ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਭਾਰਤ-ਪਾਕਿਸਤਾਨ ਵੰਡ ’ਤੇ ਬਣੀ ਬਾਲੀਵੁੱਡ ਹਿੰਦੀ ਫਿਲਮ ‘ਗਦਰ’ ਤੁਸੀਂ ਜ਼ਰੂਰ ਵੇਖੀ ਹੋਵੇਗੀ ਜਾਂ ਕਹਾਣੀ ਬਾਰੇ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇਸ ਦੀ ਅਸਲੀ ਦਾਸਤਾਨ ਬਾਰੇ ਦੱਸਦੇ ਹਾਂ ਪਰ ਇਹ ਸੱਚਾਈ ’ਤੇ ਅਧਾਰਿਤ ਹੈ। ਇਹ ਕਹਾਣੀ ਤੁਹਾਨੂੰ ਇਨਸਾਨੀਅਤ ਅਤੇ ਹੌਸਲੇ ਦਾ ਪਾਠ ਪੜਾਏਗੀ, ਆਪਣਿਆਂ ਤੋਂ ਮਿਲੇ ਧੋਖੇ ਦੇ ਦਰਦ ਦਾ ਅਹਿਸਾਸ ਕਰਵਾਏਗੀ, ਕਾਨੂੰਨ ਦੀ ਆੜ ’ਚ 2 ਪਿਆਰ ਕਰਨ ਵਾਲਿਆਂ ਚੰਗੀਆਂ ਰੂਹਾਂ ਦੀ ਜੁਦਾਈ ਦਾ ਖ਼ੌਫਨਾਕ ਅੰਤ ਤੁਹਾਡੇ ਦਿਲ ਨੂੰ ਚੀਰ ਕੇ ਰੱਖ ਦੇਵੇਗਾ।
ਅਗਸਤ 1947 ਵਿੱਚ ਹੋਈ ਵੰਡ ਦੌਰਾਨ 1.4 ਕਰੋੜ ਲੋਕ ਆਪਣਾ ਘਰ ਛੱਡਣ ਨੂੰ ਮਜ਼ਬੂਰ ਹੋਏ। ਉਨ੍ਹਾਂ ਵਿੱਚ ਇੱਕ ਜੈਨਬ ਵੀ ਸੀ। ਪੂਰਬੀ ਪੰਜਾਬ ਦੇ ਇਕ ਪਿੰਡ ਦੀ ਰਹਿਣ ਵਾਲੀ ਜੈਨਬ ਪਾਕਿਸਤਾਨ ਜਾ ਰਹੇ ਕਾਫਿਲੇ ਵਿੱਚ ਪਰਿਵਾਰ ਤੋਂ ਵਿਛੜ ਗਈ ਅਤੇ ਫਿਰ ਗ਼ੈਰ ਇਨਸਾਨੀਅਤ ਦੇ ਬਜ਼ਾਰ ਵਿੱਚ ਵਿਕਦੇ-ਵਿਕਦੇ ਅੰਮ੍ਰਿਤਸਰ ਪਹੁੰਚ ਗਈ। ਪਰ ਉੱਥੇ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਵਾਲਾ ਬੂਟਾ ਸਿੰਘ ਮੌਜੂਦ ਸੀ।
55 ਸਾਲ ਦਾ ਬੂਟਾ ਸਿੰਘ ਫੌਜ ਤੋਂ ਰਿਟਾਇਡ ਹੋਇਆ ਸੀ। ਉਸ ਨੇ 20 ਸਾਲ ਦੀ ਜੈਨਬ ਦੀ ਮਾਸੂਮੀਅਤ ਨੂੰ ਵੇਖ ਦੇ ਹੋਏ ਉਸ ਨੂੰ ਹੈਵਾਨਾਂ ਕੋਲੋ ਖ਼ਰੀਦ ਲਿਆ। ਦੋਵੇਂ ਇਕੱਠੇ ਰਹਿਣ ਲੱਗੇ ਅਤੇ ਖ਼ਰੀਦੇ ਜਾਣ ਦੇ ਬਦਨਾਮੀ ਦੇ ਡਰ ਦੇ ਬਾਵਜੂਦ ਦੋਵਾਂ ਦੇ ਵਿਚਾਲੇ ਰੁਹਾਨੀ ਪਿਆਰ ਪੈ ਗਿਆ। ਪਰ ਆਪਣੇ ਸ਼ਰੀਕਾਂ ਦੀਆਂ ਸਾਜਿਸ਼ਾਂ ਤੋਂ ਬਚਣ ਅਤੇ ਲੋਕਾਂ ਦੀ ਜ਼ੁਬਾਨ ਬੰਦ ਕਰਨ ਲਈ ਬੂਟਾ ਸਿੰਘ ਨੇ ਜੈਨਬ ਨਾਲ ਵਿਆਹ ਕਰ ਲਿਆ।
ਬੂਟਾ ਸਿੰਘ ਅਤੇ ਜੈਨਬ ਦੇ ਪਿਆਰ ਉਸ ਵੇਲੇ ਪਰਵਾਨ ਚੜਿਆ ਜਦੋਂ ਘਰ 2 ਧੀਆਂ ਦੇ ਜਨਮ ਲਿਆ। ਧੀ ਤਨਵੀਰ ਕੌਰ ਅਤੇ ਦਿਲਵੀਰ ਕੌਰ ਦੇ ਨਾਲ ਬੂਟਾ ਅਤੇ ਜੈਨਬ ਖੁਸ਼ ਸਨ। ਪਰ ਇਸ ਖੁਸ਼ੀ ਨੂੰ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਇਸ ਸਮਝੌਤੇ ਨੇ ਨਜ਼ਰ ਲਾ ਦਿੱਤੀ।
6 ਦਸੰਬਰ 1947 ਨੂੰ ਭਾਰਤ ਅਤੇ ਪਾਕਿਸਤਾਨ ਨੇ ਇੰਟਰ ਡੋਮਿਨਿਯਮ ਟ੍ਰੀਟੀ ਸਾਈਨ ਕੀਤੀ। ਜਿਸ ਦੇ ਤਹਿਤ ਵੰਡ ਦੌਰਾਨ ਦੋਵਾਂ ਦੇਸ਼ਾਂ ਤੋਂ ਅਗਵਾ ਕੀਤੀ ਗਈਆਂ ਔਰਤਾਂ ਨੂੰ ਵਾਪਸ ਸੌਂਪਿਆ ਜਾਣਾ ਸੀ। ਇਹ ਫੈਸਲਾ ਹਜ਼ਾਰਾਂ ਉਨ੍ਹਾਂ ਪਰਿਵਾਰਾਂ ਲਈ ਲਈ ਮਰਹਮ ਸੀ ਜਿਨ੍ਹਾਂ ਦੀਆਂ ਧੀਆਂ ਵੰਡ ਦੇ ਸੰਤਾਪ ਦੌਰਾਨ ਵਿਛੜ ਗਈਆਂ ਸਨ, ਪਰ ਜੈਨਬ ਅਤੇ ਬੂਟਾ ਸਿੰਘ ਲਈ ਇਹ ਜੁਦਾਈ ਦਾ ਕਾਰਨ ਬਣੀ। ਸਮਮੌਤੇ ਦੇ ਤਹਿਤ ਜੇਕਰ ਕੋਈ ਔਰਤ 1 ਮਾਰਚ 1947 ਦੇ ਬਾਅਦ ਆਪਣੇ ਭਾਈਚਾਰੇ ਤੋਂ ਬਾਹਰ ਕਿਸੇ ਪੁਰਸ਼ ਨਾਲ ਸਬੰਧ ਬਣਾਉਂਦੀ ਹੈ ਤਾਂ ਉਸ ਨੂੰ ਅਗਵਾ ਮੰਨਿਆ ਜਾਵੇਗਾ। ਉਨ੍ਹਾਂ ਨੂੰ ਟ੍ਰੇਸ ਕਰਨ ਅਤੇ ਵਾਪਸੀ ਦੇ ਲਈ ਖੋਜੀ ਟੀਮਾਂ ਤਿਆਰ ਹੋਈਆਂ।
