‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗਰਮੀ ਤਾਂ ਹਰੇਕ ਸਾਲ ਆਉਂਦੀ ਹੈ, ਪਰ ਇਸ ਸਾਲ ਕੈਨੇਡਾ ਦੀ ਰਿਕਾਰਡ ਤੋੜ ਗਰਮੀ ਕਾਰਨ ਹੋਈਆਂ ਮੌਤਾਂ ਨੇ ਪੂਰੇ ਸੰਸਾਰ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਕਿ ਆਖਿਰ ਗਰਮੀ ਇੰਨੀ ਕਿਉਂ ਵਧ ਰਹੀ ਹੈ ਜੋ ਜਾਨ ਹੀ ਕੱਢ ਰਹੀ ਹੈ।
ਤਾਜਾ ਖਬਰਾਂ ਦੀ ਗੱਲ ਕਰ ਲਈਏ ਤਾਂ ਕੈਨੇਡਾ ਵਿਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 600 ਤੋਂ ਟੱਪੀ, ਮਰਨ ਵਾਲਿਆਂ ਵਿੱਚ 486 ਲੋਕ ਤਾਂ ਇਕੱਲੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਨਾਲ ਸਬੰਧਤ ਸਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਬਜ਼ੁਰਗ ਲੋਕ ਸ਼ਾਮਲ ਹਨ। ਇਸ ਸੂਬੇ ਵਿਚ ਪਾਰਾ ਪਹਿਲੀ ਵਾਰ 30 ਤੋਂ ਉੱਪਰ ਟੱਪ ਕੇ ਸਿੱਧਾ 48 ਤੋਂ 50 ਡਿਗਰੀ ਤੱਕ ਪਹੁੰਚਣ ਕਾਰਨ ਹਾਲਾਤ ਅਜਿਹੇ ਬਣ ਗਏ ਹਨ। ਅਚਨਚੇਤ ਮੰਗ ਵਧਣ ਕਰ ਕੇ ਪੱਖਿਆਂ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਉਛਾਲ ਆਇਆ ਹੈ, ਇੰਨੀ ਮੰਗ ਵਧਣ ਕਾਰਨ ਸਪਲਾਇਰ ਚੀਨ ਤੋਂ ਹਵਾਈ ਰਸਤੇ ਪੱਖੇ ਮੰਗਵਾ ਰਹੇ ਹਨ।
ਐਂਬੂਲੈਂਸ ਸੇਵਾਵਾਂ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਟਰੌਏ ਕਲਿਫੋਰਡ ਅਨੁਸਾਰ ਬੀਤੇ ਪੰਜ ਦਿਨਾਂ ਤੋਂ ਉਨ੍ਹਾਂ ਲਈ ਮੰਗ ਅਨੁਸਾਰ ਸੇਵਾਵਾਂ ਦੇਣਾ ਔਖਾ ਹੋਇਆ ਪਿਆ ਹੈ। ਅਮਲੇ ਦੀ ਘਾਟ ਦੇ ਨਾਲ-ਨਾਲ ਗੱਡੀਆਂ ਦਾ ਐਨੀ ਗਰਮੀ ਵਿੱਚ ਲੰਬੀ ਵਾਟ ਤੱਕ ਤੇਜ਼ ਰਫ਼ਤਾਰ ਚੱਲਣਾ ਔਖਾ ਹੋ ਗਿਆ ਹੈ। ਪ੍ਰੀਮੀਅਰ (ਮੁੱਖ ਮੰਤਰੀ) ਜੌਹਨ ਹੌਰਗਨ ਨੇ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਕੁਦਰਤੀ ਕਰੋਪੀ ਅੱਗੇ ਬੇਵੱਸੀ ਪ੍ਰਗਟਾਈ ਹੈ। ਓਂਟਾਰੀਓ, ਸਸਕੈਚਵਨ, ਅਲਬਰਟਾ, ਮਿਨੀਟੋਬਾ ਤੇ ਕਿਊਬਕ ਵਿਚ ਗਰਮੀ ਕਾਰਨ 124 ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। ਉਂਜ ਅੱਜ ਤੋਂ ਪਾਰਾ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਹੈ।
ਕੈਨੇਡਾ ‘ਚ ਇਸ ਵਾਰ ਪਾਰਾ 50 ਡਿਗਰੀ ਤੱਕ ਪਹੁੰਚ ਗਿਆ ਹੈ। 100 ਡਿਗਰੀ ‘ਤੇ ਪਾਣੀ ਉੱਬਲ ਜਾਂਦਾ ਹੈ ਤੇ ਇਸ ਪਾਰੇ ਦੀ ਰਫਤਾਰ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਪਾਣੀ ਉਬਾਲ ਦੇਣ ਦਾ ਇਸ ਪਾਰੇ ਨੇ ਅੱਧਾ ਸਫਰ ਪੂਰਾ ਕਰ ਲਿਆ ਹੈ। ਕੈਨੇਡਾ ਵਿੱਚ ਪਾਰਾ ਕਦੇ ਵੀ 45 ਡਿਗਰੀ ਤੋਂ ਨਹੀਂ ਟੱਪਿਆ ਹੈ, ਪਰ ਇਸ ਵਾਰ ਹਾਲਾਤ ਚਿੰਤਾਜਨਕ ਹਨ। ਕੈਨੇਡਾ ਵਿੱਚ ਇਸ ਭਿਆਨਕ ਗਰਮੀ ਦੀ ਲਹਿਰ ਦਾ ਕਾਰਨ ਉੱਤਰ ਦੱਖਣੀ ਅਮਰੀਕਾ ਤੇ ਕੈਨੇਡਾ ਉੱਪਰ ਬਣੇ ਹਾਈ ਪ੍ਰੈਸ਼ਰ ਡੋਮ ਨੂੰ ਮੰਨਿਆ ਜਾ ਰਿਹਾ ਹੈ।ਬੜੀ ਹੈਰਾਨੀ ਦੀ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਘਰਾਂ ਵਿਚ ਏਅਰ ਕੰਡੀਸ਼ਨਿੰਗ ਨਹੀਂ ਹੈ ਕਿਉਂਕਿ ਇੱਥੇ ਗਰਮੀਆਂ ਇੰਨੀਆਂ ਭਿਆਨਕ ਹੀ ਨਹੀਂ ਹੁੰਦੀਆਂ।
ਮਾਹਿਰਾਂ ਮੁਤਾਬਕ ਜਲਵਾਯੂ ਵਿੱਚ ਤਬਦੀਲੀ ਕਾਰਨ ਮੌਸਮ ਵਿੱਚ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ ਤੇ ਹੋਣਗੀਆਂ। 1940 ਤੋਂ ਦਰਜ ਹੁੰਦੇ ਆ ਰਹੇ ਰਿਕਾਰਡ ਅਨੁਸਾਰ ਇਹ ਸਭ ਤੋਂ ਵੱਧ ਗਰਮੀ ਵਾਲੇ ਦਿਨ ਹਨ।
1.
ਗਰਮੀ ਨਾਲ ਮੌਤ ਕਿਵੇਂ ਹੋ ਜਾਂਦੀ ਹੈ?
ਜਾਣਕਾਰੀ ਅਨੁਸਾਰ ਹੀਟਸਟ੍ਰੋਕ ਕਾਰਨ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੌਤਾਂ ਦਿਲ ਦੇ ਦੌਰੇ ਅਤੇ ਸਟ੍ਰੋਕ ਕਾਰਨ ਹੁੰਦੀਆਂ ਹਨ। ਜਦੋਂ ਸਰੀਰ ਨਾਰਮਲ ਤਾਪਮਾਨ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰੀਰ ਨੂੰ ਬਹੁਤ ਮਸ਼ੱਕਤ ਕਰਨੀ ਪੈਂਦੀ ਹੈ ਤੇ ਇਸੇ ਜੱਦੋਜਹਿਜ ਵਿੱਚ ਜਾਨ ਚਲੀ ਜਾਂਦੀ ਹੈ।ਕਈ ਪ੍ਰਮਾਣਾਂ ਅਨੁਸਾਰ ਗਰਮੀ ਦੀ ਚਰਮ ਸੀਮਾ ਨਾਲੋਂ ਗਰਮੀ ਦੀ ਸ਼ੁਰੂਆਤ ਵਿੱਚ ਵੱਧ ਤਾਪਮਾਨ ਕਾਰਨ ਜ਼ਿਆਦਾ ਮੌਤਾਂ ਹੁੰਦੀਆਂ ਹਨ।ਇਸ ਦਾ ਕਾਰਨ ਹੋ ਸਕਦਾ ਹੈ ਕਿ ਜਿਉਂ-ਜਿਉਂ ਗਰਮੀ ਵਧਦੀ ਹੈ ਸਾਡਾ ਸਰੀਰ ਗਰਮੀ ਨੂੰ ਝੱਲਣ ਲਈ ਤਿਆਰ ਹੋ ਜਾਂਦਾ ਹੈ।ਕਈ ਪ੍ਰਮਾਣਾਂ ਅਤੇ ਸਬੂਤਾਂ ਅਨੁਸਾਰ ਹੀਟਵੇਵ ਦੇ ਪਹਿਲੇ 24 ਘੰਟਿਆਂ ਦੌਰਾਨ ਮੌਤ ਦਰ ਕਾਫ਼ੀ ਤੇਜ਼ੀ ਨਾਲ ਵੱਧਦੀ ਹੈ।ਇਹ ਸ਼ੀਤ ਲਹਿਰ ਨਾਲੋਂ ਕਾਫੀ ਵੱਖਰਾ ਹੈ ਕਿਉਂਕਿ ਉਸ ਨਾਲ ਵੀ ਮੌਤ ਹੋ ਸਕਦੀ ਹੈ ਪਰ ਉਸ ਦੇ ਅਸਰ ਲਈ ਲੰਬਾ ਸਮਾਂ ਲੱਗਦਾ ਹੈ।
2010 ਦੀ ਇੱਕ ਸੋਧ ਅਨੁਸਾਰ ਯੂਰਪ ਦੇ ਨੌ ਸ਼ਹਿਰਾਂ ਵਿੱਚ ਹੀਟਵੇਵ ਕਾਰਨ ਮੌਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਇਸ ਵਿਚ ਖੁਲਾਸਾ ਹੋਇਆ ਕਿ ਹੀਟਵੇਵ ਕਾਰਨ 7.6 ਪ੍ਰਤੀਸ਼ਤ ਤੋਂ 33.6 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ।ਇੱਕ ਅੰਦਾਜ਼ੇ ਅਨੁਸਾਰ 2003 ਵਿੱਚ ਹੀਟਵੇਵ ਕਾਰਨ ਯੂਰਪ ਵਿਚ ਸੱਤਰ ਹਜ਼ਾਰ ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ ਸਨ।
2.
ਮਾਨਸੂਨ ਦਾ ਇੰਤਜਾਰ, ਗਰਮੀ ਦੀ ਮਾਰ
ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਚ ਤਾਂ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਚੁੱਕਾ ਹੈ। ਦਿੱਲੀ ਚ ਪਿਛਲੇ ਕਈ ਦਿਨ੍ਹਾਂ ਤੋਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 5 ਕੁ ਦਿਨ੍ਹਾਂ ਤੱਕ ਮਾਨਸੂਨ ਦਿੱਲੀ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸੂਨ ਦੇ ਮੌਸਮ ਦੀ ਇਹ ਪਹਿਲੀ ਲੂੰ ਹੈ। ਇਸ ਤੋਂ ਪਹਿਲਾਂ 28 ਮਾਰਚ ਨੂੰ ਰਾਜਧਾਨੀ ਵਿੱਚ ਲੂ ਚੱਲੀ ਸੀ। ਉਸ ਸਮੇਂ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਸੀ।
ਮੈਦਾਨੀ ਇਲਾਕਿਆਂ ਦੇ ਵਿੱਚ ਲੂ ਦੀ ਸਥਿਤੀ ਉਸ ਸਮੇਂ ਐਲਾਨੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ ਅਤੇ ਆਮ ਨਾਲੋਂ ਘੱਟੋ ਘੱਟ 4.5 ਡਿਗਰੀ ਵੱਧ ਹੁੰਦਾ ਹੈ। ਆਮ ਤੌਰ ‘ਤੇ, ਮੌਨਸੂਨ 27 ਜੂਨ ਤੱਕ ਦਿੱਲੀ ਪਹੁੰਚ ਜਾਂਦਾ ਹੈ ਅਤੇ 8 ਜੁਲਾਈ ਤੱਕ ਦੇਸ਼ ਭਰ ਵਿਚ ਇਸ ਦੀ ਮੌਜੂਦਗੀ ਦਰਜ ਕੀਤੀ ਜਾਂਦੀ ਹੈ। ਮਾਨਸੂਨ ਪਿਛਲੇ ਸਾਲ 25 ਜੂਨ ਨੂੰ ਦਿੱਲੀ ਪਹੁੰਚਿਆ ਸੀ। ਦਿੱਲੀ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਖੇਤਰ ਅਜੇ ਵੀ ਮਾਨਸੂਨ ਦੀ ਬਾਰਸ਼ ਦਾ ਇੰਤਜ਼ਾਰ ਕਰ ਰਹੇ ਹਨ।
3.
