Khaas Lekh Punjab Religion

ਜਿਨ੍ਹਾਂ ਦੇ ਅਸ਼ੀਰਵਾਦ ਨਾਲ ਮੁਗਲਾਂ ਦੇ ਸਿਰ ਭੰਨਣ ਵਾਲੀ ਗੁਰੂ ਨਾਨਕ ਜੋਤ ਦਾ ਪ੍ਰਕਾਸ਼ ਹੋਇਆ ਉਨ੍ਹਾਂ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ ?

Special story on the birthday of Brahm Giani Baba Budha ji today

‘ਦ ਖ਼ਾਲਸ ਬਿਊਰੋ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ, ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਅਤੇ ਪੰਜ ਪਾਤਸ਼ਾਹੀਆਂ ਨੂੰ ਗੁਰਿਆਈ ਤਿਲਕ ਲਗਾਉਣ ਦਾ ਮਾਣ ਪ੍ਰਾਪਤ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਹਾੜਾ ਹੈ। ‘ਦ ਖ਼ਾਲਸ ਟੀਵੀ ਵੱਲੋਂ ਆਪ ਸਭ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਅੱਜ ਛੋਟੀ ਉਮਰ ਵਿੱਚ ਬ੍ਰਹਮ ਗਿਆਨ ਰੱਖਣ ਵਾਲੀ ਇਸ ਮਹਾਨ ਸ਼ਖਸੀਅਤ ਦੇ ਜੀਵਨ ਬਾਰੇ ਜਾਣਾਂਗੇ, ਜਿਨ੍ਹਾਂ ਨੂੰ ਛੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਦੌਰਾਨ ਸੇਵਾ ਕਰਨ ਦਾ ਮੌਕਾ ਮਿਲਿਆ।

ਬਾਬਾ ਬੁੱਢਾ ਜੀ ਦਾ ਜਨਮ ਅਕਤੂਬਰ 1506 ਈ ਨੂੰ ਪਿਤਾ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਪਿੰਡ ਕੱਥੂਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਜੀ ਦੇ ਬਚਪਨ ਦਾ ਨਾਂ ‘ਬੂੜਾ’ ਸੀ। ਆਪ ਜੀ ਬਚਪਨ ਵਿੱਚ ਆਪਣਾ ਜ਼ਿਆਦਾ ਸਮਾਂ ਪਸ਼ੂਆਂ ਨੂੰ ਚਾਰਾ ਚਰਾ ਕੇ ਬਤੀਤ ਕਰਦੇ ਸਨ।

ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸਾਲ 1518 ਈ ਨੂੰ ਆਪ ਜੀ ਦੇ ਪਿੰਡ ਪਹੁੰਚੇ ਤਾਂ ਆਪ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੂੰ ਤਾਜਾ ਦੁੱਧ ਛਕਾਇਆ। ਆਪ ਜੀ ਨੇ ਗੁਰੂ ਸਾਹਿਬ ਨਾਲ ਸੰਵਾਦ ਕਰਦਿਆਂ ਕਈ ਅਧਿਆਤਮਕ ਮਸਲਿਆਂ ਅਤੇ ਜੀਵਨ ਮਰਨ ਦੀਆਂ ਵਿਚਾਰਾਂ ਕੀਤੀਆਂ, ਜਿਨ੍ਹਾਂ ਨੂੰ ਸੁਣ ਕੇ ਗੁਰੂ ਸਾਹਿਬ ਜੀ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਬਾਲਕ ਨੂੰ ਕਿਹਾ ਕਿ ਏਨੀ ਛੋਟੀ ਉਮਰ ਵਿੱਚ ਤੂੰ ਬੁੱਢਿਆਂ ਵਾਲੀਆਂ ਭਾਵ ਬਿਰਧਾਂ ਵਾਲੀਆਂ ਗੱਲਾਂ ਕੀਤੀਆਂ ਹਨ। ਉਸ ਦਿਨ ਤੋਂ ਬਾਅਦ ਆਪ ਜੀ ਨੂੰ ਬੂੜਾ ਦੀ ਥਾਂ ਬੁੱਢਾ ਕਿਹਾ ਜਾਣ ਲੱਗਾ। ਉਸ ਪਿੰਡ ਤੋਂ ਚੱਲਣ ਲੱਗਿਆਂ ਗੁਰੂ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਆਪਣੇ ਨਾਲ ਹੀ ਲੈ ਗਏ ਅਤੇ ਆਪ ਜੀ ਨੇ ਬਾਕੀ ਸਮਾਂ ਗੁਰੂ ਸਾਹਿਬ ਜੀ ਨਾਲ ਕਰਤਾਰਪੁਰ ਸਾਹਿਬ ਗੁਜ਼ਾਰਿਆ ਅਤੇ ਉੱਥੇ ਹੀ ਡੇਰੇ ਦੀ ਦੇਖਭਾਲ ਕਰਦੇ ਰਹੇ।

