Punjab

ਦਿਲ…ਦਿਲ…ਦਿਲ…ਹਾਏ ਮੇਰਾ ਦਿਲ, ਪੀਜੀਆਈ ਨੇ ਬਦਲਿਆ ਸੱਤਵਾਂ ਦਿਲ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ

ਦ ਖ਼ਾਲਸ ਬਿਊਰੋ : ਪੀਜੀਆਈ ਦਾ ਮੁਲਕ ਭਰ ਵਿੱਚੋਂ ਮੈਡੀਕਲ ਦੇ ਖੇਤਰ ਵਿੱਚ ਕੋਈ ਸਾਨੀ ਨਹੀਂ। ਪੀਜੀਆਈ ਦੀਆਂ ਨਵੀਆਂ ਇਲਾਜ ਤਕਨੀਕਾਂ ਦੀ ਧਾਂਕ ਪੱਛਮੀ ਦੇਸ਼ਾਂ ਤੋਂ ਪਰ੍ਹੇ ਅਮਰੀਕਾ ਤੱਕ ਹੈ। ਪੀਜੀਆਈ ਗੁਰਦੇ ਅਤੇ ਪੈਂਕਰੀਆਜ਼ ਟਰਾਂਸਪਲਾਂਟ ਲਈ ਦੇਸ਼ ਭਰ ਵਿੱਚੋਂ ਨੰਬਰ ਵਨ ਹੈ ਜਦਕਿ ਹਾਰਟ ਟਰਾਂਸਪਲਾਂਟ ਲਈ ਮੋਹਰੀ ਦੋ ਹਸਪਤਾਲਾਂ ਵਿੱਚ ਇੱਕ ਹਸਪਤਾਲ ਹੈ। ਪੀਜੀਆਈ ਦੇ ਐਡਵਾਂਸ ਕਾਰਡਿਅਕ ਸੈਂਟਰ ਦੇ ਡਾਕਟਰਾਂ ਦੀ ਟੀਮ ਨੇ ਇੱਕ 28 ਸਾਲਾ ਦੀਪਕ ਨਾਂ ਦੇ ਨੌਜਵਾਨ ਦਾ ਦਿਲ ਬਦਲ ਕੇ ਵੱਡਾ ਮਾਅਰਕਾ ਮਾਰਿਆ ਹੈ। ਪੂਰੀ ਤਰ੍ਹਾਂ ਨੌ ਬਰ ਨੌ ਹੋਣ ਤੋਂ ਬਾਅਦ ਕੱਲ੍ਹ ਉਸਨੂੰ ਡਿਸਚਾਰਜ ਕੀਤਾ ਗਿਆ ਹੈ। ਦੀਪਕ ਨਵੀਂ ਜ਼ਿੰਦਗੀ ਦਾ ਨਵਾਂ ਤੋਹਫ਼ਾ ਮਿਲਣ ਤੋਂ ਬਾਅਦ ਖੁਸ਼ ਹੈ। ਉਹਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਸਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਹੈ। ਉਹਦਾ ਇਲਾਜ ਵੀ ਪੂਅਰ ਫ੍ਰੀ ਖਾਤੇ ਵਿੱਚੋਂ ਮੁਫ਼ਤ ਹੋਇਆ। ਦਿਲ ਬਦਲਣ ਤੋਂ ਪਹਿਲਾਂ ਉਹਦੇ ਲਈ 10 ਡੀਘਾਂ ਭਰਨੀਆਂ ਮੁਸ਼ਕਿਲ ਸਨ ਅਤੇ ਬੜੀ ਵਾਰ ਉਹ ਚੱਕਰ ਖਾ ਕੇ ਡਿੱਗ ਪੈਂਦਾ ਸੀ। ਹੁਣ ਉਹ 45 ਮਿੰਟ ਤੇਜ਼ ਤੇਜ਼ ਵੀ ਤੁਰ ਲੈਂਦਾ ਹੈ।

