‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀਓਂ ਕੇਜਰੀਵਾਲ ਪੰਜਾਬ ਦੌਰੇ ‘ਤੇ ਕੀ ਆਇਆ, ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਪਰੋਂ ਕੇਜਰੀਵਾਲ ਨੇ ਆਪਣੀਆਂ ਦੋ ਪੰਜਾਬ ਫੇਰੀਆਂ ਵਿੱਚ ਦੋ ਮੁੱਦੇ ਛੇੜ ਕੇ ਸਿਆਸੀ ਦਲਾਂ ਨੂੰ ਹੋਰ ਟੈਂਸਨ ਵਿਚ ਪਾ ਦਿੱਤਾ। ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਬੇਅਦਬੀ ਦੇ ਮਾਮਲਿਆਂ ਨੂੰ ਸਿੱਧੇ ਰੂਪ ਵਿੱਚ ਚੈਲੇਂਜ ਕੀਤਾ ਫਿਰ 300 ਯੂਨਿਟ ਤੱਕ ਮੁਫਤ ਬਿਜਲੀ ਨਾ ਨਵਾਂ ਹੀ ਪੁਆੜਾ ਛੇੜ ਦਿੱਤਾ।
ਹਾਲਾਂਕਿ ਕੇਜਰੀਵਾਲ ਦੇ ਜਾਣ ਮਗਰੋਂ ਅੰਦਰ ਖਾਤੇ ਬੇਸ਼ੱਕ ਪੰਜਾਬ ਦੀਆਂ ਸਾਬਕਾ ਸੱਤਾ ਧਿਰ ਪਾਰਟੀਆਂ ਇਹ ਕਹਿੰਦੀਆਂ ਰਹੀਆਂ ਕਿ ਕੇਜਰੀਵਾਲ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਨ੍ਹਾਂ ਨੇ ਇੰਨਾ ਜਰੂਰ ਸੁੰਘ ਲਿਆ ਕਿ ਲੋਕਾਂ ਲਈ ਨਵੇਂ ਸ਼ਗੂਫੇ ਦੀ ਉਂਗਲ ਨਾਲ ਸੱਤਾ ਦੇ ਡੱਬੇ ਚੋਂ ਘਿਓ ਨਿਕਲ ਸਕਦਾ ਹੈ। ਕੈਪਟਨ ਸਰਕਾਰ ਨੂੰ ਤਾਂ ਚਲੋਂ ਘਰੋਂ ਹੀ ਗ੍ਰਹਿ ਪਰੇਸ਼ਾਨੀਆਂ ਤੇ ਰੱਫੜ ਨਬੇੜਨ ਲਈ ਦਿੱਲੀ ਦੀਆਂ ਫੇਰੀਆਂ ਤੋਂ ਵਿਹਲ ਨਹੀਂ ਤੇ ਕੈਪਟਨ ਦੇ ਹਾਲੇ ਆਪਣੇ ਹੀ ਮੰਤਰੀ ਪੈਰ ਨਹੀਂ ਲੱਗਣ ਦਿੰਦੇ, ਪਰ ਸੁਖਬੀਰ ਬਾਦਲ ਜਰੂਰ ਤਰਲੋ ਮੱਛੀ ਹੋਏ ਫਿਰਦੇ ਨੇ। ਅੱਜ ਜਿਹੜੇ ਸੁਖਬੀਰ ਨੇ ਪੰਜਾਬੀਆਂ ਅੱਗੇ ਨਵੇਂ ਚੋਗੇ ਸੁੱਟੇ ਨੇ, ਕੀ ਇਹ ਚੋਗੇ ਪੰਜਾਬੀਆਂ ਦੀ ਦਾਹੜ ਥੱਲੇ ਅਉਣਗੇ, ਆਓ ਵਿਚਾਰਦੇ ਹਾਂ…
ਸੁਖਬੀਰ ਬਾਦਲ ਨੇ ਕੀ ਕਿਹਾ ਐਲਾਨ ਵਿੱਚ
