‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਰਕਾਰਾਂ ਮੁੱਦਿਆਂ ਉੱਤੇ ਹੀ ਬਣਦੀਆਂ ਨੇ ਤੇ ਮੁੱਦਿਆਂ ਉੱਤੇ ਹੀ ਇਹ ਟੁੱਟਦੀਆਂ ਹਨ ਤੇ ਕਿਸ ਮੁੱਦੇ ਨੂੰ ਕਦੋਂ, ਕਿਵੇਂ ਤੇ ਕਿਉਂ ਵਰਤਣਾ ਹੈ , ਇਹੀ ਸਰਕਾਰਾਂ ਦੀ ਖਾਸਿਅਤ ਹੁੰਦੀ ਹੈ। ਧਰਮ ਅਜਿਹਾ ਮੁੱਦਾ ਹੈ ਜੋ ਸਾਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦਾ ਹੈ ਤੇ ਇਸਨੂੰ ਪੰਜਾਬ ਦੀਆਂ ਦੋ ਸਰਕਾਰਾਂ ਨੇ ਕਿਵੇਂ ਆਪਣੀ ਸੱਤਾ ਮਜ਼ਬੂਤ ਕਰਨ ਲਈ ਵਰਤਿਆ ਹੈ, ਇਹ ਇਸ ਵੇਲੇ ਜਦੋਂ 2022 ਦੀਆਂ ਚੋਣਾ ਆ ਰਹੀਆਂ ਹਨ, ਇਸ ਦੇ ਨੇੜੇ ਤੇੜੇ ਵਿਚਾਰਨਾ ਬਹੁਤ ਜ਼ਰੂਰੀ ਹੈ, ਕਿਉਂ ਕਿ ਇਹ ਉਹੀ ਦਿਨ ਹਨ ਜਦੋਂ ਧਰਮ ਦੇ ਵਰਤੇ ਜਾਣ ਦੇ ਸਭ ਤੋਂ ਵੱਧ ਮੌਕੇ ਹਨ। ਸਰਕਾਰਾਂ ਨੂੰ ਇਹ ਪਤਾ ਹੈ ਕਿ ਧਰਮ ਸਾਡੀ ਕਿਹੜੀ ਨਾੜ ਨਾਲ ਜੁੜਿਆ ਹੋਇਆ ਹੈ ਤੇ ਇਸੇ ਨਾੜ ਦੇ ਸਹਾਰੇ ਸਰਕਾਰਾਂ ਸਾਡੀਆਂ ਹੋਰ ਰਗਾਂ ਪਛਾਣਦੀ ਹੈ।
ਰੁਜ਼ਗਾਰ ਦੇ ਮੁੱਦੇ ਤੇ ਲੋਕ ਮੂੰਹੋਂ ਕੁੱਝ ਬੋਲਣ ਨਾ ਬੋਲਣ, ਸਰਕਾਰਾਂ ਖਿਲਾਫ ਮੋਰਚੇ ਖੋਲ੍ਹਣ ਨਾ ਖੋਲ੍ਹਣ ਪਰ ਜਦੋਂ ਧਰਮ ਦੀ ਅਣਖ ਦਾ ਸਵਾਲ ਪੈਦਾ ਹੁੰਦਾ ਹੈ ਤਾਂ ਅਸੀਂ ਪੰਜਾਬੀ ਜ਼ਰੂਰ ਹਾਅ ਦਾ ਨਾਅਰਾ ਮਾਰਦੇ ਹਾਂ। ਪਰ ਪੰਜਾਬ ਦੀ ਸਿਆਸਤ ਵਿੱਚ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਨੇ ਜਿਸ ਤਰ੍ਹਾਂ ਲੋਕਾਂ ਦੇ ਮਨਾਂ ਨੂੰ ਹਿਲਾ ਕੇ ਰੱਖਿਆ ਹੈ ਤੇ ਜਿਸ ਤਰ੍ਹਾਂ ਸਿਆਸੀ ਲੋਕਾਂ ਨੇ ਸਾਰਾ ਸ਼ੀਸ਼ਾ ਸਾਫ ਹੁੰਦਿਆਂ ਲੋਕਾਂ ਦੇ ਮਨਾਂ ਉੱਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। 6-6 ਸਾਲ ਮਾਮਲੇ ਦੀ ਜਾਂਚ, ਕਮਿਸ਼ਨਾਂ ਦਾ ਗਠਨ, ਸੀਬੀਆਈ ਕੋਲ ਜਾਂਚ, ਵੱਡੇ ਵੱਡੇ ਲੀਡਰਾਂ ਦੇ ਨਾਂ ਤੇ ਅੰਤ ਫਿਰ ਕਾਨੂੰਨ ਦੇ ਦਰਵਾਜੇ ਤੋਂ ਵੀ ਨਿਰਾਸ਼ਾ ਦਾ ਹੱਥ ਲੱਗਣਾ, ਇਕ ਨਹੀਂ ਹਜ਼ਾਰ ਸਵਾਲ ਖੜ੍ਹੇ ਕਰਦਾ ਹੈ ਤੇ ਜੇਕਰ ਇਹ ਸਵਾਲ ਸਾਨੂੰ ਝੰਜੋੜ ਕੇ ਨਹੀਂ ਰੱਖਦੇ ਤਾਂ ਫਿਰ ਜਰੂਰ ਸਾਨੂੰ ਆਪਣੀ ਅਕਲ ‘ਤੇ ਸ਼ੱਕ ਕਰਨਾ ਚਾਹੀਦਾ ਹੈ ਕਿ ਕਿਤੇ ਅਸੀਂ ਕਿਸੇ ਗੱਲੋਂ ਖੁੰਝ ਤਾਂ ਨਹੀਂ ਰਹੇ ਕਿ ਹਰੇਕ ਪੰਜੀ ਸਾਲੀ ਨੀਲੀਆਂ, ਹਰਿਆਂ ਤੇ ਪੀਲਿਆਂ ਪੱਗਾਂ ਤੋਂ ਠੱਗੇ ਤਾਂ ਨਹੀਂ ਜਾ ਰਹੇ। ਸ਼ਰਧਾ ਨਾਲ ਸਰਕਾਰਾਂ ਨਹੀਂ ਬਣਦੀਆਂ ਹੁੰਦੀਆਂ, ਸਰਕਾਰਾਂ ਸਹੀ ਸੋਚ ਰੱਖ ਕੇ ਹੀ ਘੜੀਆਂ ਜਾਣੀਆਂ ਚਾਹੀਦੀਆਂ ਹਨ।ਬਹਿਬਲ ਕਲਾਂ ਬੇਅਦਬੀ ਤੇ ਗੋਲੀ ਕਾਂਡ ‘ਤੇ ਸਿਆਸੀ ਲੀਡਰਾਂ ਨੇ ਕਿਵੇਂ ਰੋਟੀਆਂ ਸੇਕੀਆਂ ਨੇ ਪੂਰੇ ਘਟਨਾਕ੍ਰਮ ਰਾਹੀਂ ਇਸ ਖਾਸ ਰਿਪੋਰਟ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ…
ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ‘ਚ ਬਾਦਲਾਂ ਨੂੰ ਸੰਮਨ ਦਾ ਮਤਲਬ
