ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਸ ਰਾਹ ‘ਤੇ ਜਾਂ ਜੇਲ੍ਹ ਹੈ ਜਾਂ ਫਿਰ ਮੌਤ, ਤੇ ਦੋਵੇਂ ਹੀ ਬਰਬਾਦੀ ਦੇ ਰਾਹ ਨੇ, ਬਰਬਾਦੀ ਦੇ ਇਨਾਂ ਰਾਹਾਂ ਤੇ ਆਖਰਕਾਰ ਨੌਜਵਾਨਾਂ ਨੂੰ ਤੌਰਦਾ ਕੌਣ ਹੈ।ਇਸ ਖਾਸ ਰਿਪੋਰਟ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ।
ਕਿਸੇ ਦੇ ਮੂੰਹੋਂ ਆਪਣੇ ਆਪ ਨੂੰ ਗੈਂਗਸਟਰ ਸੁਣਨਾ ਬੇਸ਼ੱਕ ਕਿਸੇ ਵੀ ਨੌਜਵਾਨ ਦੀ ਛਾਤੀ ਚੌੜੀ ਕਰ ਸਕਦਾ ਹੈ, ਪਰ ਇਸੇ ਛਾਤੀ ਨੂੰ 24 ਘੰਟੇ ਪੁਲਿਸ ਦੀ ਗੋਲੀ ਦਾ ਵੀ ਖੌਫ ਰਹਿੰਦਾ ਹੈ। ਗੈਂਗਸਟਰ ਬਣਨ ਦੀ ਕਹਾਣੀ ਨੌਜਵਾਨਾਂ ਵਿੱਚ ਸਿਰਫ ਆਪਣਾ ਦਬਦਬਾ ਕਾਇਮ ਰੱਖਣ ਜਾਂ ਲੋਕਾਂ ਵਿੱਚ ਆਪਣੇ ਨਾਂ ਦਾ ਝੰਡਾ ਲਹਿਰਾਉਣ ਤੱਕ ਹੀ ਸੀਮਤ ਨਹੀਂ ਹੈ, ਇਸਦੇ ਪਿੱਛੇ ਰਾਜਨੀਤਕ, ਸਮਾਜਿਕ ਤੇ ਹਜ਼ਾਰਾਂ ਹੋਰ ਕਾਰਣ ਹੋ ਸਕਦੇ ਹਨ।ਗੈਂਗਸਟਰ ਦੇ ਗੈਂਗਸਟਰ ਬਣਨ ਨੂੰ ਵਿਚਾਰਨ ਲਈ ਬਹੁਤ ਬਰੀਕ ਪਰਤਾਂ ਉੱਧੇੜਨ ਦੀ ਲੋੜ ਹੈ।
ਕਿੱਥੇ ਹੈ ਬਿਮਾਰੀ ਦੀ ਜੜ੍ਹ
ਹਰ ਕੋਈ ਤਾਂ ਨਹੀਂ ਪਰ ਕੁੱਝ ਨੌਜਵਾਨ ਅਜਿਹੇ ਹੁੰਦੇ ਨੇ ਜੋ ਬੰਦੂਕ ਦੇ ਜ਼ਰਿਏ ਆਪਣਾ ਨਾਂ ਕਮਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਹਿਲਾਂ ਆਪਣੇ ਨੇੜੇ ਤੇੜੇ ਫਿਰ ਦੂਰ ਦੁਰਾਡੇ ਵਾਰਦਾਤਾਂ ਇਨ੍ਹਾਂ ਨੌਜਵਾਨਾਂ ਨੂੰ ਕਦੋਂ ਗੈਂਗਸਟਰ ਪੁਣੇ ਦੇ ਖੂਹ ਵਿੱਚ ਧੱਕਾ ਦੇ ਦਿੰਦੀਆਂ ਹਨ, ਇਨ੍ਹਾਂ ਨੂੰ ਆਪ ਵੀ ਪਤਾ ਨਹੀਂ ਚਲਦਾ।ਇਕ ਵੇਲਾ ਅਜਿਹਾ ਵੀ ਆਉਂਦਾ ਹੈ ਕਿ ਗੈਂਗਸਟਰ ਬਣਕੇ ਲੋਕਾਂ ਵਿੱਚ ਖੌਫ ਪੈਦਾ ਕਰਦਾ ਨੌਜਵਾਨ ਆਪ 24 ਘੰਟੇ ਖੌਫ ਹੇਠਾਂ ਜਿਉਂਣ ਲਈ ਮਜ਼ਬੂਰ ਹੋ ਜਾਂਦਾ ਹੈ।
ਗੈਂਗਸਟਰ ਬਣਨ ਦੀ ਸ਼ੁਰੂਆਤ ਛੋਟੇ-ਮੋਟੇ ਜੁਰਮ ਤੋਂ ਸ਼ੁਰੂ ਹੁੰਦੀ ਹੈ। ਹੋਲੀ ਹੋਲੀ ਲੋਕਾਂ ਦਾ ਖੂਨ ਦੇਖ ਦੇ ਇਹਦੇ ਵਿੱਚ ਸਵਾਦ ਆਉਣ ਲੱਗਦਾ ਹੈ। ਨਾਂ ਵੀ ਬਣਨ ਲੱਗਦਾ ਹੈ, ਲੋਕ ਵਿੱਥ ਕੁ ਦੂਰੀ ਬਣਾ ਕੇ ਤੁਰਨ ਲੱਗਦੇ ਨੇ, ਗਲੀ ਮੁਹੱਲੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਇਹੀ ਸਮਾਜ ਨਾਲੋਂ ਵੱਖਰੇ ਹੋਣ ਦੀ ਫੀਲਿੰਗ ਵਿੱਚ ਬੰਦਾ ਹੋਰ ਤੋਂ ਹੋਰ ਬਣਦਾ ਚਲਾ ਜਾਂਦਾ ਹੈ।ਗੈਂਗਸਟਰ ਦੀ ਰਾਹ ‘ਤੇ ਤੁਰਦੇ ਨੌਜਵਾਨ ਨੂੰ ਲੱਗਦਾ ਹੈ ਕਿ ਉਹ ਦੂਜਿਆਂ ਨਾਲੋ ਵੱਧ ਤਾਕਤਵਰ ਹੈ।
ਬੀਬੀਸੀ ਨੂੰ ਖਾਸ ਇੰਟਰਵਿਊ ਦਿੰਦਿਆਂ ਕਿਸੇ ਵੇਲੇ ਲੱਖਾ ਸਿਧਾਣਾ ਨੇ ਕਿਹਾ ਸੀ ਕਿ ਉਹ ਕਾਲਜ ਵੇਲੇ ਤੋਂ ਹੀ ਛੋਟੇ ਮੋਟੇ ਜੁਰਮ ਕਰਨ ਲੱਗਾ ਸੀ। ਉਸੇ ਵਿੱਚ ਜ਼ਿੰਦਗੀ ਦਾ ਮਜ਼ਾ ਆਉਣ ਲੱਗਾ ਤੇ ਮਸ਼ਹੂਰੀ ਤੇ ਤਾਕਤ ਦੇ ਨਸ਼ੇ ਵਿੱਚ ਹੀ ਸਮਾਂ ਬੀਤਣ ਲੱਗਾ ਸੀ।ਹਾਲਾਂਖਿ ਲੱਖਾ ਨੇ ਕਿਹਾ ਗੈਂਗਸਰਟਬਾਜ਼ੀ ਨਾਲ ਜੁੜੇ ਗੀਤ ਵੀ ਨੌਜਵਾਨਾਂ ਦੇ ਮਨਾਂ ਨੂੰ ਇਸ ਪਾਸੇ ਆਉਣ ਲਈ ਚੋਟ ਮਾਰਦੇ ਹਨ। ਜੋ ਦਿਖਾਇਆ ਜਾਂਦਾ ਹੈ, ਉਸੇ ਨੂੰ ਨੌਜਵਾਨ ਅਪਨਾਉਣ ਲਈ ਪ੍ਰੇਰਿਤ ਹੋਣ ਲੱਗਦੇ ਹਨ। ਹਾਲਾਂਕਿ ਇਸ ਗੱਲ ਦੀ ਜੇਕਰ ਔਸਤ ਕੱਢੀ ਜਾਵੇ ਤਾਂ ਕਿਤੇ ਨਾ ਕਿਸੇ ਇਹ ਸਹੀ ਵੀ ਹੈ।
ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ 2004 ਤੋਂ ਜੇਲ੍ਹ ਦੇ ਅੰਦਰ ਤੇ ਕਦੀ ਬਾਹਰ ਆਉਂਦਾ ਰਿਹਾ ਹੈ। ਕਤਲ ਦੇ ਦੋਸ਼ ਵੀ ਲੱਗੇ ਫਿਰ ਹਾਈਵੇ ‘ਤੇ ਬੋਰਡਾਂ ‘ਤੇ ਪੰਜਾਬੀ ਭਾਸ਼ਾ ਲਈ ਕਾਲਾ ਪੋਚਾ ਫੇਰਨ ਕਰਕੇ ਇਕ ਲਹਿਰ ਦੀ ਸ਼ੁਰੂਆਤ ਕਰਨ ਕਰਕੇ ਜੇਲ੍ਹ ਵੀ ਗਿਆ।ਇਹ ਰਲੇ ਮਿਲੇ ਪ੍ਰਭਾਵ ਹੁੰਦੇ ਹਨ ਕਿ ਜਦੋਂ ਗੈਂਗਸਟਰ ਥੋੜ੍ਹਾ-ਥੋੜ੍ਹਾ ਆਪਣੇ ਆਪ ਨੂੰ ਸਮਾਜਿਕ ਵੀ ਮਹਿਸੂਸ ਕਰਦਾ ਹੈ ਤਾਂ ਉਹ ਸੁਧਾਰ ਦੀ ਪ੍ਰਵਿਰਤੀ ਨੂੰ ਵੀ ਹੱਥ ਮਾਰਨ ਲੱਗਦਾ ਹੈ।
ਬਹੁਤੇ ਗੈਂਗਸਟਰ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਉਹ ਖੁੱਲ੍ਹ ਕੇ ਕੋਈ ਪ੍ਰਚਾਰ ਨਹੀਂ ਕਰਦੇ। ਬੜਾ ਕੁੱਝ ਅੰਦਰਖਾਤੇ ਚੱਲਦਾ ਹੈ। ਕਿਸੇ ਘਟਨਾ ਤੋਂ ਬਾਅਦ ਉਸਦੀ ਜਿੰਮੇਦਾਰੀ ਲੈਣਾ ਆਪਣਾ ਖੌਫ ਸਥਾਪਿਤ ਕਰਨ ਦਾ ਜ਼ਰਿਆ ਵੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਉੱਤੇ ਨੌਜਵਾਨਾਂ ਦਾ ਵੱਡਾ ਵਰਗ ਉਨ੍ਹਾਂ ਦੀ ਗਤੀਵਿਧੀਆਂ ਨੂੰ ਦੇਖਦਾ ਹੈ, ਫਾਲੋ ਕਰਦਾ ਹੈ ਤੇ ਨਜ਼ਰ ਵੀ ਰੱਖਦਾ ਹੈ। ਇਸ ਨਾਲ ਬਹੁਤ ਸਾਰੇ ਨੌਜਵਾਨ ਜਾਂ ਕਹਿ ਲਵੋ ਬਾਗੀ ਨੌਜਵਾਨ ਉਨ੍ਹਾਂ ਨਾਲ ਇਸੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆ ਜੁੜਦੇ ਹਨ।
ਸਿਆਸਤ ਦੇ ਗੈਂਗਸਟਰ ਦੀਆਂ ਲੁਕੀਆਂ ਤੰਦਾਂ
ਕੋਈ ਮੰਨੇ ਨਾ ਮੰਨੇ ਪਰ ਇਹ ਲੁਕਿਆ ਹੋਇਾ ਸੱਚ ਹੈ, ਗੈਂਗਸਟਰਾਂ ਨੂੰ ਬਣਾਉਣ ਵਾਲੇ ਵੀ ਸਿਆਸਤਦਾਨ ਨੇ ਤੇ ਮਿਟਾਉਣ ਵਾਲੇ ਵੀ ਲੀਡਰ ਹੀ ਹੁੰਦੇ ਨੇ, ਸਿਆਸਤ ਬਹੁਤ ਬਰੀਕ ਤੰਗ ਰਸਤਾ ਹੈ। ਇੱਥੇ ਕਦੋ ਕੀ ਹੁੰਦਾ ਹੈ, ਬਹੁਤ ਘੱਟ ਲੋਕ ਪਤਾ ਕਰ ਪਾਉਂਦੇ ਹਨ। ਗੈਂਗਸਟਰਾਂ ਨੂੰ ਇਨ੍ਹਾਂ ਤੰਗ ਰਸਤਿਆਂ ਵਿੱਚ ਆਰਾਮ ਨਾਲ ਜਗ੍ਹਾ ਮਿਲ ਜਾਂਦੀ ਹੈ। ਵੱਡੇ ਵੱਡੇ ਫੜ੍ਹੇ ਜਾਣ ‘ਤੇ ਸਿਆਸੀ ਲੀਡਰਾਂ ਤੇ ਪੁਲਿਸ ਦੇ ਅਫਸਰਾਂ ਨਾਲ ਆਪਣੇ ਸੰਬੰਧਾਂ ਦੇ ਖੁਲਾਸੇ ਕਰਦੇ ਹਨ। ਸਿਆਸੀ ਲੋਕ ਆਮ ਲੋਕਾਂ ਵਿੱਚ ਆਪਣੇ ਦਬਦਬੇ ਨੂੰ ਕਾਇਮ ਰੱਖਣ ਲਈ ਇਨ੍ਹਾਂ ਗੈਂਗਸਟਰਾਂ ਨੂੰ ਅੰਦਰਖਾਤੇ ਇਸਤੇਮਾਲ ਕਰਦੇ ਹਨ। ਸਿਆਸਤ ਵਲੋਂ ਗੈਂਗਸਟਰਾਂ ਨੂੰ ਸ਼ਹਿ ਮਿਲਣ ਦੀ ਚਰਚਾ ਆਮ ਰਹਿੰਦੀ ਹੈ।ਇਹ ਗੈਂਗਸਟਰ ਹੀ ਸਿਆਸਤ ਲਈ ਟੇਢੀ ਉਂਗਲ ਨਾਲ ਘਿਓ ਕੱਢਣ ਦਾ ਕੰਮ ਕਰਦੇ ਹਨ।ਵੋਟਾਂ ਵੇਲੇ ਇਨ੍ਹਾਂ ਟੇਢੀਆਂ ਉਂਗਲਾਂ ਦੀ ਲੋੜ ਜ਼ਿਆਦਾ ਹੁੰਦੀ ਹੈ।ਪਰ ਹੋਲੀ ਹੋਲੀ ਇਹ ਗੈਂਗਸਟਰ ਵੀ ਸਮਝ ਜਾਂਦੇ ਹਨ ਕਿ ਉਹ ਵਰਤੇ ਜਾ ਰਹੇ ਹਨ ਤੇ ਜਦੋਂ ਗੈਂਗਸਟਰ ਤੇ ਸਿਆਸਤ ਇਕ ਦੂਜੇ ਲਈ ਖਤਰਾ ਬਣਦੇ ਹਨ, ਤਾਂ ਦੋਹਾਂ ਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਕੌਣ ਪਹਿਲਾਂ ਖਤਮ ਹੋਵੇਗਾ।ਪੰਜਾਬ ਪੁਲਿਸ ਦੇ ਸੇਵਾ ਮੁਕਤ ਐਡੀਸ਼ਨਲ ਡੀਜੀਪੀ ਐੱਸ.ਕੇ ਸ਼ਰਮਾ ਨੇ ਵੀ ਕਿਹਾ ਸੀ ਕਿ ਸਿਆਸੀ ਲੀਡਰਾਂ ਦਾ ਵਧ ਰਹੇ ਗੈਂਗਸ ਵਿੱਚ ਵੱਡਾ ਹੱਥ ਹੈ।ਉਨ੍ਹਾਂ ਕਿਹਾ ਸੀ ਕਿ ਗੈਂਗਸਟਰ ਪਹਿਲਾਂ ਛੋਟੇ ਮੁਜਰਿਮ ਹੁੰਦੇ ਹਨ ਪਰ ਸਿਆਸੀ ਸ਼ਹਿ ਕਰਕੇ ਉਹ ਤਾਕਤਵਰ ਬਣ ਜਾਂਦੇ ਹਨ ਤੇ ਗੈਂਗਸਟਰ ਬਣ ਜਾਂਦੇ ਨੇ, ਕੇ ਫ਼ਿਰ ਗੈਂਗਾਂ ਦਾ ਆਪਸ ਵਿੱਚ ਮੁਕਾਬਲਾ ਚਲਦਾ ਹੈ, ਆਪਣੀ ਹੋਂਦ ਤੇ ਤਾਕਤ ਨੂੰ ਸਾਬਿਤ ਕਰਨ ਦੇ ਇਹ ਵੱਡੇ ਅਪਰਾਧ ਕਰਨ ਲੱਗ ਪੈਂਦੇ ਹਨ।
ਸਵਾਲਾਂ ਦੇ ਘੇਰੇ ਵਿੱਚ ਪੁਲਿਸ
ਇੰਡੀਅਨ ਐੱਕਸਪ੍ਰੈੱਸ ਦੇ ਸਾਬਕਾ ਸੰਪਾਦਕ ਵਿਪਿਨ ਪੱਬੀ ਦੇ ਅਨੁਸਾਰ ਪੁਲਿਸ ਵੀ ਇਸ ਮਾਮਲੇ ਵਿੱਚ ਇੱਕ ਸਮੱਸਿਆ ਹੈ।ਉਨ੍ਹਾਂ ਕਿਹਾ ਕਿ ਉਹ ਨਹੀਂ ਕਹਿੰਦੇ ਕਿ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਸ਼ਹਿ ਦਿੰਦੀਆਂ ਹਨ ਪਰ ਇਹ ਵਿਅਕਤੀਗਤ ਪੱਧਰ ‘ਤੇ ਜ਼ਰੂਰ ਵਾਪਰਦਾ ਹੈ। ਕੁਝ ਪੁਲਿਸ ਵਾਲੇ ਵੀ ਗੈਂਗਸਟਰਾਂ ਦੀ ਹਮਾਇਤ ਕਰਦੇ ਹਨ।ਪੁਲਿਸ ਕਈ ਵਾਰ ਇਸ ਲਈ ਵੀ ਅੱਖਾਂ ਬੰਦ ਕਰ ਲੈਂਦੀ ਹੈ ਕਿਉਂ ਕਿ ਉਸਨੂੰ ਪਤਾ ਹੈ ਕਿ ਗੈਂਗਸਟਰਾਂ ਨੂੰ ਸਿਆਸੀ ਸ਼ਹਿ ਹਾਸਲ ਹੈ
ਬੀਬੀਸੀ ਨੂੰ ਹੀ ਦਿੱਤੀ ਇੰਟਰਵਿਊ ਵਿੱਚ ਲੱਖਾ ਸਿਧਾਣਾ ਨੇ ਕਿਹਾ ਸੀ ਕਿ ਮੈਂ ਕਿਤੇ ਵੀ ਬਿਨਾਂ ਹਥਿਆਰ ਦੇ ਨਹੀਂ ਜਾ ਸਕਦਾ। ਹਰ ਵੇਲੇ ਇੱਕ ਖੌਫ ਬਣਿਆਂ ਰਹਿੰਦਾ ਹੈ। ਮੇਰੀਆਂ ਤਿੰਨ-ਚਾਰ ਪੀੜ੍ਹੀਆਂ ਇਸੇ ਝੂਠੇ ਸ਼ੌਹਰਤਪੁਣੇ ਕਰਕੇ ਖਤਰੇ ਵਿੱਚ ਹਨ।
ਗੈਂਗਸਟਰਾਂ ‘ਤੇ ਫਿਲਮਾਂ ਦਾ ਨੌਜਵਾਨਾਂ ‘ਤੇ ਪ੍ਰਭਾਵ
ਗੈਂਗਸਟਰਾਂ ਦਾ ਪ੍ਰਭਾਵ ਇਸ ਹੱਦ ਤੱਕ ਵਧ ਜਾਂਦਾ ਹੈ ਕਿ ਨੌਜਵਾਨ ਮੁੰਡੇ ਉਨ੍ਹਾਂ ਦੀਆਂ ਹਰਕਤਾਂ ਵਿੱਚੋਂ ਆਪਣਾ ਹੀਰੋ ਲੱਭਣ ਲੱਗਦੇ ਹਨ। ਇਸੇ ਹੀ ਹੀਰੋਗਿਰੀ ਨੂੰ ਫਿਲਮਾਂ ਰਾਹੀਂ ਪ੍ਰਮੋਟ ਕਰਨ ਦੀਆਂ ਵੀ ਕੋਸ਼ਿਸ਼ਾਂ ਹੋਣ ਲੱਗਦੀਆਂ ਹਨ। ਕਈ ਵਾਰ ਕਿਸੇ ਗੈਂਗਸਟਰ ਦਾ ਕੋਈ ਪਰਿਵਾਰਕ ਪੱਖ ਬਹੁਤ ਦੁਖਦਾਈ ਹੁੰਦਾ ਹੈ ਜਾਂ ਕਹਿ ਲਵੋ ਕਿ ਇਹ ਪੱਖ ਉਨ੍ਹਾਂ ਦੇ ਗੈਂਗਸਟਰ ਬਣਨ ਵਿੱਚ ਅਹਿਮ ਕੜੀ ਹੁੰਦਾ ਤੇ ਇਹੀ ਪੱਖ ਦੂਜਿਆਂ ਨੂੰ ਪ੍ਰਭਾਵਿਤ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਕੋਈ ਜੰਮਦਾ ਮਾੜਾ ਨਹੀਂ ਹੁੰਦਾ, ਪਰ ਹਾਂ ਜੰਮਣ ਤੋਂ ਬਾਅਦ ਮਾੜੇ ਹਾਲਾਤ ਜਰੂਰ ਬੰਦੇ ਦੇ ਚੰਗਾ ਮਾੜਾ ਹੋਣ ਵਿੱਚ ਭੂਮਿਕਾ ਨਿਭਾਉਂਦੇ ਹਨ। ਫ਼ੌਤ ਹੋ ਚੁੱਕੇ ਹਲਕੀ ਉਮਰ ਦੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ‘ਤੇ ਵੀ ਪੰਜਾਬੀ ਫ਼ਿਲਮ ‘ਸ਼ੂਟਰ’ ਬਣਾਈ ਗਈ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਉੱਤੇ ਪਾਬੰਦੀ ਲਾ ਦਿੱਤੀ ਸੀ। ਪ੍ਰੋਡਿਊਸਰ ਤੇ ਪ੍ਰੋਮੋਟਰ ਕੇਵੀ ਢਿੱਲੋਂ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।ਕਾਹਲਵਾਂ ਖ਼ੁਦ ਨੂੰ ਸ਼ਾਰਪ ਸ਼ੂਟਰ ਕਹਿੰਦਾ ਸੀ। ਸ਼ਾਰਪ ਸ਼ੂਟਰ ਉਹਨੂੰ ਕਹਿੰਦੇ ਨੇ ਜੀਹਦਾ ਨਿਸ਼ਾਨਾਂ ਨਹੀਂ ਖੁੰਝਦਾ। ਉਸ ਨੂੰ 21 ਜਨਵਰੀ 2015 ਨੂੰ ਗੈਂਗਸਟਰ ਵਿੱਕੀ ਗੌਂਡਰ ਤੇ ਸਾਥੀਆਂ ਨੇ ਗੋਲੀ ਨਾਲ ਭੁੰਨ ਕੇ ਮਾਰ ਦਿੱਤਾ ਸੀ।ਸਰਕਾਰ ਨੂੰ ਲੱਗਦਾ ਸੀ ਕਿ ਸੁੱਖੇ ‘ਤੇ ਬਣੀ ਫਿਲਮ ਨੌਜਵਾਨਾਂ ਨੂੰ ਕੁਰਾਹੇ ਪਾ ਸਕਦੀ ਹੈ, ਇਹ ਕਿਤੇ ਨਾ ਕਿਤੇ ਸੱਚ ਵੀ ਸੀ।100 ਮਾੜੀਆਂ ਗੱਲਾਂ ਚੋਂ 5 ਤੋਂ 7 ਚੰਗੀਆਂ ਗੱਲਾਂ ਅਕਸਰ ਲੋਕ ਅਣਗੋਲਿਆਂ ਹੀ ਕਰ ਦਿੰਦੇ ਹਨ, ਫਿਰ ਸੁੱਖੇ ‘ਤੇ ਬਣੀ ਫਿਲਮ ਵਿਚ ਬੇਸ਼ੱਕ ਕੋਈ ਚੰਗਾ ਪਾਸਾ ਵੀ ਕਿਉਂ ਨਾ ਹੋਵੇ।
ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਗੈਂਗਸ
ਗੈਂਗਸਟਰਾਂ ਦਾ ਜਿੱਥੇ ਸਰਕਾਰੇ ਦਰਬਾਰੇ ਦਬਦਬਾ ਹੋਣ ਕਰਕੇ ਲੋਕਾਂ ਵਿੱਚ ਖੌਫ ਹੁੰਦਾ ਹੈ, ਉੱਥੇ ਹੀ ਇਹ ਆਪਸ ਵਿੱਚ ਵੀ ਇੱਟ ਕੁੱਤੇ ਦਾ ਵੈਰ ਰੱਖਦੇ ਹਨ। ਸੁੱਖਾ ਕਾਹਲਵਾਂ ਨਾਲ ਖੁੰਦਕ ਰੱਖਣ ਵਾਲੇ ਗੈਂਗਸਟਰ ਵਿੱਕੀ ਗੌਂਡਰ ਨੇ ਸੁੱਖੇ ਨੂੰ ਖਤਮ ਕੀਤਾ ਤਾਂ ਬਾਅਦ ਵਿੱਚ ਪੁਲਿਸ ਨੇ ਇੱਕ ਮੁਕਾਬਲਾ ਬਣਾ ਕੇ ਵਿੱਕੀ ਗੌਂਡਰ ਦਾ ਵੀ ਘੋਘਾ ਚਿੱਤ ਕਰ ਦਿੱਤਾ।ਵਿੱਕੀ ਗੌਂਡਰ ‘ਤੇ 7 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।
ਐਨਕਾਊਂਟਰਾਂ ‘ਤੇ ਉੱਠਦੇ ਸਵਾਲ
ਗੈਂਗਸਟਰਾਂ ਨਾਲ ਜਦੋਂ ਵੀ ਪੁਲਿਸ ਮੁਕਾਬਲਾ ਬਣਦਾ ਹੈ ਤਾਂ ਗੈਂਗਸਟਰ ਨੂੰ ਮਾਰਨ ਵੇਲੇ ਜੋ ਕੁੱਝ ਸਾਜੋ ਸਮਾਨ ਜਾਂ ਢੰਗ ਤਰੀਕਾ ਵਰਤਿਆ ਜਾਂਦਾ ਹੈ ਉਸ ‘ਤੇ ਸਵਾਲ ਜਰੂਰ ਖੜ੍ਹੇ ਹੁੰਦੇ ਹਨ। ਕਈ ਗੈਂਗਸਟਰ ਮੁਕਾਬਲੇ ਅਦਾਲਤਾਂ ਰਾਹੀਂ ਚੈਲੇਂਜ ਵੀ ਕੀਤੇ ਜਾਂਦੇ ਹਨ। ਕਈ ਪੁਲਿਸ ਮੁਕਾਬਲੇ ਝੂਠੇ ਵੀ ਸਾਬਿਤ ਹੋਏ ਹਨ।
ਯੂਪੀ ਦੇ ਗੈਂਗਸਟਰ ਵਿਕਾਸ ਦੂਬੇ ਦਾ ਸ਼ੱਕੀ ਐਨਕਾਊਂਟਰ
ਇਸ ਕਹਾਣੀ ਨੂੰ ਸਮਝਣ ਲਈ ਕਾਨਪੁਰ ਲਿਜਾਉਣ ਵੇਲੇ ਗੈਂਗਸਟਰ ਵਿਕਾਸ ਦੂਬੇ ਦੀ ਗੱਡੀ ਪਲਟਣ ਅਤੇ ਉਸ ਵੱਲੋਂ ਭੱਜਣ ਦੇ ਲਗਾਏ ਗਏ ਪੁਲਿਸ ਇਲਜ਼ਾਮਾਂ ਨੂੰ ਬਰੀਕੀ ਨਾਲ ਸਮਝਿਆ ਜਾ ਸਕਦਾ ਹੈ।ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਸੜਕ ਰਾਹੀਂ ਕਾਨਪੁਰ ਲਿਆਂਦਾ ਜਾ ਰਿਹਾ ਸੀ। ਪੂਰੇ ਰਸਤੇ ਕੁੱਝ ਨਹੀਂ ਵਾਪਰਿਆ ਪਰ ਕਾਨਪੁਰ ਲਾਗੇ ਕਾਫ਼ਲੇ ਦੇ ਵਿਚਾਲਿਓਂ ਉਹੀ ਗੱਡੀ ਪਲਟੀ ਜਿਸ ਵਿੱਚ ਵਿਕਾਸ ਦੂਬੇ ਮੌਜੂਦ ਸੀ, ਪੁਲਿਸ ਮੁਤਾਬਕ ਵਿਕਾਸ ਦੂਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਵਿੱਚ ਵਿਕਾਸ ਦੀ ਮੌਤ ਹੋ ਗਈ। ਕਾਨਪੁਰ ਵਿੱਚ 8 ਪੁਲਿਸ ਕਰਮੀਆਂ ਦੇ ਕਤਲ ਦੇ ਮੁੱਖ ਮੁਲਜ਼ਮ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਉੱਜੈਨ ਤੋਂ ਗ੍ਰਿਫ਼ਤਾਰ ਕੀਤਾ ਸੀ।ਗੱਡੀ ਪਲਟਣ ਤੇ ਵਿਕਾਸ ਦੂਬੇ ਦੇ ਇੰਨੀ ਵੱਡੀ ਪੁਲਿਸ ਫੋਰਸ ਵਿਚਾਲਿਓਂ ਭੱਜਣ ਦੀ ਕੋਸ਼ਿਸ਼ ਕਰਨੀ ਵੀ ਬੇਵਕੂਫੀ ਲੱਗਦੀ ਹੈ। ਤੇ ਇਹ ਵੀ ਲੱਗਦਾ ਹੈ ਕਿ ਸ਼ਾਇਦ ਵਿਕਾਸ ਦੂਬੇ ਇਸ ਇੰਤਜਾਰ ਵਿੱਚ ਸੀ ਕਿ ਗੱਡੀ ਪਲਟਣ ਤੋਂ ਬਾਅਦ ਹੀ ਉਹ ਇਹ ਕੋਸ਼ਿਸ਼ ਕਰੇਗਾ। ਪੁਲਿਸ ਦੀ ਕਹਾਣੀ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੁੱਝ ਸਕ੍ਰਿਪਟਡ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ।
ਵਿਕਾਸ ਦੂਬੇ ਦੇ ਪਿੰਡ ਵਾਲਿਆਂ ਮੁਤਾਬਕ ਵਿਕਾਸ ਦੂਬੇ ਦੇ ਪਿਤਾ ਕਿਸਾਨ ਸੀ ਤੇ ਵਿਕਾਸ ਦੀ ਪਤਨੀ ਰਿੱਚਾ ਦੂਬੇ ਫਿਲਹਾਲ ਜ਼ਿਲ੍ਹਾ ਪੰਚਾਇਤ ਮੈਂਬਰ ਹੈ। ਵਿਕਾਸ ਦੂਬੇ ਦੇ ਖਿਲਾਫ ਥਾਣੇ ਵਿੱਚ ਭਾਵੇਂ ਜਿੰਨੇ ਮਰਜ਼ੀ ਮੁਕਦਮੇ ਦਰਜ ਸਨ ਪਰ ਪਿੰਡ ਵਿੱਚ ਉਸ ਦੀ ਬੁਰਾਈ ਕਰਨ ਵਾਲਾ ਕੋਈ ਨਹੀਂ ਲੱਭਦਾ ਤੇ ਨਾ ਹੀ ਉਸ ਦੇ ਖਿਲਾਫ਼ ਕੋਈ ਗਵਾਹੀ ਦਿੰਦਾ ਸੀ।ਉਸ ਵੇਲੇ ਦੀਆਂ ਮੀਡੀਆਂ ਰਿਪੋਰਟਾਂ ਅਨੁਸਾਰ ਸਾਲ 2000 ਦੇ ਨੇੜੇ ਸ਼ਿਵਲੀ ਦੇ ਤਤਕਾਲੀ ਨਗਰ ਪੰਚਾਇਤ ਦੇ ਚੇਅਰਮੈਨ ਲੱਲਨ ਵਾਜਪਾਈ ਨਾਲ ਵਿਵਾਦ ਤੋਂ ਬਾਅਦ ਵਿਕਾਸ ਦੂਬੇ ਕ੍ਰਾਇਮ ਕਰਨ ਲੱਗ ਪਿਆ ਸੀ।