ਸਰੀਰ ਉੱਤੇ ਕਿੰਨਾ ਅਸਰ ਕਰਦੀ ਹੈ ਗਰਮੀ?
ਰੱਬ ਨੇ ਇਨਸਾਨ ਦੀ ਘਾੜਤ ਬੜੇ ਕਮਾਲ ਦੀ ਘੜੀ ਹੈ, ਇਨਸਾਨ ਦਾ ਸਰੀਰ ਚਾਹੇ ਭੱਠ ਤਪਦੀ ਗਰਮੀ ਚ ਹੋਵੇ ਜਾਂ ਫਿਰ ਬਰਫ ਨਾਲ ਢਕੇ ਇਲਾਕਿਆਂ ਚ ਜ਼ੀਰੋ ਡਿਗਰੀ ਤਾਪਮਾਨ ਤੋਂ ਵੀ ਥੱਲੇ ਹੋਵੇ, ਸਰੀਰ ਦਾ ਪਾਰਾ ਸਦਾ 98 ਡਿਗਰੀ ਹੀ ਰਹਿੰਦਾ ਹੈ, ਤੇ ਜਦੋਂ ਇਹ ਤਾਪਮਾਨ 98 ਤੋਂ ਵਧ ਜਾਂਦਾ ਹੈ ਜਾਂ ਘਟ ਜਾਂਦਾ ਹੈ ਤਾਂ ਹੀ ਇਹ ਮੰਜੇ ਤੇ ਪੈਂਦਾ ਹੈ ,,, ਹੈ ਨਾ ਕਮਾਲ ਦੀ ਚੀਜ਼… ਬਰਫ਼ੀਲੇ ਤੂਫ਼ਾਨ ਜਾਂ ਗਰਮ ਹਵਾਵਾਂ ਵਿਚ ਵੀ ਅਸੀਂ 37.5 ਡਿਗਰੀ ਤਾਪਮਾਨ ਵਿੱਚ ਰਹਿ ਸਕਦੇ ਹਾਂ। ਪਰ ਜਿਵੇਂ-ਜਿਵੇਂ ਪਾਰਾ ਵਧਦਾ ਹੈ ਸਾਡੇ ਸਰੀਰ ਨੂੰ ਇਸ ਤਾਪਮਾਨ ਨੂੰ ਬਣਾਏ ਰੱਖਣ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ। ਇਹ ਚਮੜੀ ਕੋਲ ਮੌਜੂਦ ਖ਼ੂਨ ਦੀਆਂ ਧਮਣੀਆਂ ਨੂੰ ਖੋਲ੍ਹਦਾ ਹੈ ਤਾਂ ਕਿ ਪਸੀਨਾ ਆਵੇ ਤੇ ਗਰਮੀ ਨਿਕਲ ਸਕੇ। ਪਸੀਨਾ ਸੁੱਕਣ ਨਾਲ ਚਮੜੀ ਰਾਹੀਂ ਸਰੀਰ ਵਿੱਚੋਂ ਗਰਮੀ ਘੱਟ ਹੋਣ ਲੱਗਦੀ ਹੈ।
ਜਿੰਨੀ ਗਰਮੀ ਵਧੇਗੀ, ਉੰਨਾਂ ਹੀ ਸਾਡੇ ਸਰੀਰ ਨੂੰ ਇਸਦਾ ਨੁਕਸਾਨ ਹੋਵੇਗਾ।ਖ਼ੂਨ ਦੀਆਂ ਇਨ੍ਹਾਂ ਖੁੱਲ੍ਹੀਆਂ ਹੋਈਆਂ ਧਮਣੀਆਂ ਨਾਲ ਬਲੱਡ ਪ੍ਰੈਸ਼ਰ ਘਟਦਾ ਹੈ ਅਤੇ ਦਿਲ ਨੂੰ ਪੂਰੀ ਸਰੀਰ ਤੱਕ ਖ਼ੂਨ ਪਹੁੰਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।ਇਸ ਨਾਲ ਕਈ ਵਾਰ ਪੈਰ ਸੁੱਜ ਸਕਦੇ ਹਨ ਅਤੇ ਖਾਰਿਸ਼ ਵਰਗੇ ਘੱਟ ਖ਼ਤਰਨਾਕ ਲੱਛਣ ਦਿਖ ਸਕਦੇ ਹਨ।
ਜੇਕਰ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਵੇ ਤਾਂ ਸਰੀਰ ਦੇ ਅੰਗਾਂ ਤਕ ਲੋੜੀਂਦੀ ਮਾਤਰਾ ਵਿੱਚ ਖ਼ੂਨ ਨਹੀਂ ਪਹੁੰਚ ਸਕੇਗਾ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ।ਇਸ ਦੇ ਨਾਲ ਪਸੀਨੇ ਕਰਕੇ ਸਰੀਰ ਚੋਂ ਲੋੜੀਂਦੇ ਤਰਲ ਪਦਾਰਥ, ਨਮਕ ਘਟ ਜਾਂਦੇ ਹਨ ਜਿਸ ਕਾਰਨ ਸਰੀਰ ਵਿੱਚ ਉਨ੍ਹਾਂ ਦੀ ਮਾਤਰਾ ਵੀ ਹਿੱਲ ਜਾਂਦੀ ਹੈ। ਜੇਕਰ ਕੋਈ ਵਿਅਕਤੀ ਗਰਮੀ ਦੀ ਲਪੇਟ ਵਿੱਚ ਆ ਜਾਵੇ ਤਾਂ ਉਸਨੂੰ ਠੰਢੀ ਜਗ੍ਹਾ ਵੱਲ ਲਿਜਾਇਆ ਜਾਵੇ ਤੇ ਲਿਟਾ ਕੇ ਪੈਰਾਂ ਨੂੰ ਥੋੜ੍ਹਾ ਜਿਹਾ ਉੱਪਰ ਚੁੱਕਿਆ ਜਾਵੇ। ਇਸ ਤੋਂ ਬਾਅਦ ਪਾਣੀ ਜਾਂ ਹੋਰ ਤਰਲ ਪਦਾਰਥ ਜਿਵੇਂ ਕਿ ਸਪੋਰਟਸ ਡ੍ਰਿੰਕ, ਹਾਈਡਰੇਸ਼ਨ ਡਰਿੰਕ ਪੀਣ ਲਈ ਦਿੱਤੇ ਜਾ ਸਕਦੇ ਹਨ।ਚਮੜੀ ਨੂੰ ਠੰਢਾ ਕੀਤਾ ਜਾਵੇ ਤੇ ਉਸ ਉੱਪਰ ਠੰਢਾ ਪਾਣੀ ਛਿੜਕਿਆ ਜਾਵੇ ਜਾਂ ਹਵਾ ਵਿੱਚ ਬਿਠਾਇਆ ਜਾਵੇ।
4.
ਭਵਿੱਖ ਵਿੱਚ ਤਾਪਮਾਨ ਕਿੰਨਾ ਵਧੇਗਾ?
ਧਰਤੀ ਦੇ ਤਾਪਮਾਨ ਵਿੱਚ 1850 ਅਤੇ 21ਵੀਂ ਸਦੀ ਦੇ ਅੰਤ ਵਿਚਾਲੇ ਤਬਦੀਲੀ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਡਬਲਿਯੂਐੱਮਓ ਦੇ ਅਨੁਸਾਰ ਜੇਕਰ ਵਾਰਮਿੰਗ ਦਾ ਮੌਜੂਦਾ ਸਿਲਸਿਲਾ ਜਾਰੀ ਰਿਹਾ ਤਾਂ ਇਸ ਸਦੀ ਦੇ ਅੰਤ ਤੱਕ ਤਾਪਮਾਨ ਵਿੱਚ 3-5 ਡਿਗਰੀ ਸੈਲਸੀਅਸ ਵਧ ਸਕਦਾ ਹੈ।ਲੰਬੇ ਸਮੇਂ ਤੋਂ 2 ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਨੂੰ ਖ਼ਤਰਨਾਕ ਮੰਨਿਆ ਜਾਂਦਾ ਸੀ, ਪਰ ਹਾਲ ਹੀ ਵਿੱਚ ਵਿਗਿਆਨੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਤਰਕ ਦਿੱਤਾ ਹੈ ਕਿ 1.5 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇ ਵਾਧੇ ਨੂੰ ਸੀਮਤ ਕਰਨਾ ਸੁਰੱਖਿਅਤ ਹੈ।
ਜਲਵਾਯੂ ਤਬਦੀਲੀ ‘ਤੇ ਅੰਤਰ-ਸਰਕਾਰੀ ਪੈਨਲ (ਪਾਈਪੀਸੀਸੀ) ਨੇ 2018 ਵਿੱਚ ਇਕ ਰਿਪੋਰਟ ਦਿਤੀ ਸੀ। ਇਸ ਵਿਚਲੇ ਸੁਝਾਅ ਅਨੁਸਾਰ 1.5 ਡਿਗਰੀ ਸੈਲਸੀਅਸ ਤਾਪਮਾਨ ਦੇ ਟੀਚੇ ਨੂੰ ਬਰਕਰਾਰ ਰੱਖਣ ਲਈ ‘ਸਮਾਜ ਦੇ ਸਾਰੇ ਪਹਿਲੂਆਂ ਵਿੱਚ ਤੇਜ਼ੀ ਨਾਲ, ਦੂਰਗਾਮੀ ਅਤੇ ਬੇਮਿਸਾਲ ਤਬਦੀਲੀ’ ਦੀ ਲੋੜ ਹੈ।