਾਂ ਮਾਇਕ ਦੀ ਆਵਾਜ਼ ਬੰਦ ਕਰ ਦਿੱਤੀ ਗਈ। ਉੱਧਰ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਸ਼੍ਰੀ ਅਕਾਲ ਤਖ਼ਤ ਤੋਂ ਨਿਹੰਗ ਸਿੰਘ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਪਣੀ ਮਰਿਆਦਾ ਹੈ ਇਸ ਦੇ ਉਲਟ ਕਿਸੇ ਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾ ਸਕਦਾ ਹੈ।

ਦਾਦੂਵਾਲ ਨੇ ਕਰੜਾ ਇਤਰਾਜ਼ ਜਤਾਇਆ

HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਸ਼੍ਰੀ ਅਕਾਲ ਤਖ਼ਤ ‘ਤੇ ਨਿਹੰਗ ਵੱਲੋਂ ਕੀਤੀ ਗਈ ਹਰਕਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤਤਕਾਲੀ ਜਥੇਦਾਰ ਵੱਲੋਂ ਸਹਿਮਤ ਨਹੀਂ ਸੀ ਤਾਂ ਮੁਤਵਾਜੀ ਜਥੇਦਾਰ ਨਿਯੁਕਤ ਹੋਏ ਸਨ ਤਾਂ ਬੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਂਦੇ ਸੀ ਪਰ ਜਿੱਥੇ ਹੀ ਸੇਵਾਦਾਰ ਰੋਕ ਲੈਂਦੇ ਸੀ ਅਸੀਂ ਬੈਠ ਜਾਂਦੇ ਸੀ। ਦਾਦੂਵਾਲ ਨੇ ਕਿਹਾ ਕਿਸੇ ਨੂੰ ਮਰਿਆਦਾ ਦਾ ਉਲਟ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ।