Punjab

ਨਿਯਮਾਂ ਦੀ ਅਣਦੇਖੀ ਕਰਕੇ ਭਰਤੀ ਕੀਤੇ ਮੁਲਾਜ਼ਮ ਜਾਣਗੇ ਘਰੀਂ

ਕਮਲਜੀਤ ਸਿੰਘ ਬਨਵੈਤ

ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ਨਿਯਮ ਤੋੜ ਕੇ ਵਿਧਾਨ ਸਭਾ ਵਿੱਚ ਭਰਤੀ ਕੀਤੇ ਮੁਲਾਜ਼ਮਾਂ ਦੀ ਧੌਣ ਉੱਤੇ ਛਾਂਟੀ ਦੀ ਤਲਵਾਰ ਲਟਕਣ ਲੱਗੀ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿਆਸੀ ਲੀਡਰਾਂ ਅਤੇ ਉੱਚ ਅਫ਼ਸਰਾਂ ਦੇ ਚਹੇਤਿਆਂ ਨੂੰ ਘਰੀ ਤੋਰਨ ਦਾ ਫੈਸਲਾ ਲੈ ਲਿਆ ਹੈ। ‘ਦ ਖ਼ਾਲਸ ਟੀਵੀ ਨੇ ਵਿਧਾਨ ਸਭਾ ਭਰਤੀ ਸਕੈਮ ਤੋਂ ਕਈ ਚਿਰ ਪਹਿਲਾਂ ਪਰਦਾ ਚੁੱਕ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਨੇ ਕਾਰਵਾਈ ਕਰਨ ਦਾ ਫੈਸਲਾ ਹੁਣ ਆ ਕੇ ਲਿਆ ਹੈ।

ਪੰਜਾਬ ਦੇ ਜੇਲ੍ਹ ਅਤੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਕਿ ਆਪ ਦੇ ਸੀਨੀਅਰ ਨੇਤਾ ਅਤੇ ਆਰਟੀਆਈ ਕਾਰਕੁੰਨ ਰਹੇ ਹਨ, ਨੇ ਭਰਤੀ ਵਿੱਚ ਹੋਈਆਂ ਬੇਨਿਯਮੀਆਂ ਨੂੰ ਪ੍ਰਕਾਸ਼ ਵਿੱਚ ਲਿਆਉਣ ਲਈ ਸੂਚਨਾ ਦੇ ਅਧਿਕਾਰ ਤਹਿਤ ਵਿਧਾਨ ਸਭਾ ਤੋਂ ਜਾਣਕਾਰੀ ਹਾਸਿਲ ਕੀਤੀ ਸੀ। ਉਨ੍ਹਾਂ ਨੇ ਨਿਯਮ ਅੱਖੋਂ ਪਰੋਖੇ ਕਰਕੇ ਭਰਤੀ ਕੀਤੇ ਮੁਲਾਜ਼ਮਾਂ ਦੀ ਉਸ ਵੇਲੇ ਦੀ ਸਰਕਾਰ ਨਾਲ ਰਿਸ਼ਤੇਦਾਰੀਆਂ ਦੀ ਪੁਸ਼ਟੀ ਕਰਨ ਲਈ ਪਿੰਡ ਪਿੰਡ ਗੇੜਾ ਲਾਇਆ। ਜੇ ਲ੍ਹ ਮੰਤਰੀ ਜਿਹੜੇ ਕਿੱਤੇ ਵਜੋਂ ਵਕੀਲ ਹਨ, ਨੇ ਖ਼ਾਲਸ ਟੀਵੀ ਨਾਲ ਸਰਕਾਰੀ ਫਾਈਲਾਂ ਦਾ ਸੱਚ ਸਾਂਝਾ ਵੀ ਕੀਤਾ। ਇਸੇ ਦੌਰਾਨ ਜੇਲ੍ਹ ਮੰਤਰੀ ਬੈਂਸ ਵੱਲੋਂ 27 ਅਪ੍ਰੈਲ ਨੂੰ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਲਿਖੀ ਇੱਕ ਚਿੱਠੀ ਡੀਓ ਨੰਬਰ ਪੀਐੱਸਐੱਮ ਐਂਡ ਜੇ / 160 ਵੀ ਸਾਡੇ ਹੱਥ ਲੱਗੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਇਸੇ ਸਾਲ ਜਨਵਰੀ ਮਹੀਨੇ ਵਿੱਚ ਆਪਣੇ ਪੱਧਰ ਉੱਤੇ ਭਰਤੀ ਘੁਟਾਲੇ ਦੀ ਪੜਚੋਲ ਕੀਤੀ ਸੀ ਜਿਸ ਵਿੱਚ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਸਨ।

ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਤਕਰੀਬਨ 170 ਦੇ ਆਸ ਪਾਸ ਭਰਤੀਆਂ ਕੀਤੀਆਂ ਗਈਆਂ। ਇਨ੍ਹਾਂ ਭਰਤੀਆਂ ਵਿੱਚ ਭਾਈ-ਭਤੀਜਾਵਾਦ ਖੂਬ ਚੱਲਿਆ ਅਤੇ ਰਾਣਾ ਕੇਪੀ ਸਿੰਘ, ਉਸ ਵੇਲੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਆਪਣੇ ਚਹੇਤਿਆਂ ਨੂੰ ਭਰਤੀ ਕਰਵਾ  ਲਿਆ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਭਾਈ ਭਤੀਜਾਵਾਦ ਕਾਰਨ ਪੰਜਾਬ ਦੇ ਹੋਣਹਾਰ ਅਤੇ ਕਾਬਲ ਨੌਜਵਾਨਾਂ ਦੇ ਹੱਥੋਂ ਨੌਕਰੀ ਦਾ ਮੌਕਾ ਖੁੰਝ ਗਿਆ।

ਉਨ੍ਹਾਂ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਇਸ ਭਰਤੀ ਘੁਟਾਲੇ ਵਿੱਚ ਕੋਈ ਵੀ ਰਾਖਵਾਂਕਰਨ ਨਹੀਂ ਕੀਤਾ ਗਿਆ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਭਰਤੀ ਕਰ ਲਿਆ ਗਿਆ। ਉਂਝ, ਸਾਬਕਾ ਸਪੀਕਰ ਰਾਣਾ ਕੇਪੀਐੱਸ ਨੇ ਬੜੀ ਚਲਾਕੀ ਨਾਲ ਭਰਤੀਆਂ ਇੱਕ ਦੋ ਮੈਂਬਰੀ ਟੀਮ ਰਾਹੀਂ ਕੀਤੀਆਂ ਗਈਆਂ। ਸਿਤਮ ਦੀ ਗੱਲ ਇਹ ਕਿ ਟੀਮ ਦੇ ਮੈਂਬਰ ਵੀ ਵਹਿੰਦੀ ਗੰਗਾ ਵਿੱਚ ਹੱਥ ਧੋ ਗਏ। ਮੰਤਰੀ ਬੈਂਸ ਮੁਤਾਬਕ ਇਹ ਇੱਕ ਵੱਡਾ ਘਪਲਾ ਹੈ। ਇਸ ਕਰਕੇ ਇਨਸਾਫ਼ ਪਸੰਦ ਸਪੀਕਰ ਦੀ ਹੈਸੀਅਤ ਵਿੱਚ ਉਨ੍ਹਾਂ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਦੋ ਸ਼ੀਆਂ ਖਿ ਲਾਫ਼ ਕਾਰਵਾਈ ਕਰਨ ਦੀ ਉਮੀਦ ਕਰਨੀ ਬਣਦੀ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਹੈ ਕਿ ਉਹ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਇਨਸਾਫ਼ ਦੇਣ ਦੀ ਉਮੀਦ ਰੱਖੀ ਬੈਠੇ ਹਨ।

‘ਦ ਖ਼ਾਲਸ ਟੀਵੀ ਵੱਲੋਂ ਬ੍ਰੇਕ ਕੀਤੀਆਂ ਜਾਂਦੀਆਂ ਖ਼ਬਰਾਂ ਦਾ ਸਰਕਾਰੇ ਦਰਬਾਰੇ ਗੰ ਭੀਰ ਨੋਟਿਸ ਹੀ ਨਹੀਂ ਲਿਆ ਜਾਂਦਾ ਸਗੋਂ ਕਈ ਸਾਰੀਆਂ ਵਿਸ਼ੇਸ਼ ਖਬਰਾਂ ਉੱਤੇ ਕਾਰਵਾਈ ਵੀ ਹੋਈ ਹੈ। ਦਿਲਚਸਪ ਗੱਲ ਇਹ ਕਿ ਭਰਤੀ ਵੇਲੇ ਉਸ ਸਮੇਂ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ਾਂ ਤਹਿਤ ਕਟਹਿਰੇ ਵਿੱਚ ਆ ਖੜੇ ਹਨ ਜਦਕਿ ਮੌਜੂਦਾ ਸਪੀਕਰ ਸੰਧਵਾਂ ਕਾਇਦੇ ਕਾਨੂੰਨ ਉੱਤੇ ਪਹਿਰਾ ਦੇਣ ਲਈ ਡਟ ਗਏ ਹਨ। ਸਪੀਕਰ ਸੰਧਵਾਂ ਨੇ ਭਰਤੀ ਬੇਨਿਯਮੀਆਂ ਦਾ ਪਟਾਰਾ ਖੋਲ੍ਹਣ ਦੀ ਪੁਸ਼ਟੀ ਕਰਦਿਆਂ ਨਾਲ ਹੀ ਸ਼ਰਤਾਂ ਪੂਰੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਫਿਕਰ ਨਾ ਕਰਨ ਦਾ ਭਰੋਸਾ ਦਿੱਤਾ ਹੈ।

 ਸੰਪਰਕ 98147-34035