ਕਾਨਪੁਰ ਵਿੱਚ ਸਥਾਨਕ ਪੱਤਰਕਾਰ ਪ੍ਰਵੀਣ ਮੋਹਤਾ ਦੇ ਅਨੁਸਾਰ ਸਾਲ 2011 ਵਿੱਚ ਵਿਕਾਸ ਦੂਬੇ ‘ਤੇ ਥਾਣੇ ਅੰਦਰ ਵੜ ਕੇ ਭਾਜਪਾ ਰਾਜ ਮੰਤਰੀ ਸੰਤੋਸ਼ ਸ਼ੁਕਲਾ ਦਾ ਕਤਲ ਕਰਨ ਦਾ ਇਲਜ਼ਾਮ ਵੀ ਲੱਗਿਆ ਹੈ। ਸੰਤੋਸ਼ ਸ਼ੁਕਲਾ ਦਾ ਕਤਲ ਇੱਕ ਹਾਈ-ਪ੍ਰੋਫਾਇਲ ਕਤਲ ਸੀ। ਇੰਨੀ ਵੱਡੀ ਵਾਰਦਾਤ ਹੋਣ ਤੋਂ ਬਾਅਦ ਵੀ ਕਿਸੇ ਪੁਲਿਸ ਵਾਲੇ ਨੇ ਵਿਕਾਸ ਦੇ ਖਿਲਾਫ਼ ਗਵਾਹੀ ਨਹੀਂ ਦਿੱਤੀ। ਕੋਰਟ ਵਿੱਚ ਵਿਕਾਸ ਦੂਬੇ ਦੇ ਖਿਲਾਫ਼ ਕੋਈ ਸਬੂਤ ਨਹੀਂ ਪੇਸ਼ ਕੀਤਾ ਜਾ ਸਕਿਆ, ਜਿਸ ਕਾਰਨ ਉਸ ਨੂੰ ਛੱਡ ਦਿੱਤਾ ਗਿਆ ਸੀ। ਇਕ ਨਹੀਂ ਕਈ ਕਤਲ ਕੇਸ ਵਿਕਾਸ ਦੂਬੇ ਦੇ ਨਾਂ ਹਨ, ਜਿਨ੍ਹਾਂ ਵਿੱਚੋਂ ਉਹ ਆਸਾਨੀ ਨਾਲ ਬਚਦਾ ਰਿਹਾ ਸੀ। ਕਈ ਥਾਈਂ ਪੁਲਿਸ ਨੇ ਵੀ ਕੋਈ ਖਾਸ ਗਵਾਹੀ ਨਹੀਂ ਦਿੱਤੀ ਤੇ ਕਾਨੂੰਨ ਦੀ ਭਾਸ਼ਾ ਵਿੱਚ ਕਿਹਾ ਇਹ ਵੀ ਜਾਂਦਾ ਹੈ ਕਿ ਕਤਲ ਤਾਂ ਦੂਰ ਕਤਲ ਦੀ ਕੋਸ਼ਿਸ਼ ਹੀ ਮਾਣ ਨਹੀਂ ਹੁੰਦੀ ਕਿਸੇ ਵੀ ਵਿਅਕਤੀ ਨੂੰ ਜੇਲ ਦੀਆਂ ਸਲਾਖਾਂ ਵਿੱਚ ਸੁੱਟਣ ਲਈ, ਵਿਕਾਸ ਦੂਬੇ ਤਾਂ ਫਿਰ ਵੀ ਜੁਰਮ ਦੀ ਦੁਨੀਆਂ ਦਾ ਬਾਦਸ਼ਾਹ ਸੀ ਤੇ ਸਰਕਰਾਂ ਦਾ ਨੇੜਲਾ ਬੰਦਾ ਸੀ।
ਵਿੱਕੀ ਗੌਂਡਰ ਦੇ ਮੂੰਹ ਵਿੱਚ ਗੋਲੀਆਂ ਮਾਰਨ ਦੀ ਵਜ੍ਹਾ
ਮੁਕਸਤਸਰ ਦੇ ਪਿੰਡ ਸਰਾਵਾਂ ਬੋਦਲਾ ਦੇ ਹਰਜਿੰਦਰ ਸਿੰਘ ਉਰਫ ਵਿਕੀ ਗੌਂਡਰ ਦਾ ਪੰਜਾਬ-ਰਾਜਸਥਾਨ ਸਰਹੱਦ ਤੇ ਰਾਜਸਥਾਨ ਵਾਲੇ ਪਾਸੇ ਐਨਕਾਊਂਟਰ ਕੀਤਾ ਗਿਆ ਸੀ। ਉਸ ਮੌਕੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਏਆਈਜੀ ਗੁਰਮੀਤ ਚੌਹਾਨ ਨੇ ਕਿਹਾ ਸੀ ਕਿ ਐਨਕਾਊਂਟਰ ਪੰਜ ਟੀਮਾਂ ਨੇ ਮਿਲ ਕੇ ਕੀਤਾ ਸੀ।ਪਰ ਪਰਿਵਾਰ ਨੇ ਜੋ ਵਿੱਕੀ ਬਾਰੇ ਕਹਾਣੀ ਦੱਸੀ ਸੀ ਉਹ ਬੜੀ ਹੈਰਾਨ ਕਰਨ ਵਾਲੀ ਸੀ। ਵਿਕੀ ਗੌਂਡਰ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਲੀਡਰਾਂ ਦੀ ਸ਼ਹਿ ਨਾਲ ਹੀ ਬੱਚੇ ਵਿਗੜਦੇ ਹਨ। ਵਿਕੀ ਗੋਂਡਰ ਗਰੀਬ ਜਿਮੀਂਦਾਰ ਦਾ ਹੋਣਹਾਰ ਲੜਕਾ ਸੀ।ਜਵਾਨ ਹੋਇਆ ਤਾਂ ਲੁੱਟਾਂ ਖੋਹਾਂ ਦੇ ਕੇਸ ਦਰਜ ਹੋਣ ਲੱਗ ਪਏ। ਵਿਕੀ ਗੌਂਡਰ ਡਿਸਕਸ ਥ੍ਰੋਹ ਖੇਡਦਾ ਸੀ, ਚੋਟੀ ਦਾ ਖਿਡਾਰੀ ਸੀ, ਜਲੰਧਰ ਗਿਆ ਤਾਂ ਸੁੱਖਾ ਕਾਹਲਵਾਂ ਦਾ ਬੇਲੀ ਬਣ ਗਿਆ। ਇੱਥੋਂ ਹੀ ਉਸਦੇ ਮਾੜੇ ਦਿਨ ਸ਼ੁਰੂ ਹੁੰਦੇ ਹਨ।ਵਿੱਕੀ ਦੇ ਕੋਚ ਰਾਮ ਸਰੂਪ ਦੇ ਦੱਸਣ ‘ਤੇ ਪਰਿਵਾਰ ਨੂੰ ਪਤਾ ਲੱਗਿਆ ਕਿ ਵਿੱਕੀ ਗਲਤ ਹੱਥਾਂ ਵਿੱਚ ਆ ਗਿਆ ਹੈ।ਸੁੱਖਾ ਕਾਹਲਵਾਂ ‘ਤੇ ਇਲਜਾਮ ਸਨ ਕਿ ਉਸਨੇ ਵਿਕੀ ਨੂੰ ਪੁੱਠੀ ਲਗਨ ‘ਤੇ ਲਗਾਇਆ ਹੈ।ਹਾਲਾਂਕਿ ਪਰਿਵਾਰ ਅਨੁਸਾਰ ਵਿੱਕੀ ਗੌਂਡਰ ਸੁੱਖਾ ਕਾਹਲਵਾਂ ਨੂੰ ਗਲਤ ਕੰਮਾਂ ਤੋਂ ਰੋਕਦਾ ਸੀ।