India Punjab

ਮੁੱਖ ਮੰਤਰੀ ਚੰਨੀ ਦੀ ਇੱਕ ਹੋਰ ਵਾਅਦਾ ਖਿਲਾਫੀ ਤੋਂ ਪਰਦਾ ਉੱਠਿਆ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ 60 ਐਲਾਨਾਂ ਨੂੰ ਅਮਲੀ ਰੂਪ ਦੇਣ ਦੇ ਦਾਅਵੇ ਦੀ ਗੱਲ ਕਰੀਏ ਤਾਂ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਉੱਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਕਿਹੜੇ ਮੁਲਾਜ਼ਮ ਪੱਕੇ ਕੀਤੇ ਗਏ ਹਨ ਜਾਂ ਕਿੰਨਾ ਨੂੰ ਹਾਲੇ ਪੱਕਾ ਕੀਤਾ ਜਾਣਾ ਹੈ, ਵਿਭਾਗ ਦੇ ਮੁਖੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਹੈ। ਇੱਥੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਨੂੰ ਮਾਰੇ ਇੱਕ ਮਿਹਣੇ ਦਾ ਜ਼ਿਕਰ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੱਕੇ ਕੀਤੇ 36 ਹਜ਼ਾਰ ਮੁਲਾਜ਼ਮਾਂ ਦੇ ਨਾਂ ਦੀ ਸੂਚੀ ਜਾਰੀ ਕਰ ਦੇਣ ਤਾਂ ਉਹ ਸਾਰੇ 100-100 ਰੁਪਏ ਇਨਾਮ ਦੇਣਗੇ। ਇਨ੍ਹਾਂ ਇੱਕ ਲੱਖ ਮੁਲਾਜ਼ਮਾਂ ਨੇ ਨਾਲ ਹੀ ਸਰਕਾਰ ਨੂੰ ਇਨਾਮ ਦੀ ਇੱਕ ਕਰੋੜ ਦੀ ਰਾਸ਼ੀ ਨਾਲ ਖ਼ਜ਼ਾਨਾ ਭਰਨ ਦਾ ਨਾਂ ਦਿੱਤਾ ਹੈ।

‘ਦ ਖ਼ਾਲਸ ਟੀਵੀ ਦੇ ਬਹੁ-ਚਰਚਿਤ ਸ਼ੋਅ ‘ਖ਼ਾਲਸ ਚਰਚਾ’ ਵਿੱਚ ਅਸੀਂ ਇਹ ਗੱਲ ਕਹੀ ਸੀ ਕਿ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਵਾਅਦਿਆਂ ਦੇ ਨਾਲ ਦਿਖਾਏ ਗਏ ਜਾਰੀ ਨੋਟੀਫਿਕੇਸ਼ਨ ਵੀ ਦਾਅਵਿਆਂ ਦੀ ਗਾਰੰਟੀ ਨਹੀਂ ਮੰਨੀ ਜਾ ਸਕਦੀ। ਅਸੀਂ ਇਹ ਵੀ ਕਿਹਾ ਸੀ ਕਿ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਦਾ ਨੋਟੀਫਿਕੇਸ਼ਨ ਵਿਭਾਗ ਦੇ ਮੁਖੀ ਲਾਗੂ ਕਰ ਲੈਣ ਅਤੇ ਨਾ ਹੀ ਕੋਈ ਅਜਿਹਾ ਕਾਨੂੰਨ ਬਣਿਆ ਹੈ ਜਿਹੜਾ ਨੋਟੀਫਿਕੇਸ਼ਨ ਵਾਪਸ ਲੈਣ ਜਾਂ ਸੋਧ ਕਰਨ ਦੀ ਇਜਾਜਤ ਨਾ ਦਿੰਦਾ ਹੋਵੇ। ਮੁੱਖ ਮੰਤਰੀ ਵੱਲੋਂ 6 ਦਸੰਬਰ ਨੂੰ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਨੇ ਸਾਡੀ ਇਸ ਦਲੀਲ ਉੱਤੇ ਮੋਹਰ ਲਾ ਦਿੱਤੀ ਹੈ। ਉਨ੍ਹਾਂ ਨੇ ਪੱਤਰ ਵਿੱਚ ਸੇਵਾਮੁਕਤੀ ਤੋਂ ਬਾਅਦ ਮੁੜ ਨਿਯੁਕਤੀ ਦੇ ਨਿਮਾਂ ਵਿੱਚ ਸੋਧ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੀ ਪੀਪੀ ਤਿੰਨ ਸ਼ਾਖਾ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁੜ ਨਿਯੁਕਤੀ ਦਾ ਫੈਸਲਾ ਪ੍ਰੋਜੈਕਟ ਮੈਨੇਜਮੈਂਟ ਯੂਨਿਟਾਂ, ਸੈਂਟਰਲ ਸਪਾਂਸਰਡ ਸਕੀਮਾ, ਸਟੇਟ ਸਕੀਮਾਂ ਜਾਂ ਫਿਰ ਕਿਸੇ ਕਾਨੂੰਨ ਤਹਿਤ ਸਥਾਪਤ ਕਮਿਸ਼ਨ ਦੀ ਮਿਆਦ ਆਧਾਰਿਤ ਨਿਯੁਕਤੀ ਉੱਤੇ ਲਾਗੂ ਨਹੀਂ ਹੋਵੇਗਾ। ਹਾਲਾਂਕਿ ਜਾਰੀ ਨੋਟੀਫਿਕੇਸ਼ਨ ਵਿੱਚ ਮੁੜ ਨਿਯੁਕਤੀ ਵਾਲੇ ਮੁਲਾਜ਼ਮਾਂ ਨੂੰ ਘਰੇ ਤੋਰਨ ਦਾ ਫੈਸਲਾ ਤੁਰੰਤ ਲਾਗੂ ਕਰਨ ਦਾ ਦਾਅਵਾ ਕੀਤਾ ਗਿਆ ਸੀ। ਉਂਝ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਵਿੱਚ ਹੀ ਇਹ ਸਵਾਲ ਉੱਠਣ ਲੱਗ ਪਏ ਸਨ ਕਿ ਇੱਕ ਪਾਸੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੇ ਆਪ ਹੀ ਜਾਣਕਾਰੀ ਦਿੱਤੀ ਸੀ ਕਿ ਵਿਧਾਨ ਸਭਾ ਵਿੱਚ ਪਾਸ ਕੀਤਾ ਮਤਾ ਰਾਜ ਦੇ ਰਾਜਪਾਲ ਕੋਲ ਅੰਤਿਮ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਾਅਦਿਆਂ ਅਤੇ ਦਾਅਵਿਆਂ ਉੱਤੇ ਅੱਖਾਂ ਮੀਚ ਕੇ ਯਕੀਨ ਕਰਨ ਨੂੰ ਤਿਆਰ ਹੋ ਵੀ ਜਾਈਏ ਤਾਂ ਸੜਕਾਂ ਉੱਤੇ ਨੌਕਰੀ ਬਚਾਉਣ ਅਤੇ ਰੈਗੂਲਰ ਕਰਨ ਦੇ ਗੂੰਜਦੇ ਨਾਅਰੇ ਤੁਹਾਨੂੰ ਬੇਚੈਨ ਕਰਦੇ ਹਨ। ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਿਹਤ ਵਿਭਾਗ ਦੇ ਕਰਮਚਾਰੀ ਸੜਕਾਂ ਉੱਤੇ ਹਨ। ਕੱਚੇ ਅਧਿਆਪਕਾਂ ਨੇ ਜਾਨ ਖਤਰੇ ਵਿੱਚ ਪਾ ਕੇ ਥਾਂ-ਥਾਂ ਟਾਵਰ ਮੱਲ ਰੱਖੇ ਹਨ। ਹੋਰ ਤਾਂ ਹੋਰ ਤਹਿਸੀਲਾਂ ਵਿੱਚ ਰਜਿਸਟਰੀਆਂ ਨਹੀਂ ਹੋ ਰਹੀਆਂ। ਹਰ ਪਾਸੇ ਮੁਲਾਜ਼ਮਾਂ ਵਿੱਚ ਹਾਹਾਕਾਰ ਹੈ। ਜਦੋਂ ਹੱਥਾਂ ਵਿੱਚ ਪੱਕੇ ਹੋਣ , ਤਨਖਾਹ ਵਧਾਏ ਜਾਣ ਜਾਂ ਹੋਰ ਮੰਗਾਂ ਦੀਆਂ ਹੱਥਾਂ ਵਿੱਚ ਤਖਤੀਆਂ ਫੜੀ ਮੁਲਾਜ਼ਮ ਅੱਖਾਂ ਮੂਹਰ ਦੀ ਲੰਘਦੇ ਹਨ ਤਾਂ ਇੱਕ ਵਾਰ ਤਾਂ ਸਭ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉਹ ਮੰਗ ਨਕਾਰ ਦੇਣ ਨੂੰ ਜੀਅ ਕਰਦਾ ਜਿਸਦੇ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਈ ਮੈਨੂੰ ਚਰਨਜੀਤ ਸਿੰਘ ਚੰਨੀ ਨਹੀਂ ਵਿਸ਼ਵਾਸਜੀਤ ਸਿੰਘ ਚੰਨੀ ਕਿਹਾ ਕਰੋ। ਮੁੱਖ ਮੰਤਰੀ ਦੇ ਉਨ੍ਹਾਂ ਬੋਲਾਂ ‘ਤੇ ਵੀ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਮੰਨਦਾ ਜਿਹੜੇ ਉਨ੍ਹਾਂ ਨੇ ਉਸੇ ਹੀ ਪ੍ਰੈੱਸ ਕਾਨਫਰੰਸ ਵਿੱਚ ਕਹੇ ਸਨ ਕਿ ਮੇਰਾ ਬੋਲਿਆ ਇੱਕ ਸ਼ਬਦ ਕਾਨੂੰਨ ਬਣਦਾ ਹੈ।

Comments are closed.