ਪੀਜੀਆਈ ਵਿੱਚ ਪਹਿਲਾ ਹਾਰਟ ਟਰਾਂਸਲਾਂਟ ਚਾਰ ਅਗਸਤ 2013 ਨੂੰ ਹੋਇਆ ਸੀ। ਉਸ ਤੋਂ ਬਾਅਦ 18 ਸਤੰਬਰ 2015 ਨੂੰ ਅਤੇ ਤੀਜੀ ਵਾਰ 26 ਅਕਤੂਬਰ 2016 ਨੂੰ ਮਰੀਜ਼ ਦੇ ਸਰੀਰ ਵਿੱਚ ਨਵਾਂ ਦਿਲ ਫਿੱਟ ਕੀਤਾ ਗਿਆ। ਉਸ ਤੋਂ ਬਾਅਦ 2017 ਅਤੇ 2019 ਨੂੰ ਦੋ ਸਫ਼ਲ ਹਾਰਟ ਟਰਾਂਸਪਲਾਂਟ ਹੋਏ। ਸੱਤਵਾਂ ਹਾਰਟ ਟਰਾਂਸਪਲਾਂਟ ਇੱਕ ਮਹੀਨਾ ਪਹਿਲਾਂ 21 ਮਾਰਚ ਨੂੰ ਕੀਤਾ ਗਿਆ। ਪੀਜੀਆਈ ਨੇ ਇਸ ਤੋਂ ਵੀ ਵੱਡਾ ਮਾਅਰਕਾ ਉਦੋਂ ਮਾਰਿਆ ਸੀ ਜਦੋਂ 2020 ਨੂੰ ਕੋਵਿਡ ਦੌਰਾਨ ਹਾਰਟ ਟਰਾਂਸਪਲਾਂਟ ਕਰਕੇ ਇੱਕ 13 ਸਾਲਾ ਮੁੰਡੇ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਸੀ। ਆਹ ਦੀਪਕ ਜਦੋਂ ਪੀਜੀਆਈ ਵਿੱਚ ਇਲਾਜ ਲਈ ਆਇਆ ਤਾਂ ਉਸ ਵੇਲੇ ਉਸਦਾ ਦਿਲ ਸਿਰਫ਼ 15 ਫ਼ੀਸਦੀ ਕੰਮ ਕਰ ਰਿਹਾ ਸੀ। ਇੱਕ ਵਾਰ ਉਹਨੂੰ ਬ੍ਰੇਨ ਸਟ੍ਰੋਕ ਵੀ ਆਇਆ ਪਰ ਡਾਕਟਰਾਂ ਨੇ ਸੰਭਾਲ ਲਿਆ। ਦੀਪਕ ਦਾ ਦਿਲ ਬਦਲਣ ਦੀ ਕਹਾਣੀ ਬੜੀ ਦਿਲਚਸਪ ਹੈ। ਉਹ 19 ਮਾਰਚ ਨੂੰ ਪੀਜੀਆਈ ਤੋਂ ਦਵਾਈ ਲੈ ਕੇ ਵਾਪਸ ਬਠਿੰਡੇ ਨੂੰ ਜਾ ਰਿਹਾ ਸੀ ਕਿ ਡਾਕਟਰ ਸੌਰਭ ਮਹਿਰੋਤਰਾ ਨੇ ਫੋਨ ਕਰਕੇ ਵਾਪਸ ਸੱਦ ਲਿਆ ਇਹ ਕਹਿੰਦਿਆਂ ਕਿ ਉਸਦੇ ਖੂਨ ਨਾਲ ਮੈਚ ਕਰਨ ਵਾਲਾ ਦਿਲ ਮਿਲ ਗਿਆ। ਪੀਜੀਆਈ ਵਿੱਚ ਉਹਦਾ ਹਾਰਟ ਟਰਾਂਸਪਲਾਂਟ ਫ੍ਰੀ ਤਾਂ ਹੋਇਆ ਹੀ ਹੋਇਆ, ਦਵਾਈਆਂ ਉੱਤੇ ਹੋਰ ਵੀ ਨਾ-ਮਾਤਰ ਖਰਚ ਹੋਏ ਜਦਕਿ ਪ੍ਰਾਈਵੇਟ ਹਸਪਤਾਲ ਵਾਲੇ 20 ਤੋਂ 25 ਲੱਖ ਝਾੜ ਲੈਂਦੇ ਹਨ।

ਜਿੰਨੇ ਸਮੇਂ ਵਿੱਚ ਉਹ ਬਠਿੰਡਾ ਦੇ ਰਸਤੇ ਤੋਂ ਪੀਜੀਆਈ ਪਹੁੰਚਿਆ ਇੰਨੇ ਨੂੰ ਡਾਕਟਰਾਂ ਨੇ ਇੱਕ ਬ੍ਰੇਨ ਡੈੱਡ ਮਰੀਜ਼ ਦਾ ਦਿਲ ਬਚਾ ਲਿਆ। ਬ੍ਰੇਨ ਡੈੱਡ ਵਿਅਕਤੀ ਦੇ ਸਰੀਰ ਵਿੱਚੋਂ ਦਿਲ ਕੱਢਣ ਨੂੰ ਚਾਰ ਘੰਟੇ ਲੱਗੇ। ਦੀਪਕ ਦੇ ਸਰੀਰ ਵਿੱਚ ਦਿਲ ਫਿੱਟ ਕਰਨ ਲਈ ਵੀ ਇੰਨਾ ਹੀ ਸਮਾਂ ਲੱਗਿਆ। ਆਰਗਨ ਟਰਾਂਸਪਲਾਂਟ ਵੇਲੇ ਐਨਸਥੀਸੀਆ ਦੇ ਡਾਕਟਰਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਰਟ ਟਰਾਂਸਪਲਾਂਟ ਤੋਂ ਬਾਅਦ ਆਮ ਮਰੀਜ਼ ਦੀ ਉਮਰ 11 ਸਾਲ ਵੱਧ ਜਾਂਦੀ ਹੈ ਪਰ ਨਾਲ ਹੀ ਕਹਿੰਦੇ ਹਨ ਕਿ ਜੇ ਮਰੀਜ਼ ਸਮੇਂ ਸਿਰ ਦਵਾਈ ਲੈਂਦਾ ਰਹੇ ਅਤੇ ਆਪਣਾ ਲਾਈਫ ਸਟਾਈਲ ਵੀ ਠੀਕ ਰੱਖੇ, ਤਦ ਉਮਰ 9 ਸਾਲ ਹੋਰ ਵੱਧ ਸਕਦੀ ਹੈ।

