– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਧਰਮ ਅਤੇ ਸਿਆਸਤ ਦਾ ਕੋਈ ਵਾਸਤਾ ਨਹੀਂ। ਧਰਮ ਅਤੇ ਸਿਆਸਤ ਨਾਲੋਂ-ਨਾਲ ਚੱਲਦੇ ਹਨ। ਸਿਆਸੀ ਪਾਰਟੀਆਂ ਦੀ ਧਰਮ ਬਨਾਮ ਸਿਆਸਤ ‘ਤੇ ਕਦੇ ਆਪਸੀ ਸਹਿਮਤੀ ਨਹੀਂ ਬਣੀ ਪਰ ਧਰਮ ਦੇ ਨਾਂ ‘ਤੇ ਵੋਟਾਂ ਬਟੋਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਸਿਆਸੀ ਪਾਰਟੀਆਂ ਪ੍ਰਚਾਰ ਜੋ ਮਰਜ਼ੀ ਕਰੀ ਜਾਣ ਪਰ ਬੀਤੇ ਉੱਤੇ ਨਜ਼ਰ ਮਾਰੀਏ ਤਾਂ ਧਰਮ ਨੂੰ ਸਿਆਸਤ ਲਈ ਸਾਰੀਆਂ ਪਾਰਟੀਆਂ ਵਰਤ ਰਹੀਆਂ ਹਨ। ਵੋਟਾਂ ਦੀ ਗਿਣਤੀ ਮਿਣਤੀ ਵੇਲੇ ਵੀ ਧਰਮ, ਜਾਤ, ਖੇਤਰ ਨੂੰ ਸਾਹਮਣੇ ਰੱਖ ਕੇ ਗੁਣਾ ਤਕਸੀਮ ਕੀਤੀ ਜਾਂਦੀ ਹੈ। ਟਿਕਟਾਂ ਵੰਡਣੀਆਂ ਹੋਣ ਤਾਂ ਵੀ ਸਿਆਸੀ ਪਾਰਟੀਆਂ ਇਹੋ ਪੈਮਾਨਾ ਸਾਹਮਣੇ ਰੱਖ ਕੇ ਨਾਪ ਤੋਲ ਕਰਦੀਆਂ ਹਨ। ਹੋਰ ਤਾਂ ਹੋਰ ਵਜ਼ੀਰੀਆਂ ਵੰਡਣ ਵੇਲੇ ਇਸੇ ਕੁੱਝ ਨੂੰ ਸਾਹਮਣੇ ਰੱਖ ਕੇ ਸੰਤੁਲਨ ਠੀਕ ਰੱਖਣ ਨੂੰ ਪਹਿਲ ਦਿੱਤੀ ਜਾਂਦੀ ਹੈ। ਬਹੁਤੀ ਵਾਰ ਇਹਵੀ ਹੁੰਦਾ ਹੈ ਕਿ ਪਾਰਟੀ ਪ੍ਰਧਾਨ ਜਾਂ ਫਿਰ ਮੁੱਖ ਮੰਤਰੀ ਦੀ ਚੋਣ ਵੀ ਉਸੇ ਪੈਮਾਨੇ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਸਿਆਸੀ ਪਾਰਟੀਆਂ ਧਰਮ, ਜਾਤ, ਖੇਤਰਵਾਦ ਤੋਂ ਉੱਪਰ ਉੱਠਣ ਦਾ ਦਾਅਵਾ ਕਰੀ ਜਾਣ ਪਰ ਉਨ੍ਹਾਂ ਨੂੰ ਕੌਣ ਰੋਕ ਸਕਦਾ ਪਰ ਅਸਲੀਅਤ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ।
ਜੇ ਇੰਝ ਨਾ ਹੁੰਦਾ ਤਾਂ ਅਕਾਲੀ ਦਲ ਨੂੰ ਇਹ ਲਾਲਚ ਦੇਣ ਦੀ ਲੋੜ ਨਹੀਂ ਪੈਣੀ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉੱਤੇ ਦੋ ਉਪ ਮੁੱਖ ਮੰਤਰੀ ਵਿੱਚੋਂ ਇੱਕ ਹਿੰਦੂ ਅਤੇ ਇੱਕ ਦਲਿਤ ਭਾਈਚਾਰੇ ਵਿੱਚੋਂ ਲਿਆ ਜਾਵੇਗਾ। ਕਾਂਗਰਸੀ ਦਲਿਤ ਅਤੇ ਮੁੱਖ ਮੰਤਰੀ ਦਾਗੁਣਾ ਪਾ ਕੇ ਦੋ ਉਪ ਮੁੱਖ ਮੰਤਰੀਆਂ ਵਿੱਚੋਂ ਇੱਖ ਹਿੰਦੂ ਅਤੇ ਇੱਕ ਸਿੱਖ ਲੈਣ ਦੀ ਨੀਤੀ ਨਾ ਅਪਣਾਉਂਦੀਆਂ। ਆਮ ਆਦਮੀ ਪਾਰਟੀ ਹਾਲੇ ਵੀ ਸਿੱਖ ਚਿਹਰਾ ਲੱਭਣ ਤੁਰੀ ਹੋਈ ਹੈ। ਭਾਰਤੀ ਜਨਤਾ ਪਾਰਟੀ ਅਗਲੀਆਂ ਚੋਣਾਂ ਵਿੱਚ ਨਵੇਂ ਸਰੂਪ ਵਿੱਚ ਸਾਹਮਣੇ ਆ ਰਹੀ ਹੈ, ਅਕਾਲੀਆਂ ਨਾਲੋਂ ਅਲੱਗ ਹੋ ਕੇ। ਪੰਜਾਬ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਸੰਯੁਕਤ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਚਾਹੇ ਸਿੱਖ ਚਿਹਰੇ ਹਨ ਪਰ ਆਮ ਚਰਚਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਟੇਕ ਸ਼ਹਿਰੀ ਅਤੇ ਹਿੰਦੂ ਵੋਟਰ ਹੈ। ਇਹੋ ਵਜ੍ਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਮੰਦਿਰਾਂ ਵਿੱਚ ਜਾ ਕੇ ਵੋਟਾਂ ਲਈ ਝੋਲੀ ਅੱਡਣ ਲੱਗੇ ਹਨ। ਸਾਰੀਆਂ ਪਾਰਟੀਆਂ ਦੀ ਦੌੜ 38 ਫ਼ੀਸਦ ਹਿੰਦੂ ਵੋਟਰਾਂ ਨੂੰ ਖਿੱਚਣ ਵੱਲ ਲੱਗੀ ਹੋਈ ਹੈ।
ਪੰਜਾਬ ਦੀ ਸਿਆਸਤ ਉੱਤੇ ਘੋਖਵੀਂ ਨਜ਼ਰ ਮਾਰੀਏ ਤਾਂ ਇਸ ਤੋਂ ਪਹਿਲਾਂ ਮੰਦਿਰਾਂ ਨੂੰ ਇਨੀ ਅਹਿਮੀਅਤ ਨਹੀਂ ਸੀ ਦਿੱਤੀ ਗਈ। ਸੁਖਬੀਰ ਹੋਵੇ ਜਾਂ ਕੇਜਰੀਵਾਲ ਤੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਗੱਲ਼ ਕਰੀਏ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੀ, ਸਾਰੇ ਮੰਦਿਰਾਂ ਵਿੱਚ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ, ਜਿਵੇਂ ਇਨ੍ਹਾਂ ਨੂੰ ਲੱਗਦਾ ਹੋਵੇ ਕਿ ਮੰਦਿਰਾਂ ਵਿੱਚ ਟਲ ਖੜਕਾਉਣ ਨਾਲ ਵੋਟਾਂ ਪੱਕੀਆਂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਪੰਜਾਬ ਦਾ ਚੁਣਾਅ ਆਮ ਕਰਕੇ ਸਿੱਖ ਵੋਟਰਾਂ ਨੂੰ ਸਾਹਮਣੇ ਕਰਕੇ ਲੜਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਹਿੰਦੂ ਅਤੇ ਰਾਖਵੇਂ ਵਰਗ ਦੇ ਵੋਟਰਾਂ ਦੀ ਬੁੱਕਤ ਵਧੇਰੇ ਪੈਣ ਲੱਗੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀਂ ਕੇਦਾਰਨਾਥ ਮੰਦਿਰ ਜਾ ਕੇ ਨੱਕ ਰਗੜੇ। ਜਲੰਧਰ ਦੇ ਦੇਵੀ ਤਲਾਬ ਮੰਦਿਰ ਵਿੱਚ ਮੱਥਾ ਟੇਕਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਿਮਾਚਲ ਪ੍ਰਦੇਸ਼ ਦੇ ਮਾਤਾ ਚਿੰਤਪੁਰਨੀ ਮੰਦਿਰ ਜਾ ਪੁੱਜੇ। ਉਨ੍ਹਾਂ ਨੇ ਵਾਅਦਾ ਵੀ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਦੁਬਾਰਾ ਬਣਨ ਉੱਤੇ ਉਹ ਮੰਨਤ ਪੂਰੀ ਕਰਨ ਆਉਣਗੇ। ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਬਾਲਾਸਰ ਮੰਦਿਰ ਅਤੇ ਮਾਤਾ ਅੰਜਨੀ ਮੰਦਿਰ ਜਾ ਕੇ ਟਲ ਖੜਕਾਇਆ। ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਿਰ ਅਤੇ ਰਾਜਪੁਰਾ ਦੇ ਭਗਵਾਨ ਸ਼ਿਵ ਮੰਦਿਰ ਵਿੱਚ ਵੀ ਹਾਜ਼ਰੀ ਲਗਵਾਈ। ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਕਤੂਬਰ ਵਿੱਚ ਜਲੰਧਰ ਦੇ ਉਸੇ ਦੇਵੀ ਤਲਾਬ ਮੰਦਿਰ ਗਏ ਜਿੱਥੇ ਚੰਨੀ ਅਤੇ ਸੁਖਬੀਰ ਚੌਂਕੀ ਭਰ ਕੇ ਆਏ ਹਨ। ਕੇਜਰੀਵਾਲ ਨੇ ਤਾਂ ਮਾਤਾ ਦੇ ਜਾਗਰਣ ਵਿੱਚ ਵੀ ਸਮਾਧੀ ਲਾਈ। ਕਾਂਗਰਸ ਦੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਨਾਲ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਵਿੱਚ ਡੰਡਓਤ ਕਰਕੇ ਆਏ। ਉਨ੍ਹਾਂ ਦੇ ਹੱਥ ਵਿੱਚ ਬੰਨ੍ਹੇ ਲਾਲ ਗਾਨ੍ਹੇ ਵੀ ਅਕਸਰ ਇਸੇ ਤਰ੍ਹਾਂ ਦੀ ਚਰਚਾ ਵਿੱਚ ਆਉਂਦੇ ਰਹੇ ਹਨ।
ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਕਿੰਝ ਸਮਝਾਈਏ ਕਿ ਪਾਰ ਉਤਾਰਾ ਤਾਂ ਚੋਣ ਵਾਅਦੇ ਪੂਰੇ ਕਰਨ, ਵਿਕਾਸ ਅਤੇ ਮਜ਼ਬੂਤ ਪ੍ਰਸ਼ਾਸਨ ਦੇਣ ਨਾਲ ਹੀ ਹੋਣਾ ਹੈ। ਸਾਰਾ ਸਾਲ ਬਿਨਾਂ ਪੜੇ ਪੇਪਰ ਦੇਣ ਤੋਂ ਪਹਿਲਾਂ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ਮੱਥੇ ਰਗੜਨ ਨਾਲ ਪਾਸ ਨਹੀਂ ਹੋਇਆ ਕਰਦੇ !