India International Khalas Tv Special

Special Report । ਟੋਕੀਓ ਉਲੰਪਿਕਸ ‘ਚ ਕੀਹਨੇ ਖੋਹੇ ਭਾਰਤੀ ਖਿਡਾਰੀਆਂ ਤੋਂ ਮੈਡਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ਵਿਚ ਭਾਰਤੀ ਖਿਡਾਰੀਆਂ ਨੂੰ ਮੈਡਲਾਂ ਲਈ ਤਕਰੀਬਨ ਤਕਰੀਬਨ ਤਰਸਣਾ ਪੈ ਰਿਹਾ ਹੈ।ਵੇਟਲਿਫਟਰ ਮੀਰਾ ਬਾਈ ਚਾਨੂ ਦੀ ਜੇਕਰ ਗੱਲ ਕਰੀਏ ਤਾਂ ਚਾਨੂ ਦੇ ਸਿਲਵਰ ਮੈਡਲ ਨੇ ਜਰੂਰ ਭਾਰਤ ਦੀ ਹਾਲੇ ਤੱਕ ਲਾਜ ਰੱਖੀ ਹੋਈ ਹੈ।ਮੈਡਲ ਚਾਰਟ ਤੇ ਜੇਕਰ ਨਜਰ ਫੇਰੀਏ ਤਾਂ ਭਾਰਤ ਦਾ ਇਕ ਸਿਲਵਰ ਮੈਡਲ ਨਾਲ 46ਵਾਂ ਨੰਬਰ ਹੈ ਤੇ ਟੋਟਲ ਮੈਡਲ ਰੈਂਕ ਵਿਚ 42ਵੀਂ ਥਾਂ ਹੈ।ਪਰ ਹੈਰਾਨ ਕਰਨ ਵਾਲੀ ਚੀਜ ਹੈ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਥਾਂ ਲੱਭਣੀ ਵੀ ਔਖੀ ਹੋ ਰਹੀ ਹੈ। ਨਿਸ਼ਾਨੇਬਾਜੀ ਹੋਵੇ ਜਾਂ ਟੇਬਲ ਟੈਨਿਸ ਤੇ ਮਹਿਲਾ ਹਾਕੀ ਦੀ ਟੀਮ ਤੇ ਜਾਂ ਫਿਰ ਤਲਵਾਰਬਾਜੀ, ਸਾਰੇ ਖਿਡਾਰੀਆਂ ਦੇ ਹਿੱਸੇ ਹਾਰ ਹੀ ਆਈ ਹੈ।

ਭਾਰਤੀ ਨਿਸ਼ਾਨੇਬਾਜ ਮਨੂ ਭਾਕਰ ਤੇ ਸੌਰਭ ਚੌਧਰੀ ਵੀ ਆਪਣੇ ਪ੍ਰਦਰਸ਼ਨਾਂ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਰ ਚਾਰੇ ਭਾਰਤੀ ਟੀਮਾਂ ਫਾਇਨਲ ਵਿਚ ਥਾਂ ਨਹੀਂ ਬਣਾ ਸਕੀਆਂ। ਭਾਰਤ ਦੀ ਦੂਜੀ ਟੀਮ ਯਾਨੀ ਕਿ ਯਸ਼ਵਿਨੀ ਦੇਸਵਾਲ ਤੇ ਅਭਿਸ਼ੇਕ ਵੀ 17ਵੇਂ ਸਥਾਨ ਉੱਤੇ ਰਹੇ। ਬਾਅਦ ਵਿਚ ਕਵਾਲੀਫਾਈ ਕਰਨ ਦੇ ਦੌਰਾਨ ਇਹ ਵੀ ਬਾਹਰ ਹੋ ਗਏ।

ਹਾਲਾਂਕਿ ਮਨੁ ਭਾਕਰ ਨੇ ਤਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਤੋਂ ਜੋ ਵੀ ਹੋ ਸਕਿਆ ਹੈ, ਉਨ੍ਹਾਂ ਕਰ ਦਿੱਤਾ ਹੈ, ਹਾਂ ਇੰਨਾ ਜਰੂਰ ਹੈ ਕਿ ਜਿੰਨਾ ਕੀਤਾ ਹੈ, ਉਹ ਕਾਫੀ ਨਹੀਂ ਸੀ। ਮਨੂ ਨੇ ਇਹ ਵੀ ਮੰਨਿਆ ਕਿ ਉਹ ਦਬਾਅ ਵਿਚ ਸੀ ਤੇ ਇਸੇ ਕਾਰਨ ਚੀਜਾਂ ਹੱਥੋਂ ਬਾਹਰ ਹੋ ਗਈਆਂ। ਖੇਡ ਜਾਣਕਾਰ ਇਸਨੂੰ ਮਾਨਸਿਕ ਤਿਆਰੀ ਨਾਲ ਵੀ ਜੋੜ ਰਹੇ ਹਨ ਕਿ ਨਿਸ਼ਾਨੇਬਾਜੀ ਇਕ ਮਨੋਵਿਗਆਨਿਕ ਖੇਡ ਵੀ ਹੈ।

ਇਸ ਨੂੰ ਸਪਸ਼ਟ ਕਰਦਿਆਂ ਨੈਸ਼ਨਲ ਰਾਇਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਰਨਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤੀ ਸ਼ੂਟਿੰਗ ਟੀਮ ਕੋਲ ਮਨੋਵਿਗਿਆਨਿਕ ਕਿਉਂ ਨਹੀਂ ਹਨ। ਨਿਸ਼ਾਨੇਬਾਜ ਮਨੂ ਭਾਕਰ ਤੇ ਪੁਰਾਣੇ ਕੋਚ ਵਿਚਾਲੇ ਤਣਾਅ ਦੀ ਵੀ ਚਰਚਾ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਮਨੁ ਭਾਕਰ ਤੇ ਉਸਦੇ ਕੋਚ ਜਸਪਾਲ ਰਾਣਾ ਵਿਚਾਲੇ ਵਿਸ਼ਵ ਚੈਂਪਿਅਨਸ਼ਿਪ ਦੇ ਸਮੇਂ ਤੋਂ ਹੀ ਨਿਸ਼ਾਨੇਬਾਜਾਂ ਦੀ ਟੀਮ ਵਿਚ ਅੰਦਰੂਨੀ ਕਲੇਸ਼ ਸੀ। ਇਸਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ।ਇਹ ਦੋਵੇਂ ਆਪਸ ਵਿਚ ਕਿਉਂ ਕੰਮ ਨਹੀਂ ਕਰ ਸਕਦੇ, ਇਹ ਦੋਵੇਂ ਜਾਣਦੇ ਹਨ, ਪਰ ਟੋਕਿਓ ਵਿਚ ਮਨੂ ਦਾ ਪ੍ਰਦਰਸ਼ਨ ਜੋ ਹੈ, ਉਸਨੂੰ ਜਸਪਾਲ ਰਾਣਾ ਦੇ ਸਿਰ ਉੱਤੇ ਨਹੀਂ ਮੜ੍ਹਿਆ ਜਾ ਸਕਦਾ ।

ਹਾਰ ਮਗਰੋਂ ਮਨੁ ਨੇ ਇੰਨਾ ਜਰੂਰ ਕਿਹਾ ਕਿ ਕੋਚ ਬਦਲਣ ਦਾ ਫੈਸਲਾ ਉਨ੍ਹਾਂ ਦਾ ਨਹੀਂ ਹੈ।ਹਾਂ ਉਸ ਵੇਲੇ ਇਹ ਜਰੂਰੀ ਲੱਗਿਆ ਸੀ। ਜੋ ਵੀ ਹੋਵੇ ਕਲੇਸ਼ ਕਿਸੇ ਵੀ ਪੱਧਰ ਦਾ ਹੋਵੇ, ਇਹ ਦੇਸ਼ ਦੇ ਮਾਣ ਸਨਮਾਨ ਨਾਲ ਜੁੜੀ ਗੇਮ ਹੈ ਤੇ ਮਨੂ ਜਾਂ ਹੋਰ ਕਿਸੇ ਖਿਡਾਰੀ ਨੂੰ ਇਹ ਸਭ ਭੁਲਾ ਕੇ ਅੱਗੇ ਦੇਖਣਾ ਚਾਹੀਦਾ ਹੈ।ਅੱਜ ਯਾਨੀ ਕਿ 29 ਜੁਲਾਈ ਨੂੰ ਮਨੁ ਭਾਕਰ ਮਹਿਲਾਵਾਂ ਦੀ 25 ਮੀਟਰ ਦੀ ਏਅਰ ਪਿਸਟਲ ਗੇਮ ਵਿਚ ਹਿੱਸਾ ਲੈ ਰਹੀ ਹੈ। ਇਸ ਖਾਸ ਦਿਨ ਨਿਸ਼ਾਨੇਬਾਜੀ ਦੇ ਦਰਸ਼ਕਾਂ ਦੀਆਂ ਨਜਰਾਂ ਮਨੂ ਉੱਤੇ ਲੱਗੀਆਂ ਹੋਈਆਂ ਹਨ।

