ਜਗਜੀਵਨ ਮੀਤ
ਪੰਜਾਬ ਦੀ ਸਿਆਸਤ ਵਿਚ ਗਾਇਕ ਸਿੱਧੂ ਮੂਸੇਵਾਲਾ ਦਾ ਆਉਣਾ ਕੋਈ ਅਲੌਕਿਕ ਵਰਤਾਰਾ ਨਹੀਂ ਹੈ ਤੇ ਇਸ ਮੂਸੇਵਾਲਾ ਦੀ ਇਸ ਸਿਆਸੀ ਖਬਰ ਨੂੰ ਬਹੁਤਾ ਨੀਝ ਲਾ ਕੇ ਪੜ੍ਹਨ ਦੀ ਵੀ ਲੋੜ ਨਹੀਂ ਹੈ। ਸਿੱਧੂ ਤੋਂ ਪਹਿਲਾਂ ਮੁਹੰਮਦ ਸਦੀਕ ਵੀ ਇਸ ਪਿੜ ਵਿੱਚ ਨਿੱਤਰ ਚੁੱਕੇ ਹਨ ਤੇ ਬਾਲੀਵੁਡ ਦੇ ਹੋਰ ਕਲਾਕਾਰਾਂ ਸਣੇ ਗੁਰਦਾਸਪੁਰ ਦੇ ਮੁਹਤਬਰ ਸਨੀ ਦਿਓਲ ਦਾ ਲੰਗੇ ਡੰਗ ਗੇੜਾ ਤੇ ਕਾਰਗੁਜਾਰੀ ਲੋਕਾਂ ਦੇ ਸਾਹਮਣੇ ਹੈ।ਅਸਲ ਵਿਚ ਪੰਜਾਬ ਦੀ ਸਿਆਸਤ ਨਾਲ ਖਿਡਾਰੀਆਂ ਤੇ ਗਾਇਕ ਕਲਾਕਾਰਾਂ ਦਾ ਡੂੰਘਾ ਸਬੰਧ ਰਿਹਾ ਹੈ।
ਸਿਆਸਤ ਅਜਿਹਾ ਖੇਤਰ ਹੈ, ਜਿਸ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਇਸ ਖੇਤਰ ’ਚ ਆਉਣ ਵਾਲੀਆਂ ਹਸਤੀਆਂ ਕਿਸੇ ਨਾ ਕਿਸੇ ਹੋਰ ਖੇਤਰ ’ਚ ਵੀ ਨਾਂ ਬਣਾਉਣ ਵਾਲੀਆਂ ਹੁੰਦੀਆਂ ਹਨ।ਇਸ ਖੇਤਰ ’ਚ ਆਉਣ ਵਾਲੀਆਂ ਹਸਤੀਆਂ ਕਿਸੇ ਨਾ ਕਿਸੇ ਹੋਰ ਖੇਤਰ ’ਚ ਵੀ ਨਾਂ ਬਣਾ ਕੇ ਚਮਕੀਆਂ ਹੁੰਦੀਆਂ ਹਨ ਤੇ ਪੰਜਾਬ ਦਾ ਦੁਖਾਂਤ ਹੈ ਬਣਾਉਣ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ’ਚੋਂ ਕਈ ਤਾਂ ਆਲਮੀ ਪੱਧਰ ’ਤੇ ਆਪਣੀ ਪਛਾਣ ਰੱਖਦੇ ਹਨ। ਗੱਲ ਖਿਡਾਰੀਆਂ ਦੀ ਕਰੀਏ ਤਾਂ ਇਹ ਵੀ ਸਿਆਸਤ ਤੋਂ ਅਛੂਤਾ ਨਹੀਂ ਰਿਹਾ।ਕਈ ਖਿਡਾਰੀਆਂ ਨੇ ਖੇਡ ਦੇ ਮਾਮਲੇ ’ਚ ਤਾਂ ਭੱਲ ਖੱਟੀ ਹੀ ਸਗੋਂ ਸਿਆਸਤ ਦੇ ਖੇਤਰ ’ਚ ਆ ਕੇ ਲੋਕਾਈ ਦੇ ਮਸਲਿਆਂ ਦੀ ਵੀ ਗੱਲ ਕੀਤੀ। ਇਨ੍ਹਾਂ ’ਚੋਂ ਕਈ ਤਾਂ ਸਿਆਸਤ ’ਚ ਵੀ ਪੂਰੀ ਤਰ੍ਹਾਂ ਕਾਮਯਾਬ ਹੋਏ ਤੇ ਕਈ ਹਾਲੇ ਸਫਲਤਾ ਦੀ ਉਡੀਕ ’ਚ ਹਨ।
ਕੁਝ ਸਮਾਂ ਪਹਿਲਾਂ ਆਪਣੇ ਸਮੇਂ ਦੇ ਉੱਘੇ ਕ੍ਰਿਕਟਰ ਰਹੇ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਹਾਲ ਹੀ ’ਚ ਅਸਤੀਫ਼ਾ ਦੇਣ, ਪਰਗਟ ਸਿੰਘ ਪਹਿਲੀ ਵਾਰ ਮੰਤਰੀ ਬਣਨ ਕਰਕੇ ਕਾਫ਼ੀ ਸੁਰਖ਼ੀਆਂ ’ਚ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖੇਡਾਂ ’ਚ ਖ਼ਾਸਾ ਉਤਸ਼ਾਹ ਰੱਖਦੇ ਹਨ। ਉਹ ਆਪਣੀ ਜਵਾਨੀ ਸਮੇਂ ਹੈਂਡਬਾਲ ਦੇ ਬਹੁਤ ਵਧੀਆ ਨੈਸ਼ਨਲ ਖਿਡਾਰੀ ਰਹੇ ਹਨ। ਉਨ੍ਹਾਂ ਨੇ ਇਸ ਖੇਡ ਲਈ ਬਹੁਤ ਸਾਰੇ ਮਾਣ-ਸਨਮਾਨ ਹਾਸਲ ਕੀਤੇ।ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੰਟਰ-ਯੂਨੀਵਰਸਿਟੀ ਸਪੋਰਟਸ ਮੀਟ ’ਚ ਖੇਡਦਿਆਂ ਤਿੰਨ ਵਾਰ ਗੋਲਡ ਮੈਡਲ ਵੀ ਹਾਸਲ ਕੀਤਾ।ਨੈਸ਼ਨਲ ਪੱਧਰ ’ਤੇ ਵੀ ਉਨ੍ਹਾਂ ਨੇ ਹੈਂਡਬਾਲ ਖੇਡੀ।ਮੁੱਖ ਮੰਤਰੀ ਬਣਨ ਤੋਂ ਬਾਅਦ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਹੀ ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ।
ਵਧੀਆ ਪੋਲੋ ਖੇਡਦੇ ਹਨ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਬਣਨ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਖੇਡ ਪ੍ਰੇਮੀ ਹੋਣ ਦੇ ਨਾਲ-ਨਾਲ ਖ਼ੁਦ ਵੀ ਬਹੁਤ ਵਧੀਆ ਖੇਡ ਲੈਂਦੇ ਹਨ। ਪੋਲੋ ’ਚ ਤਾਂ ਉਨ੍ਹਾਂ ਨੂੰ ਖ਼ਾਸ ਮੁਹਾਰਤ ਹੈ। ਉਹ ਹੋਰ ਵੀ ਕਈ ਖੇਡਾਂ ’ਚ ਸ਼ਮੂਲੀਅਤ ਕਰ ਲੈਂਦੇ ਹਨ। ਜਾਂਦੇ-ਜਾਂਦੇ ਉਹ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਹੱਥੀਂ ਲਜ਼ੀਜ਼ ਪਕਵਾਨ ਖਵਾ ਕੇ ਗਏ। ਉਨ੍ਹਾਂ ਨੇ ਪੰਜਾਬ ਦੇ ਖਿਡਾਰੀਆਂ ਵੱਲੋਂ ਓਲੰਪਿਕ ’ਚ ਬਿਹਤਰ ਪ੍ਰਦਰਸ਼ਨ ਕੀਤੇ ਜਾਣ ’ਤੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਪਣੇ ਹੱਥੀਂ ਪਕਵਾਨ ਬਣਾ ਕੇ ਪਰੋਸਣਗੇ। ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਭਾਰਤੀ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।
ਨਵਜੋਤ ਸਿੱਧੂ ਨੂੰ ਬੁਲਾਇਆ ਜਾਂਦਾ ਹੈ ‘ਸਿਕਸਰ ਸਿੱਧੂ’
ਨਵਜੋਤ ਸਿੰਘ ਸਿੱਧੂ ਆਪਣੀ ਖੇਡ ਦੇ ਨਾਲ-ਨਾਲ ਸ਼ੇਅਰੋ-ਸ਼ਾਇਰੀ ਤੇ ਖਿੱਚਪਾਊ ਭਾਸ਼ਣ ਲਈ ਮਸ਼ਹੂਰ ਹਨ।ਆਪਣੇ 19 ਸਾਲਾ ਦੇ ਕਰੀਅਰ ਦੌਰਾਨ ਸਿੱਧੂ ਨੇ ਕਈ ਮੈਚਾਂ ’ਚ ਆਪਣੇ ਵਧੀਆ ਪ੍ਰਦਰਸ਼ਨ ਨਾਲ ਪੰਜਾਬ ਦਾ ਸਿਰ ਪੂਰੇ ਭਾਰਤ ਤੇ ਦੁਨੀਆ ’ਚ ਉੱਚਾ ਕੀਤਾ। ਤਕਰੀਬਨ 51 ਟੈਸਟ ਮੈਚ ਤੇ 136 ਵਨ ਡੇ ਮੈਚਾਂ ’ਚ ਭਾਗ ਲਿਆ। ਸਿੱਧੂ ਨੂੰ ‘ਸਿਕਸਰ ਸਿੱਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 