ਸੁਖਬੀਰ ਬਾਦਲ ਦੇ ਐਲਾਨ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਨੂੰ ਕਿਸੇ ਤਰੀਕੇ ਕੈਸ਼ ਕਰਨ ਦਾ ਮੌਕਾ ਹੁਣ ਘੱਟੋ ਘੱਟ ਚੋਣਾਂ ਵੇਲੇ ਸੁਖਬੀਰ ਜਾਣ ਨਹੀਂ ਦੇਣਾ ਚਾਹੁੰਦੇ। ਸੁਖਬੀਰ ਨੇ ਐਲਾਨ ਕੀਤਾ ਹੈ ਕਿ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਕਿਸਾਨ ਪਰਿਵਾਰਾਂ ਦੇ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ। ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇਗਾ ਤੇ ਨਾਲ ਦੀ ਨਾਲ ਪਰਿਵਾਰ ਦੇ ਬੀਮੇ ਦੀ ਗੱਲ ਵੀ ਸੁਖਬੀਰ ਨੇ ਕੀਤੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਵਿਰੋਧੀ ਧਿਰ ਦੇ ਰੂਪ ਵਿਚ ਸੁਖਬੀਰ ਹਮੇਸ਼ਾ ਹੀ ਇਹ ਇਲਜਾਮ ਲਗਾਉਂਦੇ ਰਹੇ ਹਨ ਕਿ ਕੈਪਟਨ ਸਰਕਾਰ ਨੇ ਸਰਕਾਰੀ ਖਜਾਨੇ ਦਾ ਨਾਸ ਕਰ ਦਿੱਤਾ ਹੈ ਤੇ ਖਜਾਨਾ ਖਾਲੀ ਹੈ। ਜੇ ਖਜਾਨਾ ਖਾਲੀ ਹੈ ਤਾਂ ਇਹ ਵਾਅਦੇ ਕਿਹੜੇ ਖਾਤੇ ਵਿਚੋਂ ਕੀਤੇ ਜਾਣਗੇ ਤੇ ਜੇਕਰ ਖਜਾਨਾ ਭਰਿਆ ਹੈ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਕੇ ਕਿਹੜੀ ਰਾਜਨੀਤਕ ਰੋਟੀ ਸੇਕਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੂਜੀ ਗੱਲ ਸਾਰੀਆਂ ਪਾਰਟੀਆਂ ਮੁਫਤੋ ਮੁਫਤੀ ਸੌਦਾ ਵੰਡਣ ਦੇ ਰਾਗ ਨੂੰ ਪੂਰੇ ਜੋਰ ਨਾਲ ਗਾ ਰਹੀਆਂ ਹਨ, ਕੋਈ ਇਕ ਪਾਰਟੀ ਲੋਕਾਂ ਨੂੰ ਆਪਣੀ ਜਿੰਮੇਦਾਰੀ ਆਪ ਚੁੱਕਣ ਦੇ ਸਮਰੱਥ ਕਰਦੀ ਨਹੀਂ ਦਿਸ ਰਹੀ ਹੈ। ਰੁਜਗਾਰ ਦੀ ਗੱਲ ਸਾਰੀਆਂ ਪਾਰਟੀਆਂ ਦੇ ਮੂੰਹੋਂ ਨਦਾਰਦ ਹੈ ਤੇ ਜੇ ਕਿਸੇ ਨੇ ਕਰ ਵੀ ਲਈ ਤਾਂ ਹੋ ਸਕਦਾ ਹੈ ਕਿ ਉਹ ਆਪਣੇ ਹੀ ਕਾਰਜਕਾਲ ਵਿਚ ਦਿਤੀਆਂ ਨੌਕਰੀਆਂ ਦੇ ਅੰਕੜਿਆਂ ਦੇ ਸੱਚ ਝੂਠ ਵਿਚ ਫਸ ਜਾਣ।
ਸੁਖਬੀਰ ਦੇ ਐਲਾਨ ਤੇ ਵਿਰੋਧੀ ਕੀ ਬੋਲੇ
