Punjab

ਕੈਦੀਆਂ ਨੇ ਲਾ ਲੈਣੈ ਆਪਣਾ ਪੈਟਰੋਲ ਪੰਪ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ

‘ਦ ਖ਼ਾਲਸ ਬਿਊਰੋ : ਪੰਜਾਬ ਦੀ ਸਾਬਕਾ ਅਕਾਲੀ ਸਰਕਾਰ ਦੇ ਜੇਲ੍ਹ ਮੰਤਰੀ ਰਹੇ ਮਰਹੂਮ ਆਤਮਾ ਸਿੰਘ ਨੇ ਸੂਬੇ ਦੀਆਂ ਜੇਲ੍ਹਾਂ ਦਾ ਨਾਂ ਸੁਧਾਰ ਘਰ ਰੱਖਿਆ ਸੀ। ਜੇਲ੍ਹਾਂ ਦੇ ਅੰਦਰ ਸੁਧਾਰ ਤਾਂ ਹੋਇਆ ਨਾ, ਹੌਲੀ ਹੌਲੀ ਬਾਹਰਲੇ ਮੁੱਖ ਦੁਆਰ ਉੱਤੇ ਲਿਖਿਆ ਸੁਧਾਰ ਘਰ ਵੀ ਮਿਟ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਨੂੰ ਸੁਧਾਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਬਾਰੇ ਪ੍ਰਸ਼ਾਸਨ ਨੇ ਕਈ ਅਹਿਮ ਫੈਸਲੇ ਲਏ ਹਨ। ਮਾਡਰਨ ਜੇਲ੍ਹ ਬੁੜੈਲ ਦੇ ਕੈਦੀਆਂ ਦਾ ਬਣਾਇਆ ਫਰਨੀਚਰ ਲੋਕਾਂ ਦੀਆਂ ਬੈਠਕਾਂ ਦਾ ਸ਼ਿੰਗਾਰ ਬਣਨ ਲੱਗਾ ਹੈ ਅਤੇ ਕੇਕ ਸਮਾਗਮਾਂ ਮੌਕੇ ਕੱਟੇ ਜਾਣ ਲੱਗੇ ਹਨ। ਕੈਦੀਆਂ ਨੂੰ ਸਵੈ ਨਿਰਭਰ ਬਣਾਉਣ ਲਈ ਤਕਨੀਕੀ ਕੋਰਸ ਵੀ ਕਰਵਾਏ ਜਾ ਰਹੇ ਹਨ।

ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਬਦਨਾਮ ਹੋ ਰਹੀਆਂ ਹਨ। ਇਨ੍ਹਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਬਾਹਰ ਆਪਣੀ ਹਕੂਮਤ ਚੱਲਦੀ ਹੈ। ਅੱਜ ਹੀ ਪਟਿਆਲਾ ਜੇਲ੍ਹ ਵਿੱਚ ਕੰਧ ਟੱਪ ਕੇ ਇੱਕ ਕੈਦੀ ਫਰਾਰ ਹੋਇਆ ਹੈ ਜਦਕਿ ਫਰੀਦਕੋਟ ਦੀ ਜੇਲ੍ਹ ਵਿੱਚੋਂ ਢੇਰਾਂ ਦੇ ਢੇਰ ਮੋਬਾਈਲ ਮਿਲੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਇਹ ਵਰਤਾਰਾ ਆਮ ਹੈ। ਸ਼ਾਇਦ ਇਸ ਕਰਕੇ ਕਿ ਹਾਲੇ ਤੱਕ ਅਪਰਾਧੀਆਂ ਅਤੇ ਸਿਆਸਤਦਾਨਾਂ ਸਮੇਤ ਪੁਲਿਸ ਦਾ ਕਥਿਤ ਗਠਜੋੜ ਤਿੜਕ ਨਹੀਂ ਸਕਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਸੰਗਰੂਰ ਦੀ ਜੇਲ੍ਹ ਵਿੱਚੋਂ ਇੱਕ ਖੁਸ਼ਖਬਰ ਹੈ। ਸੰਗਰੂਰ ਜੇਲ੍ਹ ਦੇ ਕੈਦੀਆਂ ਵੱਲੋਂ ਇੱਕ ਪੈਟਰੋਲ ਪੰਪ ਖੋਲਿਆ ਜਾ ਰਿਹਾ ਹੈ। ਇਸ ਪੈਟਰੋਲ ਪੰਪ ਨੂੰ ਜੇਲ੍ਹ ਦੇ ਕੈਦੀ ਚਲਾਉਣਗੇ। ਇਹ ਅਗਲੇ ਦੋ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ। ਬਰਨਾਲਾ ਸੰਗਰੂਰ ਸੜਕ ਉੱਤੇ ਖੁੱਲ੍ਹਣ ਵਾਲੇ ਇਸ ਪੰਪ ਲਈ ਜੇਲ੍ਹ ਵਿਭਾਗ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਤੋਂ ਪਹਿਲਾਂ ਹੀ ਜੇਲ੍ਹ ਵਿਭਾਗ ਨੇ ਸੰਗਰੂਰ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਪੈਟਰੋਲ ਪੰਪ ਲਾਉਣ ਦੀ ਇਜ਼ਾਜਤ ਮੰਗੀ ਸੀ ਜਿਸ ਉੱਤੇ ਪ੍ਰਵਾਨਗੀ ਦੀ ਮੋਹਰ ਹੁਣ ਆ ਕੇ ਲੱਗੀ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਵਿੱਚ ਕੈਦੀਆਂ ਵੱਲੋਂ ਇੱਕ ਪੈਟਰੋਲ ਪੰਪ ਚਲਾਇਆ ਜਾ ਰਿਹਾ ਹੈ। ਪੰਜਾਬ ਵੀ ਤੇਲੰਗਾਨਾ ਦੀ ਪੈੜ ਨੱਪਣ ਲੱਗਾ ਹੈ।