2004 ’ਚ ਉਹ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਤੇ 2014 ਦੀਆਂ ਲੋਕ ਸਭਾ ਚੋਣਾਂ ’ਚ ਸਿੱਧੂ ਨੇ ਭਾਜਪਾ ਦੀ ਟਿਕਟ ’ਤੇ ਅੰਮ੍ਰਿਤਸਰ ਤੋਂ ਜਿੱਤ ਹਾਸਲ ਕੀਤੀ। ਸਿੱਧੂ ਕੁਝ ਸਮੇਂ ਲਈ ਰਾਜ ਸਭਾ ਮੈਂਬਰ ਬਣੇ। 2 ਸਤੰਬਰ 2016 ਨੂੰ ਸਿੱਧੂ ਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਮਿਲ ਕੇ ‘ਆਵਾਜ਼-ਏ-ਪੰਜਾਬ’ ਨਾਂ ਦੇ ਸਿਆਸੀ ਫਰੰਟ ਦਾ ਗਠਨ ਵੀ ਕੀਤਾ। ਜਨਵਰੀ 2017 ’ਚ ਸਿੱਧੂ ਕਾਂਗਰਸ ’ਚ ਸ਼ਾਮਲ ਹੋ ਗਏ ਤੇ ਅੰਮ੍ਰਿਤਸਰ ਈਸਟ ਹਲਕੇ ਤੋਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ।
ਹਾਕੀ ਓਲੰਪੀਅਨ ਤੋਂ ਖੇਡ ਮੰਤਰੀ ਬਣਿਆ ਅਖ਼ਤਰ ਰਸੂਲ
ਮੈਦਾਨ ’ਚ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਹਾਕੀ ਓਲੰਪੀਅਨ ਅਖਤਰ ਰਸੂਲ ਨੇ 1985 ’ਚ ਰਾਜਨੀਤੀਕ ਪਾਰੀ ਖੇਡਣ ਦਾ ਫੈਸਲਾ ਕੀਤਾ। ਸਾਲ-1986 ’ਚ ਅਖਤਰ ਰਸੂਲ ਨੇ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਐਮਪੀਏ (ਮੈਂਬਰ ਆਫ ਪ੍ਰੋਵੀਨਸ਼ੀਅਲ ਅਸੈਂਬਲੀ) ਦੀ ਚੋਣ ਜਿੱਤੀ। 1988 ’ਚ ਅਖਤਰ ਰਸੂਲ ਨੂੰ ਪੰਜਾਬ ਦਾ ਐਕਸਾਈਜ਼ ਅਤੇ ਟੈਕਸੇਸ਼ਨ ਮੰਤਰੀ ਨਾਮਜ਼ਦ ਕੀਤਾ ਗਿਆ। ਤਿੰਨ ਹਾਕੀ ਚੈਂਪੀਅਨਜ਼ ਟਰਾਫੀਆਂ ’ਚ ਪਾਕਿ ਹਾਕੀ ਟੀਮ ਨਾਲ ਮੈਦਾਨ ’ਚ ਕੁੱਦਣ ਵਾਲੇ ਅਖਤਰ ਰਸੂਲ ਨੂੰ 1990 ’ਚ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਤੋਂ ਬਾਅਦ ਖੇਡ ਮੰਤਰੀ ਬਣਾਇਆ ਗਿਆ। 1993 ’ਚ ਅਖਤਰ ਰਸੂਲ ਨੇ ਪੰਜਾਬ ਤੋਂ ਦੂਜੀ ਵਾਰ ਐਮਐਲਏ ਦੀ ਸੀਟ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਣ ’ਚ ਸਫਲਤਾ ਹਾਸਲ ਕੀਤੀ। ਸਾਲ-1981 ਤੋਂ 1982 ਤੱਕ ਲਗਾਤਾਰ ਦੋ ਸਾਲ ਪਾਕਿ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਅਖਤਰ ਰਸੂਲ ਨੇ 1986 ਤੋਂ ਬਾਅਦ ਦੂਜੀ ਵਾਰ ਐਮਪੀਏ ਦੀ ਸੀਟ ਜਿੱਤ ਕੇ ਮੁਸਲਿਮ ਲੀਗ ਦੀ ਝੋਲੀ ਪਾਈ।
ਹਾਕੀ ਖਿਡਾਰੀ ਪਰਗਟ ਸਿੰਘ ਦੀ ਸਿਆਸੀ ਪਾਰੀ