ਇਹ ਘਟਨਾ ਹਾਲੇ ਤਾਜ਼ੀ ਹੈ ਕਿ ਹਾਈਕੋਰਟ ਨੇ ਸਿਟ ਦੀ ਜਾਂਚ ਰਿਪੋਰਟ ‘ਤੇ ਕਾਟਾ ਮਾਰ ਦਿੱਤਾ। ਹਾਈਕੋਰਟ ਵੱਲੋਂ ਪਿਛਲੀ ਐੱਸਆਈਟੀ ਦੀ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਨ ਤੋਂ ਬਾਅਦ ਨਵੀਂ ਐੱਸਆਈਟੀ ਦੇ ਗਠਨ ਮਗਰੋਂ ਹੁਣ ਨਵੀਂ ਐੱਸਆਈਟੀ ਇਸ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਨਵੀਂ SIT ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁਾਹਾਲੀ ਵਿਖੇ 16 ਜੂਨ ਨੂੰ ਤਲਬ ਕੀਤਾ ਹੈ ਤਾਂ ਜੋ ਪੁੱਛਗਿੱਛ ਕੀਤੀ ਜਾ ਸਕੇ। ਬਰਗਾੜੀ ਬੇਅਦਬੀ ਮਾਮਲੇ ਵਿੱਚ ਐੱਸਆਈਟੀ ਨੇ ਦੋ ਗਵਾਹਾਂ ਦੇ ਬਿਆਨ ਫਰੀਦਕੋਟ ਅਦਾਲਤ ਵਿੱਚ ਦਰਜ ਵੀ ਕਰਵਾਏ ਹਨ। ਇਨ੍ਹਾਂ ਦੋਵੇਂ ਗਵਾਹਾਂ ਨੇ ਡੇਰਾ ਪ੍ਰੇਮੀਆਂ ਦੀ ਪਛਾਣ ਵੀ ਕਰ ਲਈ ਹੈ। ਪੋਸਟਰ ਲਗਾਉਣ ਦੇ ਮਾਮਲੇ ਵਿੱਚ ਇਨ੍ਹਾਂ ਗਵਾਹਾਂ ਦੇ ਬਿਆਨ ਦਰਜ ਹੋਏ ਹਨ। 16 ਜੂਨ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਿਆਸਤ ਵੀ ਜੋਰ ਫੜ੍ਹ ਚੁੱਕੀ ਹੈ ਤੇ ਬਿਆਨਾਂ ਦੇ ਤੀਰ ਦਵੱਲਿਓਂ ਇੱਕ ਦੂਜੇ ‘ਤੇ ਛੱਡੇ ਜਾ ਰਹੇ ਹਨ, ਪਰ 2022 ਦੇ ਨੇੜੇ ਇਹ ਹਮਲੇ ਤਿੱਖੇ ਹੋਣੇ ਹੀ ਸੀ, ਇਸ ਗੱਲ ਨੂੰ ਪੰਜਾਬ ਦੇ ਸੂਝਵਾਨ ਵੋਟਰਾਂ ਤੇ ਬਸ਼ਿੰਦਿਆਂ ਨੂੰ ਮਨੋਂ ਵਿਸਾਰਨੇ ਨਹੀਂ ਚਾਹੀਦੇ। 16 ਜੂਨ ਤੋਂ ਬਾਅਦ ਕੀ ਖੁਲਾਸਾ ਹੁੰਦਾ ਹੈ, ਇਹ ਤਾਂ ਅਫਸਰ ਹੀ ਜਾਣਦੇ ਨੇ ਤੇ ਜਾਂ ਫਿਰ ਸਰਕਾਰ ਦੀ ਨਵੀਂ ਸਿਟ।
ਨਵੀਂ ਸਿਟ ਨੇ ਹੁਣ ਤੱਕ ਕੀ-ਕੀ ਕੀਤਾ
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਬਹਿਬਲ ਕਲਾਂ ਗੋਲੀ ਕਾਂਡ ਲਈ ਨਵੀਂ ਐਸ ਆਈ ਟੀ ਦਾ ਗਠਨ ਕੀਤਾ ਸੀ। ਤਿੰਨ ਮੈਂਬਰੀ ਇਸ ਕਮੇਟੀ ਵਿੱਚ ਐੱਸ.ਆਈ.ਟੀ. ਨੌਨਿਹਾਲ ਸਿੰਘ ਆਈ ਜੀ ਪੀ ਲੁਧਿਆਣਾ ਦੀ ਅਗਵਾਈ ਦੋ ਮੈਂਬਰ ਐਸ ਐਸ ਪੀ ਮੋਹਾਲੀ ਸਤਿੰਦਰ ਸਿੰਘ ਤੇ ਫ਼ਰੀਦਕੋਟ ਦੇ ਐਸ ਐਸ ਪੀ ਸਵਰਨਦੀਪ ਸਿੰਘ ਹਾਈਕੋਰਟ ਦਾ ਇਹ ਹੁਕਮ ਸੀ ਕਿ ਨਵੀਂ ਐਸਆਈਟੀ ਨਿਰੋਲ ਹੋਵੇਗੀ। ਕੋਈ ਪੁਰਾਣਾ ਅਧਿਕਾਰੀ ਇਸਦਾ ਹਿੱਸਾ ਨਹੀਂ ਹੋਵੇਗਾ। ਨਵੀਂ ਸਿਟ ਤਕਰੀਬਨ ਉਸੇ ਪੈਟਰਨ ‘ਤੇ ਕੰਮ ਕਰ ਰਹੀ ਹੈ, ਜੋ ਪਹਿਲਾਂ ਵਾਲੀ ਨੇ ਅਖਤਿਆਰ ਕੀਤਾ ਸੀ।
ਵਿਸ਼ੇਸ਼ ਜਾਂਚ ਟੀਮ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਅਤੇ ਇਸ ਸਬੰਧੀ ਇਤਰਾਜ਼ਯੋਗ ਪੋਸਟਰ ਲਾਉਣ ਦੇ ਇਲਜ਼ਾਮ ਚ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ। ਇੱਕ ਮਹੀਨੇ ਦੀ ਪੜਤਾਲ ਮਗਰੋਂ ਬੇਅਦਬੀ ਕਾਂਡ ਵਿੱਚ ਛੇ ਵਿਅਕਤੀਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੇ ਵਿਅਕਤੀ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਨ।
ਅਣਪਛਾਤੇ ਵਿਅਕਤੀਆਂ ਨੇ 12 ਅਕਤੂਬਰ 2015 ਦੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਖਿਲਾਰ ਦਿੱਤੇ ਸਨ। ਇਸ ਤੋਂ ਪਹਿਲਾਂ 24 ਸਤੰਬਰ 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ ਅਤੇ ਦਾਅਵਾ ਕੀਤਾ ਗਿਆ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਹਿਲੀ ਜੂਨ ਨੂੰ ਚੋਰੀ ਹੋਇਆ ਸਰੂਪ ਉਨ੍ਹਾਂ ਦੇ ਕਬਜ਼ੇ ਵਿੱਚ ਹੈ।
ਸੈਣੀ ਉਮਰਾਨੰਗਲ ਤੇ ਚਰਨਜੀਤ ਸ਼ਰਮਨਾ ਸਮੇਤ 60 ਤੋਂ ਵੱਧ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ, ਤਾਜ਼ਾ ਖਬਰ ਬਾਦਲ ਨੂੰ ਸੰਮਨ ਭੇਜੇ ਜਾਣ ਦੀ ਹੈ ….
