‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 184 ਸਿਆਸੀ ਅਤੇ ਧਾਰਮਿਕ ਹਸਤੀਆਂ ਸਮੇਤ ਕਾਕਿਆਂ ਤੋਂ 236 ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਹਨ। ਇਹ ਦੂਜੀ ਵਾਰ ਹੈ ਜਦੋਂ ਮੁੱਖ ਮੰਤਰੀ ਨੇ ਸਿਆਸੀ ਕਾਕਿਆਂ ਦੇ ਟੋਹਰ ਟੱਪੇ ਤੋਂ ਮਿੱਟੀ ਝਾੜੀ ਹੈ। ਦੂਜੇ ਗੇੜ ਦੇ ਫੈਸਲੇ ਵਿੱਚ 53 ਸਾਬਕਾ ਵਿਧਾਇਕਾਂ ਤੋਂ ਸਕਿਉਰਟੀ ਵਾਪਸ ਲੈ ਲਈ ਗਈ ਹੈ। ਪਹਿਲੇ ਪੜਾਅ ਵਿੱਚ 122 ਤੋਂ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਵੀ ਸੁਰੱਖਿਆ ਮੁਲਾਜ਼ਮ ਹਟਾ ਲਏ ਗਏ ਹਨ। ਜਿਨ੍ਹਾਂ ਸਾਬਕਾ ਵਜ਼ੀਰਾਂ ਦੀ ਸੁਰੱਖਿਆ ਸ਼ਾਂਗੀ ਗਈ ਹੈ ਉਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ , ਗੁਲਜਾਰ ਸਿੰਘ ਰਾਣੀਕੇ , ਸੋਹਣ ਸਿੰਘ ਠੱਢਲ ਅਤੇ ਮਦਨ ਮੋਹਣ ਮਿੱਤਲ ਦੇ ਨਾਂ ਦੱਸੇ ਗਏ ਹਨ। ਸਾਬਕਾ ਮੁੱਖ ਮੰਤਰੀ ਚੰਨੀ ਦੇ ਪਰਿਵਾਰ ਅਤੇ ਇੱਕ ਹੋਰ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰਾਂ ਨਾਲੋਂ ਗੰਨਮੈਨ ਹਟਾ ਲਏ ਗਏ ਹਨ। ਬੈਸੇ ਤਾਂ ਗਾਇਕ ਅਤੇ ਫਿਲਮ ਕਲਾਕਾਰ ਆਪਣੇ ਆਲੇ ਦੁਆਰੇ ਨਿੱਜੀ ਸੁਰੱਖਿਆ ਦਾ ਸੰਗਲ ਤਾਣੀ ਰੱਖਦੇ ਹਨ ਪਰ ਭਾਜਪਾ ਵਿੱਚ ਸ਼ਾਮਲ ਹੋਈ ਮਾਹੀ ਗਿੱਲ , ਸਤਿੰਦਰ ਕੌਰ ਸੱਤੀ ਅਤੇ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਵੀਆਈਪੀ ਕਲਚਰ ਖਤਮ ਕਰਨ ਦਾ ਹੈ । ਜਦ ਕਿ ਭਗਵੰਤ ਸਿੰਘ ਮਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਜਿੰਮੇਵਾਰੀ 3 ਕਰੋੜ ਲੋਕਾਂ ਦੀ ਹੈ। ਭਗਵੰਤ ਸਿੰਘ ਮਾਨ ਦੇ ਸ਼ੁਰੂ ਸ਼ੁਰੂ ਦੇ ਸਿਆਸੀ ਗੁਰੂ ਮਨਪ੍ਰੀਤ ਬਾਦਲ ਨਾਲੋਂ ਕਈ ਗੰਨਮੈਨ ਹਟਾ ਲਏ ਗਏ ਹਨ। ਹਾਲਾਂਕਿ ਵਾਅਦਾ ਉਹ ਬਿਨ੍ਹਾਂ ਸੁਰੱਖਿਆ ਤੋਂ ਵਿਚਰਨ ਦਾ ਕਰਦੇ ਰਹੇ ਹਨ। ਉਨ੍ਹਾਂ ਦੇ ਪੁਤਰ ਅਰਜਨ ਬਾਵੇ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਕੇ ਉਦੇਬੀਰ ਤੋਂ ਅੱਧੀ ਦਰਜਨ ਮੁਲਾਜ਼ਮ ਅਤੇ ਗੱਡੀ ਵਾਪਸ ਲੈ ਲਈ ਗਈ ਹੈ। ਪੰਜਾਬ ਯੂਖ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲ਼ੋ ਦੀ ਸੁਰੱਖਿਆ ਛੱਤਰੀ ਤੋਂ ਪੰਜ ਗੰਨਮੈਨ ਵਾਪਸ ਲੈ ਲਏ ਗਏ ਹਨ।
ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਸੂਚੀ ਵਿੱਚ ਸ਼ਾਮਲ ਨੇਤਾਵਾਂ ਦੀ ਪੂਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਾਂ ਘਟ ਕੀਤੀ ਗਈ ਹੈ। ਸਰਕਾਰ ਤੋਂ ਪੁਲਿਸ ਸੁਰੱਖਿਆ ਹਾਸਲ ਕਰਨ ਵਾਲੇ ਨੇਤਾਵਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸੁਰੱਖਿਆ ਸ਼ਾਂਗੀ ਗਈ ਹੈ। ਜਾਰੀ ਹੁਕਮਾ ਤੋਂ ਇੰਝ ਲੱਗਦਾ ਹੈ ਕਿ ਸਿਰਫ ਚੋਣਵੇਂ ਅਤੇ ਗਿਣਤੀ ਦੇ ਨੇਤਾਵਾਂ ਨੂੰ ਅੜਿਕੇ ਲਿਆ ਗਿਆ ਹੈ। ਲੋੜ ਸੁਰੱਖਿਆ ਪ੍ਰਾਪਤ ਨੇਤਾਵਾਂ ਅਤੇ ਅਫ਼ਸਰਾਂ ਦੀ ਗਿਣਤੀ ਜਨਤਕ ਕਰਨ ਦੀ ਹੈ। ਲੋੜ ਤਾਂ ਸਰਕਾਰ ਨੂੰ ਇੱਕਸਾਰ ਨੀਤੀ ਤਿਆਰ ਕਰਨ ਦੀ ਵੀ ਹੈ। ਕਿਉਂਕਿ ਜਿਹੜੇ ਨਾ ਸੂਚੀ ਵਿੱਚ ਬੋਲਦੇ ਹਨ ਉਨ੍ਹਾਂ ਵਿੱਚ ਸਾਰੇ ਦੇ ਸਾਰੇ ਨਾਂ ਵਿਰੋਧੀ ਧਿਰ ਦੇ ਹਨ।
ਭਗਵੰਤ ਸਿੰਘ ਮਾਨ ਦੇ ਫੈਸਲੇ ਨਾਲ ਲੋਕਾਂ ਨੂੰ ਰਾਹਤ ਤਾਂ ਉਦੋਂ ਮਿਲੂ ਪਰ ਪੁਲਿਸ ਮੁਲਾਜ਼ਮੇ ਨੇ ਸੁੱਖ ਦਾ ਸਾਹ ਲਿਆ ਇਹ ਉਹੀ ਜਾਣਦੇ ਹਨ। ਸਿਆਸੀ ਲੀਡਰਾਂ , ਉੱਚ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾ ਨਾਲ ਤਾਇਨਾਤ ਸੁਰੱਖਿਆ ਅਮਲੇ ਤੋਂ ਜਿਹੜਾ ਕੰਮ ਲਿਆ ਜਾਂਦਾ ਹੈ ਉਹ ਦਾ ਦਰਦ ਆਪਣਾ ਹੈ। ਇਹ ਸਾਹਿਬ ਦੀ ਰਸੋਈ ਵਿੱਚ ਸਬਜ਼ੀ ਨੂੰ ਤੜਕਾ ਲਾਉਣ ਅਤੇ ਫੁਲਕੇ ਲਾਹੁਣ ਤੋਂ ਬਿਨ੍ਹਾਂ ਬੱਚਿਆ ਨੂੰ ਸਕੂਲ ਛੱਡਣ ‘ਤੇ ਵੀ ਲਾ ਰੱਖੇ ਹਨ। ਮੇਮ ਸਾਹਿਬ ਦੇ ਧੋਬੀ ਤੋਂ ਕੱਪੜੇ ਪ੍ਰੈਸ ਕਰਾਉਣ ਅਤੇ ਡੌਗੀ ਨੂੰ ਘਮਾਉਣ ਲਈ ਸੜਕਾਂ ‘ਤੇ ਤੁਰੇ ਫਿਰਦਿਆਂ ਆਮ ਦੇਖਿਆ ਜਾਂਦਾ ਹੈ। ਕਈਆਂ ਦੀ ਡਿਊਟੀ ਤਾਂ ਕਾਰਾਂ ਧੋਣ ‘ਤੇ ਵੀ ਲਾਈ ਜਾਂਦੀ ਹੈ।
ਐਨਆਰਆਈ ਨੂੰ ਵੀ ਦਿੱਲੀ ਏਅਰਪੋਰਟ ‘ਤੇ ਪੈਰ ਧਰਨ ਤੋਂ ਬਾਅਦ ਆਪਣੇ ਆਲੇ ਦੁਆਲੇ ਖਾਕੀ ਵਰਦੀ ਵਾਲੇ ਘੁੰਮਦੇ ਚੰਗੇ ਲੱਗਦੇ ਹਨ। ਇਹ ਦੇ ਬਦਲੇ ਜਦੋਂ ਸਿਆਸੀ ਲੀਡਰ ਜਾਂ ਉੱਚ ਅਫ਼ਸਰ ਵਿਦੇਸ਼ ਦਾ ਗੇੜਾ ਲਾਉਦੇ ਹਨ ਤਾਂ ਇਹ ਐਨਆਰਆਈਜ਼ ਉਨ੍ਹਾਂਏਅ ਦੇ ਪੈਰ ਥੱਲੇ ਹੱਥ ਧਰਦੇ ਫਿਰਦੇ ਹਨ। ਅਮਰੀਕਾ ਤੋਂ ਇੱਕ ਸੰਤ ਬਾਬਾ ਜਦੋਂ ਦਿੱਲੀ ਹਵਾਈ ਅੱਡੇ ‘ਤੇ ਪੈਰ ਧਰਦਾ ਹੈ ਤਾਂ ਗੇਟ ਨੰਬਰ ਤਿੰਨ ‘ਤੇ ਲਾਲ ਬੱਤੀ ਵਾਲੀ ਮਰਸੇਡਜ਼ ਅਤੇ ਲਾਲ ਬੱਤੀ ਵਾਲੀ ਜਿਪਸੀ ਤਿਆਰ ਖੜੀ ਹੁੰਦੀ ਹੈ। ਇਹ ਦੇ ਬਦਲੇ ਬਾਬਾ ਇਨ੍ਹਾਂ ਦੇ ਅਮਰੀਕਾ ਆਉਣ ਲਈ ਟਿਕਟ ਦਾ ਖਰਚ ਵੀ ਚੁਕਦਾ ਹੈ ਅਤੇ ਹੋਰ ਖਰਚਿਆਂ ਦਾ ਬੰਦੋਬਸਤ ਵੀ ਕਰਦਾ ਹੈ। ਮੁੱਖ ਮੰਤਰੀ ਨੇ ਹਾਲੇ ਤੱਕ ਸਿਰਫ ਉਸੇ ਸੂਚੀ ‘ਤੇ ਨਜ਼ਰ ਮਾਰੀ ਹੈ ਜਿਹੜੇ ਚੰਡੀਗੜ੍ਹ ਦੇ ਮੁੱਖ ਪੁਲਿਸ ਦਫ਼ਤਰ ਤੋਂ ਜਾਰੀ ਹੋਈ ਹੈ। ਜਿਲ੍ਹਿਆਂ ਦਾ ਐਸਐਸਪੀਜ਼ , ਐਸਪੀਜ਼ , ਡੀਐਸਪੀਜ਼ ਅਤੇ ਐਸਐਚਉਜ਼ ਵੱਲੋਂ ਆਪਣੇ ਪੱਧਰ ‘ਤੇ ਲਗਾਏ ਸੈਂਕੜੇ ਗੰਨਮੈਨ ਹਾਲੇ ਕਾਕਿਆਂ ਦਾ ਪਾਣੀ ਭਰਦੇ ਫਿਰਦੇ ਹਨ। ਆਪਣੇ ਆਪ ਨੂੰ ਅੱਤਵਾਦੀਆਂ ਅਤੇ ਪਾਕਿਸਤਾਨ ਤੋਂ ਧਮਕੀਆਂ ਦੇ ਜਾਅਲੀ ਫੋਨ ਅਤੇ ਪੱਤਰ ਪੁਆ ਕੇ ਸਿਆਸੀ ਛੱਤਰੀ ਲੈਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਪੰਜਾਬ ਵਿੱਚ ਇਸ ਸਮੇਂ ਅਮਨ ਕਾਨੂੰਨ ਦੇ ਹਾਲਾਤ ਪੂਰੀ ਤਰ੍ਹਾਂ ਠੀਕ ਨਹੀਂ ਹਨ। ਸਰਕਾਰ ਵੱਲੋਂ ਬਿਨ੍ਹਾਂ ਅਧਿਐਨ ਕੀਤਿਆਂ ਅਜਿਹੇ ਆਰਡਰ ਮਹਿੰਗੇ ਪੈ ਸਕਦੇ ਹਨ ਅਤੇ ਕਿਸੇ ਦੀ ਜਾਨ ਲਈ ਖਤਰਾ ਵੀ ਬਣ ਸਕਦੇ ਹਨ। ਉਂਝ ਹਜ਼ਾਰਾਂ ਦੀ ਗਿਣਤੀ ਵਿੱਚ ਨੇਤਾਵਾਂ , ਅਧਿਕਾਰੀਆਂ ਅਤੇ ਕਾਕਿਆਂ ਨੂੰ ਬੇਲੋੜੀ ਸੁਰੱਖਿਆ ਦੇਣ ਨਾਲ ਖਜ਼ਾਨੇ ‘ਤੇ ਵੱਡਾ ਬੋਝ ਹੈ। ਸਰਕਾਰ ਨੂੰ ਇਸ ਸਬੰਧ ਵਿੱਚ ਹੋਰ ਗੰਭੀਰਤਾ ਨਾਲ ਸੋਚਣਾ ਪਵੇਗਾ। ਬੇਲੋੜੀ ਸੁਰੱਖਿਆ ਵਾਪਸ ਲੈਣੀ ਸਵਾਗਤ ਯੋਗ ਹੈ। ਦੂਜੇ ਬੰਨੇ ਜੇ ਕਿਸੇ ਨ ਸੁਰੱਖਿਆ ਦਾ ਸੱਚ ਮੁੱਚ ਲੋੜ ਹੈ ਪਰ ਇਸ ਲਈ ਵਾਪਸ ਲਈ ਜਾਵੇ ਤਾਂ ਸਰਕਾਰ ਨੂੰ ਹਲੂਣਾ ਦੇਣਾ ਵੀ ਬਣਦਾ ਹੈ।
ਇਸੇ ਤਰ੍ਹਾਂ ਕਥਿਤ ਅੱਤਵਾਦ ਦੇ ਨਾਂ ‘ਤੇ ਦਿੱਤੀਆਂ ਗਈਆ ਸਰਕਾਰੀ ਗੱਡੀਆਂ ਵਾਪਸ ਲੈ ਕੇ ਡੀਜ਼ਲ ਦਾ ਖਰਚਾ ਤਰੁੰਤ ਬੰਦ ਕਰ ਦੇਣਾ ਚਾਹੀਦਾ ਹੈ। ਬੜੀ ਵਾਰ ਇੰਝ ਵੀ ਹੋਇਆ ਕਿ ਸੁਰੱਖਿਆ ਪ੍ਰਾਪਤ ਲੋਕ ਹੀ ਪੰਜਾਬ ਲਈ ਖਤਰਾ ਬਣਦੇ ਰਹੇ ਹਨ। ਅਜਿਹੇ ਨੇਤਾਵਾਂ ਦੇ ਨਾਂ ਵੀ ਸਾਹਮਣੇ ਆਉਦੇ ਰਹੇ ਹਨ ਜਿਨ੍ਹਾਂ ਦੀ ਸਰਗਰਮੀ ਸਮਾਜ ਅਤੇ ਸੂਬੇ ਲਈ ਖਤਰ ਬਣਦੀ ਰਹੀ ਹੈ। ਸਾਡੀ ਜਾਚੇ ਗੱਲ ਇੱਥੇ ਹੀ ਖਤਮ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਜਿਹੇ ਅਫ਼ਸਰ ਵੀ ਕਟਿਹਰੇ ਵਿੱਚ ਖੜ੍ਹੇ ਕਰਨੇ ਚਾਹੀਦੇ ਹਨ ਜਿਹੜੇ ਨਿਯਮ ਤੋੜ ਕੇ ਸਿਆਸੀ ਲੀਡਰਾਂ ਅਤੇ ਉੱਚ ਅਫ਼ਸਰਾਂ ਨੂੰ ਖੁਸ਼ ਕਰਦੇ ਰਹੇ ਹਨ। ਅਸੀਂ ਮੁੱਖ ਮੰਤਰੀ ਮਾਨ ਦੇ ਤੀਜੇ ਗੇੜ ‘ਚ ਵਾਧੂ ਸੁਰੱਖਿਆ ਵਾਪਸ ਲੈਣ ਦੇ ਹੁਕਮਾਂ ਦੀ ਉਡੀਕ ਵਿੱਚ ਹਾਂ।