ਆਖਰ ਤਿੰਨ ਵਾਰ ਓਲੰਪਿਕ ਹਾਕੀ ’ਚ ਦੇਸ਼ ਦੀ ਪ੍ਰਤੀਨਿੱਧਤਾ ਕਰਨ ਵਾਲੇ ਪ੍ਰਗਟ ਸਿੰਘ ਵਲੋਂ ਖੇਡੀ ਗਈ ਸ਼ਾਨਦਾਰ ਖੇਡ ਪਾਰੀ ਦਾ ਮੁੱਲ ਪੈ ਗਿਆ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਸਰਕਾਰ ’ਚ ਜਲੰਧਰ ਕੈਂਟ ਤੋਂ ਦੂਜੀ ਵਾਰ ਵਿਧਾਇਕ ਬਣੇ ਸਾਬਕਾ ਹਾਕੀ ਓਲੰਪੀਅਨ ਪ੍ਰਗਟ ਸਿੰਘ ਖੇਡ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਪ੍ਰਸਿੱਧ ਫੁੱਲ ਬੈਕ ਖਿਡਾਰੀ ਪ੍ਰਗਟ ਸਿੰਘ ਨੂੰ ਅਕਾਲੀ-ਭਾਜਪਾ ਸਰਕਾਰ ਵਲੋਂ ਡਾਇਰੈਕਟਰ ਸਪੋਰਟਸ ਪੰਜਾਬ ਲਗਾਇਆ ਗਿਆ ਸੀ। ਖੇਡ ਵਿਭਾਗ ’ਚ ਡਾਇਰੈਕਟਰ ਤੋਂ ਪਹਿਲਾਂ ਪ੍ਰਗਟ ਸਿੰਘ ਪੰਜਾਬ ਪੁਲੀਸ ’ਚ ਐੱਸਪੀ ਦੇ ਅਹੁਦੇ ’ਤੇ ਬਿਰਾਜਮਾਨ ਸਨ। ਜਥੇਦਾਰ ਤੋਤਾ ਸਿੰਘ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੋਣ ਸਦਕਾ ਪ੍ਰਗਟ ਸਿੰਘ ਨੂੰ 2012 ’ਚ ਅਕਾਲੀ ਦਲ ਵਲੋਂ ਜਲੰਧਰ ਕੈਂਟ ਤੋਂ ਐੱਮਐੱਲਏ ਦੀ ਚੋਣ ਲੜਾਈ ਗਈ। ਅਕਾਲੀ ਦਲ ਦੀ ਟਿਕਟ ’ਤੇ ਪ੍ਰਗਟ ਸਿੰਘ ਸ਼ਾਨਦਾਰ ਜਿੱਤ ਦਰਜ ਕਰਕੇ ਪਹਿਲੀ ਵਾਰ ਵਿਧਾਇਕ ਬਣੇ। ਅਕਾਲੀ ਦਲ ਨੂੰ ਅਲਵਿਦਾ ਆਖਣ ਤੋਂ ਬਾਅਦ ਪ੍ਰਗਟ ਸਿੰਘ ਨੇ ਇਸੇ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਦੂਜੀ ਵਾਰ ਵਿਧਾਇਕੀ ਹਾਸਲ ਕੀਤੀ। ਪ੍ਰਗਟ ਸਿੰਘ ਦਾ ਜਨਮ ਵਿਸ਼ਵ ਹਾਕੀ ਦੀ ਜ਼ਰਖ਼ੇਜ਼ ਭੂਮੀ ਮੰਨੇ ਜਾਂਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ’ਚ ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਹੋਇਆ।
ਪ੍ਰਗਟ ਸਿੰਘ ਦੀ ਹਾਕੀ ਦਾ ਖੇਡ ਚਿੱਠਾ ਬਹੁਤ ਲੰਮੇਰਾ ਹੈ। ਉਹ 1988 ’ਚ ਸਿਓਲ (ਦੱਖਣੀ ਕੋਰੀਆ), 1992 ਬਾਰਸੀਲੋਨਾ (ਸਪੇਨ) ਅਤੇ 1996 ਐਟਲਾਂਟਾ ਓਲੰਪਿਕ ਖੇਡਿਆ। ਤਿੰਨ ਓਲੰਪਿਕ ਹਾਕੀ ਮੁਕਾਬਲਿਆਂ ’ਚ ਉਸ ਨੇ ਦੇਸ਼ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਪਰਗਟ ਵਿਸ਼ਵ ਦਾ ਪਹਿਲਾ ਹਾਕੀ ਓਲੰਪੀਅਨ ਹੈ ਜਿਸ ਨੇ ਦੋ ਵਾਰ ਓਲੰਪਿਕ ਹਾਕੀ ’ਚ ਟੀਮ ਦੀ ਕਪਤਾਨੀ ਸੰਭਾਲ ਕੇ ਸੰਸਾਰ ਹਾਕੀ ’ਚ ਨਵਾਂ ਮੀਲ ਪੱਥਰ ਗੱਡਿਆ ਹੋਇਆ ਹੈ। ਓਲੰਪਿਕ ਹਾਕੀ ’ਚ ਦੋ ਵਾਰ ਕਪਤਾਨੀ ਦਾ ਰਿਕਾਰਡ ਬਣਾਉਣ ਵਾਲੇ ਪਰਗਟ ਸਿੰਘ ਨੇ ਹਿੰਦ ਦੀ ਹਾਕੀ ਟੀਮ ਦੀ 168 ਕੌਮਾਂਤਰੀ ਹਾਕੀ ਮੈਚਾਂ ’ਚ ਕਪਤਾਨੀ ਕਰਨ ਦੇ ਇਤਿਹਾਸ ਦਾ ਨਵਾਂ ਹਾਕੀ ਅਧਿਆਇ ਵੀ ਆਪਣੇ ਨਾਮ ਨਾਲ ਜੋੜਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਜਦੋਂ ਉਸ ਨੇ ਸੰਸਾਰ ਹਾਕੀ ਦੀ ਲੰਮੀ ਪਾਰੀ ਖੇਡ ਕੇ ਹਾਕੀ ਖੇਡਣ ਤੋਂ ਕਿਨਾਰਾ ਕੀਤਾ ਤਾਂ 313 ਕੌਮਾਂਤਰੀ ਹਾਕੀ ਮੈਚ ਖੇਡਣ ਦਾ ਕੀਰਤੀਮਾਨ ਵੀ ਪਰਗਟ ਸਿੰਘ ਦੇ ਨਾਮ ਬੋਲਦਾ ਸੀ। ਹੁਣ ਭਾਵੇਂ ਹਾਲੈਂਡ ਦੇ ਜਿਰੋਇਨ ਡੈਲਮੀ ਤੋਂ ਇਲਾਵਾ ਹੋਰ ਵੀ ਕੁਝ ਖਿਡਾਰੀ ਪਰਗਟ ਸਿੰਘ ਦੇ 313 ਅੰਤਰਰਾਸ਼ਟਰੀ ਮੈਚ ਖੇਡਣ ਦੇ ਅੰਕੜੇ ਤੋਂ ਅੱਗੇ ਉਲੰਘ ਚੁੱਕੇ ਹਨ।
ਓਲੰਪੀਅਨ ਸੰਦੀਪ ਸਿੰਘ
ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਪਿਹੋਵਾ ਹਲਕੇ ਤੋਂ ਜਿੱਤ ਦਰਜ ਕਰਕੇ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾਈ ਹੈ। ਸੰਦੀਪ ਸਿੰਘ 90 ਮੈਂਬਰੀ ਹਰਿਆਣਾ ਵਿਧਾਨ ਸਭਾ ’ਚ ਚੋਣ ਜਿੱਤਣ ਵਾਲੇ ਇਕੋ-ਇਕ ਸਿੱਖ ਚਿਹਰਾ ਹਨ। ਖਾਸ ਗੱਲ ਇਹ ਰਹੀ ਕਿ ਸੰਦੀਪ ਸਿੰਘ ਨੇ ਮੰਤਰੀ ਬਣਨ ਤੋਂ ਬਾਅਦ ਮੰਤਰਾਲੇ ਦੀ ਗੋਪਨੀਅਤਾ ਬਣਾਈ ਰੱਖਣ ਲਈ ਸਹੁੰ ਪੰਜਾਬੀ ਭਾਸ਼ਾ ’ਚ ਚੁੱਕੀ ਸੀ। ਵਿਸ਼ਵ ਹਾਕੀ ਦੇ ਗਲਿਆਰਿਆਂ ’ਚ ਸੰਦੀਪ ਸਿੰਘ ਨੇ ਚੰਗਾ ਨਾਮਣਾ ਖੱਟਿਆ ਹੈ। ਨਵੀਂ ਦਿੱਲੀ ’ਚ ਖੇਡੇ ਗਏ ਲੰਡਨ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ’ਚ 16 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਦੀ ਕੁਰਸੀ ਸਾਂਭਣ ਵਾਲੇ ਡਿਫੈਂਡਰ ਸੰਦੀਪ ਸਿੰਘ ਨੂੰ ਲੰਡਨ-2012 ਓਲੰਪਿਕ ਹਾਕੀ ਅਤੇ ਵਿਸ਼ਵ ਹਾਕੀ ਕੱਪ ਨਵੀਂ ਦਿੱਲੀ-2010 ਖੇਡਣ ਦਾ ਹੱਕ ਹਾਸਲ ਹੋਇਆ। 