ਬੂਟਾ ਸਿੰਘ ਦਾ ਭਤੀਜੇ ਆਪਣੇ ਚਾਚੇ ਦੀ ਖੁਸ਼ੀਆਂ ’ਤੇ ਸਭ ਤੋਂ ਵੱਡੇ ਦੁਸ਼ਮਣ ਬਣੇ, ਉਨ੍ਹਾਂ ਦੀ ਮੁਖ਼ਬਰੀ ਦੀ ਵਜ੍ਹਾ ਕਰਕੇ ਖੋਜੀ ਟੀਮ ਜੈਨਬ ਨੂੰ ਨਾਲ ਲੈ ਗਈ, ਕਨੂੰਨ ਅਜਿਹਾ ਸੀ ਕਿ ਜੈਨਬ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਸੀ। ਉਸ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ। ਬੂਟਾ ਸਿੰਘ ਵੀ ਕੁਝ ਨਹੀਂ ਕਰ ਸਕਿਆ।
ਕੁਝ ਦਿਨ ਬਾਅਦ ਉਸ ਨੂੰ ਪਤਾ ਚੱਲਿਆ ਕਿ ਜੈਨਬ ਦੇ ਘਰ ਵਾਲੇ ਵਿਆਹ ਦਾ ਦਬਾਅ ਬਣਾ ਰਹੇ ਹਨ। ਬੂਟਾ ਸਿੰਘ ਆਪਣੀ ਸਾਰੀ ਜ਼ਮੀਨ ਵੇਚ ਕੇ ਜੈਨਬ ਨੂੰ ਮਿਲਣ ਪਾਕਿਸਤਾਨ ਜਾਣ ਲਈ ਪਹਿਲਾਂ ਦਿੱਲੀ ਪਹੁੰਚਿਆ। ਉਸ ਨੇ ਇਸਲਾਮ ਧਰਮ ਅਪਨਾ ਲਿਆ ਅਤੇ ਫਿਰ ਜਲੀਲ ਅਹਿਮਦ ਨਾਂ ਰੱਖ ਕੇ ਪਾਕਿਸਤਾਨ ਦਾ ਵੀਜ਼ਾ ਹਾਸਲ ਕਰਕੇ ਜੈਨਬ ਦੇ ਕੋਲ ਪਹੁੰਚ ਗਿਆ। ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ, ਜੈਨਬ ਦਾ ਵਿਆਹ ਚਾਚੇ ਦੇ ਮੁੰਡੇ ਦੇ ਨਾਲ ਹੋ ਚੁੱਕਾ ਸੀ। ਪਾਕਿਸਤਾਨ ਪੁਲਿਸ ਨੇ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਜੈਨਬ ਨੇ ਘਰ ਵਾਲਿਆਂ ਦੇ ਡਰ ਤੋਂ ਬਿਆਨ ਦਿੱਤਾ ਕਿ ਮੇਰਾ ਬੂਟਾ ਸਿੰਘ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਬੂਟਾ ਸਿੰਘ ਵੀ ਜਾਣਦਾ ਸੀ ਕਿ ਜੈਨਬ ਨੇ ਡਰ ਦੀ ਵਜ੍ਹਾ ਕਰਕੇ ਉਸ ਨੂੰ ਪਛਾਨਣ ਤੋਂ ਇਨਕਾਰ ਕੀਤਾ ਹੈ ਪਰ ਉਸ ਦਾ ਦਿਲ ਮੰਨਣ ਨੂੰ ਤਿਆਰ ਨਹੀਂ ਸੀ। ਜੇਲ੍ਹ ਵਿੱਚ ਬੰਦ ਬੂਟਾ ਸਿੰਘ ਦਿਨ ਰਾਤ ਜੈਨਬ ਨੂੰ ਯਾਦ ਕਰਦਾ ਸੀ ਅਤੇ ਬਾਹਰ ਨਿਕਲਣ ਦਾ ਰਸਤਾ ਲੱਭ ਰਿਹਾ ਸੀ। ਜਦੋਂ ਬੂਟਾ ਸਿੰਘ ਦੀ ਹਰ ਉਮੀਦ ਟੁੱਟ ਗਈ ਤਾਂ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਅਤੇ ਜਾਣ ਤੋਂ ਪਹਿਲਾਂ ਇਕ ਨੋਟ ਲਿਖਿਆ ਕਿ ਮੈਨੂੰ ਜੈਨਬ ਦੇ ਪਿੰਡ ਨੂਰਪੁਰ ਵਿੱਚ ਦਫ਼ਨ ਕੀਤਾ ਜਾਵੇ, ਇਹ ਹੀ ਮੇਰੀ ਅੰਤਿਮ ਇੱਛਾ ਹੈ। ਪਰ ਬੂਟਾ ਸਿੰਘ ਦੀ ਇਹ ਖੁਆਇਸ਼ ਪੂਰੀ ਨਹੀਂ ਹੋਈ ਉਸ ਨੂੰ ਲਾਹੌਰ ਵਿੱਚ ਦਫ਼ਨਾਇਆ ਗਿਆ।
ਵੰਡ ਦੀ ਲਕੀਰ ਹੇਠ ਹੈਵੀਅਤ ਦੀ ਗ਼ੈਰ ਮਨੁੱਖੀ ਦਾਸਤਾਨਾਂ ਦੇ ਵਿਚਾਲੇ ਬੂਟਾ ਸਿੰਘ ਅਤੇ ਜੈਨਬ ਦੀ ਕਹਾਣੀ ਕਿਧਰੇ ਨਾ ਕਿਧਰੇ ਇਨਸਾਨੀਅਤ ਦੇ ਜ਼ਿੰਦਾ ਹੋਣ ਦਾ ਪੈਗਾਮ ਜ਼ਰੂਰ ਦਿੰਦੀ ਹੈ। ਭਾਵੇਂ ਦੋਵਾਂ ਦੀ ਕਹਾਣੀ ਦਾ ਅੰਤ ਦੁਖ਼ਦ ਰਿਹਾ ਪਰ ਪ੍ਰੇਰਣਾ ਦੇਣ ਵਾਲਾ ਜ਼ਰੂਰ ਹੈ।
ਸਰਕਾਰੀ ਅੰਦਾਜ਼ੇ ਮਤਾਬਿਕ ਭਾਰਤ-ਪਾਕਿਸਤਾਨ ਵੰਡ ਦੇ ਦੌਰਾਨ ਭਾਰਤ ਵਿੱਚ 50 ਹਜ਼ਾਰ ਮੁਸਲਿਮ ਔਰਤਾਂ ਅਤੇ ਪਾਕਿਸਤਾਨ ਵਿੱਚ 33 ਹਜ਼ਾਰ ਗ਼ੈਰ-ਮੁਸਲਿਮ ਔਰਤਾਂ ਨੂੰ ਅਗਵਾ ਕੀਤਾ ਗਿਆ ਸੀ। ਭਾਰਤ-ਪਾਕਿਸਤਾਨ ਇੰਟਰ ਡੋਮਿਨੀਅਮ ਟ੍ਰੀਟੀ ਦੇ ਚੱਲ ਦੇ ਦਸੰਬਰ 1947 ਅਤੇ 1948 ਤੱਕ ਭਾਰਤ ਤੋਂ 9,362 ਅਤੇ ਪਾਕਿਸਤਾਨ ਤੋਂ 5,510 ਔਰਤਾਂ ਅਜ਼ਾਦ ਕਰਵਾਈਆਂ ਗਈਆਂ। ਜਾਣਕਾਰੀ ਦੇ ਮੁਤਾਬਕ 1952 ਤੱਕ ਘੱਟੋ-ਘੱਟ 25 ਹਜ਼ਾਰ ਔਰਤਾਂ ਨੂੰ ਅਜ਼ਾਦ ਕਰਵਾਇਆ ਗਿਆ। ਇਨ੍ਹਾਂ ਵਿੱਚ ਜ਼ਿਆਦਾਤਰ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਘਰ ਪਹੁੰਚਾਇਆ ਗਿਆ ਸੀ।