ਆਪਣੀ ਅਦੁੱਤੀ ਘਾਲਣਾ ਕਰਕੇ ਬਾਬਾ ਬੁੱਢਾ ਜੀ ਦੀ ਬਹੁਤ ਪ੍ਰਤਿਸ਼ਠਾ ਹੋਈ। ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਸਭ ਗੁਰੂਆਂ ਨੂੰ ਆਪ ਜੀ ਨੇ ਹੀ ਗੁਰਗੱਦੀ ਦਾ ਤਿਲਕ ਲਗਾਇਆ ਸੀ। ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਾਈ ਭਿਰਾਈ ਦੇ ਘਰ ਵਿੱਚ ਏਕਾਂਤ ਵਾਸ ਕਰਨ ਲੱਗੇ ਤਾਂ ਆਪ ਜੀ ਨੇ ਹੀ ਬੇਨਤੀ ਕਰਕੇ ਗੁਰੂ ਜੀ ਨੂੰ ਸੰਗਤਾਂ ਨੂੰ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਾਸਰਕੇ ਪਿੰਡ ਦੇ ਕੋਠੇ ਵਿੱਚ ਸੰਨ੍ਹ ਲਾ ਕੇ ਆਪ ਜੀ ਨੇ ਸਿੱਖਾਂ ਦੀ ਗੋਇੰਦਵਾਲ ਵਿਖੇ ਅਗਵਾਈ ਕਰਨ ਦੀ ਬੇਨਤੀ ਕੀਤੀ ਸੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਆਦੇਸ਼ ਅਨੁਸਾਰ ਆਪ ਜੀ ਨੇ ਗੋਇੰਦਵਾਲ ਵਿੱਚ ਬਾਉਲੀ ਸਾਹਿਬ ਦੀ ਖੁਦਾਈ ਵਿੱਚ ਵਿਸ਼ੇਸ਼ ਹਿੱਸਾ ਪਾਇਆ ਸੀ। ਚੌਥੇ ਅਤੇ ਪੰਜਵੇਂ ਗੁਰੂ ਸਾਹਿਬਾਨਾਂ ਅਧੀਨ ਅੰਮ੍ਰਿਤਸਰ ਵਿੱਚ ਸਰੋਵਰ ਵਿੱਚ ਵੀ ਆਪ ਜੀ ਨੇ ਵਿਸ਼ੇਸ਼ ਸੇਵਾ ਕੀਤੀ, ਜਿੱਥੇ ਬੇਰ ਹੇਠ ਬੈਠ ਕੇ ਆਪ ਸੇਵਾ ਦਾ ਸੰਚਾਲਨ ਕਰਦੇ ਸਨ। ਅੱਜ ਵੀ ਉਹ ਬੇਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਮੌਜੂਦ ਹੈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਬਣਨ ਤੋਂ ਬਾਅਦ ਆਪ ਨੇ ਠੱਟਾ ਪਿੰਡ ਦੇ ਨੇੜੇ ਲੱਗਦੀ ਬੀੜ ਵਿੱਚ ਗੁਰੂ ਕਾ ਲੰਗਰ ਲਈ ਪਸ਼ੂਆਂ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਉਹ ਬੀੜ ਹੁਣ ਬੀੜ ਬਾਬਾ ਬੁੱਢਾ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ।

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਲ 1594 ਈ ਨੂੰ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਪ੍ਰਾਪਤੀ ਲਈ ਬਾਬਾ ਬੁੱਢਾ ਜੀ ਪਾਸ ਬੀੜ ਵਿੱਚ ਭੇਜਿਆ। ਜਦੋਂ ਸਾਲ 1604 ਈ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 16 ਅਗਸਤ 1604 ਈ ਨੂੰ ਪਾਵਨ ਬੀੜ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ।

ਆਪ ਜੀ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਫ਼ੌਜੀ ਸਿੱਖਿਆ ਦਿੱਤੀ। ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਵਿੱਚ ਭਾਈ ਗੁਰਦਾਸ ਜੀ ਨਾਲ ਰਲ ਕੇ ਅਹਿਮ ਜ਼ਿੰਮੇਵਾਰੀ ਨਿਭਾਈ। ਸਾਲ 1606 ਈ ਨੂੰ ਆਪ ਜੀ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਦਿੱਤਾ ਅਤੇ ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨਾਈਆਂ। ਆਪ ਜੀ ਆਪਣੇ ਪੁੱਤਰ ਭਾਈ ਭਾਨੇ ਵੱਲੋਂ ਅੰਮ੍ਰਿਤਸਰ ਵਿੱਚ ਵਸਾਏ ਪਿੰਡ ਰਮਦਾਸ ਵਿੱਚ ਰਹਿਣ ਲਈ ਚਲੇ ਗਏ। ਉੱਥੇ ਹੀ ਸਾਲ 1631 ਈ ਨੂੰ ਆਪ ਜੀ ਦਾ ਦੇਹਾਂਤ ਹੋ ਗਿਆ। ਆਪ ਜੀ ਦਾ ਸਸਕਾਰ ਛੇਵੇਂ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਅਤੇ ਆਪ ਦੇ ਪੁੱਤਰ ਭਾਈ ਭਾਨੇ ਨੂੰ ਪੱਗ ਬੰਨ੍ਹੀ।

ਰਮਦਾਸ ਪਿੰਡ ਵਿੱਚ ਬਾਬਾ ਬੁੱਢਾ ਸਾਹਿਬ ਜੀ ਨਾਲ ਸਬੰਧਿਤ ਦੋ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ – ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਜੀ ਅਤੇ ਗੁਰਦੁਆਰਾ ਸਮਾਧਾਂ।

 

ਬਾਬਾ ਬੁੱਢਾ ਸਾਹਿਬ ਜੀ ਸਾਰਾ ਦਿਨ ਸੰਗਤ ਦੀ ਸੇਵਾ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਬਾਬਾ ਬੁੱਢਾ ਜੀ ਨੇ 125 ਸਾਲ ਦੀ ਉਮਰ ਤੱਕ ਸਿੱਖੀ ਅਤੇ ਸਿੱਖ ਧਰਮ ਦੀ ਸੇਵਾ ਨਿਭਾਈ।