ਸੁਖਬੀਰ ਬਾਦਲ ਦਾ ਬਿਆਨ ਕੀ ਆਇਆ, ਵਿਰੋਧੀ ਧਿਰਾਂ ਨੇ ਸੁਖਬੀਰ ਨੂੰ ਡਰਾਮੇਬਾਜ ਤੱਕ ਕਹਿ ਦਿੱਤਾ। ਇਕ ਟੀਵੀ ਚੈਨਲ ਤੇ ਬੋਲਦਿਆਂ ਆਪ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਜਦੋਂ ਕਿਸਾਨਾਂ ਦੀ ਲੜਾਈ ਸਿਖਰ ਤੇ ਸੀ ਤਾਂ ਜਾ ਕੇ ਸੁਖਬੀਰ ਤੇ ਹਰਸਿਮਰਤ ਨੇ ਸੈਂਟਰ ਸਰਕਾਰ ਦੇ ਅਹੁਦੇ ਛੱਡੇ, ਉਹ ਵੀ ਪੰਜਾਬ ਵਿਚੋਂ ਆਪਣੀ ਸਿਆਸੀ ਬਿਸਾਤ ਖਿਸਕਣ ਦੇ ਡਰੋਂ। ਚੀਮਾ ਨੇ ਤਾਂ ਇਥੋਂ ਤੱਕ ਚੈਲੇਂਜ ਕਰ ਦਿੱਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕਿਸਾਨ ਅੰਦੋਲਨ ਵਿਚ ਕੇਂਦਰ ਵਲੋਂ ਕੀਤੀ ਕਿਸਾਨਾਂ ਦੀ ਦੁਰਦਸ਼ਾ ਖਿਲ਼ਾਫ ਕੋਈ ਬਿਆਨ ਨਹੀਂ ਦਿੱਤਾ। ਅੰਦਰਖਾਤੇ ਇਹ ਬੀਜੇਪੀ ਨਾਲ ਭਾਈਵਾਲੀ ਦੀਆਂ ਤੰਦਾਂ ਤੋੜਨਾ ਨਹੀਂ ਚੁਹੰਦੀਆਂ।
ਤੇ ਸੱਚਾਈ ਇਹ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਨਫਰਤ ਕਰਦੇ ਹਨ। ਇਲਜਾਮ ਇਹ ਵੀ ਹੈ ਕਿ ਹਰਸਿਮਰਤ ਤੇ ਸੁਖਬੀਰ ਪਹਿਲਾਂ ਖੇਤੀ ਕਾਨੂੰਨਾਂ ਨੂੰ ਚੰਗਾ ਦਸਦੇ ਸੀ ਤੇ ਕਿਸਾਨਾਂ ਦੇ ਆਪ ਮੌਤ ਦੇ ਵਾਰੰਟ ਲਿਖ ਕੇ ਹੁਣ ਜਾਨ ਗਵਾਉਣ ਵਾਲੇ ਕਿਸਾਨਾਂ ਦੀ ਮਦਦ ਦਾ ਡਊਰੀ ਪਿੱਟ ਰਹੇ ਹਨ। ਲੋਕਾਂ ਲਈ ਕੰਡੇ ਬੀਜ ਕੇ ਇਹ ਗੱਲਾਂ ਕਰਨੀਆਂ ਠੀਕ ਨਹੀਂ। ਉੱਧਰ ਅਕਾਲੀ ਦਲ ਦੇ ਮੋੜਵੇਂ ਜਵਾਬ ਵੀ ਆਪ ਨੂੰ ਮਿਲ ਰਹੇ ਹਨ। ਆਪ ਨੂੰ ਕਾਂਗਰਸ ਦੀ ਬੀ ਟੀਮ ਦੱਸਦਿਆਂ ਅਕਾਲੀ ਲੀਡਰ ਇਹ ਕਹਿ ਰਹੇ ਹਨ ਕਿ ਬੰਦੇ ਨੂੰ ਸੋਚ ਕੇ ਬੋਲਣਾ ਚਾਹੀਦਾ ਹੈ। ਅਕਾਲੀ ਲੀਡਰ ਕਹਿੰਦੇ ਨੇ ਕਿ ਆਪ ਕਦੇ ਕਾਂਗਰਸ ਦੇ ਖਿਲਾਫ ਨਹੀਂ ਬੋਲਦੀ ਤੇ ਹੁਣ ਸੁਖਬੀਰ ਦੇ ਐਲਾਨ ਚੰਗੇ ਨਹੀਂ ਲੱਗ ਰਹੇ।
ਕੀ ਕਿਸਾਨ ਪਿਘਲਣਗੇ, ਕੀ ਕਿਹਾ ਕਿਸਾਨ ਲੀਡਰ ਨੇ
