‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਹਵਾਈ ਜ਼ਹਾਜ ‘ਚ ਬੈਠੇ ਹੋਵੋ ਤਾਂ ਲੈਂਡ ਕਰਨ ਵੇਲੇ ਜੇ ਤੁਹਾਨੂੰ ਪਤਾ ਲੱਗੇ ਕਿ ਜ਼ਹਾਜ ਵਿੱਚ ਕੋਈ ਖਰਾਬੀ ਆ ਗਈ ਹੈ ਤੇ ਲੈਂਡ ਨਹੀਂ ਹੋ ਸਕਦਾ ਤਾਂ ਹਾਲਾਤ ਕਿਹੋ ਜਿਹੇ ਹੋਣਗੇ, ਤੁਸੀਂ ਮਹਿਸੂਸ ਕਰ ਸਕਦੇ ਹੋ। ਉਸ ਵੇਲੇ ਇੱਕੋ ਆਵਾਜ਼ ਹਰੇਕ ਦੇ ਮੂੰਹੋਂ ਆਉਂਦੀ ਹੈ ਕਿ ਬਚਾ ਲਈ ਰੱਬਾ।
ਕੁੱਝ ਇਹੋ ਜਿਹਾ ਹੋਇਆ ਗੁਜਰਾਤ ਦੇ ਅਹਿਮਦਾਬਾਦ ਤੋਂ ਉਡਾਨ ਭਰਕੇ ਰਾਜਸਥਾਨ ਦੇ ਜੈਸਲਮੇਰ ਉੱਤਰਨ ਵਾਲੇ ਸਪਾਈਸਜੈੱਟ ਦੇ ਜ਼ਹਾਜ ਨਾਲ। ਜੈਸਲਮੈਰ ਹਵਾਈ ਅੱਡੇ ‘ਤੇ ਉਤਰਨ ਤੋਂ ਪਹਿਲਾਂ ਹੀ ਇਸ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ। ਇਹ ਸੁਣ ਕੇ ਯਾਤਰੀਆਂ ਦੇ ਹੋਸ਼ ਉੱਡ ਗਏ। ਡਰੇ ਹੋਏ ਯਾਤਰੀ ਰੱਬ ਅੱਗੇ ਸੁਰੱਖਿਅਤ ਬਚਾਉਣ ਲਈ ਅਰਦਾਸਾਂ ਕਰ ਰਹੇ ਸਨ।
ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ ਲੋਕਾਂ ਨੂੰ ਬਚਾਉਣ ਲਈ ਜਹਾਜ਼ ਦੇ ਪਾਇਲਟ ਨੇ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਜਹਾਜ਼ ਲੈਂਡ ਨਹੀਂ ਕਰ ਸਕਿਆ। ਜਹਾਜ਼ ਕਰੀਬ 1 ਘੰਟਾ ਹਵਾ ‘ਚ ਘੁੰਮਦਾ ਰਿਹਾ। ਇਸ ਇੱਕ ਘੰਟੇ ਦੇ ਸਮੇਂ ਵਿੱਚ ਯਾਤਰੀਆਂ ਦੀ ਕੀ ਹਾਲਤ ਹੋਈ ਹੋਵੇਗੀ, ਇਹ ਸੋਚ ਕੇ ਹੀ ਦਿਲ ਘਬਰਾ ਜਾਂਦਾ ਹੈ।
ਜਾਣਕਾਰੀ ਅਨੁਸਾਰ ਪਾਇਸਟ ਨੇ ਆਪਣੀ ਸੂਝਬੂਝ ਨਾਲ ਇਸ ਜਹਾਜ਼ ‘ਚ ਆਈ ਖਰਾਬੀ ਨੂੰ ਕੋਈ ਹਾਦਸਾ ਵਾਪਰਨ ਤੋਂ ਪਹਿਲਾਂ ਠੀਕ ਕਰ ਲਿਆ ਤੇ ਪਾਇਲਟ ਮੁੜ ਤੋਂ ਜਹਾਜ਼ ਨੂੰ ਅਹਿਮਦਾਬਾਦ ਲੈ ਗਿਆ। ਕਰੀਬ ਦੋ ਘੰਟੇ ਬਾਅਦ ਜਹਾਜ਼ ਨੇ ਫਿਰ ਜੈਸਲਮੇਰ ਲਈ ਉਡਾਨ ਭਰੀ ਤੇ ਯਾਤਰੀਆਂ ਨੂੰ ਸੁਰੱਖਿਤ ਪਹੁੰਚਾਇਆ ਗਿਆ। ਜਹਾਜ਼ ਤੋਂ ਉਤਰਨ ਮਗਰੋਂ ਯਾਤਰੀਆਂ ਨੇ ਰੱਬ ਦਾ ਸ਼ੁਕਰਾਨਾ ਕੀਤਾ।