ਮੋਹਿਤ ਕੁਮਾਰ ਨਾਂ ਦਾ ਇੱਕ ਹੋਰ ਮਰੀਜ਼ ਜਿਹਦਾ ਪੀਜੀਆਈ ਵਿੱਚ ਦਿਲ ਬਦਲਿਆ ਗਿਆ ਸੀ, ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਅੱਜਕੱਲ੍ਹ ਪੀਜੀਆਈ ਦੇ ਰਿਸਰਚ ਬਲਾਕ ਵਿੱਚ ਵਾਰਡ ਅਟੈਂਡੈਂਟ ਦੀ ਨੌਕਰੀ ਕਰ ਰਿਹਾ ਹੈ। ਪੰਦਰਾਂ ਸਾਲ ਦੇ ਇਸ ਮੁੰਡੇ ਦਾ ਸੱਤ ਸਾਲ ਪਹਿਲਾਂ ਬਦਲਿਆ ਗਿਆ ਸੀ। ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਸ ਕਰਕੇ ਪੀਜੀਆਈ ਦੇ ਐਨਸਥੀਸੀਆ ਵਿਭਾਗ ਦੇ ਮੁਖੀ ਪ੍ਰੋ.ਜੀਡੀ ਪੁਰੀ ਨੇ ਪੌਣਾ ਲੱਖ ਆਪਣੀ ਜੇਬ ਵਿੱਚੋਂ ਦਿੱਤਾ। ਇੱਕ ਉਦਾਸ ਕਰਨ ਵਾਲੀ ਖਬਰ ਇਹ ਕਿ ਪੀਜੀਆਈ ਵਿੱਚ ਤਿੰਨ ਹਾਰਟ ਟਰਾਂਸਪਲਾਂਟ ਦੇ ਮਰੀਜ਼ ਥੋੜੇ ਥੋੜੇ ਸਮੇਂ ਬਾਅਦ ਹੱਥਾਂ ਵਿੱਚੋਂ ਕਿਰ ਗਏ। ਪੀਜੀਆਈ ਦੇ ਡਾਕਟਰ ਯਸ਼ਪਾਲ ਸ਼ਰਮਾ ਦੀ ਦਿਲ ਦੀ ਬਲਾਕਿੰਗ ਰੋਕਣ ਲਈ ਬੈਲੂਨ ਥੈਰੇਪੀ ਵਿਸ਼ਵ ਪ੍ਰਸਿੱਧ ਹੋਈ ਹੈ। ਉਨ੍ਹਾਂ ਨੇ ਦਿਲ ਨੂੰ ਜਾਂਦੀ ਖੂਨ ਦੀ ਨਸ ਵਿੱਚ ਭੂੰਬੜਾ ਪਾ ਕੇ ਬਲਾਕੇਜ ਖੋਲਣ ਦਾ ਸਫ਼ਲ ਤਜਰਬਾ ਕੀਤਾ।

ਪੀਜੀਆਈ ਵਿੱਚ ਲਿਵਰ ਟਰਾਂਸਪਲਾਂਟ ਵੀ ਹੋਣ ਲੱਗਾ ਹੈ। ਡਾਕਟਰ ਦੱਸਦੇ ਹਨ ਕਿ ਤੰਦਰੁਸਤ ਬੰਦੇ ਦਾ ਜਿਗਰ ਦਾ ਇੱਕ ਹਿੱਸਾ ਕੱਟ ਕੇ ਮਰੀਜ਼ ਦੇ ਖਰਾਬ ਲਿਵਰ ਦੀ ਥਾਂ ਫਿੱਟ ਕਰ ਦਿੱਤਾ ਜਾਂਦਾ ਹੈ। ਜਿਗਰ ਸਰੀਰ ਦਾ ਇੱਕੋ ਇੱਕ ਹਿੱਸਾ ਹੈ ਜਿਹੜਾ ਇੱਕ ਬੂਟੇ ਦੀ ਤਰ੍ਹਾਂ ਨਵੀਂ ਥਾਂ ਉੱਤੇ ਪੁੰਗਰਨ ਲੱਗ ਪੈਂਦਾ ਹੈ ਅਤੇ ਕੱਟਿਆ ਹੋਇਆ ਹਿੱਸਾ ਆਪਣੇ ਆਪ ਵਧਣ ਲੱਗਦਾ ਹੈ।

ਪੀਜੀਆਈ ਦੇ ਡਾਕਟਰਾਂ ਦੇ ਹੱਥਾਂ ਨੂੰ ਸਲਾਮ… ਰੱਬ ਦੀਆਂ ਸੌ-ਸੌ ਬਖਸ਼ਿਸ਼ਾਂ।