ਇਸ ਬਾਰੇ ਰੁਲਦੂ ਸਿੰਘ ਮਾਨਸਾ ਤੋਂ ‘ਦ ਖਾਲਸ ਟੀਵੀ ਨੇ ਜਦੋਂ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਪਾਰਟੀਆਂ ਦੇ ਲੀਡਰ ਇਹੋ ਜਿਹੇ ਲਾਰੇ ਲਗਾਉਂਦੇ ਹੀ ਹਨ। ਉਹ ਫਿਰ ਚਾਹੇ ਮੋਦੀ ਸਰਕਾਰ ਦਾ 15 ਲੱਖ ਦਾ ਚੋਣ ਜੁਮਲਾ ਹੋਵੇ ਤੇ ਕੈਪਟਨ ਸਰਕਾਰ ਦਾ ਗੁਟਕਾ ਫੜ੍ਹ ਕੇ ਨਸ਼ਾ ਖਤਮ ਕਰਨ ਵਾਲਾ ਦਾਅਵਾ ਹੋਵੇ। ਉਨ੍ਹਾਂ ਕਿਹਾ ਕਿ ਇਹ ਵੀ ਸਿਰਫ ਵੋਟਾਂ ਲੈਣ ਲਈ ਹੀ ਐਲਾਨ ਹੈ।ਗੁਰਨਾਮ ਸਿੰਘ ਚੜੂਨੀ ਦੇ ਪੰਜਾਬ ਵਿਚ ਕਿਸਾਨਾਂ ਦੀ ਸਰਕਾਰ ਦੇ ਬਿਆਨ ਉੱਤੇ ਉਨ੍ਹਾਂ ਕਿਹਾ ਕਿ ਹਾਲੇ ਅਸੀਂ ਸਾਰੇ ਲੀਡਰ ਮੋਰਚੇ ਵਿਚ ਉਲਝੇ ਹੋਏ ਹਾਂ ਤੇ ਸੰਯੁਕਤ ਕਿਸਾਨ ਮੋਰਚਾ ਜੋ ਕਹੇਗਾ, ਉਸੇ ਤਰ੍ਹਾਂ ਗੱਲ ਮੰਨੀ ਜਾਵੇਗੀ।ਚੜੂਨੀ ਨੇ ਆਪਣੇ ਨਿਜੀ ਤੌਰ ਤੇ ਕਿਸਾਨ ਸਰਕਾਰ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦਾ ਬਿਆਨ ਚੋਣ ਜੁਮਲਾ ਹੀ ਹੈ।ਜਿਹੜੇ ਕਿਸਾਨ ਸ਼ਹੀਦ ਹੋਏ ਹਨ, ਉਨ੍ਹਾਂ ਦੀ ਮਦਦ ਮੋਰਚਾ ਵੀ ਕਰ ਰਿਹਾ ਹੈ।
ਅਰਵਿੰਦ ਕੇਜਰੀਵਾਲ ਦੇ 300 ਯੂਨਿਟ ਮੁਫਤ ਉੱਤੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਸਤੀ ਦੇਣੀ ਚਾਹੀਦੀ ਹੈ, ਮੁਫਤ ਨਹੀਂ। ਉਨ੍ਹਾਂ ਕਿਹਾ ਕਿ ਆਖਰੀ ਦਮ ਤਕ ਮੋਰਚਾ ਜਾਰੀ ਰਹੇਗਾ ਤੇ 2024 ਤੱਕ ਕੇਂਦਰ ਸਰਕਾਰ ਸਾਫ ਕਰ ਦਿਆਂਗੇ।
ਸਿਆਸੀ ਪਾਰਟੀਆਂ ਪਹਿਲਾਂ ਹੀ ਦੂਰ ਨੇ ਅੰਦੋਲਨ ਤੋਂ
ਸਾਰਾ ਕੁੱਝ ਦਾਅ ਤੇ ਲਾ ਕੇ ਖੇਤੀ ਕਾਨੂੰਨਾਂ ਖਿਲਾਫ ਲੜਾਈ ਵਿਚ ਆਪਣੇ ਸਗੇ ਸਬੰਧੀਆਂ ਨੂੰ ਗਵਾਉਣ ਵਾਲੇ ਪਰਿਵਾਰਾਂ ਨੇ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸੇ ਸਿਆਸੀ ਪਾਰਟੀ ਤੋਂ ਕੋਈ ਆਸ ਨਹੀਂ ਰੱਖੀ ਹੈ। ਹਾਲਾਂਕਿ ਇਸਦਾ ਵੀ ਸਮਾਂ ਗਵਾਹ ਹੈ ਕਿ ਇਹ ਇਕੋ ਇਕ ਅਜਿਹਾ ਅੰਦੋਲਨ ਸੀ, ਜਿਸ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਲੀਡਰ ਨੂੰ ਮੋਰਚਾ ਲਾਈ ਕਿਸਾਨਾਂ ਨੇ ਮੋਰਚੇ ਨੇੜੇ ਫੜਕਣ ਨਹੀਂ ਦਿੱਤਾ ਹੈ। ਪਰ ਸੁਖਬੀਰ ਦਾ ਇਹ ਐਲਾਨ ਜ਼ਰੂਰ ਕੋਈ ਨਾ ਕੋਈ ਨਵਾਂ ਦਾਅ ਹੈ, ਜੋ 2022 ਦੀਆਂ ਚੋਣਾਂ ਤੋਂ ਪਹਿਲਾਂ ਸੋਚ ਸਮਝ ਕੇ ਲਾਇਆ ਜਾ ਰਿਹਾ ਹੈ।
ਅਕਾਲੀਆਂ ਦੇ ਪਿਛਲੇ ਰਾਜ ਦਾ ਰਿਕਾਰਡ, ਕਿਸਾਨਾਂ ਨੂੰ ਕੀ ਦਿੱਤਾ
ਕੈਪਟਨ ਸਰਕਾਰ ਨੇ ਸਾਲ 2017 ਸਤੰਬਰ ਵਿਚ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਅੰਕੜਿਆਂ ਸਮੇਤ ਖੁਲਾਸੇ ਕੀਤੇ ਸੀ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਦੌਰਾਨ ਮਾਰਚ 2007 ਤੋਂ ਲੈ ਕੇ ਮਾਰਚ 2017 ਤੱਕ ਕੁੱਲ 997 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਇਨਾਂ ਵਿੱਚੋਂ 155 ਖੁਦਕੁਸ਼ੀਆਂ ਜਨਵਰੀ 2015 ਤੋਂ ਦਸੰਬਰ 2015 ਵਿੱਚਕਾਰ ਹੋਈਆਂ ਅਤੇ ਸਾਲ 2016 ਤੋਂ ਬਾਅਦ ਬਾਦਲ ਸਰਕਾਰ ਦੇ ਸ਼ਾਸਨ ਦੌਰਾਨ 225 ਖੁਦਕੁਸ਼ੀਆਂ ਹੋਈਆਂ, ਜਿਸ ਤੋਂ ਖੁਦਕੁਸ਼ੀਆਂ ਵਿੱਚ ਵੱਡੇ ਵਾਧੇ ਦੇ ਸੰਕੇਤ ਮਿਲੇ ਹਨ। ਉਨਾਂ ਕਿਹਾ ਕਿ ਸੰਕਟ ਵਿੱਚ ਘਿਰੇ ਕਿਸਾਨਾਂ ਵੱਲੋਂ ਆਪਣੀ ਹਾਲਤ ਵਿੱਚ ਸੁਧਾਰ ਨਾ ਹੋਣ ਦੀ ਉਮੀਦ ਹੋਣ ਕਾਰਨ ਖੁਦਕੁਸ਼ੀਆਂ ਦੇ ਕਦਮ ਚੁੱਕਣ ਵਿੱਚ ਭਾਰੀ ਵਾਧਾ ਹੋਇਆ ਹੈ।
ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2005-06 ਦੌਰਾਨ ਪ੍ਰਤੀ ਪਰਿਵਾਰ ‘ਤੇ ਤਕਰੀਬਨ 1 ਲੱਖ 79 ਹਜ਼ਾਰ ਰੁਪਏ ਕਰਜ਼ਾ ਸੀ ਜੋ ਸਾਲ 2014-15 ਦੌਰਾਨ ਵਧ ਕੇ 4 ਲੱਖ 74 ਹਜਾਰ ਰੁਪਏ ਹੋ ਗਿਆ।