ਪਰਿਵਾਰ ਨੇ ਕਿਹਾ ਸੀ ਕਿ ਵਿੱਕੀ ਨੂੰ ਪੰਜਾਬ ਦੀ ਇਕ ਵੱਡੀ ਸਿਆਸੀ ਪਾਰਟੀ ਦੀ ਸ਼ਹਿ ਸੀ, ਉਹ ਵਿੱਕੀ ਨੂੰ ਵੱਡੀ ਨੌਕਰੀ ਲਗਾਉਣ ਦਾ ਲਾਰਾ ਲਗਾਉਂਦੇ ਸੀ। ਵਾਰਦਾਤਾਂ ਵਧੀਆਂ ਤਾਂ ਵਿੱਕੀ ਨੂੰ ਬੇਦਖਲ ਕਰਨਾ ਪਿਆ। ਉਸਦੇ ਪਿਤਾ ਮਹਿਲ ਸਿੰਘ ਨੇ ਦੱਸਿਆ ਸੀ ਕਿ ਫਿਰੋਜਪੁਰ ਦੇ ਗੈਂਗਸਟਰ ਸ਼ੇਰਾ ਖੁੱਬਨ ਨਾਲ ਯਾਰੀ ਤੋਂ ਬਾਅਦ ਸੁੱਖਾ ਕਾਲਹਵਾਂ ਤੇ ਵਿੱਕੀ ਦੀ ਦੁਸ਼ਮਣੀ ਪੈ ਗਈ ਸੀ।ਜਦੋਂ ਵਿੱਕੀ ਗੌਂਡਰ ਦਾ ਐਨਕਾਉਂਟਰ ਹੋਇਆ ਤਾਂ ਪਰਿਵਾਰ ਨੇ ਕਿਹਾ ਕਿ ਇਹ ਬਹੁਤ ਹੀ ਨਾਜਾਇਜ ਕਾਰਵਾਈ ਕੀਤੀ ਗਈ ਹੈ।ਜੇ ਇਹ ਪੁਲਿਸ ਮੁਕਾਬਲਾ ਸੀ ਤਾਂ ਮੂੰਹ ਵਿਚ ਗੋਲੀਆਂ ਕਿਉਂ ਮਾਰੀਆਂ ਗਈਆਂ ਸਨ।
ਗੈਂਗਸਟਰ ਬਿਸ਼ਨੋਈ ਦੇ ਸਾਥੀ ਅੰਕਿਤ ਭਾਦੂ ਦੇ ਐਨਕਾਊਂਟਰ ਦੀ ਕਹਾਣੀ
ਮੁਹਾਲੀ ਦੇ ਜ਼ੀਰਕਪੁਰ ਵਿਖੇ ਕਥਿਤ ਪੁਲਿਸ ਮੁਕਾਬਲੇ ਵਿੱਚ ਗੈਂਗਸਟਰ ਅੰਕਿਤ ਭਾਦੂ ਦਾ ਐਨਕਾਉਂਟਰ ਕੀਤਾ ਗਿਆ ਸੀ। ਪੁਲਿਸ ਨੇ ਇਸ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਹੁਣ ਖ਼ਾਤਮਾ ਹੋ ਗਿਆ ਹੈ। ਇਹ ਗੈਂਗ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪ੍ਰਮੁੱਖ ਤੌਰ ‘ਤੇ ਸਰਗਰਮ ਸੀ ਅਤੇ ਇਸ ਦੇ ਜ਼ਿਆਦਾਤਰ ਮੈਂਬਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਾਂ ਫਿਰ ਉਹ ਖ਼ਤਮ ਹੋ ਚੁੱਕੇ ਹਨ।ਪੰਜਾਬ ਪੁਲਿਸ ਦੇ ਖੁਫ਼ੀਆ ਵਿਭਾਗ ਦੇ ਅਫ਼ਸਰਾਂ ਨੇ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ ਅਤੇ ਸਪੰਤ ਨਹਿਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਵੀ ਸਰਗਰਮ ਰਹੇ ਸਨ। ਏਆਈਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਦੇ ਅਨੁਸਾਰ ਅੰਕਿਤ ਭਾਦੂ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਅਤੇ ਉਸ ਦੇ ਜੇਲ੍ਹ ਵਿੱਚ ਹੋਣ ਦੇ ਕਾਰਨ ਇਸਦਾ ਗੈਂਗ ਬਾਹਰੋਂ ਸਾਰੀਆਂ ਗਤੀਵਿਧਿਆਂ ਚਲਾ ਰਿਹਾ ਸੀ।ਹੈਰਾਨੀ ਦੀ ਗੱਲ ਹੈ ਕਿ ਸੰਪਤ ਨਹਿਰਾ ਚੰਡੀਗੜ੍ਹ ਪੁਲਿਸ ਦੇ ਸੇਵਾ ਮੁਕਤ ਇੱਕ ਸਬ ਇੰਸਪੈਕਟਰ ਦਾ ਮੁੰਡਾ ਹੈ ਅਤੇ ਉਹ ਪੜਾਈ ਦੌਰਾਨ ਹੀ ਗ਼ੈਰਕਾਨੂੰਨੀ ਗਤੀਵਿਧੀਆਂ ਨਾਲ ਜੁੜ ਗਿਆ ਸੀ।ਅੰਕਿਤ ਦੇ ਖ਼ਿਲਾਫ਼ 7 ਤੋਂ 8 ਕਤਲ ਦੇ ਕੇਸ ਦਰਜ ਸਨ। ਇਸੇ ਤਰਾਂ 22 ਮਈ ਨੂੰ ਵਿਨੋਦ ਜਾਟ ਉਰਫ਼ ਜਾਰਡਨ ਨੂੰ ਇੱਕ ਜਿਮ ਵਿੱਚ ਅੰਕਿਤ ਨੇ ਕਥਿਤ ਤੌਰ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਪੰਜਾਬ ਪੁਲਿਸ ਵੱਲੋਂ ਅੰਕਿਤ ਉੱਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਜਦਕਿ ਰਾਜਸਥਾਨ ਪੁਲਿਸ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਦਾ ਕਲਕੱਤੇ ਹੋਇਆ ਐਨਕਾਉਂਟਰ
