India

ਸਪਾਈਸ ਜੈੱਟ ਦੇ ਉੱਡਦੇ ਜਹਾਜ਼ ਨਾਲ ਟਕਰਾਇਆ ਪੰਛੀ, ਦਿੱਲੀ ਵਾਪਸ ਮੋੜੀ ਉਡਾਣ

ਅੱਜ ਸਵੇਰੇ ਸਪਾਈਸ ਜੈੱਟ ਦੇ ਇੱਕ ਉੱਡਦੇ ਜਹਾਜ਼ ਨਾਲ ਪੰਛੀ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਉਡਾਣ ਨੂੰ ਵਾਪਸ ਦਿੱਲੀ ਮੋੜਨਾ ਪਿਆ। ਇਹ ਉਡਾਣ ਦਿੱਲੀ ਤੋਂ ਲੇਹ ਜਾ ਰਹੀ ਸੀ। ਇਹ ਜਾਣਕਾਰੀ ਏਅਰਲਾਈਨ ਵੱਲੋਂ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਬਾਹਰ ਆ ਗਏ।

ਜਹਾਜ਼ ਨੇ ਸਵੇਰੇ 10.30 ਵਜੇ ਉਡਾਣ ਭਰੀ ਜਿਸ ਤੋਂ ਬਾਅਦ ਸਵੇਰੇ 11 ਵਜੇ ਇੰਜਣ ’ਚ ਕੰਪਨ ਹੋਣ ਕਾਰਨ ਜਹਾਜ਼ ਵਾਪਸ ਦਿੱਲੀ ਪਰਤ ਆਇਆ। ਜਾਣਕਾਰੀ ਮੁਤਾਬਕ ਪੰਛੀ ਨਾਲ ਟਕਰਾਉਣ ਬਾਅਦ ਕਰੀਬ 135 ਯਾਤਰੀਆਂ ਨੂੰ ਲੈ ਕੇ ਲੇਹ ਜਾ ਰਹੇ ਬੋਇੰਗ 737 ਜਹਾਜ਼ ਦੀ ਦਿੱਲੀ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

ਏਅਰਲਾਈਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਨਹੀਂ ਕੀਤੀ ਬਲਕਿ ਲੈਂਡਿੰਗ ਆਮ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਦਾ ਐਲਾਨ ਕੀਤਾ ਗਿਆ ਹੈ।