‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਿੱਤ ਨਵੇਂ ਸਰਵੇਖਣ ਸਾਹਮਣੇ ਆ ਰਹੇ ਹਨ ਪਰ ਲੋਕਾਂ ਨੇ ਹਾਲੇ ਮਨ ਖੋਲਣਾ ਸ਼ੁਰੂ ਨਹੀਂ ਕੀਤਾ। ਸਿਆਸਤਦਾਨਾਂ ਨੂੰ ਵੋਟਾਂ ਦੀ ਚੁੱਪ ਡਰਾਉਣ ਲੱਗੀ ਹੈ। ਪਰ ਪੰਜਾਬ ਦੀ ਰਾਜਨੀਤੀ ‘ਤੇ ਕਈ ਦਹਾਕਿਆਂ ਤੋਂ ਰਾਜ ਕਰਨ ਵਾਲੇ ਸਿਆਸੀ ਪਰਿਵਾਰਾਂ ਦੀ ਪੈਂਠ ਕਮਜ਼ੋਰ ਪੈਣ ਲੱਗੀ ਹੈ। ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਬਾਦਲ ਪਰਿਵਾਰ, ਸ਼ਾਹੀ ਘਰਾਣਾ ਪਟਿਆਲਾ ਅਤੇ ਕੈਰੋਂ ਪਰਿਵਾਰ ਦਾ ਨਾਂ ਆਉਂਦਾ ਹੈ।
ਹਰਚਰਨ ਸਿੰਘ ਬਰਾੜ ਦੀ ਸਰਦਾਰੀ ਲਗਭਗ ਖ਼ਤਮ ਹੈ। ਇਹ ਵੱਡੇ ਜ਼ਿਮੀਂਦਾਰ ਪਰਿਵਾਰ ਤਾਂ ਹਨ ਹੀ, ਪਰ ਇਨ੍ਹਾਂ ਦਾ ਸਿਆਸਤ ‘ਤੇ ਕੰਟਰੋਲ ਢਿੱਲਾ ਪੈਣ ਲੱਗਾ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਪਰਿਵਾਰਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਪੈਂਦੀਆਂ ਹਨ ਅਤੇ ਸਾਕ-ਸਕੀਰੀਆਂ। ਹੋਰ ਵੀ ਰੌਚਕ ਗੱਲ ਇਹ ਹੈ ਕਿ ਇਹ ਲੀਡਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਾਲ ਤਾਂ ਜੁੜੇ ਹੋਏ ਹਨ ਪਰ ਸਮਾਂ ਆਉਣ ‘ਤੇ ਇੱਕ-ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਉਂਝ ਇੱਕ ਖਾਸੀਅਤ ਜ਼ਰੂਰ ਹੈ ਕਿ ਅੰਦਰੂਨੀ ਜਾਂ ਬਾਹਰੀ ਹਮ ਲੇ ਵੇਲੇ ਇੱਕ-ਦੂਜੇ ਨਾਲ ਆ ਖੜਦੇ ਹਨ। ਪਿਛਲੇ ਸਮੇਂ ਦੌਰਾਨ ਕਈ ਆਮ ਪਰਿਵਾਰਾਂ ਦੇ ਵਿਅਕਤੀ ਵੱਡੇ ਨੇਤਾ ਬਣ ਕੇ ਉੱਭਰੇ ਹਨ ਜਿਨ੍ਹਾਂ ਨੇ ਇਨ੍ਹਾਂ ਲਈ ਚੁਣੌਤੀ ਖੜੀ ਕਰ ਦਿੱਤੀ ਹੈ। ਇਨ੍ਹਾਂ ਵਿੱਚ ਮਰਹੂਮ ਬੇਅੰਤ ਸਿੰਘ, ਰਾਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਦਾ ਨਾਂ ਲਿਆ ਜਾ ਸਕਦਾ ਹੈ।
ਬਾਦਲ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੁਆਲੇ ਘੁੰਮ ਰਹੀ ਹੈ। ਉਨ੍ਹਾਂ ਨੇ ਸਿਆਸਤ ‘ਤੇ ਆਪਣਾ ਦਬਦਬਾ ਵੀ ਕਾਇਮ ਕੀਤਾ ਹੈ ਪਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਅਤੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਉੱਭਰਨ ਤੋਂ ਬਾਅਦ ਉਹ ਕਮਜ਼ੋਰ ਪੈ ਗਏ ਹਨ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਸਿੰਘ ਮਾਨ ਦਾ ਸਬੰਧ ਵੀ ਆਮ ਕਿਸਾਨ ਪਰਿਵਾਰ ਨਾਲ ਹੈ। ਜਿਹੜੇ ਸਿਆਸੀ ਪਰਿਵਾਰਾਂ ਦੇ ਵਾਰਿਸ ਖੂੰਝੇ ਲੱਗੇ ਹਨ, ਉਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਰਣਇੰਦਰ ਸਿੰਘ ਅਤੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਦਾ ਨਾਂ ਮੂਹਰੇ ਆਉਂਦਾ ਹੈ। ਮਰਹੂਮ ਬੇਅੰਤ ਸਿੰਘ ਦੇ ਪੁੱਤ-ਪੋਤੇ ਰਾਜਨੀਤੀ ਵਿੱਚ ਸਹਿਕ-ਸਹਿਕ ਕੇ ਸਾਹ ਭਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਬੀਰ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਦੂਜੇ ਹੋਰ ਰਾਜਨੀਤਿਕ ਨੇਤਾਵਾਂ ਦੀ ਤਰ੍ਹਾਂ ਉਨ੍ਹਾਂ ਨੇ ਕਿਸੇ ਹੋਰ ਨੂੰ ਉੱਭਰਨ ਨਹੀਂ ਦਿੱਤਾ। ਢਲਦੀ ਉਮਰ ਦੇਖ ਜਦੋਂ ਉਨ੍ਹਾਂ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਮੋਢਿਆਂ ‘ਤੇ ਇਕਦਮ ਜ਼ਿੰਮੇਵਾਰੀ ਸੁੱਟ ਦਿੱਤੀ। ਸੁਖਬੀਰ ਸਿੰਘ ਬਾਦਲ ਚਾਹੇ ਡਿਪਟੀ ਮੁੱਖ ਮੰਤਰੀ ਰਹੇ ਹਨ ਅਤੇ ਪਾਰਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਹੈ ਪਰ ਉਨ੍ਹਾਂ ਦੀ ਰਣਨੀਤੀ ਬਾਪ ਦੇ ਮੂਹਰੇ ਬੋਣੀ ਪੈ ਰਹੀ ਹੈ। ਉਂਝ ਉਹ ਆਪਣੇ ਬਾਪ ਨਾਲ ਰਹਿ ਕੇ ਉਨ੍ਹਾਂ ਵਾਲੇ ਗੁਰ ਵੀ ਨਹੀਂ ਸਿੱਖ ਸਕੇ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਹਾਸ਼ੀਏ ‘ਤੇ ਆ ਗਏ ਹਨ। ਹਰਚਰਨ ਸਿੰਘ ਬਰਾੜ ਦੀ ਬੇਟੀ ਨੇ ਸਿਆਸਤ ਵਿੱਚ ਪੈਰ ਧਰਨ ਦੀ ਕੋਸ਼ਿਸ਼ ਕੀਤੀ ਪਰ ਉਹ ਥਾਂ ਨਾ ਬਣਾ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਅਤੇ ਬੇਟਾ ਰਣਇੰਦਰ ਸਿੰਘ ਦੀ ਸਿਆਸਤ ‘ਤੇ ਪਕੜ ਨਹੀਂ ਬਣ ਸਕੀ। ਪ੍ਰਤਾਪ ਸਿੰਘ ਕੈਰੋਂ ਦੇ ਬੇਟੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਹਨ, ਦੀ ਬੇੜੀ ਵਿੱਚ ਵੱਟੇ ਉਨ੍ਹਾਂ ਦੇ ਆਪਣਿਆਂ ਨੇ ਪਾਏ।
ਰਾਜਨੀਤਿਕ ਪਰਿਵਾਰਾਂ ਲਈ ਸਭ ਤੋਂ ਵੱਡੀ ਦੁੱਖ ਦੀ ਖਬਰ ਇਹ ਹੈ ਕਿ ਹੁਣ ਤੇਜ਼ੀ ਨਾਲ ਬਦਲਦੇ ਯੁੱਗ ਵਿੱਚ ਆਮ ਪਰਿਵਾਰਾਂ ਦੇ ਵਿਅਕਤੀ ਕਹਿੰਦੇ ਕਹਾਉਂਦੇ ਸਿਆਸੀ ਲੀਡਰਾਂ ਲਈ ਚੁਣੌਤੀ ਬਣ ਟੱਕਰੇ ਹਨ। ਮੈਂਬਰ ਪਾਰਲੀਮੈਂਟ ਅਤੇ ਆਪ ਪੰਜਾਬ ਦੇ ਇੰਚਾਰਜ ਭਗਵੰਤ ਮਾਨ ਨੇ ਕਈਆਂ ਦੀ ਰਾਤ ਦੀ ਨੀਂਦ ਖਰਾਬ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈਆਂ ਦੇ ਸੁਪਨੇ ਡੁਬੋਏ ਹਨ। ਮਰਹੂਮ ਬੇਅੰਤ ਸਿੰਘ ਬੜੀ ਤੇਜ਼ੀ ਨਾਲ ਪੰਜਾਬ ਦੀ ਸਿਆਸਤ ਵਿੱਚ ਚਮਕੇ ਪਰ ਉਨ੍ਹਾਂ ਦਾ ਸੂਰਜ ਛੇਤੀ ਅਸਤ ਹੋ ਗਿਆ। ਹੁਣ ਜਦੋਂ ਆਮ ਲੋਕ ਵੱਡੇ ਸਿਆਸੀ ਪਰਿਵਾਰਾਂ ਲਈ ਚੈਲੇਂਜ ਬਣਨ ਲੱਗੇ ਹਨ ਤਾਂ ਆਮ ਲੋਕਾਂ ਵਾਸਤੇ ਸਿਆਸਤ ਦੀ ਪੌੜੀ ਦੇ ਸਿਖਰਲੇ ਡੰਡੇ ਨੂੰ ਹੱਥ ਪਾਉਣਾ ਆਸਾਨ ਹੋ ਗਿਆ ਹੈ। ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਵਿੱਚ ਭਵਿੱਖਬਾਣੀ ‘ਤੇ ਮੋਹਰ ਲੱਗਦੀ ਜਾਪਦੀ ਹੈ।