ਬੀਤੇ ਕੱਲ੍ਹ ਪੰਜਾਬ ਦੇ ਦੋ ਨਾਮੀ ਗੈਂਗਸਟਰਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਪੰਜਾਬ ਦੀ ਓਕੂ ਟੀਮ ਅਤੇ ਕਲਕੱਤੇ ਦੀ ਐਸਟੀਐਫ ਨੇ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਐਨਕਾਉਂਟਰ ਕੀਤਾ ਹੈ।ਜੈਪਾਲ ਸਿੰਘ ਪੰਜਾਬ ਪੁਲੀਸ ਨੂੰ ਦੋ ਏਐਸਆਈ ਦੇ ਕਤਲ ਮਾਮਲੇ ਵਿੱਚ ਅਤੇ ਹੋਰ ਵੀ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਇਸ ਗੈਂਗਸਟਰ ਦੇ ਪਰਿਵਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਕੰਮ ‘ਤੇ ਫੋਕਸ ਕਰਨਾ ਚਾਹੀਦਾ ਹੈ। ਸਰਕਾਰ ਤੇ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਪੰਜਾਬ ਵਿਚ ਰੁਜ਼ਗਾਰ ਹੁੰਦਾ ਤਾਂ ਨੌਜਵਾਨ ਕਦੇ ਗਲਤ ਰਸਤੇ ਨਾ ਤੁਰਨ। ਜੈਪਾਲ ਭੁੱਲਰ ਖਿਡਾਰੀ ਸੀ। ਚੰਗੀ ਕੱਦ ਕਾਠੀ ਸੀ, ਪਰ ਜੁਰਮ ਕਿਵੇਂ ਕਰ ਗਿਆ ਇਹ ਪਰਿਵਾਰ ਨੂੰ ਵੀ ਅੰਦਾਜਾ ਨਹੀਂ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਸ ਤੋਂ ਭਲਾ ਮਾਣਸ ਬੰਦਾ ਕੋਈ ਨਹੀਂ ਸੀ। ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਗੈਂਗਸਟਰ ਕਿਸੇ ਦੇ ਨਾਂ ਨਾਲ ਜੋੜਨਾ ਸਰਕਾਰ ਲਈ ਸੌਖਾ ਹੋ ਗਿਆ ਹੈ। ਉਹ ਵਾਪਸ ਆਉਣਾ ਚਾਹੁੰਦਾ ਸੀ ਪਰ ਪਰਿਵਾਰ ਲਈ ਖਤਰਾ ਨਾ ਬਣ ਜਾਵੇ, ਭੁੱਲਰ ਮੁੜਕੇ ਘਰ ਨਹੀਂ ਮੁੜ ਸਕਿਆ। ਆਂਡ ਗੁਆਂਡ ਦੇ ਲੋਕਾਂ ਨੇ ਵੀ ਕਿਹਾ ਹੈ ਕਿ ਬਹੁਤ ਹੀ ਸਾਊ ਸੁਭਾਅ ਦਾ ਲੜਕਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਪਰਿਵਾਰ ਤੋਂ ਬਾਹਰ ਪੁਲਿਸ ਦੀ ਨਜ਼ਰ ਵਿੱਚ ਜੁਰਮ ਦੀ ਦੁਨੀਆਂ ਦਾ ਬਾਦਸ਼ਾਹ ਸਾਬਿਤ ਹੋਇਆ। ਇੱਥੇ ਵੀ ਕਈ ਸਵਾਲ ਉੱਠ ਰਹੇ ਨੇ ਕਿ ਜੇ ਪੁਲਿਸ ਮੁਕਾਬਲਾ ਸੀ ਤਾਂ ਉਨਾਂ ਦੀ ਲਾਸ਼ਾਂ ਕਮਰੇ ਚ ਕਿਵੇਂ ਪਈਆਂ ਸੀ, ਕੀ ਪੁਲਿਸ ਦੀਆਂ 5 ਟੀਮਾਂ ਨੇ 1 ਕਮਰੇ ਚ ਇਨਾਂ ਦਾ ਮੁਕਾਬਲਾ ਕੀਤਾ, ਜੇ ਇਨਾਂ ਨੇ ਪਹਿਲਾਂ ਗੋਲੀਆਂ ਚਲਾਈਆਂ ਤਾਂ ਕਮਰੇ ਦੇ ਅੰਦਰੋਂ ਹੀ ਚਲਾ ਦਿੱਤੀਆਂ, ਜਦੋਂ ਘੇਰਾਬੰਦੀ ਹੋ ਗਈ ਸੀ ਤਾਂ ਕੀ ਇਹ ਜ਼ਰੂਰੀ ਸੀ ਕਿ ਕਮਰੇ ਚੋਂ ਲਾਸ਼ਾਂ ਹੀ ਬਾਹਰ ਕੱਢਣੀਆਂ ਨੇ, ਜਿਉਂਦੇ ਕਿਉਂ ਨਹੀਂ ਹਿਰਾਸਤ ਚ ਲਏ ਜਾ ਸਕਦੇ ਸੀ …
ਪੰਜਾਬ ਵਿੱਚ ਸਰਗਰਮ ਕੁੱਝ ਗੈਂਗਸਟਰ
ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਮੋਸਟ ਵਾਂਟਡ ਗੈਂਗਸਟਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਅੱਠ ਗੈਂਗਸਟਰ ਸ਼ਾਮਲ ਹਨ। ਇਸ ਲਿਸਟ ਵਿੱਚ ਅੰਕਿਤ ਦਾ ਨਾਮ ਅੱਠਵੇਂ ਨੰਬਰ ਉੱਤੇ ਦਰਜ ਸੀ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਲਿਸਟ ਵਿੱਚ ਸ਼ਾਮਲ ਬਾਕੀ ਗੈਂਗਸਟਰ ਸੁਖਪ੍ਰੀਤ ਉਰਫ਼ ਹੈਰੀ ਚੱਠਾ, ਗੋਪੀ ਘਣਸ਼ਿਆਮਪੁਰੀਆ, ਸੁੱਖ ਧਾਲੀਵਾਲ, ਜੈਪਾਲ ਭੁੱਲਰ, ਕਸ਼ਮੀਰਾ ਸਿੰਘ, ਸ਼ੁਭਮ ਅਤੇ ਹਰਿੰਦਰ ਰੀਟਾ ਦੇ ਨਾਂ ਸ਼ਾਮਿਲ ਹਨ। ਇਨਾਂ ਤੋਂ ਇਲਾਵਾ 15 ਤੋਂ 20 ਗੈਂਗਸਟਰ ਹੋਰ ਹਨ, ਜਿਨ੍ਹਾਂ ਦਾ ਪੁਲਿਸ ਪਿੱਛਾ ਕਰ ਰਹੀ ਹੈ।
ਆਖਿਰ ਸਰੰਡਰ ਕਿਉਂ ਨਹੀਂ ਕਰਦੇ ਗੈਂਗਸਟਰ
