Punjab

ਅਸਮਾਨ ‘ਚੋਂ ਵਰ੍ਹਦੀ ਲੂ ‘ਚ ਵੀ ਚੋਣ ਪ੍ਰਚਾਰ ਭਖਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਵਿੱਚ ਇੱਕ ਹਫ਼ਤੇ ਤੋਂ ਘੱਟ ਸਮਾਂ ਰਹਿੰਦਿਆਂ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਖੇਡੇ ਜਾ ਰਹੇ ਹਰ ਦਾਅ ਪੇਚ ਤੋਂ ਬਾਅਦ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕੇ ਦਾ ਗੇੜਾ ਲਾ ਕੇ ਮੁਹਿੰਮ ਨੂੰ ਹੋਰ ਵੀ ਭਖਾ ਦਿੱਤਾ ਹੈ। ਮੁੱਖ ਮੰਤਰੀ ਮਾਨ ਅੱਜ ਹਲਕੇ ਦੇ ਕਈ ਸ਼ਹਿਰਾਂ ਵਿੱਚ ਆਪਣੇ ਲਾਮ ਲਸ਼ਕਰ ਨਾਲ ਚੋਣ ਪ੍ਰਚਾਰ ਕਰਦੇ ਦੇਖੇ ਗਏ। ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ ਕਈ ਦਿਨਾਂ ਤੋਂ ਹਲਕੇ ਵਿੱਚ ਡੇਰਾ ਲਾਈ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਣ ਦੀਆਂ ਖ਼ਬਰਾਂ ਹਨ ਅਤੇ ਲੋਕ ਆਪ ਮੁਹਾਰੇ ਕਾਫ਼ਲੇ ਵਿੱਚ ਜੁੜ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਦਾ ਪਿਛੋਕੜ ਕਾਂਗਰਸੀ ਹੈ। ਇਸ ਕਰਕੇ ਦੋਵੇਂ ਉਮੀਦਵਾਰ ਇੱਕੋ ਹਲਕਿਆਂ, ਇੱਕੋ ਮੁਹੱਲਿਆਂ ਅਤੇ ਇੱਕੋਂ ਪਰਿਵਾਰਾਂ ਕੋਲ ਵਾਰ ਵਾਰ ਗੇੜਾ ਲਾ ਰਹੇ ਹਨ।

ਸਾਂਝੀ ਪੰਥਕ ਉਮੀਦਵਾਰ ਬੀਬੀ ਕਮਲਦੀਪ ਕੌਰ

ਇਸੇ ਦੌਰਾਨ ਸਿਆਸੀ ਪਾਰਟੀਆਂ ਵਿੱਚ ਸ਼ੁਰੂ ਹੋਈ ਸ਼ਬਦੀ ਜੰਗ ਅੱਜ ਉਸ ਵੇਲੇ ਸਿਖਰਾਂ ਉੱਤੇ ਪਹੁੰਚ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸਿਮਰਨਜੀਤ ਸਿੰਘ ਮਾਨ ਉੱਤੇ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਗਾਂਧੀ ਪਰਿਵਾਰ ਦੇ ਹੱਕ ਵਿੱਚ ਬਿਆਨ ਦੇਣ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮਾਨ ਉੱਤੇ ਹੋਰ ਵੀ ਕਈ ਸਵਾਲ ਖੜੇ ਕੀਤੇ ਹਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ

ਇੱਕ ਹੋਰ ਜਾਣਕਾਰੀ ਅਨੁਸਾਰ ਮੁਤਵਾਜ਼ੀ ਜਥੇਦਾਰ ਹਵਾਰਾ ਕਮੇਟੀ ਦੇ ਮੈਂਬਰ ਅਤੇ ਉਨ੍ਹਾਂ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਨੇ ਲੋਕ ਸਭਾ ਹਲਕਾ ਸੰਗਰੂਰ ਤੋ ਸਿਮਰਨਜੀਤ ਸਿੰਘ ਮਾਨ ਦੀ ਭਰਵੀਂ ਹਮਾਇਤ ਕਰਨ ਦਾ ਸੁਨੇਹਾ ਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਨ ਘੱਟ ਗਿਣਤੀ ਕੌਮਾਂ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਡਟ ਕੇ ਲੜਦੇ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਇਹ ਬਿਆਨ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੇ ਹਵਾਲੇ ਨਾਲ ਦਿੱਤਾ ਹੈ।

ਗੁਰਮੇਲ ਸਿੰਘ ਘਰਾਚੋਂ, ‘ਆਪ’

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਪ੍ਰਚਾਰ ਸ਼ੁਰੂ ਕੀਤਾ ਸੀ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਸਾਥੀਆਂ ਵਿੱਚੋਂ ਹਨ। ਆਪ ਦੀ ਮੁਹਿੰਮ ਨੂੰ ਭਖਾਉਣ ਲਈ ਸੰਗਰੂਰ ਲੋਕ ਸਭਾ ਹਲਕੇ ਵਿੱਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਨੌਂ ਮੰਤਰੀਆਂ ਨੂੰ ਇੰਚਾਰਜ ਲਾਇਆ ਗਿਆ ਹੈ।

ਕੇਵਲ ਸਿੰਘ ਢਿੱਲੋਂ, ਬੀਜੇਪੀ

ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਹਾਲੇ ਮੁਹਿੰਮ ਤੋਂ ਦੂਰ ਚੱਲ ਰਹੇ ਹਨ ਜਦਕਿ ਕਾਂਗਰਸ ਦੇ ਪ੍ਰਧਾਨ ਸਮੇਤ ਹੋਰ ਪ੍ਰਮੁੱਖ ਨੇਤਾ ਇੱਕ ਅੱਧੀ ਵਾਰ ਗੇੜਾ ਲਾ ਚੁੱਕੇ ਹਨ। ਭਾਜਪਾ ਦੇ ਕੇਵਲ ਸਿੰਘ ਢਿੱਲੋਂ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੋਂ ਚੋਣ ਹਾਰ ਗਏ ਸਨ। ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਹਲਕੇ ਤੋਂ ਇੱਕ ਤੋਂ ਵੱਧ ਵਾਰ ਕਿਸਮਤ ਅਜ਼ਮਾਈ ਹੈ।

ਦਲਬੀਰ ਸਿੰਘ ਗੋਲਡੀ, ਕਾਂਗਰਸ

ਕਾਂਗਰਸ ਦੇ ਗੋਲਡੀ ਨੇ ਹਲਕਾ ਧੂਰੀ ਤੋਂ ਭਗਵੰਤ ਸਿੰਘ ਮਾਨ ਦੇ ਖਿਲਾਫ਼ ਚੋਣ ਲੜੀ ਸੀ। ਵੱਖ ਵੱਖ ਥਾਂਵਾਂ ਤੋਂ ਆ ਰਹੀਆਂ ਖਬਰਾਂ ਅਤੇ ਸਿਆਸੀ ਪੰਡਿਤਾਂ ਦੇ ਵਿਸ਼ਲੇਸ਼ਣ ਮੁਤਾਬਕ ਇਸ ਵੇਲੇ ਮੁੱਖ ਮੁਕਾਬਲਾ ਆਪ ਦੇ ਘਰਾਚੋਂ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵਿਚਾਲੇ ਦੱਸਿਆ ਜਾ ਰਿਹਾ ਹੈ।