India Khalas Tv Special Punjab

ਚੰਨੀ ਜੀ ! ਹੁਣ ਤਾਂ ਮੁੰਡੇ ਦੇਣੇ ਬੰਦ ਕਰੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਹੁਦਾ ਸੰਭਾਲਦਿਆਂ ਹੀ ਐਲਾਨਾਂ ‘ਤੇ ਐਲਾਨ ਕਰਕੇ ਲੋਕਾਂ ਨੂੰ ਭਰਮਾਉਣ ਵਿੱਚ ਸਫ਼ਲ ਹੁੰਦੇ ਲੱਗੇ ਪਰ ਇੱਕ-ਇੱਕ ਕਰਕੇ ਤਿੜਕਦੇ ਵਾਅਦਿਆਂ ਅਤੇ ਦਾਅਵਿਆਂ ਨੇ ਛੇਤੀ ਹੀ ਅਸਲੀ ਤਸਵੀਰ ਸਾਹਮਣੇ ਲਿਆਂਦੀ। ਕਿਹੜਾ ਖੇਤਰ ਨਹੀਂ ਜਿਸਨੂੰ ਉੱਪਰ ਚੁੱਕਣ ਜਾਂ ਮਾਨ-ਸਨਮਾਨ ਦੇਣ ਲਈ ਵਾਅਦੇ ਨਹੀਂ ਕੀਤੇ ਪਰ ਜਦੋਂ ਤੋਂ ਉਹ ਲੋਈ ਦੀ ਬੁੱਕਲ ਮਾਰ ਕੇ ਮੁੰਡੇ ਵੰਡਣ ਲੱਗੇ ਹਨ, ਉਦੋਂ ਤੋਂ ਉਨ੍ਹਾਂ ਦੀ ਤੁਲਨਾ ਟੇਢੀ ਪੱਗ ਬੰਨਣ ਵਾਲੇ ਮੀਸਣੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨਾਲ ਹੋਣ ਲੱਗੀ ਹੈ।

ਉਨ੍ਹਾਂ ਵੱਲੋਂ ਪਦਮ ਸ੍ਰੀ ਸੁਰਜੀਤ ਪਾਤਰ ਅਤੇ ਗਾਇਕ ਸੁਖਵਿੰਦਰ ਨੂੰ ਜਦੋਂ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਗਿਆ ਸੀ ਤਾਂ ਵਾਹਵਾ ਪ੍ਰਸ਼ੰਸਾ ਹੋਈ ਪਰ ਹੁਣ ਜਦੋਂ ਇਹ ਵਾਅਦਾ ਵੀ ਹਵਾ ਵਿੱਚ ਲਟਕ ਗਿਆ ਹੈ ਤਾਂ ਉਨ੍ਹਾਂ ਦੀ ਸਾਹਿਤ ਅਤੇ ਕਲਾ ਜਿਹੇ ਸਨਮਾਨਯੋਗ ਖੇਤਰ ਵਿੱਚ ਵੀ ਵਾਹਵਾ ਕਿਰਕਿਰੀ ਹੋਣ ਲੱਗੀ ਹੈ। ਹਾਂ, ਖ਼ਾਲਸ ਟੀਵੀ ਨੇ ਉਸ ਵੇਲੇ ਵੀ ਮੁੱਖ ਮੰਤਰੀ ਦੇ ਇਸ ਐਲਾਨ ‘ਤੇ ਸਵਾਲ ਖੜੇ ਕੀਤੇ ਸਨ ਕਿ ਜੇ ਚੰਨੀ ਵੱਲੋਂ ਦਿੱਤਾ ਗਿਆ ਇਹ ਮਾਨ-ਸਨਮਾਨ ਅਗਲੀ ਸਰਕਾਰ ਨੇ ਲਗਾਤਾਰ ਜਾਰੀ ਨਾ ਰੱਖਿਆ ਤਾਂ ਫਿਰ ਦੋਹਰੀ ਹੇਠੀ ਹੋਵੇਗੀ। ਉਂਝ ਖ਼ਾਲਸ ਟੀਵੀ ਨੇ ਦੱਬਵੀਂ ਜ਼ੁਬਾਨੇ ਪਾਤਰ ਅਤੇ ਸੁਖਵਿੰਦਰ ਵੱਲੋਂ ਇਹ ਸਨਮਾਨ ਪ੍ਰਾਪਤ ਕਰਨ ‘ਤੇ ਅਸਹਿਮਤੀ ਪ੍ਰਗਟ ਕੀਤੀ ਸੀ। ਸਾਹਿਤ ਅਤੇ ਗਾਇਕੀ ਦੀਆਂ ਦੋ ਉੱਘੀਆਂ ਸ਼ਖਸੀਅਤਾਂ ਨੂੰ ਕੈਬਨਿਟ ਰੈਂਕ ਦੇਣ ਦੇ ਐਲਾਨ ਨੂੰ ਇੱਕ ਮਹੀਨਾ ਲੰਘਣ ਤੋਂ ਬਾਅਦ ਵੀ ਸੂਬਾ ਸਰਕਾਰ ਅਮਲੀ ਜਾਮਾ ਨਹੀਂ ਪਹਿਨਾ ਸਕੀ। ਹੈਰਾਨੀ ਦੀ ਗੱਲ ਇਹ ਹੈ ਕਿ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਨੂੰ ਮੁੱਖ ਮੰਤਰੀ ਦੇ ਐਲਾਨ ਬਾਰੇ ਜਾਣਕਾਰੀ ਨਹੀਂ।

ਇੱਕ ਮਹੀਨਾ ਪਹਿਲਾਂ 19 ਨਵੰਬਰ ਨੂੰ ਮੁੱਖ ਮੰਤਰੀ ਚੰਨੀ ਨੇ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਵਿਖੇ ਦਾਸਤਾਂ-ਏ-ਸ਼ਹਾਦਤ ਲੋਕਾਂ ਨੂੰ ਸਮਰਪਿਤ ਕਰਨ ਵੇਲੇ ਕਰਵਾਏ ਇੱਕ ਸਮਾਗਮ ਦੌਰਾਨ ਸੁਰਜੀਤ ਪਾਤਰ ਅਤੇ ਸੁਖਵਿੰਦਰ ਨੂੰ ਰਾਜ ਗਾਇਕ ਦਾ ਦਰਜਾ ਦਿੰਦੇ ਹੋਏ ਕੈਬਨਿਟ ਰੈਂਕ ਦੇਣ ਦਾ ਐਲਾਨ ਕਰ ਦਿੱਤਾ ਸੀ। ਮੁੱਖ ਮੰਤਰੀ ਦੇ ਐਲਾਨ ਤੋਂ ਦੋਵੇਂ ਜਣੇ ਹੱਕੇ-ਬੱਕੇ ਤਾਂ ਰਹਿ ਗਏ ਪਰ ਸਾਹਿਤ ਅਤੇ ਕਲਾਕਾਰ ਪ੍ਰੇਮੀਆਂ ਨੇ ਮੁੱਖ ਮੰਤਰੀ ਦੇ ਐਲਾਨ ਨੂੰ ਦਬੋਚ ਲਿਆ। ਮੁੱਖ ਮੰਤਰੀ ਨੇ ਕਿਹਾ ਸੀ ਕਿ ਦੋਵੇਂ ਸ਼ਖਸਾਂ ਦੀਆਂ ਸੇਵਾਵਾਂ ਬਦਲੇ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਇਹ ਤੁਸ਼ ਜਿਹਾ ਮਾਣ ਹੈ। ਸੁਖਵਿੰਦਰ ਨੇ ਜਦੋਂ ਦੋ ਧਰਮ ਗੀਤ ਉਸੇ ਸਟੇਜ ਤੋਂ ਛੇੜੇ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਮੁੱਖ ਮੰਤਰੀ ਭਾਵੁਕ ਹੋ ਕੇ ਸਟੇਜ ‘ਤੇ ਆਏ। ਉਨ੍ਹਾਂ ਨੇ ਸੁਖਵਿੰਦਰ ਨੂੰ ਬੁੱਕਲ ਵਿੱਚ ਲੈ ਕੇ ਰਾਜ ਗਾਇਕ ਅਤੇ ਗੀਤਾਂ ਦੇ ਰਚੇਤਾ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਦਰਦਾ ਦਿੰਦਿਆਂ ਦੋਵਾਂ ਨੂੰ ਕੈਬਨਿਟ ਰੈਂਕ ਦੇਣ ਦਾ ਐਲਾਨ ਕਰ ਦਿੱਤਾ ਸੀ। ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੋਰ ਤਾਂ ਹੋਰ ਮੁੱਖ ਮੰਤਰੀ ਨੇ ਦਾਸਤਾਂ-ਏ-ਸ਼ਹਾਦਤ ਦੀ ਸਕ੍ਰਿਪਟ ਗੀਤਾਂ ਨੂੰ ਆਵਾਜ਼ ਦੇਣ ਵਾਲੇ ਹੋਰ ਗਾਇਕਾ ਜਸਪਿੰਦਰ ਨਰੂਲਾ, ਹਰਸ਼ਦੀਪ ਕੌਰ, ਮਨਜਿੰਦਰ ਮਨੀ, ਦਿਲਜਾਨ ਅਤੇ ਦੁਰਗਾ ਰੰਗੀਲਾ ਨੂੰ ਵੀ ਰਾਜ ਗਾਇਕ ਦਾ ਦਰਜਾ ਦੇ ਦਿੱਤਾ।

ਹੁਣ ਜਦੋਂ ਮੁੱਖ ਮੰਤਰੀ ਦੇ ਐਲਾਨ ਹਵਾ ਵਿੱਚ ਲਟਕੇ ਰਹਿ ਗਏ ਹਨ ਤਾਂ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ ਅੇਤੇ ਵਾਦ-ਵਿਵਾਦ ਉੱਠਣ ਲੱਗੇ ਹਨ। ਦੂਜੇ ਪਾਸੇ ਚੰਨੀ ਦੇ ਸਿਆਸੀ ਵਿਰੋਧੀਆਂ ਦਾ ਕਹਿਣਾ ਹੈ ਕਿ ਜਦੋਂ ਵਾਅਦੇ ਵਫ਼ਾ ਨਹੀਂ ਹੋ ਸਕਦੇ ਤਾਂ ਇੱਡਾ ਖਿਲਾਰਾ ਪਾਉਣ ਦੀ ਕੀ ਜ਼ਰੂਰਤ ਹੁੰਦੀ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਐਲਾਨਜੀਤ ਸਿੰਘ ਜਾਂ ਫਿਰ ਵਿਸ਼ਵਾਸਘਾਤ ਸਿੰਘ ਦੇ ਦਿੱਤੇ ਨਾਂ ਕਾਫ਼ੀ ਢੁੱਕਵੇਂ ਨਜ਼ਰ ਆਉਣ ਲੱਗੇ ਹਨ। ਹੁਣ ਜਦੋਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤਾ ਲੱਗਣ ਵਿੱਚ ਹਫ਼ਤਿਆਂ ਨਹੀਂ ਦਿਨਾਂ ਦੀ ਗੱਲ ਰਹਿ ਗਈ ਹੈ ਤਾਂ ਮੁੱਖ ਮੰਤਰੀ ਦੇ ਇਸ ਵਾਅਦੇ ਨੂੰ ਵੀ ਬੂਰ ਪੈਣ ਦੀ ਆਸ ਖਤਮ ਹੁੰਦੀ ਜਾ ਰਹੀ ਹੈ। ਸੱਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਇਸ ਐਲਾਨ ਬਾਰੇ ਜਾਣਕਾਰੀ ਨਾ ਹੋਣ ਦਾ ਬਹਾਨਾ ਲਾ ਕੇ ਚਾਹੇ ਟਾਲਾ ਵੱਟ ਲੈਣ ਪਰ ਵੱਖ ਵੱਖ ਚੈਨਲਾਂ ਉੱਤੇ ਚਲਾਏ ਇਸ ਪ੍ਰੋਗਰਾਮ ਦੀ ਜਾਣਕਾਰੀ ਹੋਣ ਤੋਂ ਕਿਵੇਂ ਮੁੱਕਰ ਸਕਦੇ ਹਨ।