ਇੱਕ ਸਵਾਲ ਉੱਠਦਾ ਹੈ ਕਿ ਐਨਕਾਊਂਟਰ ਵਰਗੀ ਕਾਰਵਾਈ ਤੋਂ ਪਹਿਲਾਂ ਪੁਲਿਸ ਇਹ ਜ਼ਰੂਰ ਕਹਿੰਦੀ ਹੈ ਕਿ ਗੈਂਗਸਟਰਾਂ ਨੂੰ ਸਰੰਡਰ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ, ਉਲਟਾ ਫਾਇਰਿੰਗ ਸ਼ੁਰੂ ਕਰ ਦਿੱਤੀ।ਇੱਥੋਂ ਤੱਕ ਕਿ ਪੁਲਿਸ ਇਹ ਵੀ ਕਹਿੰਦੀ ਹੈ ਕਿ ਉਨ੍ਹਾਂ ਕੋਲ ਵੱਡੇ ਹਥਿਆਰ ਸਨ ਤੇ ਪੁਲਿਸ ਮੁਲਾਜਮਾਂ ਤੋਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਜੇਕਰ ਇੰਨੇ ਵੱਡੇ ਗੈਂਗਸਟਰਾਂ ਨੂੰ ਫੜ੍ਹਨ ਜਾਂਦੀ ਹੈ ਤਾਂ ਕੀ ਪਹਿਲਾ ਕੰਮ ਇਹ ਨਹੀਂ ਹੋ ਸਕਦਾ ਕਿ ਕਿਸੇ ਵੀ ਤਰੀਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ। ਪੁਲਿਸ ਦੀ ਗੈਂਗਸਟਰਾਂ ਦੇ ਖਿਲਾਫ ਹਰੇਕ ਕਾਰਵਾਈ ਐਨਕਾਊਂਟਰ ਵਿੱਚ ਖਤਮ ਕਰਨ ‘ਤੇ ਹੀ ਆ ਕੇ ਕਿਉਂ ਮੁੱਕਦੀ ਹੈ। ਖਾਸਕਰਕੇ ਜੋ ਗੈਂਗ ਦੇ ਮੁੱਖ ਦੋਸ਼ੀ ਹੁੰਦੇ ਹਨ, ਉਨ੍ਹਾਂ ਨੂੰ ਖਤਮ ਕਰਨਾ ਹੀ ਪਹਿਲੀ ਕਾਰਵਾਈ ਹੋ ਨਿੱਬੜਦਾ ਹੈ। ਕਿਉਂ ਪੁਲਿਸ ਦੀਆਂ ਖੁਫੀਆ ਏਜੰਸੀਆਂ ਵੀ ਇਨ੍ਹਾਂ ਗੈਂਗਸਟਰਾਂ ਨੂੰ ਜਿਉਂਦੇ ਜਾਗਦੇ ਫੜ੍ਹਨ ਵਿੱਚ ਅਸਫਲ ਹੋ ਜਾਂਦੀਆਂ ਹਨ।
ਐਨਕਾਊਂਟਰਾਂ ‘ਤੇ ਖੜ੍ਹੇ ਹੁੰਦੇ ਸਵਾਲ…
- ਕੀ ਜੁਰਮ ਦੀ ਦੁਨੀਆਂ ਵਿੱਚ ਫਸੇ ਗੈਂਗਸਟਰਾਂ ਨੂੰ ਖਤਮ ਕਰਨਾ ਹੀ ਆਖਰੀ ਹੱਲ ਹੈ।
- ਸਰਕਾਰ ਦੀਆਂ ਖੁਫੀਆਂ ਏਜੰਸੀਆਂ ਇਨ੍ਹਾਂ ਦੇ ਸਰੰਡਰ ਕਰਨ ਲਈ ਕਿਉਂ ਸੁਖਾਵਾਂ ਮਾਹੌਲ ਨਹੀਂ ਸਿਰਜ ਸਕਦੀਆਂ।
- ਹਰੇਕ ਐਨਕਾਉਂਟਰ ਦੀ ਸਕ੍ਰਿਪਟ ਵਿੱਚ ਯਥਾਰਥ ਨਾਲੋਂ ਕਹਾਣੀ ਕਿਉਂ ਭਾਰੂ ਹੁੰਦੀ ਹੈ।
- ਕੀ ਹੁਣ ਲੋੜ ਨਹੀਂ ਕਿ ਸਰਕਾਰਾਂ ਗੈਂਗਸਟਰ ਬਣਨ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਪੜ੍ਹਨ ਤੇ ਇਸਦੇ ਹੱਲ ਦੀਆਂ ਕੋਸ਼ਿਸ਼ ਕਰਨ।
- ਕੀ ਸਰਕਾਰਾਂ ਇਹ ਮੰਨਣਗੀਆਂ ਕਿ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਹੁਣ ਤੱਕ ਜੀਰੋ ਪੱਧਰ ‘ਤੇ ਕੋਸ਼ਿਸ਼ਾਂ ਹੋਈਆਂ ਹਨ।
- ਕੀ ਰੁਜ਼ਗਾਰ ਦੇ ਜੀਰੋ ਮੌਕਿਆਂ ਤੇ ਥੋੜ੍ਹੀਆਂ ਤਨਖਾਹਾਂ ਕਾਰਨ ਨੌਜਵਾਨ ਭਟਕ ਰਿਹਾ ਹੈ।
ਸਵਾਲ ਇੱਕ ਨਹੀਂ ਹਜ਼ਾਰ ਹੋਰ ਖੜ੍ਹੇ ਹੋ ਸਕਦੇ ਹਨ।ਪਰ ਜੁਰਮ ਕਦੀ ਵੀ ਸਹੀ ਨਤੀਜਾ ਨਹੀਂ ਕੱਢਦਾ ਹੈ। ਗੈਂਗਸਟਰਾਂ ਦੀ ਮੌਤ ਕਦੀ ਵੀ ਸੁਖਾਵੀਂ ਨਹੀਂ ਹੁੰਦੀ ਤੇ ਨਾ ਹੀ ਕੋਈ ਨੌਜਵਾਨ ਜਨਮ ਇਹ ਸੋਚ ਕਿ ਲੈਂਦਾ ਹੈ ਕਿ ਉਸਨੇ ਅਪਰਾਧ ਕਰਨੇ ਹਨ ਤੇ ਗੈਂਗਸ ਬਣਾ ਕੇ ਖੌਫ ਪੈਦਾ ਕਰਨਾ ਹੈ। ਹੋ ਤਾਂ ਇਹ ਵੀ ਸਕਦਾ ਹੈ ਕਿ ਐਨਕਾਊਂਟਰ ਨਾਲੋਂ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਇਹ ਇਸ ਗਲਤ ਧੰਦੇ ਬਾਰੇ ਕੋਈ ਸਮਾਂ ਆਉਣ ‘ਤੇ ਦੂਜਿਆਂ ਨੂੰ ਸਹੀ ਸੇਧ ਦੇ ਸਕਣ।ਗੈਂਗਸਟਰ ਨੂੰ ਮਾਰਨਾ ਹੱਲ ਨਹੀਂ ਹੈ, ਸਗੋਂ ਗੈਂਗਸਟਰ ਬਣਨ ਪਿੱਛੇ ਦੀ ਅਸਲ ਕਹਾਣੀ ਨੂੰ ਸਮਝ ਕੇ ਉਸਦਾ ਹੱਲ ਕਰਕੇ ਇਸ ਗਲਤ ਰਾਹ ਨੂੰ ਖਤਮ ਕਰਨਾ ਜ਼ਿਆਦਾ ਜ਼ਰੂਰੀ ਹੈ। ਕੋਈ ਗੈਂਗਸਟਰ ਸੋਚ ਕੇ ਨਹੀਂ ਬਣਦਾ, ਸਮਾਂ, ਹਾਲਾਤ ਤੇ ਗਲਤ ਲੋਕਾਂ ਦੀ ਹੱਲਾਸ਼ੇਰੀ ਬੰਦੇ ਦੀ ਬੁੱਧੀ ਭ੍ਰਿਸ਼ਟ ਕਰਦੇ ਹਨ, ਕੀ ਗੈਂਗਸਟਰਾਂ ਦੀ ਦੁਨੀਆ ਚ ਧੱਕ ਦਿੱਤੇ ਗਏ ਨੌਜਵਾਨਾਂ ਨੂੰ ਗੋਲੀਆਂ ਮਾਰਨ ਤੋਂ ਇਲਾਵਾ ਸਰਕਾਰਾਂ ਕਦੇ ਇਸ ਬਿਮਾਰੀ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੀਆਂ … !!!!