ਸੁੰਨੇ ਸਟੇਡੀਅਮ ਕਿਵੇਂ ਅਸਰ ਪਾ ਰਹੇ ਖਿਡਾਰੀਆਂ ‘ਤੇ

24 ਜੁਲਾਈ ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਧੇ ਮੈਚ ਤੱਕ ਇਹ ਭਾਫ ਲਿਆ ਸੀ ਕਿ ਹਾਲਾਤ ਬੜੇ ਖਰਾਬ ਹੋਣ ਵਾਲੇ ਹਨ।ਅੱਧੇ ਸਮੇਂ ਤਕ ਦੀ ਖੇਡ ਇਹ ਟੀਮ 0-4 ਨਾਲ ਪਿਛੇ ਰਹਿ ਗਈ।ਅਫ਼ਸੋਸ ਦੀ ਗੱਲ ਇਹ ਵੀ ਰਹੀ ਹੈ ਕਿ ਸ਼ਾਇਦ ਸਟੇਡੀਅਮ ਵਿੱਚ ਇਕ ਅੱਧਾ ਵਿਅਕਤੀ ਹੀ ਹੋਣ ਕਾਰਨ ਇਸਦਾ ਅਸਰ ਖਿਡਾਰਨਾ ਤੇ ਪਿਆ ਹੈ। ਇੱਥੇ ਕੋਈ ਦਰਸ਼ਕ ਨਹੀਂ, ਕਿਸੇ ਵੀ ਸਟੇਡੀਅਮ ਦੀ, ਕਿਸੇ ਵੀ ਖੇਡ ਦੀ ਤੁਸੀਂ ਗੱਲ ਕਰਦੇ ਹੋ ਬਸ ਖਿਡਾਰੀ, ਸਹਾਇਤਾ ਕਰਮਚਾਰੀ, ਮੀਡੀਆ ਆਦਿ ਦੇ ਕੁਝ ਗਿਣਤੀ ਦੇ ਹੀ ਲੋਕ ਹੀ ਨਜਰ ਆ ਰਹੇ ਹਨ।