9 ਜੁਲਾਈ ‘ਤੇ ਨਜ਼ਰਾਂ
ਵਿਸ਼ੇਸ਼ ਜਾਂਚ ਟੀਮ 16 ਮਈ ਤੋਂ ਡੇਰਾ ਪ੍ਰੇਮੀਆਂ ਤੋਂ ਪੜਤਾਲ ਕਰ ਰਹੀ ਹੈ ਪਰ ਹਾਲੇ ਤੱਕ ਵੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ, ਪਾੜੇ ਗਏ ਪੱਤਰੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਬਰਾਮਦ ਨਹੀਂ ਹੋ ਸਕੇ। ਇਸੇ ਦੌਰਾਨ ਅੱਜ ਸਪੈਸ਼ਲ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ’ਚ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੋਣੀ ਸੀ ਪਰ ਕਰੋਨਾ ਕਾਰਨ ਅਦਾਲਤਾਂ ਨੇ ਕੰਮ ਬੰਦ ਕੀਤਾ ਹੋਇਆ ਹੈ, ਜਿਸ ਕਰ ਕੇ ਇਸ ਮਾਮਲੇ ਦੀ ਸੁਣਵਾਈ 9 ਜੁਲਾਈ ਤੱਕ ਟਲ ਗਈ ਹੈ।
ਨਵੀਂ ਸਿਟ ਤਕਰੀਬਨ ਉਸੇ ਪੈਟਰਨ ‘ਤੇ ਕੰਮ ਕਰ ਰਹੀ ਹੈ, ਜੋ ਪਹਿਲਾਂ ਵਾਲੀ ਨੇ ਅਖਤਿਆਰ ਕੀਤਾ ਸੀ।
ਬਹਿਬਲ ਕਲਾਂ ‘ਚ ਕੀ ਵਾਪਰਿਆ ਸੀ
ਅਕਤੂਬਰ ਚ ਬਰਗਾੜੀ ਪਿੰਡ ਚ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਸਿੱਖ ਬਾਈਚਾਰੇ ਦੇ ਲੋਕ ਆਪਣਾ ਰੋਸ ਪ੍ਰਗਚਟਾਉਣ ਲਈ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਤੇ ਕੱਠੇ ਹੋਏ ਤੇ ਪੁਲਿਸ ਨੇ ਗੋਲੀ ਚਲਾਈ।
ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਕਿਵੇਂ ਵਾਪਰੀ ਘਟਨਾ
ਇਸ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜੋ ਸਾਰੀ ਜਾਂਚ ਪ੍ਰਕਿਰਿਆ ਦੀ ਰਿਪੋਰਟ ਪੇਸ਼ ਕੀਤੀ ਹੈ ਉਸ ਅਨੁਸਾਰ ਮਾਰਚ 2017 ਤੱਕ ਬੇਅਦਬੀਆਂ ਦੀਆਂ 122 ਘਟਨਾਵਾਂ ਵਾਪਰੀਆਂ ਹਨ।ਇਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਸਰੂਪ, ਗੁਰੂਦਵਾਰਾ ਸਾਹਿਬ 8, ਗੁਟਕਾ ਸਾਹਿਬ 56, ਹਿੰਦੂ 22, ਮੁਸਲਿਮ 05 ਅਤੇ ਕ੍ਰਿਸ਼ਚਨ ਦੇ 01 ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਹੋਈਆਂ ਹਨ। ਇਸਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਸੂਬੇ ਵਿੱਚ ਬੇਅਦਬੀ ਦੀਆਂ 157 ਘਟਨਾਵਾਂ ਵਾਪਰੀਆਂ ਹਨ।
ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਦੁਪਹਿਰੇ ਕਰੀਬ 1 ਵਜੇ ਵਾਪਰੀ ਸੀ।ਇਹ ਘਟਨਾ ਸੋਚਣ ਤੇ ਉਮੀਦ ਤੋਂ ਵੀ ਪਰ੍ਹੇ ਸੀ।ਕਮਿਸ਼ਨ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਕਿ ਇਹੋ ਜਿਹਾ ਕਾਰਾ ਤਾਂ ਮੁਗਲ ਕਾਲ ਵਿੱਚ ਵੀ ਨਹੀਂ ਵਾਪਰਿਆ ਸੀ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਇਸ ਘਟਨਾ ਦੇ ਪਿੱਛੇ ਸਿਰਫ ਸਿਰਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨੀ ਸੀ। ਇਹ ਕੋਈ ਹਰ ਰੋਜ ਹੋਣ ਵਾਲਾ ਆਮ ਅਪਰਾਧ ਨਹੀਂ ਸੀ।
ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਕੁੱਝ ਬੱਚੇ ਗੁਰੂਦੁਆਰਾ ਸਾਹਿਬ ਵਿੱਚ ਗੁਰਬਾਣੀ ਪੜ੍ਹਨੀ ਸਿਖਣ ਲਈ ਆਉਂਦੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨੇ ਗਾਇਬ ਦੇਖੇ ਸਨ। ਗੁਰੂਦੁਆਰੇ ਦਾ ਗ੍ਰੰਥੀ ਗੋਰਾ ਸਿੰਘ ਗੁਰੂਦੁਆਰੇ ਅੰਦਰ ਹੀ ਰਹਿੰਦਾ ਸੀ।ਗ੍ਰੰਥੀ ਦੀ ਪਤਨੀ ਸਵਰਨਜੀਤ ਕੌਰ ਗੁਰੂਦੁਆਰੇ ਵਿਚ ਬਣੇ ਕਮਰੇ ਵਿਚ ਮੌਜੂਦ ਸੀ।ਘਟਨਾ ਦਾ ਪਤਾ ਲੱਗਣ ‘ਤੇ ਗ੍ਰੰਥੀ ਦੀ ਪਤਨੀ ਉਸਨੂੰ ਲੈਣ ਚਲੀ ਗਈ, ਜੋ ਪਿੰਡ ਵਿਚ ਕਿਸੇ ਦੇ ਘਰ ਪਾਠ ਕਰ ਰਿਹਾ ਸੀ।
ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਬਾਜਾਖਾਨਾ ਦੀ ਪੁਲਿਸ ਨੂੰ ਸੂਚਿਤ ਕੀਤਾ। ਐੱਸਐੱਚਓ ਜਸਬੀਰ ਸਿੰਘ ਤੇ ਸੁਖਦੇਵ ਸਿੰਘ ਡੀਐਸਪੀ ਮੌਕੇ ਤੇ ਆ ਗਏ। ਪੁਲਿਸ ਨੇ ਉਸ ਦਿਨ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਤੇ 2 ਜੂਨ 2015 ਨੂੰ ਜਦੋਂ ਬਾਜਾਖਾਨਾ ਪੁਲਿਸ ਸਟੇਸ਼ਨ ਤੇ ਐਫਆਈਆਰ ਨੰਬਰ 63 ਦਰਜ ਹੋਈ, ਉਸ ਦਿਨ ਐਫਆਈਆਰ ਦਰਜ ਕੀਤੀ ਗਈ। ਐਫਆਈਆਰ ਦਰਜ ਕਰਨ ਕਰਕੇ ਬਾਜਾਖਾਨਾ ਦੇ ਐਸਐਸਪੀ ਚਰਨਜੀਤ ਸ਼ਰਮਾ ਦਾ ਇਸ ਸਾਰੀ ਰਿਪੋਰਟ ਦੌਰਾਨ ਖਾਸਤੌਰ ‘ਤੇ ਨਾਮ ਲਿਆ ਜਾਂਦਾ ਹੈ। ਉਸ ਵੇਲੇ ਉਹ ਫਰੀਦਕੋਟ ਦੇ ਐਸਐਸਪੀ ਸਨ। ਉਸ ਵੇਲੇ ਫਿਰੋਜਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਾਹਲ ਵੀ 2 ਜੂਨ ਨੂੰ ਪਹੁੰਚੇ ਸਨ। ਹਰੇਕ ਪੁਲਿਸ ਅਧਿਕਾਰੀ ਨੇ ਆਪਣੇ ਵੱਲੋਂ ਇਸ ਮਾਮਲੇ ਵਿੱਚ ਚੰਗਾ ਕਰਨ ਦੇ ਦਾਅਵੇ ਕੀਤੇ ਗਏ ਹਨ। ਪਰ ਸਫਲਤਾ ਕਿਸੇ ਨੂੰ ਨਹੀਂ ਮਿਲੀ। ਕਮਿਸ਼ਨ ਨੇ ਕਿਹਾ ਸੀ ਕਿ ਉਹ ਵਧੀਆ ਜਾਂਚ ਦੇ ਸਹੀ ਗਲਤ ਨੂੰ ਵੀ ਦੇਖੇਗੀ। ਕੋਈ ਵੀ ਸੁਰਾਗ ਨਾ ਲੱਗਣ ਕਾਰਨ, ਐਸਐਸਪੀ ਫਰੀਦਕੋਟ ਨੇ 4 ਜੂਨ 2015 ਨੂੰ ਇਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ। ਇਸ ਦੀ ਕਮਾਨ ਐਸਪੀਡੀ ਫਰੀਦਕੋਟ ਤੇ ਜੈਤੋਂ ਦੇ ਡੀਐੱਸਪੀ ਨੂੰ ਮੈਂਬਰਾਂ ਵਜੋਂ ਦਿਤੀ ਗਈ।
ਇਸ ਟੀਮ ਨੇ ਵੀ ਕੋਈ ਵੱਖਰਾ ਟਾਸਕ ਪੂਰਾ ਨਹੀਂ ਕੀਤਾ। ਇਹ ਆਮ ਵਾਂਗ ਹੀ ਸੀ। ਇਸ ਸਮੇਂ ਤੱਕ ਬਠਿੰਡਾ ਰੇਂਜ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਕਿਤੇ ਵੀ ਨਜਰ ਨਹੀਂ ਆ ਰਹੇ ਸਨ। 10 ਜੂਨ ਨੂੰ ਬਣੀ ਨਵੀਂ ਐਸਆਈਟੀ ਬਣਨ ਤੇ ਉਹ ਅਚਾਨਕ ਹਰਕਤ ਵਿਚ ਆ ਗਏ। ਇਸ ਐਸਆਈਟੀ ਦੀ ਅਗੁਵਾਈ ਚਰਨਜੀਤ ਸ਼ਰਮਾ ਤੇ ਅਮਰਜੀਤ ਸਿੰਘ ਫਿਰਜੋਪੁਰ ਦੇ ਹੱਥ ਸੀ।ਇਸ ਐਸਆਈਟੀ ਨੇ ਪਹਿਲੀ ਐਸਐਸਆਈ ਨੂੰ ਬਿਨਾਂ ਮਿਲੇ ਹੀ ਖਰਾਬ ਤੇ ਬੇਕਾਰ ਦੱਸਿਆ।
ਇਸ ਤੋਂ ਬਾਅਦ ਕਈ ਸਿੱਖ ਜਥੇਬੰਦੀਆਂ ਨੇ ਵੀ ਇਸ ਦੇ ਖਿਲਾਫ ਆਵਾਜ ਚੁਕੀ। ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਤੈਨਾਤ ਕੀਤਾ ਗਿਆ ਪੁਲਿਸ ਮੁਲਾਜਮ ਵੀ ਉਥੋਂ ਹਟਾ ਲਿਆ ਗਿਆ।ਇਸ ਤਰ੍ਗਾਂ ਲੱਗ ਰਿਹਾ ਸੀ ਕਿ ਪੁਲਿਸ ਇਸ ਮਾਮਲੇ ਨੂੰ ਠੰਡੇ ਬਸਤੇ ਵਿਚ ਰੱਖਣਾ ਚਾਹੁੰਦੀ ਸੀ, ਤੇ ਇਹ ਇਸੇ ਤਰ੍ਹਾਂ ਹੀ ਹੋਇਆ।
ਮਾੜੀ ਭਾਸ਼ਾ ਵਰਤਦੇ ਪੋਸਟਰ ਚਿਪਕਾਏ ਗਏ
ਇਸ ਤੋਂ ਬਾਅਦ 25 ਸਤੰਬਰ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਪੀਰ ਡੋਢਾ ਦੀ ਸਮਾਧ ਨੇੜੇ ਗੁਰੂਦੁਆਰਾ ਸਾਹਿਬ ਦੇ ਸਿੱਖਾਂ ਲ਼ਈ ਲਿਖੀ ਮਾੜੀ ਭਾਸ਼ਾ ਦੇ ਪੋਸਟਰ ਲਗਾਉਣ ਦੀ ਘਟਨਾ ਵਾਪਰੀ। ਇਸੇ ਤਰ੍ਹਾਂ ਥੋੜ੍ਹਾ ਵੱਖਰਾ ਪੋਸਟਰ ਪਿੰਡ ਬਰਗਾੜੀ ਵੀ ਲਗਾਇਆ ਦੇਖਿਆ ਗਿਆ। ਇਹ ਪੋਸਟਰ 24 ਮਈ 2015 ਨੂੰ ਧਿਆਨ ਵਿਚ ਆਇਆ ਸੀ। ਇਸਨੂੰ ਗਰੂਦਵਾਰਾ ਦੇ ਮੈਨੇਜਰ ਕੁਲਵਿੰਦਰ ਸਿੰਘ ਨੇ ਹਟਾ ਦਿਤਾ ਤੇ ਅਕਾਲੀ ਲੀਡਰ ਗੁਰਚੇਤ ਸਿੰਘ ਢਿੱਲੋਂ ਤੇ ਹੋਰ ਗੁਰੂਦੁਆਰੇ ਦੇ ਸਟਾਫ ਨੂੰ ਇਸ ਬਾਰੇ ਸੂਚਿਤ ਕੀਤਾ।