2014 ’ਚ ਯੂਕੇ ਦੇ ਹਾਵੈਂਟ ਹਾਕੀ ਕਲੱਬ ਵਲੋਂ ਇੰਗਲਿਸ਼ ਲੀਗ ਖੇਡਣ ਵਾਲੇ ਸਟਾਰ ਡਰੈਗ ਫਲਿੱਕਰ ਸੰਦੀਪ ਸਿੰਘ ਨੂੰ ਘਰੇਲੂ ਇੰਡੀਅਨ ਹਾਕੀ ਲੀਗ ਦੇ ਵੱਖ-ਵੱਖ ਅਡੀਸ਼ਨਾਂ ’ਚ ਮੁੰਬਈ ਮੈਜੀਸ਼ੀਅਨਜ਼, ਪੰਜਾਬ ਵਾਰੀਅਰਜ਼ ਅਤੇ ਰਾਂਚੀ ਰੋਅਜ਼ ਦੀ ਹਾਕੀ ਟੀਮਾਂ ਨਾਲ ਮੈਦਾਨ ’ਚ ਨਿੱਤਰਨ ਦਾ ਰੁਤਬਾ ਹਾਸਲ ਹੋਇਆ। ਪੈਨਲਟੀ ਕਾਰਨਰ ਲਾਉਣ ਸਮੇਂ 145 ਕਿਲੋਮੀਟਰ ਦੀ ਸਪੀਡ ਨਾਲ ਬਾਲ ਨੂੰ ਡਰੈਗ ਕਰਨ ਵਾਲੇ ਓਲੰਪੀਅਨ ਸੰਦੀਪ ਸਿੰਘ ਦਾ ਜਨਮ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ) ’ਚ ਫਰਵਰੀ-27, 1986 ’ਚ ਦਲਜੀਤ ਕੌਰ ਦੀ ਕੁੱਖੋਂ ਗੁਰਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸ਼ਿਵਾਲਿਕ ਸਕੂਲ ਮੁਹਾਲੀ ਤੋਂ ਮੁੱਢਲੀ ਪੜ੍ਹਾਈ ਕਰਨ ਵਾਲੇ ਸੰਦੀਪ ਸਿੰਘ ਦੇ ਖੇਡ ਕਰੀਅਰ ’ਤੇ ਫਿਲਮ ਸੂਰਮਾ ਬਣਾਈ ਗਈ, ਜਿਸ ’ਚ ਦਲਜੀਤ ਸਿੰਘ ਦੁਸਾਂਝ ਨੇ ਸੰਦੀਪ ਸਿੰਘ ਦਾ ਰੋਲ ਨਿਭਾਇਆ। ਸੂਰਮਾ ਫਿਲਮ ’ਚ ਦੂਜੇ ਪ੍ਰਸਿੱਧ ਸਟਾਰ ਕਲਾਕਾਰ ਤਾਪਸੀ ਪੰਨੂ ਅਤੇ ਅੰਗਦ ਸਿੰਘ ਬੇਦੀ ਹਨ। ਸਾਲ-2012 ’ਚ ਅਰਜੁਨਾ ਐਵਾਰਡ ਹਾਸਲ ਸੰਦੀਪ ਸਿੰਘ ਨੇ 2012 ’ਚ ਸੀਨੀਅਰ ਕੌਮੀ ਟੀਮ ’ਚ ਕਰੀਅਰ ਦਾ ਆਗਾਜ਼ ਕੀਤਾ।
2012 ’ਚ ਹਾਕੀ ਕਿੱਲੀ ’ਤੇ ਟੰਗਣ ਵਾਲੇ ਹਾਕੀ ਓਲੰਪੀਅਨ ਸੰਦੀਪ ਸਿੰਘ ਦਾ ਵੱਡੇ ਭਰਾ ਬਿਕਰਮਜੀਤ ਸਿੰਘ ਨੂੰ ਵੀ ਕੌਮਾਂਤਰੀ ਹਾਕੀ ਖੇਡਣ ਦਾ ਮਾਣ ਹਾਸਲ ਹੈ। ਹਰਿਆਣਾ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਸੰਦੀਪ ਸਿੰਘ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਿਆਣਾ ਸਰਕਾਰ ’ਚ ਯੂਥ ਅਫੇਅਰ ਐਂਡ ਸਪੋਰਟਸ ਵਿਭਾਗ ’ਚ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ।
ਕੇਂਦਰੀ ਮੰਤਰੀ ਬਣਿਆ ਅਸਲਮ ਸ਼ੇਰ ਖਾਨ
ਮੈਦਾਨ ’ਚ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੀ ਓਲੰਪੀਅਨ ਅਸਲਮ ਸ਼ੇਰ ਖਾਨ ਦੇਸ਼ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ’ਚ ਕੈਬਨਿਟ ਮੰਤਰੀ ਬਣਾਇਆ ਗਿਆ। ਅਸਲਮ ਸ਼ੇਰ ਨੇ ਮੱਧ ਪ੍ਰਦੇਸ਼ ਰਾਜ ਤੋਂ ਪੰਜ ਵਾਰ ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਕੇ ਪਾਰਲੀਮੈਂਟ ਦੀ ਚੋਣ ਲੜੀ। 