Punjab Religion

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪਾਇਆ ਗਿਆ ਵਿਸ਼ੇਸ਼ ਮਤਾ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee )  ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami )ਵੱਲੋਂ ਪੜੇ ਗਏ ਮਤੇ ਵਿੱਚ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਸਰਵਉੱਚ ਅਸਥਾਨ ਹਨ। ਪ੍ਰਭੂਸੱਤਾ ਸੰਪੰਨ, ਸਿੱਖਾਂ ਦੀ ਅਜ਼ਾਦ ਹਸਤੀ ਵਜੋਂ ਇਸ ਅਸਥਾਨ ਦਾ ਮਹੱਤਵ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਅਸਲੋਂ ਨਿਵੇਕਲਾ ਹੈ।

ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਨਤਮਸਤਕ ਹੁੰਦਿਆਂ ਇਥੋਂ ਦੇ ਆਦੇਸ਼ਾਂ, ਸੰਦੇਸ਼ਾਂ ਤੇ ਹੁਕਮਨਾਮਿਆਂ ਨੂੰ ਮੰਨਦੇ ਹਨ। ਇਸ ਪ੍ਰਸੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਬੇਹੱਦ ਸਤਿਕਾਰਤ ਹੈ। ਮੌਜੂਦਾ ਸਮੇਂ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪੰਥ ਅੰਦਰ ਇਕ ਵੱਡੀ ਚਰਚਾ ਚੱਲ ਰਹੀ ਹੈ।

ਇਸ ਪ੍ਰਥਾਏ ਅੱਜ ਦਾ ਜਨਰਲ ਇਜਲਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਜਨਰਲ ਇਜਲਾਸ ਇਸ ਕਾਰਜ ਵਾਸਤੇ ਪੰਥਕ ਨੁਮਾਇੰਦਿਆਂ ਦੀ ਇਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਨੂੰ ਵੀ ਪ੍ਰਵਾਨਗੀ ਦਿੰਦਾ ਹੈ।