ਹਾਲਾਂਕਿ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਤੇ ਬੈਡਮਿੰਟਰ ਸਟਾਰ ਪੀਵੀ ਸਿੰਧੂ ਦੇ ਕਵਾਰਟਰ ਫਾਇਨਲ ਵਿਚ ਪੁੱਜਣ ਨਾਲ ਹਾਲੇ ਉਮੀਦਾਂ ਜਰੂਰ ਕਾਇਮ ਹਨ। ਬਿਨਾਂ ਕਿਸੇ ਦਰਸ਼ਕ ਦੇ ਮੈਚ ਵੇਖਣਾ ਤੇ ਖੇਡਣਾ ਹੋਰ ਹੀ ਤਰ੍ਹਾਂ ਦਾ ਅਨੁਭਵ ਹੈ।ਖਿਡਾਰੀਆਂ ਨੂੰ ਜਿਹੜੀ ਬਾਹਰੋਂ ਸਪੋਰਟ ਮਿਲਦੀ ਹੈ, ਕਈ ਵਾਰ ਉਹੀ ਜਿਤ ਹਾਰ ਤੈਅ ਕਰ ਜਾਂਦੀ ਹੈ। ਇਹ ਮਨੋਵਿਗਿਆਨਕ ਕਾਰਣ ਵੀ ਹੈ। ਮੀਡੀਆ ਰਿਪੋਰਟਾਂ ਨੇ ਇਹ ਵੀ ਕਿਹਾ ਹੈ ਕਿ ਕਮਜੋਰ ਦਿਲ ਵਾਲੇ ਡਰ ਵੀ ਸਕਦੇ ਹਨ। ਵੱਡੇ ਵੱਡੇ ਸਟੇਡੀਅਮ, ਬਸ ਖਿਡਾਰੀ ਤੇ ਹੋਰ ਪ੍ਰਬੰਧ ਕਰਨ ਵਾਲੇ ਲੋਕ। ਕੋਰੋਨਾ ਕਾਰਨ ਲਏ ਗਏ ਇਸ ਫੈਸਲੇ ਦਾ ਖਿਡਾਰੀਆਂ ਦੇ ਉੱਤੇ ਵੀ ਅਸਰ ਪਿਆ ਹੈ।

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਵੀ ਇਸ ਮੈਚ ਦੀ ਹਾਰ ਨੂੰ ਕਈ ਐਂਗਲ ਦਿਤੇ ਹਨ। ਖੇਡ ਮਾਹਿਰ ਕਹਿੰਦੇ ਹਨ ਕਿ ਇਸ ਮੈਚ ਵਿਚ ਪੂਰੀ ਟੀਮ…ਟੀਮ ਦੇ ਵਾਂਗ ਖੇਡੀ ਹੀ ਨਹੀਂ।ਸਾਰੇ ਆਪਣੇ ਪੱਧਰ ਉੱਤੇ ਹੀ ਖੇਡਦੇ ਰਹੇ ਹਨ।ਜੋ ਵੀ ਸੀ ਭਾਰਤ ਨੂੰ 7 ਪੈਨਾਲਟੀ ਕਾਰਨਰ ਮਿਲੇ, ਕੈਸ਼ ਸਿਰਫ ਇਕ ਹੀ ਕਰ ਸਕੀਆਂ ਭਾਰਤੀ ਖਿਡਾਰਨਾ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ।

ਤਕਰੀਬਨ ਸਾਰੇ ਸਟੇਡੀਅਮਾਂ ਦਾ ਹਾਲ ਇਕੋ ਜਿਹਾ ਹੀ ਹੈ।ਸਟੇਡੀਅਮ ਵਿੱਚ ਕੋਈ ਸਾਫਟ ਡਰਿੰਕ ਅਤੇ ਆਈਸ-ਕਰੀਮ ਵੇਚਣ ਵਾਲਾ ਨਹੀਂ ਹੈ। ਤੁਹਾਡੀਆਂ ਗੱਲਾਂ ਨੂੰ ਉਸ ਦੇਸ਼ ਦੇ ਝੰਡੇ ਨਾਲ ਰੰਗਣ ਲਈ ਕੋਈ ਨਹੀਂ ਹੈ ਜਿਸ ਦੀ ਤੁਸੀਂ ਜਿੱਤ ਵੇਖਣਾ ਚਾਹੁੰਦੇ ਹੋ।

‘ਦਰਸ਼ਕਾਂ ਤੋਂ ਬਿਨਾਂ ਮਜ਼ਾ ਨਹੀਂ’

ਦਰਸ਼ਕ ਇਹ ਜਰੂਰ ਮੰਨ ਰਹੇ ਹਨ ਕਿ ਇਕਾ ਦੁਕਾ ਲੋਕ ਹੀ ਹਨ ਜੋ ਸਟੇਡਿਅਮ ਵਿਚ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਕਿਸ ਖਿਡਾਰੀ ਦੀ ਕੀ ਤਿਆਰੀ ਹੈ, ਕਿਸ ਖਿਡਾਰੀ ਉਤੇ ਕੀ ਦਬਾਅ ਹੈ ਤੇ ਕਿਵੇਂ ਖੇਡ ਦੀ ਭਾਵਨਾ ਮੈਦਾਨ ਵਿਚ ਪਸੀਨਾ ਬਹਾ ਰਹੀ ਹੈ। ਇਹ ਵੱਖਰੀਆਂ ਗੱਲਾਂ ਹਨ ਪਰ ਲੋਕਾਂ ਦੀ ਮੌਜੂਦਗੀ, ਆਪਣੇ ਚਹੇਤੇ ਖਿਡਾਰੀ ਲਈ ਲੋਕਾਂ ਦੀ ਹੁੰਦੀ ਹੂਟਿੰਗ ਇਹ ਬੜਾ ਕੁਝ ਤੈਅ ਕਰਦੀ ਹੈ।ਇਹ ਸਾਰਾ ਕੁੱਝ ਇਸ ਤਰ੍ਹਾਂ ਲੱਗ ਰਿਹੈ ਹੈ ਕਿ ਮੈਚ ਬਸ ਕਰਵਾਉਣੇ ਹਨ ਤੇ ਇਸ ਲਈ ਇਕ ਕਮਿੰਟਮੈਂਟ ਦੀ ਪੂਰਤੀ ਹੈ ਜੋ ਹਰ ਹੀਲੇ ਕਰਨੀ ਹੀ ਹੈ।


“ਚੀਅਰਿੰਗ ਕਰਨਾ…ਕਿਸੇ ਵੀ ਇੱਕ ਟੀਮ ਨੂੰ ਉਪਰ ਚੁੱਕ ਸਕਦੀ ਹੈ।ਦਰਸ਼ਕਾਂ ਦੇ ਜੈਕਾਰਿਆਂ ਅਤੇ ਸਮਰਥਨ ਕਾਰਨ ਜਿੱਤ ਹਾਰ ਕਈ ਵਾਰ ਨਵਾਂ ਰੂਪ ਲੈ ਲੈਂਦੀ ਹੈ। ਦਰਸ਼ਕ ਖਿਡਾਰੀਆਂ ਦੇ ਹੌਸਲੇ ਤੇ ਜਿੰਮੇਦਾਰੀ ਨੂੰ ਤੈਅ ਵੀ ਕਰਦੇ ਹਨ। ਹਾਂ ਖੇਡ ਮਾਹਿਰ ਇਹ ਵੀ ਮੰਨਦੇ ਹਨ ਕਿ ਦਰਸ਼ਕ ਹੋਣ ਚਾਹੇ ਨਾ ਹੋਣ, ਖੇਡਣ ਵਾਲੇ ਨੂੰ ਬਹੁਤਾ ਫਰਕ ਨਹੀਂ ਪੈਂਦਾ। ਹਜ਼ਾਰ ਬੰਦਾ ਸਾਹਮਣੇ ਹੋਵੇ, ਖਿਡਾਰੀ ਪੂਰੇ ਉਤਸ਼ਾਹ ਨਾਲ ਖੇਡਦਾ ਹੈ…ਇਕਾ ਦੁਕਾ ਹੋਣ ਖਿਡਾਰੀ ਖੇਡੇਗਾ ਤਾਂ ਵੀ, ਪਰ ਇਹ ਨਿਰਾਸ਼ ਕਰਨ ਵਾਲਾ ਸਮਾਂ ਹੋ ਸਕਦਾ ਹੈ…ਇਹ ਠੀਕ ਇਸ ਤਰ੍ਹਾਂ ਹੈ ਜਿਵੇਂ ਜੰਗਲ ਦੇ ਸ਼ੇਰ ਲਈ ਬਾਕੀ ਜੀਵ ਜੰਤੂ ਇਸ ਲਈ ਜਰੂਰੀ ਹਨ ਕਿਉਂ ਕਿ ਉਹ ਸ਼ੇਰ ਦਾ ਜੰਗਲ ਦਾ ਰਾਜਾ ਹੋਣਾ ਤੈਅ ਕਰਦੇ ਹਨ…ਕੱਲਾ ਸ਼ੇਰ ਵੀ ਪਾਗਲ ਹੋ ਸਕਦਾ ਹੈ।