8ਵੀਂ ਲੋਕ ਸਭਾ ’ਚ ਅਸਲਮ ਸ਼ੇਰ ਖਾਨ ਪਹਿਲੀ ਵਾਰ ਬੈਤੂਲ ਪਾਰਲੀਮੈਂਟ ਹਲਕੇ ਤੋਂ ਸੰਸਦ ਮੈਂਬਰ ਬਣਨ ’ਚ ਸਫਲ ਹੋਏ। ਇਸੇ ਹਲਕੇ ਤੋਂ 9ਵੀਂ ਲੋਕ ਸਭਾ ਦੀ ਚੋਣ ਹਾਰਨ ਵਾਲੇ ਅਸਲਮ ਖਾਨ ਨੂੰ 10ਵੀਂ ਲੋਕ ਸਭਾ ਚੋਣਾਂ ’ਚ ਇਸੇ ਹਲਕੇ ਤੋਂ ਦੂਜੀ ਵਾਰ ਸਫਲਤਾ ਹਾਸਲ ਹੋਈ। ਬੈਤੂਲ ਪਾਰਲੀਮਾਨੀ ਹਲਕੇ ਤੋਂ ਦੂਜੀ ਵਾਰ ਚੋਣ ਜਿੱਤਣ ਸਦਕਾ ਅਸਲਮ ਸ਼ੇਰ ਖਾਨ ਨੂੰ 1991 ’ਚ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਅਸਲਮ ਸ਼ੇਰ ਭੂਪਾਲ ਅਤੇ ਸਾਗਰ ਤੋਂ 2004 ਅਤੇ 2009 ’ਚ ਲਗਾਤਾਰ ਦੋ ਵਾਰ ਪਾਰਲੀਮੈਂਟ ਦੀ ਚੋਣ ’ਚ ਸਫਲਤਾ ਹਾਸਲ ਨਾ ਕਰ ਸਕੇ। ਕੌਮਾਂਤਰੀ ਹਾਕੀ ’ਚ ਅਸਲਮ ਸ਼ੇਰ ਨੂੰ ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ’ਚ ਕੁਆਲਾਲੰਪੁਰ-1975 ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਮਾਂਟੀਰੀਅਲ-1976 ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ।
‘ਆਪ’ ’ਚ ਆਇਆ ਭਲਵਾਨ ਕਰਤਾਰ ਸਿੰਘ
ਪਦਮਸ੍ਰੀ ਕਰਤਾਰ ਸਿੰਘ ਦਾ ਭਲਵਾਨੀ ਦੇ ਖੇਤਰ ’ਚ ਆਲਮੀ ਪੱਧਰ ’ਤੇ ਬਹੁਤ ਵੱਡਾ ਨਾਂ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘ ’ਚ ਜਨਮਿਆ ਪੰਜਾਬ ਦਾ ਇਹ ਹੋਣਹਾਰ ਭਲਵਾਨ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਭਾਰਤ ਦਾ ਇੱਕੋ-ਇੱਕ ਭਲਵਾਨ ਹੈ, ਜਿਸ ਨੇ ਏਸ਼ਿਆਈ ਖੇਡਾਂ ’ਚ ਫ੍ਰੀ ਸਟਾਈਲ ਕੁਸ਼ਤੀ ’ਚ ਦੋ ਗੋਲਡ ਮੈਡਲ ਜਿੱਤੇ। 1978, 1982 ਤੇ 1986 ਦੀਆਂ ਏਸ਼ਿਆਈ ਖੇਡਾਂ, 1978 ਤੇ 1982 ਦੀਆਂ ਕਾਮਨਵੈਲਥ ਖੇਡਾਂ ’ਚ ਤਮਗੇ ਹਾਸਲ ਕਰਨ ਤੋਂ ਇਲਾਵਾ ਉਸ ਨੇ ਕਈ ਵਾਰ ਵਰਲਡ ਚੈਂਪੀਅਨਸ਼ਿਪ ’ਚ ਵੀ ਸੋਨੇ ਦੇ ਮੈਡਲ ਜਿੱਤੇ। ਉਸ ਨੇ ਲੰਬਾ ਸਮਾਂ ਪੁਲਿਸ ਵਿਭਾਗ ਤੇ ਪੰਜਾਬ ਦੇ ਖੇਡ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾਈਆਂ। ਉਸ ਨੂੰ ਅਰਜੁਨਾ ਐਵਾਰਡ ਤੇ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਰੈਸਿਗ ਐਸੋਸੀਏਸ਼ਨ ਦੇ ਪ੍ਰਧਾਨ ਤੇ ਰੈਸਿਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਵਜੋਂ ਵੀ ਉਸ ਨੇ ਖੇਡਾਂ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾਇਆ। ਸਿਆਸਤ ਦੇ ਖੇਤਰ ’ਚ ਕਦਮ ਰੱਖਦਿਆਂ ਉਸ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਤਰਨਤਾਰਨ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਪਰ ਹਾਰ ਗਿਆ। ਇਸ ਸਮੇਂ ਵੀ ਉਹ ਪਾਰਟੀ ’ਚ ਕਈ ਜ਼ਿੰਮੇਵਾਰੀਆਂ ਸੰਭਾਲ ਰਿਹਾ ਹੈ।
ਬਾਸਕਟਬਾਲ ਦਾ ਕੌਮੀ ਖਿਡਾਰੀ ਸੱਜਣ ਸਿੰਘ ਚੀਮਾ
ਅਰਜੁਨ ਐਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਜਿਹੇ ਵੱਕਾਰੀ ਸਨਮਾਨ ਹਾਸਲ ਕਰ ਚੁੱਕਿਆ ਸੱਜਣ ਸਿੰਘ ਚੀਮਾ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ ਰਿਹਾ। ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ’ਚ ਉਸ ਨੇ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪੰਜਾਬ ਪੁਲਿਸ ’ਚ ਐੱਸਪੀ ਤੇ ਡੀਸੀਪੀ ਟੈ੍ਰਫਿਕ ਵਜੋਂ ਤਾਇਨਾਤ ਰਿਹਾ ਇਹ ਖਿਡਾਰੀ ਸਮਾਜ ਸੇਵਾ ਦੇ ਖੇਤਰ ’ਚ ਵੀ ਸਰਗਰਮ ਰਹਿੰਦਾ ਹੈ। 2016 ’ਚ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਇਸ ਪਾਰਟੀ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਤੋਂ ਉਮੀਦਵਾਰ ਸੀ ਪਰ ਹਾਰ ਗਿਆ।
ਬੀਤੇ ਕੱਲ੍ਹ ਤੋਂ ਸਿੱਧੂ ਮੂਸੇਵਾਲਾ ਦਾ ਪੰਜਾਬ ਦੀ ਕਾਂਗਰਸੀ ਸਿਆਸਤ ਵਿਚ ਹੋਇਆ ਦਾਖਲਾ ਨਾਮਣਾ ਖੱਟ ਰਿਹਾ ਹੈ ਤੇ ਕਈ ਲੋਕ ਸਿੱਧੂ ਦੀਆਂ ਐਫਆਈਆਰ ਵਾਲੀਆਂ ਕਾਪੀਆਂ ਵੀ ਫਰੋਲ ਰਹੇ ਹਨ ਤੇ ਇਹ ਜਰੂਰੀ ਵੀ ਹੈ। ਸਿਆਸਤ ਦਾਨ ਕੋਈ ਵੀ ਹੋਵੇ, ਉਹ ਆਪਣੇ ਦਾਗ ਨਹੀਂ ਲੁਕੋ ਸਕਿਆ ਹੈ, ਬੇਸ਼ੱਕ ਉਹ ਸਿਆਸੀ ਪਿੜ ਵਿਚ ਕਿੰਨਾ ਵੀ ਵੱਡਾ ਖਿਡਾਰੀ ਰਿਹਾ ਹੋਵੇ ਪਰ ਲੋਕਾਂ ਦੀ ਕਚਹਿਰੀ ਆਪਣੇ ਹਿਸਾਬ ਨਾਲ ਫੈਸਲਾ ਕਰਦੀ ਹੈ, ਇਹ ਸਿਆਸੀ ਪਿੜ ਵਿਚ ਨਿਤਰ ਰਹੇ ਕਲਾਕਾਰ ਤੇ ਖਿਡਾਰੀ 2022 ਵਿਚ ਸਮਝ ਜਾਣਗੇ।