The Khalas Tv Blog Punjab ਵਿਧਾਨ ਸਭਾ ‘ਚ ਸੁਣੋ ਰਾਜਪਾਲ ਦਾ ਭਾਸ਼ਣ
Punjab

ਵਿਧਾਨ ਸਭਾ ‘ਚ ਸੁਣੋ ਰਾਜਪਾਲ ਦਾ ਭਾਸ਼ਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਨਵੀਂ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੰਬੋਧਿਤ ਕੀਤਾ। ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ’ਤੇ ਵੱਡਾ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰੇਗੀ। ਸੂਬੇ ਦੇ ਹਰ ਵਰਗ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ ਅਤੇ ਹਰ ਵਾਅਦਾ ਨਿਭਾਇਆ ਜਾਵੇਗਾ। ਇਸਦੇ ਨਾਲ ਹੀ ਰਾਜਪਾਲ ਦੇ ਸੰਬੋਧਨ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਕਈ ਵੱਡੇ ਐਲਾਨ ਵੀ ਕੀਤੇ ਗਏ ਹਨ।

ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਨੂੰ ਇਤਿਹਾਸਕ ਬਹੁਮੱਤ ਦਿੱਤਾ ਗਿਆ ਹੈ। ਭ੍ਰਿਸ਼ਟਾਚਾਰ ਖਿਲਾਫ਼ ਲੋਕ ਅੰਦੋਲਨ ਦੀ ਲੋੜ ਹੈ। ਭ੍ਰਿਸ਼ਟਾਚਾਰ ਉੱਤੇ ਜ਼ੀਰੋ ਟੋਲਰੈਂਸ ਨੀਤੀ ਰਹੇਗੀ। ਸਰਕਾਰ ਹਰ ਤਰ੍ਹਾਂ ਦੇ ਮਾਫੀਏ ਦੇ ਖਿਲਾਫ਼ ਹੈ। ਸਿੱਖਿਆ ਸਿਸਟਮ ਨੂੰ ਪੂਰੀ ਤਰ੍ਹਾਂ ਤਬਦੀਲ ਕਰਾਂਗੇ। ਸਿੱਖਿਆ ਮਹਿਕਮੇ ਵਿੱਚ ਅਸਾਮੀਆਂ ਭਰਾਂਗੇ। ਖੇਤੀ ਨੂੰ ਫਾਇਦੇ ਦਾ ਸੌਦਾ ਬਣਾਵਾਂਗੇ। ਹਰ ਕਿਸਾਨ ਨੂੰ ਸੋਇਲ ਹੈਲਥ ਕਾਰਡ ਦਿੱਤਾ ਜਾਵੇਗਾ। ਫਸਲੀ ਵਿਭਿੰਨਤਾ ਉੱਤੇ ਜ਼ੋਰ ਦਿੱਤਾ ਜਾਵੇਗਾ। 24 ਘੰਟੇ ਬਿਜਲੀ ਸਪਲਾਈ ਲਈ ਦੋ ਤਿੰਨ ਸਾਲ ਲੱਗਣਗੇ। ਖੇਤੀ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ। ਉਦਯੋਗਾਂ ਲਈ ਸਾਰੇ ਬਿਜਲੀ ਲਾਭ ਜਾਰੀ ਰਹਿਣਗੇ। 300 ਯੂਨਿਟ ਮੁਫ਼ਤ ਬਿਜਲੀ ਲਈ ਅਸੀਂ ਵਚਨਬੱਧ ਹਾਂ। ਮੇਰੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੇਵੇਗੀ। ਜਲੰਧਰ ਵਿੱਚ ਸਭ ਤੋਂ ਵੱਡੀ ਸਪੋਰਟਜ਼ ਯੂਨੀਵਰਸਿਟੀ ਬਣਾਈ ਜਾਵੇਗੀ। ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਨਵਾਂ ਕਮਿਸ਼ਨ ਬਣਾਵਾਂਗੇ। ਸਿਰਫ਼ ਵਪਾਰੀ ਅਤੇ ਕਾਰੋਬਾਰੀ ਹੀ ਮੈਂਬਰ ਲਏ ਜਾਣਗੇ। ਉਹੀ ਫੈਸਲਾ ਲੈਣਗੇ ਅਤੇ ਨੀਤੀ ਤਿਆਰ ਕਰਨਗੇ। ਕਾਰੋਬਾਰੀਆਂ ਤੋਂ ਹਿੱਸਾ ਮੰਗਣ ਵਾਲਿਆਂ ਉੱਤੇ ਕਾਰਵਾਈ ਹੋਵੇਗੀ। ਬੇਅਦਬੀ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਸਾਰੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਰਹੱਦਾਂ ਦੀ ਸਾਵਧਾਨੀ ਲਈ ਰਾਖੀ ਕੀਤੀ ਜਾਵੇਗੀ। ਪੂਰੇ ਸੂਬੇ ਨੂੰ ਸੀਸੀਟੀਵੀ ਨੈੱਟਵਰਕ ਨਾਲ ਕਵਰ ਕੀਤਾ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਵਚਨਬੱਧ ਹਾਂ। ਟ੍ਰਾਂਸਪੋਰਟਰਾਂ ਲਈ ਕਮਿਸ਼ਨ ਬਣਾਇਆ ਜਾਵੇਗਾ। ਬੇਰੁਜ਼ਗਾਰੀ ਦੀ ਗੰਭੀਰਤਾ ਦੇ ਅਨੁਪਾਤ ਤੱਕ ਪਹੁੰਚ ਗਈ ਹੈ। ਆਰਥਿਕ ਸੰਕਟ ਵਿਚਾਲੇ ਮੇਰੀ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਹੈ। ਸਰਕਾਰਾਂ ਖੁਦ ਨੂੰ ਮਾਲਕ ਸਮਝਣ ਲੱਗ ਪਈਆਂ ਸਨ। ਇਹ ਲੋਕਤੰਤਰ ਦੀ ਮੂਲ ਧਾਰਨਾ ਦੇ ਖਿਲਾਫ਼ ਸੀ। ਮੇਰੀ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ।

ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਭਗਵੰਤ ਸਰਕਾਰ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚੋਂ ਟਰਾਂਸਪੋਰਟ, ਸ਼ਰਾਬ, ਰੇਤ ਮਾਫੀਆ ਆਦਿ ਖਤਮ ਕੀਤੇ ਜਾਣਗੇ। ਵਿਸ਼ਵ ਪੱਧਰੀ ਕਫਾਇਤੀ ਸਿਹਤ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਹਰੇਕ ਨਾਗਰਿਕ ਦਾ ਇਲਾਜ ਮੁਫਤ ਹੋਵੇਗਾ। ਸੂਬੇ ਦੇ ਹਰੇਕ ਨਾਗਰਿਕ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ । ਇਸੇ ਦੇ ਤਹਿਤ ਸੂਬੇ ਦੇ 16000 ਪਿੰਡਾਂ ਵਿੱਚ ਵਾਰਡ ਕਲੀਨਿਕ ਸਥਾਪਿਤ ਕੀਤੇ ਜਾਣਗੇ।

ਸਿੱਖਿਆ ਦੇ ਖੇਤਰ ਵਿੱਚ ਮਾਨ ਸਰਕਾਰ ਨੇ ਐਲਾਨ ਕਰਦਿਆਂ ਕਿਹਾ ਕਿ ਆਊਟਸੋਰਸ ਅਤੇ ਠੇਕਾ ਅਧਿਆਪਕ ਰੈਗੂਲਰ ਕੀਤੇ ਜਾਣਗੇ । ਅਧਿਆਪਕਾਂ ਦੀਆਂ ਖਾਲ੍ਹੀ ਅਸਾਮੀਆਂ ਰੈਗੂਲਰ ਅਧਾਰ ‘ਤੇ ਭਰੀਆਂ ਜਾਣਗੀਆਂ । ਅਧਿਆਪਕਾਂ ਕੋਲੋਂ ਗੈਰ-ਅਧਿਆਪਕੀ ਕੰਮ ਨਹੀਂ ਲਿਆ ਜਾਵੇਗਾ । ਅਧਿਆਪਕਾਂ ਦੀ ਪਾਰਦਰਸ਼ੀ ਬਦਲੀ ਨੀਤੀ ਬਣੇਗੀ। ਅਧਿਆਪਕਾਂ ਲ਼ਈ ਕੈਸ਼ਲੈਸ ਮੈਡੀਕਲ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ । ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਹੈ । ਘਰੇਲੂ ਬਿਜਲੀ ਕੁਨੈਕਸ਼ਨਾਂ ਦੇ ਬਕਾਏ ਮੁਆਫ ਕਰਕੇ ਕੱਟੇ ਕੁਨੈਕਸ਼ਨ ਬਹਾਲ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ । ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ। ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ ਰੁਜ਼ਗਾਰ ਅਤੇ ਕਾਰੋਬਾਰ ਦੇ ਵਿਸ਼ਾਲ ਮੌਕੇ ਪੈਦਾ ਕਰਨ ਦਾ ਵੀ ਐਲਾਨ ਕੀਤਾ ਗਿਆ । ਉਤਯੋਗਪਤੀਆਂ ਦੀ ਭਲਾਈ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਜਾਵੇਗਾ । ਇੰਸਪੈਕਟਰੀ ਰਾਜ ਖਤਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ । ਜਲੰਧਰ ਵਿਖੇ ਕੌਮਾਂਤਰੀ ਹਵਾਈ ਅੱਡਾ ਬਣਾਉਣ ਦਾ ਐਲਾਨ ਦੇ ਨਾਲ-ਨਾਲ ਮਹਿਲਾਵਾਂ ਨੂੰ ਹਰੇਕ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ । ਟਰਾਂਸਪੋਰਟ ਸੈਕਟਰ ਲਈ ਵੀ ਇੱਕ ਕਮਿਸ਼ਨ ਬਣਾਇਆ ਜਾਵੇਗਾ ਅਤੇ ਪੰਜਾਬ ਵਿੱਚੋਂ ਨਸ਼ੇ ਦਾ ਖ਼ਾਤਮਾ ਕੀਤਾ ਜਾਵੇਗਾ।

Exit mobile version