ਇਹ ਕਿਉਂ ਕੀਤਾ ਗਿਆ ਤੇ ਪੁਲਿਸ ਨੂੰ ਕਿਉਂ ਨਹੀਂ ਸੂਚਿਤ ਕੀਤਾ ਗਿਆ। ਹੋ ਸਕਦਾ ਹੈ ਕਿ ਪੁਲਿਸ ਨੂੰ ਦੱਸਿਆ ਗਿਆ ਹੋਵੇ ਪਰ ਕੁਝ ਕਾਰਣਾ ਕਰਕੇ ਇਹ ਸੂਚਨਾ ਲਕੋਈ ਗਈ ਹੋਵੇ। 25 ਸਤੰਬਰ ਨੂੰ ਬੁਰਜ ਸਿੰਘ ਵਾਲਾ ਦੋ ਪੋਸਟਰ ਲੱਗੇ ਮਿਲੇ ਜਿਨ੍ਹਾਂ ਵਿਚ ਗਲਤ ਭਾਸ਼ਾ ਦੀ ਵਰਤੋਂ ਤੇ ਸਿਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਢਰੀਆਂਵਾਲਾ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਜਿਕਰ ਸੀ।
ਇਸ ਵਿਚ ਪੁਲਿਸ ਨੂੰ ਚੈਲੇਂਜ ਕੀਤਾ ਗਿਆ ਕਿ ਸਰੂਪ ਲੱਭ ਕੇ ਦਿਖਾਓ, ਜਿਹੜੇ ਪਿੰਡ ਵਿਚ ਹੀ ਮੌਜੂਦ ਹਨ।ਇਸ ਪੋਸਟਰ ਵਿਚ ਡੇਰਾ ਸਿਰਸਾ ਮੁਖੀ ਦੀ ਫਿਲਮ ਮੈਸੇਂਜਰ ਆਫ ਗਾਡ ਦੇ ਰਿਲੀਜ ਨਾ ਕਰਨ ਦੇਣ ਦਾ ਵੀ ਰੋਸ ਸੀ।ਇਸ ਪੋਸਟਰ ਵਿਚ ਧਮਕੀ ਦਿਤੀ ਗਈ ਕਿ ਗੁਰਬਾਣੀ ਦੇ ਪਾਵਨ ਪੰਨੇ ਗਲੀਆਂ ਵਿਚ ਸੁੱਟ ਦਿੱਤੇ ਜਾਣਗੇ। ਪੋਸਟਰਾਂ ਦੀ ਸੂਚਨਾ ਪਾ ਕੇ ਮੌਕੇ ਤੇ ਆਏ ਐਸਐਚਓ ਬਾਜਾ ਖਾਨਾ ਸਬਇੰਸਪੈਕਟਰ ਅਮਰਜੀਤ ਸਿੰਗ ਨੇ ਇਹ ਦੋਵੇਂ ਪੋਸਟਰ ਹਟਾ ਦਿੱਤੇ। ਇਸ ਮਾਮਲੇ ਵਿਚ ਬਾਜਾ ਖਾਨਾ ਪੁਲਿਸ ਨੇ ਐਫਆਈਆਰ ਨੰਬਰ 117 ਦਰਜ ਕੀਤੀ।
ਇਨ੍ਹਾਂ ਘਟਨਾਵਾਂ ਵਿਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਰੋਜਾਨਾ ਕਾਰਵਾਈ ਕੀਤੀ ਗਈ ਨਜਰ ਆਉਂਦੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਹੀ ਕੰਮ ਕੀਾ ਕਿ ਪਿੰਡ ਦੇ ਕਈ ਲੋਕਾਂ ਦੀ ਲਿਖਾਈ ਨੂੰ ਦਰਜ ਕਰ ਲਿਆ। ਪਰ ਇਸਨੇ ਵੀ ਪੁਲਿਸ ਦਾ ਕੋਈ ਫਾਇਦਾ ਨਹੀਂ ਕੀਤਾ।
ਬਹਿਬਲ ਕਲਾਂ ‘ਚ ਗੋਲੀਕਾਂਡ ਕਿਉਂ ਵਾਪਰਿਆ
ਬਹਿਬਲ ਕਲਾਂ ਗੋਲੀਕਾਂਡ ਦੌਰਾਨ 26 ਸਾਲ ਦੇ ਗੁਰਜੀਤ ਸਣੇ 2 ਨੌਜਵਾਨ ਮਾਰੇ ਗਏ ਸਨ। 18 ਅਕਤੂਬਰ 2015 ਨੂੰ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਐੱਸਆਈਟੀ ਬਣਾਈ। ਪੁਲਿਸ ਵੱਲੋਂ ਪੂਰਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਗਿਆ, ਪਰ ਪੁਲਿਸ ਦੇ ਦਾਅਵਿਆਂ ਉੱਤੇ ਬਹੁਤ ਸਾਰੇ ਸਵਾਲ ਖੜੇ ਹੋਏ।ਇਸੇ ਤਰ੍ਹਾਂ 24 ਅਕਤੂਬਰ 2015 ਨੂੰ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਅਤੇ ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾ ਦਿੱਤੀ ਗਈ।26 ਅਕਤੂਬਰ 2015 ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਗਈ।ਇਸ ਤੋਂ ਬਾਅਦਰ 30 ਜੂਨ 2016 ਨੂੰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਰਿਪੋਰਟ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।
ਇੱਥੇ ਦੱਸ ਦਈਏ ਕਿ ਬਹਿਬਲ ਕਲਾਂ ਤੇ ਕੋਟਕਪੂਰਾ ‘ਚ ਪੁਲਿਸ ਫਾਇਰਿੰਗ ਮਾਮਲੇ ‘ਚ ਸੀਨੀਅਰ ਪੁਲਿਸ ਅਫਸਰਾਂ ਪਰਮਰਾਜ ਸਿੰਘ ਉਮਰਾਨੰਗਲ ਤੇ ਚਰਨਜੀਤ ਸ਼ਰਮਾ ‘ਤੇ ਕੇਸ ਕੀਤੇ ਗਏ ਹਨ।ਇਸ ਮਾਮਲੇ ਵਿਚ 14 ਅਪ੍ਰੈਲ 2017 ਨੂੰ ਕੈਪਟਨ ਸਰਕਾਰ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਕੀਤਾ ਤੇ ਇਸ ਕਮਿਸ਼ਨ ਨੇ 30 ਜੂਨ 2018 ਨੂੰ ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਦੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ।31 ਜੂਨ 2018 ਨੂੰ ਪੰਜਾਬ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਵੀ ਸੀਬੀਆਈ ਦੇ ਹਵਾਲੇ ਕਰ ਦਿੱਤੀ।
