ਬਿਊਰੋ ਰਿਪੋਰਟ : ਡਿਬਰੂਗੜ੍ਹ ਜੇਲ੍ਹ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਟੇ ਵਿੱਚ ਤੰਬਾਕੂ ਗੁੰਨ੍ਹ ਕੇ ਪ੍ਰਸ਼ਾਦਾ ਦੇਣ ਦੇ ਇਲਜ਼ਾਮਾਂ ਦਾ ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ।
ਉਨ੍ਹਾਂ ਨੇ ਕਿਹਾ ਪਹਿਲਾਂ ਸਰਕਾਰ ਨੇ NSA ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਅਸਾਮ ਦੀ ਦਿਬੜੂਗੜ੍ਹ ਜੇਲ੍ਹ ਵਿੱਚ ਸਿੰਘਾਂ ਨੂੰ ਬੰਦ ਕੀਤਾ ਅਤੇ ਹੁਣ ਸੋਸ਼ਲ ਮੀਡੀਆ ਰਾਹੀ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਖਾਣੇ ਵਿੱਚ ਤੰਬਾਕੂ ਦਿੱਤਾ ਜਾ ਰਿਹਾ ਹੈ । ਜਿਸ ਨੂੰ ਕੋਈ ਵੀ ਅੰਮ੍ਰਿਤਧਾਰੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਹੈ।
ਸਿੰਘ ਸਾਹਿਬ ਨੇ ਕਿਹਾ ਜੇਲ੍ਹ ਵਿੱਚ ਸਿੱਖਾਂ ਨਾਲ ਅਜਿਹਾ ਸਲੂਕ ਕਰਨਾ ਬਹੁਤ ਦੀ ਮੰਦਭਾਗਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੇ ਅਸਾਮ ਅਤੇ ਪੰਜਾਬ ਸਰਕਾਰ ਨੂੰ ਤਾੜਨਾ ਲਗਾਈ ਅਤੇ ਸਖ਼ਤ ਨਿਰਦੇਸ਼ ਵੀ ਜਾਰੀ ਕੀਤੇ।
ਜਥੇਦਾਰ ਵੱਲੋਂ ਸਰਕਾਰ ਨੂੰ ਨਿਰਦੇਸ਼
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੌਜੂਦਾ ਪੰਜਾਬ ਅਤੇ ਅਸਾਮ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾਵੇ ਅਤੇ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀ ਹਰਕਤ ਕਰਨ ਵਾਲੇ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਸਿੰਘ ਸਾਹਿਬ ਨੇ ਸਰਕਾਰ ਨੂੰ ਹਦਾਇਤ ਦਿੱਤੀ ਕਿ ਜੇਲ੍ਹ ਵਿੱਚ ਭੁੱਖ ਹੜਤਾਲ ਕਰਨ ਵਾਲੇ ਨੌਜਵਾਨ ਲਈ ਸਾਫ਼ ਸੁਥਰਾ ਲੰਗਰ ਮੁਹੱਈਆ ਕਰਵਾਉਣ ਨੂੰ ਵੀ ਸਰਕਾਰ ਯਕੀਨੀ ਬਣਾਵੇ। ਸਭ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਸਿੱਖ ਕੈਦੀਆਂ ਨੂੰ ਤੰਬਾਕੂ ਦੇਣ ਬਾਰੇ ਖ਼ੁਲਾਸਾ ਕੀਤਾ ਸੀ। ਇਸ ਤੋਂ ਬਾਅਦ ਪਿਤਾ ਤਰਸੇਮ ਸਿੰਘ, SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਵੀ ਸਰਕਾਰ ਨੂੰ ਘੇਰਿਆ ਸੀ।
ਪਿਤਾ ਤਰਸੇਮ ਸਿੰਘ ਦੀ ਸਰਕਾਰ ਨੂੰ ਅਪੀਲ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਰਕਾਰ ਨੂੰ ਮੰਗ ਕੀਤੀ ਕਿ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਅੰਮ੍ਰਿਤਧਾਰੀ ਹਨ,ਖਾਣੇ ਵਿੱਚ ਤੰਬਾਕੂ ਮਿਲਣਾ ਗੰਭੀਰ ਹੈ, ਸਰਕਾਰ ਸਿੰਘਾਂ ਨੂੰ ਆਪ ਆਪਣਾ ਲੰਗਰ ਬਣਾਉਣ ਦੀ ਇਜਾਜ਼ਤ ਦੇਵੇ । ਇਸ ਤੋਂ ਇਲਾਵਾ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਬੱਜਰ ਕੁਰੈਤ ਦੱਸ ਦੇ ਹੋਏ ਕਿਹਾ ਸੀ ਸਿੱਖ ਕੈਦੀਆਂ ਨੂੰ ਖਾਣਾ ਬਣਾਉਣ ਦੀ ਸਰਕਾਰ ਇਜਾਜ਼ਤ ਦੇਵੇ ਅਤੇ ਮੈਡੀਕਲ ਚੈੱਕਅਪ ਵੀ ਕਰਵਾਏ।
ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਵੀ ਦੱਸਿਆ ਕਿ ਜੇਲ੍ਹ ਵਿੱਚ ਜ਼ਿਆਦਾਤਰ ਸਿੱਖ ਕੈਦੀਆਂ ਦੀ ਹਾਲਤ ਚੰਗੀ ਨਹੀਂ ਹੈ ਉਨ੍ਹਾਂ ਨੂੰ ਮੈਡੀਕਲ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਜੇਲ੍ਹ ਵਿੱਚੋਂ ਫ਼ੋਨ ਕਰਨ ਦੀ ਇਜਾਜ਼ਤ ਵੀ ਮੰਗੀ । ਦਲਜੀਤ ਕਲਸੀ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਕਿਉਂਕਿ ਕੈਦੀ ਪੰਜਾਬ ਦੇ ਹਨ ਇਸ ਲਈ ਉਨ੍ਹਾਂ ‘ਤੇ ਪੰਜਾਬ ਦਾ ਕਾਨੂੰਨ ਲਾਗੂ ਹੁੰਦਾ ਹੈ। ਪੰਜਾਬ ਦੇ ਜੇਲ੍ਹ ਮੈਨੂਅਲ ਵਿੱਚ ਕੈਦੀਆਂ ਨੂੰ ਫ਼ੋਨ ਕਰ ਦੀ ਇਜਾਜ਼ਤ ਹੈ। ਜੇਕਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ । ਪਰਿਵਾਰ ਨੇ ਕਿਹਾ ਸੀ ਅਸਾਮ ਦੀ ਇੱਕ ਫੇਰੀ ਦੌਰਾਨ 40 ਤੋਂ 50 ਹਜ਼ਾਰ ਦਾ ਖਰਚਾ ਹੁੰਦਾ ਹੈ,ਸਿੰਘਾਂ ਦੇ ਪਰਿਵਾਰ ਇਹ ਬਰਦਾਸ਼ਤ ਨਹੀਂ ਕਰ ਸਕਦੇ ਹਨ।
ਉੱਧਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅੰਮ੍ਰਿਤਧਾਰੀ ਸਿੱਖਾਂ ਦੇ ਖਾਣੇ ਵਿੱਚ ਤੰਬਾਕੂ ਮਿਲਣਾ ਬਹੁਤ ਹੀ ਗੰਭੀਰ ਮੁੱਦਾ ਹੈ, ਇਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਪੰਜਾਬ, ਕੇਂਦਰ ਅਤੇ ਅਸਾਮ ਸਰਕਾਰ ਇਸ ਬਾਰੇ ਧਿਆਨ ਦੇਣ।
ਜੇਲ੍ਹ ਪ੍ਰਸ਼ਾਸਨ ਦਾ ਬਿਆਨ
ਡਿਬੜੂਗੜ੍ਹ ਜੇਲ੍ਹ ਦੇ ਡੀ ਜੀ ਨੇ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ਦੇ ਭੁੱਖ ਹੜਤਾਲ ‘ਤੇ ਜਾਣ ਦੀ ਖ਼ਬਰ ਦਾ ਖੰਡਨ ਕੀਤਾ ਸੀ । ਉਨ੍ਹਾਂ ਕਿਹਾ ਅਸਾਮ ਦੇ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਕਿਸੇ ਵੀ ਕੈਦੀ ਨੂੰ ਜੇਲ੍ਹ ਵਿੱਚੋਂ ਮੋਬਾਈਲ ਦੇ ਜ਼ਰੀਏ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤਾ ਜਾਂਦੀ ਹੈ। ਸਿਰਫ਼ ਪਰਿਵਾਰ ਨੂੰ ਹਰ ਹਫ਼ਤੇ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉੱਧਰ SP ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ 29 ਜੂਨ ਨੂੰ ਕਿਰਨਦੀਪ ਕੌਰ ਜਦੋਂ ਪਤੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਆਈ ਸੀ ਤਾਂ ਉਹ ਜੇਲ੍ਹ ਬਾਹਰ ਹੜਤਾਲ ‘ਤੇ ਬੈਠਣਾ ਚਾਹੁੰਦੀ ਸੀ ਪਰ ਉਹ ਹੋ ਨਹੀਂ ਸਕਿਆ ।