ਹਾਲਾਂਕਿ ਆਪਣੀ ਸਰਕਾਰ ਦਾ ਪੱਖ ਰੱਖਦਿਆਂ ਕੈਪਟਨ ਨੇ ਕਿਹਾ ਸੀ ਕਿ ਮਾਰਚ-ਸਤੰਬਰ ਦੇ ਸਮੇਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਖੁਦਕੁਸ਼ੀਆਂ ਦੇ ਮਾਮਲੇ ਅਸਲ ‘ਚ 2017 ਦੌਰਾਨ ਘਟੇ ਹਨ। ਸਾਲ 2016 ਦੇ ਮਾਰਚ-ਸਤੰਬਰ ਦੇ ਸਮੇਂ ਦੌਰਾਨ 153 ਖੁਦਕੁਸ਼ੀਆਂ ਹੋਈਆਂ ਸਨ ਜੋ ਸਾਲ 2017 ਇਸੇ ਸਮੇਂ ਦੌਰਾਨ ਘਟ ਕੇ 131 ਰਹਿ ਗਈਆਂ ਹਨ।ਉਨਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪਿਛਲੇ ਛੇ ਮਹੀਨਿਆਂ ਦੌਰਾਨ 250 ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਸਬੰਧੀ ਕੀਤੇ ਗਏ ਦਾਅਵੇ ਨੂੰ ਇਹ ਅੰਕੜੇ ਝੁਠਲਾਉਂਦੇ ਹਨ।
ਉਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀਆਂ ਲਈ ਦਿੱਤੇ ਜਾਂਦੇ ਮੁਆਵਜ਼ੇ ਵਿੱਚ ਉਨਾਂ ਦੀ ਸਰਕਾਰ ਨੇ ਵੱਡਾ ਵਾਧਾ ਕੀਤਾ ਹੈ। ਸਾਲ 2014 ਦੌਰਾਨ ਕੁੱਲ ਮੁਆਵਜ਼ਾ 148 ਲੱਖ ਰੁਪਏ, 2015 ਦੌਰਾਨ 389 ਲੱਖ ਰੁਪਏ ਅਤੇ ਸਾਲ 2016 ਦੌਰਾਨ 429 ਲੱਖ ਰੁਪਏ ਦਿੱਤਾ ਗਿਆ ਜਦਕਿ ਸਾਲ 2017 ਦੇ ਰਹਿੰਦੇ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਸਿਰਫ 27 ਲੱਖ ਰੁਪਏ ਮੁਆਵਜ਼ੇ ਦਾ ਭੁਗਤਾਨ ਕੀਤਾ। ਇਸ ਦੇ ਮੁਕਾਬਲੇ ਉਨਾਂ ਦੀ ਸਰਕਾਰ ਨੇ ਨਾ ਸਿਰਫ ਖੁਦਕੁਸ਼ੀਆਂ ਸਬੰਧੀ ਮੁਆਵਜ਼ਾ ਤਿੰਨ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਕੀਤਾ ਸਗੋਂ ਅਪ੍ਰੈਲ ਤੋਂ ਜੂਨ ਤੱਕ ਦੇ 114 ਕੇਸਾਂ ਲਈ 311 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ।
ਚੋਗਾ ਸੁੱਟਣ ਚ ਕਿਹੜਾ ਸਿਆਸਤਦਾਨ ਮੋਹਰੀ