28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਅਤੇ ਅਕਾਲੀ ਦਲ ਵੱਲੋਂ ਬਹਿਸ ਦਾ ਬਾਈਕਾਟ ਕੀਤਾ ਗਿਆ ਤੇ ਮਾਮਲੇ ਦੀ ਜਾਂਚ ਲਈ ਸੀਬੀਆਈ ਤੋਂ ਕੇਸ ਵਾਪਸ ਲੈਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ।ਇਸ ਮਾਮਲੇ ਵਿੱਚ 10 ਸਤੰਬਰ 2018 ਨੂੰ ਪੰਜਾਬ ਸਰਕਾਰ ਵੱਲੋਂ ਬਹਿਬਲਾਂ ਕਲਾਂ ਅਤੇ ਕੋਟਕਪੂਰਾ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ ਕੀਤਾ ਗਿਆ।ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਪੁਲਿਸ ਫਾਇਰਿੰਗ ਮਾਮਲੇ ‘ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਅਦਾਕਾਰ ਅਕਸ਼ੇ ਕੁਮਾਰ ਨੂੰ SIT ਨੇ ਪੁੱਛਗਿੱਛ ਲਈ ਸੱਦਿਆ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਸਿੱਖਾਂ ਸੜਕਾਂ ‘ਤੇ ਉਤਰ ਆਏ ਸਨ। ਸਾਲ 2015 ਵਿੱਚ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਮਹਿੰਦਰਪਾਲ ਸਿੰਘ ਬਿੱਟੂ (49) ‘ਤੇ ਨਾਭਾ ਜੇਲ੍ਹ ‘ਚ ਦੋ ਕੈਦੀਆਂ ਵੱਲੋਂ ਸ਼ਨਿੱਚਰਵਾਰ ਸ਼ਾਮ ਨੂੰ ਹਮਲਾ ਕੀਤਾ ਗਿਆ ਇਸ ਮਗਰੋਂ ਬਿੱਟੂ ਦੀ ਮੌਤ ਹੋ ਗਈ।ਜੂਨ 2018 ਵਿੱਚ ਡੇਰਾ ਸੱਚਾ ਸੌਦਾ ਦੇ ਸਮਰਥਕ ਬਿੱਟੂ ‘ਤੇ ਪੁਲਿਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਸੀ।
2017 ‘ਚ ਇਹ ਮੁੱਦਾ ਕਿਵੇਂ ਵਰਤਿਆ ਗਿਆ
ਜਦੋਂ 2017 ਵਿੱਚ ਪੰਜਾਬ ਵਿਚ ਕੈਪਟਨ ਸਰਕਾਰ ਆਈ ਤਾਂ ਇਸ ਮਾਮਲੇ ਵਿੱਚ 14 ਅਪ੍ਰੈਲ 2017 ਨੂੰ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਤੇ ਇਸ ਕਮਿਸ਼ਨ ਨੇ 30 ਜੂਨ 2018 ਨੂੰ ਆਪਣੀ ਰਿਪੋਰਟ ਸੌਂਪ ਦਿੱਤੀ।ਇਸ ਰਿਪੋਰਟ ਵਿੱਚ ਬਹੁਤ ਸਾਰੇ ਪ੍ਰਸ਼ਾਸ਼ਨਿਕ, ਪੁਲਿਸ ਤੇ ਰਾਜਨੀਤਕ ਖੁਲਾਸੇ ਕੀਤੇ ਗਏ ਸਨ। ਪੰਜਾਬ ਵਿਧਾਨ ਸਭਾ ਵਿਚ ਆਕਾਲੀ ਦਲ ਨੇ ਇਸਦਾ ਵਿਰੋਧ ਕੀਤਾ ਤੇ ਬਾਈਕਾਟ ਕਰ ਦਿੱਤਾ। ਉਸ ਤੋਂ ਬਾਅਦ ਲਗਤਾਰ ਇਸ ਮੁੱਦੇ ‘ਤੇ ਪੰਜਾਬ ਦੀ ਸਿਆਸਤ ਅੰਦਰ ਗਰਮਾ ਗਰਮੀ ਹੁੰਦੀ ਰਹੀ ਹੈ।ਆਮ ਆਦਮੀ ਪਾਰਟੀ ਨੇ ਵੀ ਇਸ ਮੌਕੇ ਨੂੰ ਕੈਸ਼ ਕਰਨ ਵਿੱਚ ਕਦੀ ਢਿੱਲ ਨਹੀਂ ਵਰਤੀ। ਸਮੇਂ ਸਮੇਂ ‘ਤੇ ਕਾਂਗਰਸ ਤੇ ਅਕਾਲੀ ਦਲ ਨੂੰ ਲਪੇਟੇ ਵਿੱਚ ਲਿਆ ਹੈ। ਕਾਂਗਰਸ ਦਾ ਅੰਦਰੂਨੀ ਕਲੇਸ਼ ਵੀ ਇੱਕ ਵਾਰ ਨਹੀਂ, ਕਈ ਵਾਰ ਬੇਅਦਬੀ ਦੇ ਮਾਮਲੇ ਨਾਲ ਉੱਲਝਿਆ ਰਿਹਾ ਹੈ। ਕਾਂਗਰਸ ਦੇ ਵੱਡੇ ਲੀਡਰ ਨਵਜੋਤ ਸਿੰਘ ਨੇ ਹੁਣ ਤੱਕ ਇਸ ਮੁੱਦੇ ‘ਤੇ ਆਪਣੀ ਸਰਕਾਰ ਤੋਂ ਚਾਰ ਕਦਮ ਦੂਰ ਤੁਰਦੇ ਨੇ। ਹਾਲਾਂਕਿ ਸਿੱਧੂ ਦੇ ਸੁਰ ਉਦੋਂ ਨਿਕਲੇ ਸਨ ਜਦੋਂ ਕੈਬਨਿਟ ਮੰਤਰੀ ਦੀ ਕੁਰਸੀ ਨੂੰ ਅਲਵਿਦਾ ਕਹਿ ਦਿੱਤੀ ਸੀ।ਕੈਪਟਨ ਸਰਕਾਰ ਨੇ ਤਾਂ ਚੋਣਾਂ ਵੇਲੇ ਲੋਕਾਂ ਨੂੰ ਭਰਮਾਉਣ ਲਈ ਸ਼ਾਇਦ ਹੀ ਪੰਜਾਬ ਦੀ ਕੋਈ ਅਜਿਹੀ ਸਟੇਜ ਹੋਵੇਗੀ, ਜਿੱਥੇ ਇਹ ਨਾ ਕਿਹਾ ਹੋਵੇ ਕਿ ਬੇਅਦਬੀਆਂ ਦੇ ਮਾਮਲਿਆਂ ਨੂੰ ਸਰਕਾਰ ਨੱਥ ਪਾਵੇਗੀ। ਇਸ ਤੋਂ ਇਲਾਵਾ ਕੈਪਟਨ ਨੇ ਬਾਦਲ ਪਰਿਵਾਰ ਨੂੰ ਹਰ ਵਾਰ ਝਾੜ ਪਾਉਂਦਿਆਂ ਕਿਹਾ ਸੀ ਕਿ ਇਹ ਪਰਿਵਾਰ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ ਨਹੀਂ ਕਰ ਸਕੀ ਹੈ।ਜਦੋਂ ਕਿ ਹੁਣ ਕੈਪਟਨ ਸਰਕਾਰ ਦਾ ਤਕਰੀਬਨ ਕਾਰਜਕਾਲ ਪੂਰਾ ਹੋਣ ਦੇ ਕੰਢੇ ਉੱਤੇ ਹੈ, ਹਾਲੇ ਵੀ ਇਹ ਗੱਲ ਕਿਸੇ ਸਿਰੇ ਲੱਗਦੀ ਨਜਰ ਨਹੀਂ ਆਉਂਦੀ।
