The Khalas Tv Blog Punjab ਖੇਤੀ ਕਾਨੂੰਨ : ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮੁਲਤਵੀ, ਖਰੜਾ ਲੈਣ ਵਾਸਤੇ ਆਪ ਦਾ ਅੰਦਰ ਤੇ ਅਕਾਲੀਆਂ ਦਾ ਬਾਹਰ ਧਰਨਾ ਜਾਰੀ
Punjab

ਖੇਤੀ ਕਾਨੂੰਨ : ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਮੁਲਤਵੀ, ਖਰੜਾ ਲੈਣ ਵਾਸਤੇ ਆਪ ਦਾ ਅੰਦਰ ਤੇ ਅਕਾਲੀਆਂ ਦਾ ਬਾਹਰ ਧਰਨਾ ਜਾਰੀ

‘ਦ ਖ਼ਾਲਸ ਬਿਊਰੋ:- ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੱਦੇ ਗਏ ਪੰਜਾਬ ਵਿਧਾਨ ਸਭਾ ਦਾ ਪਹਿਲੇ ਦਿਨ ਦਾ ਸੈਸ਼ਨ ਕੱਲ੍ਹ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਧਰਨਿਆਂ ਦੌਰਾਨ ਮ੍ਰਿਤਕ ਕਿਸਾਨਾਂ ਅਤੇ ਹੋਰ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇ ਕੇ ਹੋਈ ਸੀ। ਕਾਂਗਰਸ ਵਿਧਾਇਕ ਫਤਿਹਜੰਦ ਬਾਜਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਕੱਲ੍ਹ ਬਿੱਲ ਪੇਸ਼ ਕੀਤਾ ਜਾਵੇਗਾ।  ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਰਕੇ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਸਦਨ ਦੇ ਅੰਦਰ ਹੀ ਧਰਨਾ ਲਗਾ ਦਿੱਤਾ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸ਼ਾਮ ਤੱਕ ਸਾਰੇ ਵਿਧਾਇਕਾਂ ਨੂੰ ਬਿੱਲ ਦੀਆਂ ਕਾਪੀਆਂ ਮਿਲ ਜਾਣਗੀਆਂ।

ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਕਈ ਹੋਰ ਅਕਾਲੀ ਵਿਧਾਇਕਾਂ ਸਣੇ ਪੰਜਾਬ ਵਿਧਾਨ ਸਭਾ ਟਰੈਕਟਰਾਂ ਉੱਤੇ ਪਹੁੰਚੇ। ਕਾਂਗਰਸ ਦੇ ਵੀ ਕਈ ਵਿਧਾਇਕ ਟਰੈਕਟਰਾਂ ‘ਤੇ ਸਵਾਰ ਹੋ ਕੇ ਵਿਧਾਨ ਸਭਾ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਾਲੇ ਕੱਪੜੇ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ 19 ਅਕਤੂਬਰ ਨੂੰ ਦੋ ਦਿਨਾਂ ਦਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ।

ਆਮ ਆਦਮੀ ਪਾਰਟੀ ਦਾ ਧਰਨਾ

 ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਰਕੇ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਸਦਨ ਦੇ ਅੰਦਰ ਹੀ ਧਰਨਾ ਲਗਾ ਦਿੱਤਾ ਹੈ। ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ, ”ਬਿੱਲ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ, ਬੇਸ਼ੱਕ ਰਾਤ ਕੱਟਣੀ ਪਵੇ, ਪਰ ਬਿੱਲਾਂ ਦੀ ਕਾਪੀ ਲੈ ਕੇ ਉਠਾਂਗੇ”।

ਪੰਜਾਬ ਕੈਬਨਿਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੇਤੀ ਕਾਨੂੰਨਾਂ ਬਾਰੇ ਕੋਈ ਵੀ ਫ਼ੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ ਹੈ। ਕੈਬਨਿਟ ਨੇ ਫੈਸਲਾ ਲਿਆ ਕਿ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਦੋ ਦਿਨਾਂ ਦੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ‘ਕਾਲੇ ਖੇਤੀ ਕਾਨੂੰਨਾਂ’ ਨੂੰ ਖ਼ਤਮ ਕਰਨ ਦੀ ਰਣਨੀਤੀ ਨੂੰ ਅੰਤਮ ਰੂਪ ਦਿੱਤਾ ਜਾਵੇਗਾ।

 

ਦੋ ਦਿਨਾਂ ਦੇ ਸਪੈਸ਼ਲ ਸੈਸ਼ਨ ਦੌਰਾਨ ਹਾਊਸ ਵਿੱਚ ਬੈਠੇ ਕੈਪਟਨ ਅਮਰਿੰਦਰ ਸਿੰਘ

ਸੈਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, “ਇਹ ਜੰਗ ਜਾਰੀ ਰਹੇਗੀ। ਅਸੀਂ ਸੁਪਰੀਮ ਕੋਰਟ ਤੱਕ ਲੜਾਂਗੇ।” ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਵੱਲੋਂ ਤੁਰੰਤ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਪੂਰੀ ਤਾਂ ਨਹੀਂ ਕੀਤੀ ਜਾ ਸਕੀ ਕਿਉਂਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਕਾਨੂੰਨੀ ਮੁਸ਼ਕਿਲਾਂ ਦੀ ਜਾਂਚ ਕੀਤੀ ਜਾਣੀ ਸੀ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਨੀਤੀ ਨੂੰ ਅੰਤਮ ਰੂਪ ਦੇਣ ਵੇਲੇ ਵਿਧਾਇਕਾਂ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਨੂੰ ਖੇਤੀ ਕਾਨੂੰਨਾਂ ਬਾਰੇ ਵਿਸ਼ੇਸ਼ ਇਜਲਾਸ ਸੱਦਣ ਬਾਰੇ ਮੰਗ ਕੀਤੀ ਹੈ। ਅਕਾਲੀ ਦਲ ਨੇ ਵੀ ਕਿਹਾ ਸੀ ਕਿ ਸਰਕਾਰ ਨੂੰ ਵਿਸ਼ੇਸ਼ ਇਜਲਾਸ ਸੱਦਣਾ ਚਾਹੀਦਾ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।  ਪੰਜਾਬ ਸਰਕਾਰ ਵੱਲੋਂ ਅੱਜ 11 ਮੈਂਬਰੀ ਵਫ਼ਦ ਨੂੰ ਗੱਲਬਾਤ ਲਈ ਸੱਦਾ ਮਿਲਣ ਤੋਂ ਬਾਅਦ ਹੀ ਬੀਕੇਯੂ (ਉਗਰਾਹਾਂ) ਵੱਲੋਂ ਧਰਨੇ ਨੂੰ ਮੁਲਤਵੀ ਕੀਤਾ ਗਿਆ ਹੈ।

Exit mobile version