2022 ਬਹੁਤਾ ਦੂਰ ਨਹੀਂ ਰਹਿ ਗਿਆ ਤੇ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਹੀ ਲੋਕਾਂ ਨੂੰ ਭਰਮਾਉਣ ਲਈ ਸਾਰੇ ਢੰਗ ਤਰੀਕੇ ਵਰਤ ਰਹੀਆਂ ਹਨ। ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਫਿਲਹਾਲ ਕੈਪਟਨ ਸਰਕਾਰ ਇਨ੍ਹਾਂ ਦਿਨਾਂ ਵਿਚ ਵਿਹਲੀ ਨਹੀਂ ਹੈ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਸਕੇ। ਹਾਲੇ ਕੈਪਟਨ ਸਰਕਾਰ ਨੂੰ ਪਾਰਟੀ ਦੇ ਅੰਦਰੂਨੀ ਮਸਲੇ ਤੇ ਆਪਣੇ ਲੀਡਰਾਂ ਦੀਆਂ ਚੋਭਾਂ ਹੀ ਭੁੰਝੇ ਪੈਰ ਨਹੀਂ ਲਗਾਉਣ ਦੇ ਰਹੀਆਂ।
ਅਕਾਲੀ ਦਲ ਜਦੋਂ ਤੋਂ ਇਹ ਭਾਫ ਲੈ ਗਿਆ ਹੈ ਕਿ ਕੇਜਰੀਵਾਲ ਪੂਰੇ ਹਿਸਾਬ ਕਿਤਾਬ ਨਾਲ ਪੰਜਾਬ ਨੂੰ ਫਰੋਲਣ ਲੱਗਾ ਹੋਇਆ ਹੈ, ਉਦੋਂ ਤੋਂ ਅਕਾਲੀ ਦਲ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਹੈ।ਉਹ ਵੱਖਰੀ ਗੱਲ ਹੈ ਕਿ ਕਈ ਵਾਰ ਸੁਖਬੀਰ ਆਪਣੇ ਬੇਸਿਰ ਪੈਰ ਦੇ ਬਿਆਨਾਂ ਤੇ ਗਲਤ ਸੂਹੀਏ ਕਾਰਨ ਮਾਰੀਆਂ ਰੇਡਾਂ ਕਾਰਨ ਸਰਕਾਰੀ ਕੜਿਕੀ ਵਿਚ ਫਸ ਚੁੱਕੇ ਹਨ। ਪਰ ਸੱਚੀ ਗੱਲ ਇਹ ਹੈ ਕਿ ਤੀਜੇ ਬਦਲ ਦੇ ਰੂਪ ਵਿਚ ਸਿਰ ਚੁੱਕ ਰਹੀ ਆਪ ਦੇ ਲੀਡਰ ਨਾਪ ਤੋਲ ਕੇ ਬਿਆਨ ਤੇ ਮੁੱਦਿਆਂ ਨੂੰ ਜਨਤਾ ਅੱਗੇ ਰੱਖ ਰਹੇ ਹਨ। ਵਿਸ਼ਵਾਸ਼ ਪੈਦਾ ਕਰਨ ਲਈ ਆਹੀ ਦਿਨ ਹਨ ਤੇ ਅਕਾਲੀ ਦਲ ਐਲਾਨਾਂ ਤੇ ਲੋਕ ਮੁੱਦਿਆ ਉੱਤੇ ਇਸ ਪਾਰਟੀ ਨੂੰ ਘੇਰਨ ਲੱਗੀ ਹੋਈ ਹੈ। ਲੋਕਾਂ ਦੀ ਨਜਰ ਹਾਲਾਂਕਿ ਕੈਪਟਨ ਸਾਹਬ ਤੇ ਵੀ ਲੱਗੀ ਹੈ ਕਿ ਦਿੱਲਿਓ ਮੁੜਨ ਤੋਂ ਬਾਅਦ ਸੋਨੀਆਂ ਨਾਲ ਗੱਲਾਬਾਤਾਂ ਦੇ ਰਾਜ ਉਹ ਕਦੋ ਖੋਲ੍ਗਦੇ ਨੇ।
ਮੁਫਤ ਚੀਜ਼ਾਂ ਇਹ ਲੀਡਰ ਦਿੰਦੇ ਕਿੱਥੋਂ ਨੇ
ਮੁਫਤੋ-ਮੁਫਤੀ ਚੀਜਾਂ ਵੰਡਣ ਦਾ ਜਿਵੇਂ ਸਿਆਸੀ ਪਾਰਟੀਆਂ ਵਿਚ ਦੇਖੋ ਦੇਖੀ ਰਿਵਾਜ ਆ ਗਿਆ ਹੈ। ਇਕ ਸੀਨੀਅਰ ਪੱਤਰਕਾਰ ਦਾ ਨਜਰੀਆ ਲਿਆ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਦੇ ਮੁੱਦੇ ਸਣੇ ਕੇਜਰੀਵਾਲ ਹੋਰ ਮੁੱਦਿਆਂ ਉੱਤੇ ਕਾਹਲੀ ਦਿਖਾ ਗਿਆ ਹੈ। ਇਸ ਨਾਲ ਸਾਰੀਆਂ ਪਾਰਟੀਆਂ ਨੇ ਉਸਦੇ ਤਰਕਸ਼ ਦੇ ਤੀਰ ਤਕਰੀਬਨ ਦੇਖ ਲਏ ਹਨ। ਪਰ ਪੰਜਾਬ ਦੇ ਵੋਟਰ ਦੀ ਗੱਲ ਕਰੀਏ ਤਾਂ ਮੁੱਦਿਆਂ ਵਿੱਚ ਗੜੁੱਚ ਖੜ੍ਹਾ ਪੰਜਾਬੀ ਆਪਣੇ ਆਪ ਨੂੰ ਸਿਆਸੀ ਬਜਾਰ ਵਿਚ ਖੜ੍ਹਾ ਮਹਿਸੂਸ ਕਰ ਰਿਹਾ ਹੈ।
ਆਟਾ ਮੁਫਤ ਲੈ ਲੋ, ਦਾਲ ਮੁਫਤ ਲੈ ਲਵੋ, ਬਿਜਲੀ ਮੁਫਤ ਲੈ ਲਵੋ, ਤੇਲ ਸਾਬਣ…ਗੱਲ ਕੀ ਕੁਰਸੀ ਦੇ ਦਿਓ ਮੁਫਤ ਜੋ ਜੀ ਕਰਦਾ ਲੈ ਜਾਓ ਬਸ। ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਸਿਆਸੀ ਲੀਡਰ ਲੋਕਾਂ ਨੂੰ ਇੰਨਾ ਕੁ ਸਮਰੱਥ ਬਣਾਉਣ ਦੀ ਗੱਲ ਨਹੀਂ ਕਰ ਰਿਹਾ ਕਿ ਜਿਸ ਨਾਲ ਲੋਕ ਸਨਮਾਨ ਨਾਲ ਇਹ ਆਟਾ ਦਾਲ, ਸਾਬਣ ਤੇਲ , ਬਿਜਲੀ ਪਾਣੀ ਖਰੀਦ ਸਕਣ ਤੇ ਰੋਹਬ ਨਾਲ ਬਿਲ ਦੇ ਸਕਣ ਤੇ ਇਜਤ ਮਾਣ ਨਾਲ ਬੱਚਿਆ ਦੀ ਪੜ੍ਹਾਈ ਦੇ ਖਰਚੇ ਚੁੱਕ ਸਕਣ।
ਸਿਆਸੀ ਦਲਾਂ ਨੂੰ ਸਵਾਲ ਹੈ ਕਿ ਮੁਫਤ ਚੀਜਾਂ ਦਿਓਗੇ ਕਿਹੜੇ ਖਾਤੇ ਚੋਂ।ਸਰਕਾਰੀ ਖਜਾਨੇ ਦਾ ਪੈਸਾ ਲੋਕਾਂ ਦੀ ਮਿਹਨਤ ਹੈ।ਲੋਕਾਂ ਦਾ ਟੈਕਸ ਹੈ। ਲੋਕਾਂ ਦਾ ਪੈਸਾ ਹੈ ਜੋ ਸਰਕਾਰ ਕੋਲੋਂ ਘੁੰਮ ਘੁਮਾ ਕੇ ਲੋਕਾਂ ਦੀ ਜੇਬ੍ਹ ਤੱਕ ਪੁੱਜਦਾ ਹੈ। ਪਰ ਇਹ ਸਿਆਸੀ ਲੀਡਰ ਜਦੋਂ ਵਿਰੋਧੀ ਧਿਰ ਵਿਚ ਹੁੰਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਖਜਾਨਾ ਖਾਲੀ ਹੈ, ਤੇ ਜੇ ਵਾਕਿਆ ਹੀ ਖਜਾਨਾ ਖਾਲੀ ਹੈ ਤਾਂ ਲੋਕਾਂ ਨੂੰ ਮੁਫਤੋ ਮੁਫਤੀ ਸੌਦਾ ਕਿਹੜੇ ਖਜਾਨੇ ਵਿਚੋਂ ਦੇਣਗੇ। ਤੇ ਇਤਿਹਾਸ ਗਵਾਹ ਹੈ ਕਿ ਲੋਕ ਹਿੱਤਾਂ ਲਈ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੇ ਲੀਡਰ ਉਂਗਲਾਂ ਦੇ ਪੋਟਿਆਂ ਉੱਤੇ ਵੀ ਨਹੀਂ ਗਿਣੇ ਜਾ ਸਕਦੇ….।