ਨਿਆਂ ਲੈਣ ‘ਚ ਸਿੱਖ ਸੰਸਥਾਵਾਂ ਦੀ ਭੂਮਿਕਾ ਕੀ ਰਹੀ (SGPC ਤੇ ਬਾਦਲਾਂ ਦੀ ਸਾਂਝ ਕਰਕੇ ਚੁੱਪੀ )
ਸਰਕਾਰਾਂ ਨੇ ਇਸ ਮਾਮਲੇ ਦਾ ਜੋ ਹੁਣ ਤੱਕ ਹਾਲ ਕੀਤਾ ਸੋ ਕੀਤਾ ਹੈ, ਨਿਆਂ ਦੇਣ ਵਿੱਚ ਸਿੱਖ ਸੰਸਥਾਵਾਂ ਦੀ ਵੀ ਕੋਈ ਚੁਸਤ ਭੂਮਿਕਾ ਸਿੱਧ ਨਹੀਂ ਹੋਈ ਹੈ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇੱਕ ਬੈਠਕ ਵਿੱਚ ਪੰਜ ਸਿੰਘ ਸਾਹਿਬਾਨਾਂ ਨੇ ਇਹ ਕਿਹਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਵਧੇਰੇ ਗੁਰਦੁਆਰਾ ਕਮੇਟੀਆਂ ਦੀ ਮਾੜੀ ਕਾਰਗੁਜ਼ਾਰੀ ਜਿੰਮੇਦਾਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਦੇਖਣ ਵਿੱਚ ਆਇਆ ਹੈ ਕਿ ਬੇਅਦਬੀ ਦੀਆਂ ਜ਼ਿਆਦਾਤਰ ਘਟਨਾਵਾਂ ਗ੍ਰੰਥੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਸ਼ਖਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਉਸ ਗੁਰਦੁਆਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਨਹੀਂ ਦਿੱਤਾ ਜਾਵੇਗਾ। ਪੰਜਾਂ ਸਿੰਘ ਸਾਹਿਬਾਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੀਸੀਟੀਵੀ ਲਗਵਾਉਣ ਅਤੇ ਇੱਕ ਚੌਂਕੀਦਾਰ ਲਾਜ਼ਮੀ ਤੌਰ ‘ਤੇ ਰੱਖਣ ਲਈ ਵੀ ਹਿਦਾਇਤ ਦਿੱਤੀ ਗਈ ਸੀ। ਉਸ ਵਕਤ ਪੰਜਾਬ ਦੇ ਹਰ ਪਿੰਡ ਸ਼ਹਿਰ ਚ ਬਣੇ ਘਰ ਚ ਸੀਸੀਟੀਵੀ ਲਾਉਣੇ ਜ਼ਰੂਰੀ ਕਰ ਦਿੱਤੇ ਗਏ ਸੀ ਪਰ ਕੈਮਰੇ ਲੱਗਣ ਦੇ ਬਾਵਜੂਦ ਵੀ ਪੰਜਾਬ ਦੇ ਕਈ ਗੁਰੂ ਘਰਾਂ ਚ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ …
ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਮੁਤਾਬਕ ਜਿਹੜੇ ਗੁਰਦੁਆਰਿਆਂ ਵਿੱਚ ਧਾਰਮਿਕ ਸੇਵਾ ਨਹੀਂ ਨਿਭਾਈ ਜਾਂਦੀ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਹੋਰ ਗੁਰਦੁਆਰੇ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ।
ਫ਼ੈਸਲਾ ਤਾਂ ਇਹ ਵੀ ਕੀਤਾ ਗਿਆ ਸੀ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਸਾਹਮਣੇ ਆਏ ਹਨ ਉੱਥੇ ਹੋਰ ਸਰੂਪ ਨਹੀਂ ਦਿੱਤੇ ਜਾਣਗੇ।ਪਰ ਇਸ ਤੋਂ ਬਾਅਦ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਿਆ।
ਪਰ ਸਵਾਲ ਉੱਠਦਾ ਹੈ ਕਿ ਐੱਸਜੀਪੀਸੀ ਨੇ ਇਸ ਮਾਮਲੇ ਨੂੰ ਬਾਦਲ ਪਰਿਵਾਰ ਦੀ ਨੇੜਤਾ ਕਾਰਨ ਤਕਰੀਬਨ ਕਮੇਟੀਆਂ ਉੱਤੇ ਛੱਡਿਆ ਹੈ। ਐੱਸਜੀਪੀਸੀ ਧਰਮ ਨੂੰ ਰਾਜਨੀਤੀ ਤੋਂ ਅੱਡ ਨਹੀਂ ਕਰ ਸਕੀ ਹੈ।
ਬਾਦਲ ਸਰਕਾਰ ਕਿੰਨੀ ਦੋਸ਼ੀ, ਕੀ ਬਾਦਲ ਨੂੰ ਕੁਝ ਹੋਵੇਗਾ
ਜਦੋਂ ਹਾਈਕੋਰਟ ਵਿੱਚ ਇਸ ਮਾਮਲੇ ਨੂੰ ਸਿਰੇ ਤੋਂ ਖਾਰਜ ਕਰਕੇ ਫੈਸਲਾ ਸੁਣਾਇਆ ਗਿਆ ਤਾਂ ਮਾਮਲੇ ਵਿਚ ਬਿਨਾਂ ਕੋਈ ਪਾਰਟੀ ਹੁੰਦਿਆਂ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਜਦੋਂ ਇਸ ਮਾਮਲੇ ਵਿਚ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕੀਤੀ ਸੀ ਤਾਂ ਵੀ ਬਾਦਲ ਪਰਿਵਾਰ ਸਵਾਲਾਂ ਦੇ ਘੇਰੇ ਵਿੱਚ ਆਇਆ ਸੀ।
2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਸਿੱਖਾਂ ਦੇ ਪੁਲਿਸ ਕਾਰਵਾਈ ਦੌਰਾਨ ਹੋਏ ਕਤਲ ਦੀ ਜਾਂਚ ਵੀ ਇਸ ਕਮਿਸ਼ਨ ਨੇ ਕੀਤੀ। ਅਪ੍ਰੈਲ 2017 ਵਿੱਚ ਬਣਾਏ ਗਏ ਇਸ ਕਮਿਸ਼ਨ ਨੂੰ ਮੌਜੂਦਾ ਸਰਕਾਰ ਨੇ ਬਣਾਣਆ ਸੀ।
ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਸੀ ਤਾਂ ਕਮਿਸ਼ਨ ਨੇ ਕਿਹਾ ਸੀ ਕਿ ਕੁਝ ਤੱਥ ਮੁੱਖ ਮੰਤਰੀ ਦਫਤਰ ਦੇ ਕੋਟਕਪੂਰਾ ਦੇ ਘਟਨਾਕ੍ਰਮ ਵਿੱਚ ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਸਨ ਪਰ ਹੁਣ ਇਹ ਸਾਫ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ (ਬਾਦਲ) ਅਤੇ ਮੁੱਖ ਮੰਤਰੀ ਦਫਤਰ ਨੂੰ ਕੋਟਕਪੂਰਾ ਵਿੱਚ ਕੀਤੀ ਗਈ ਪੁਲਿਸ ਕਾਰਵਾਈ ਬਾਰੇ ਪੂਰੀ ਜਾਣਕਾਰੀ ਸੀ। ਇਹ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ। ਰਿਪੋਰਟ ਦੇ ਅਨੁਸਾਰ ਪੰਜਾਬ ਦੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੀ ਦੱਸੀ ਗੱਲ ਦਾ ਵੀ ਹਵਾਲਾ ਦਿੰਦੀ ਹੈ ਕਿ 13 ਅਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2 ਵਜੇ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਪੁਲਿਸ ਦੁਆਰਾ ਕੋਟਕਪੂਰਾ ਵਿੱਚ ਕੀਤੀ ਕਾਰਵਾਈ ਤੋਂ ਅਣਜਾਣ ਨਹੀਂ ਮੰਨਿਆ ਜਾ ਸਕਦਾ।
ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਹੋਵੇਗਾ ਜਾਂ ਨਹੀਂ ਇਸ ਸਵਾਲ ਦਾ ਜਵਾਬ ਤੁਸੀਂ ਸਾਰੇ ਜਾਣਦੇ ਹੋ ਪਰ ਜਿਹੜੇ ਸਿੱਖ ਅਕਾਲ ਪੁਰਖ ਦੇ ਨਿਆਂ ਚ ਵਿਸ਼ਵਾਸ ਰੱਖਦੇ ਨੇ ਉਹ ਮੰਨਦੇ ਨੇ ਕਿ ਦੁਨਿਆਵੀ ਅਦਾਲਤਾਂ ਭਾਵੇਂ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਸਜ਼ਾਦੇਣ ਜਾਂ ਨਾ ਪਰ ਅਕਾਲ ਪੁਰਖ ਦੀ ਦਰਗਾਹ ਚ ਨਿਆਂ ਜ਼ਰੂਰ ਹੋਵੇਗਾ
ਲੋਕਾਂ ਦਾ ਰੋਲ ਕੀ ਬਚਦਾ ਹੈ….
ਇਹ ਸਾਰਾ ਮਸਲਾ ਵਿਚਾਰਨ ਦਾ ਸਾਡਾ ਅਸਲ ਮਕਸਦ ਇਹ ਹੈ ਕਿ ਅਸੀਂ ਧਰਮ ਦੇ ਨਾਂ ‘ਤੇ ਵੱਜਦੀਆਂ ਸਿਆਸੀ ਰਮਜ਼ਾਂ ਨੂੰ ਸਮਝ ਸਕੀਏ। ਸਾਡੇ ਲਈ ਧਰਮ ਇਸੇ ਲਈ ਵੱਡਾ ਹੈ ਕਿਉਂਕਿ ਸਾਡੇ ਕੋਲ ਆਪਣੀ ਹੋਂਦ ਸਾਬਿਤ ਕਰਨ ਦਾ ਕੋਈ ਹੋਰ ਬਦਲ ਨਹੀਂ ਹੈ। ਸਾਨੂੰ ਧਰਮ ਸਿੱਧਾ ਪ੍ਰਭਾਵਿਤ ਕਰਦਾ ਹੈ। ਧਰਮ ਦੀ ਪਹੁੰਚ ਸਾਡੇ ਘਰਾਂ ਤੱਕ ਨਹੀਂ, ਸਾਡੇ ਮਨਾਂ ਤੱਕ ਹੈ ਤੇ ਇਸ ਚੀਜ ਨੂੰ ਸਰਕਾਰਾਂ ਬਹੁਤ ਹੀ ਚੰਗੀ ਤਰ੍ਹਾਂ ਸਮਝਦੀਆਂ ਹਨ। ਸਾਡੀ ਸਮੱਸਿਆ ਹੈ ਕਿ ਅਸੀਂ ਬਹੁਤ ਸਾਰੇ ਮੁੱਦਿਆਂ ਨੂੰ ਪੜ੍ਹਦੇ ਤਾਂ ਜਰੂਰ ਹਾਂ ਪਰ ਵਿਚਾਰਦੇ ਨਹੀਂ। ਸਾਡੇ ਲਈ ਉਹੀ ਮੁੱਦਾ ਜ਼ਿਆਦਾ ਜ਼ਰੂਰੀ ਹੈ ਜੋ ਸਾਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ। ਅਸੀਂ ਅਵੇਸਲੇ ਹੋ ਜਾਂਦੇ ਹਾਂ, ਸਰਕਾਰਾਂ ਨਾਲ ਅਸੀਂ ਸਿੱਧਾ ਸਰੋਕਾਰ ਸਮਝਦੇ ਹਾਂ, ਪਰ ਧਰਮ ਸਾਡੇ ਉਸਤੋਂ ਵੀ ਨੇੜੇ ਹੈ ਇਹ ਭੁੱਲ ਜਾਂਦੇ ਹਾਂ। ਵੋਟਾਂ ਤੋਂ ਪਹਿਲਾਂ ਦੇ ਸਿਆਸੀ ਸਮੀਕਰਣ ਸਮਝਣੇ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹਨ, ਧਰਮ ਦੇ ਨਾਂ ਤੇ ਸਿਆਸੀ ਦਾਅ ਪੇਚ ਕੀ ਨੇ ਇਹ ਸਾਨੂੰ ਸਿਖਣੇ ਹੀ ਪੈਣੇ ਨੇ, ਧਰਮ ਦੇ ਮੁੱਦੇ ਦੇ ਨਾਂ ਤੇ ਵੋਟ ਕਿਵੇਂ ਹੋਲੀ ਹੋਲੀ ਕੋਈ ਸਿਆਸਤਦਾਨ ਖਿੱਚਦਾ ਹੈ, ਇਹ ਢੰਗ ਤਰੀਕਾ ਸਾਨੂੰ ਦੇਖਣਾ ਹੀ ਪਵੇਗਾ।
ਤੇ ਆਖਰੀ ਗੱਲ … 2022 ਬਹੁਤਾ ਦੂਰ ਨਹੀਂ। ਕੋਈ ਛੇ-7 ਮਹੀਨਿਆਂ ਦੀ ਹੀ ਖੇਡ ਹੈ। ਤੇ ਖੇਡਾਂ ਸ਼ੁਰੂ ਹੋ ਚੁੱਕੀਆਂ ਨੇ।