ਪੈਟਰੋਲ ਪੰਪ ਉੱਤੇ ਸਿਰਫ਼ ਉਨ੍ਹਾਂ ਕੈਦੀਆਂ ਨੂੰ ਕੰਮ ਉੱਤੇ ਲਾਇਆ ਜਾਵੇਗਾ, ਜਿਨ੍ਹਾਂ ਦਾ ਆਚਰਣ ਚੰਗਾ ਪਾਇਆ ਗਿਆ ਹੈ ਜਾਂ ਫਿਰ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਪਰ ਰੁਜ਼ਗਾਰ ਨਹੀਂ ਮਿਲਿਆ। ਜੇਲ੍ਹ ਦੇ ਕੈਦੀਆਂ ਨੂੰ ਸ਼ਿਫਟਾਂ ਉੱਤੇ ਕੰਮ ਕਰਨ ਲਈ ਕਿਹਾ ਜਾਵੇਗਾ ਅਤੇ ਉਨ੍ਹਾਂ ਨੂੰ ਜੇਲ੍ਹ ਦੇ ਕਾਨੂੰਨ ਮੁਤਾਬਕ ਮਿਹਨਤਾਨਾ ਦਿੱਤਾ ਜਾਵੇਗਾ ਜਦਕਿ ਦੂਜਿਆਂ ਦੀ ਤਨਖਾਹ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੁਕੱਰਰ ਕੀਤੀ ਜਾਵੇਗੀ। ਕੈਦੀਆਂ ਦੇ ਪੈਟਰੋਲ ਪੰਪ ਤੋਂ ਹੋਣ ਵਾਲੀ ਆਮਦਨ ਪੰਜਾਬ ਜੇਲ੍ਹ ਵਿਕਾਸ ਬੋਰਡ ਨੂੰ ਦਿੱਤੀ ਜਾਵੇਗੀ, ਜਿਹੜੀ ਕਿ ਕੈਦੀਆਂ ਦੀ ਭਲਾਈ ਲਈ ਵਰਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਪੈਟਰੋਲ ਪੰਪ ਲਈ ਜ਼ਮੀਨ ਖਰੀਦੀ ਨਹੀਂ ਜਾ ਰਹੀ ਸਗੋਂ ਜੇਲ੍ਹ ਦੇ ਬਾਹਰਵਾਰ ਪੰਪ ਲਾਇਆ ਜਾ ਰਿਹਾ ਹੈ।

ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਵਿਭਾਗ ਵੱਲ਼ੋਂ ਸੰਗਰੂਰ ਵਿੱਚ ਪੈਟਰੋਲ ਪੰਪ ਲਾਉਣ ਦੀ ਇਜ਼ਾਜਤ ਮੰਗੀ ਗਈ ਸੀ, ਜਿਸਦੀ ਕਿ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਕੈਦੀਆਂ ਨੂੰ ਸੁਧਾਰਨ ਅਤੇ ਮੁੱਖ ਧਾਰਾ ਵਿੱਚ ਲਿਆਉਣ ਦਾ ਇਹ ਇੱਕ ਸਾਰਥਿਕ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਕੈਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਪੰਪ ਉੱਤੇ ਕੰਮ ਕਰ ਸਕਣਗੇ।