ਸੰਯੁਕਤ ਰਾਸ਼ਟਰ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ ਸਥਿਰ ਕਰਨ ਲਈ ਰਾਜਨੀਤਕ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਹੈ।ਚੀਨ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਨਿਕਾਸੀ ਕਰ ਰਿਹਾ ਹੈ।ਇਸ ਤੋਂ ਬਾਅਦ ਅਮਰੀਕਾ ਅਤੇ ਯੂਰੋਪੀਅਨ ਸੰਘ ਦੇ ਮੈਂਬਰ ਦੇਸ਼ ਹਨ, ਪਰ ਉੱਥੇ ਪ੍ਰਤੀ ਵਿਅਕਤੀ ਨਿਕਾਸੀ ਬਹੁਤ ਜ਼ਿਆਦਾ ਹੈ।
5.
UN ਦੀ ਚੇਤਾਵਨੀ-ਪਾਣੀ ਹੋਵੇਗਾ ਅਗਲੀ ਮਹਾਂਮਾਰੀ, ਨਹੀਂ ਬਣੇਗੀ ਇਸਦੀ ਕੋਈ ‘ਵੈਕਸੀਨ’
ਜਿਸ ਤਰੀਕੇ ਨਾਲ ਪਾਰਾ ਵਧ ਰਿਹਾ ਤੇ ਗਰਮੀ ਲੋਕਾਂ ਦੇ ਗਲੇ ਸੁਕਾ ਰਹੀ ਹੈ, ਇਸ ਨਾਲ ਇਕ ਗੱਲ ਤਾਂ ਸਾਫ ਹੈ ਕਿ ਪਾਣੀ ਦੀ ਲੋੜ ਲੋਕਾਂ ਨੂੰ ਵਧ ਪਰੇਸ਼ਾਨ ਕਰੇਗੀ। ਗਰਮੀ ਤੋਂ ਅਗਲੀ ਭਿਆਨਕ ਸਟੇਜ ਪਾਣੀ ਦੀ ਘਾਟ ਹੀ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਤਾਪਮਾਨ ਵਧਣ ਕਾਰਨ ਕੋਰੋਨਾ ਤੋਂ ਬਾਅਦ ਪਾਣੀ ਦੀ ਘਾਟ ਅਤੇ ਸੋਕਾ ਨਵੀਂ ਮਹਾਂਮਾਰੀ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਹ ਤਾਂ ਅਜਿਹੀ ਮਹਾਂਮਾਰੀ ਹੈ, ਜਿਸ ਤੋਂ ਬਚਾਅ ਲਈ ਕੋਈ ਵੈਕਸੀਨ ਵੀ ਨਹੀਂ ਬਣਾਈ ਜਾ ਸਕਦੀ।
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧੀ ਮਮੀ ਮਿਜ਼ੋਤੁਰੀ ਨੇ ਕਿਹਾ ਕਿ ਯੂਐੱਨ ਦੀ ਰਿਪੋਰਟ ਮੁਤਾਬਿਕ ਸੋਕਾ ਪਹਿਲਾਂ ਹੀ ਘੱਟੋ-ਘੱਟ 124 ਬਿਲੀਅਨ ਡਾਲਰ ਦਾ ਆਰਥਿਕ ਨੁਕਸਾਨ ਕਰ ਚੁੱਕਾ ਹੈ ਤੇ ਇਸ ਨਾਲ ਸਾਲ 1998 ਤੋਂ 2017 ਤੱਕ ਡੇਢ ਬਿਲੀਅਨ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਪਾਕਿਸਤਾਨ ਦੇ ਵੈੱਬ ਨਿਊਜ਼ ਪੋਰਟਲ ਵਿੱਚ ਛਪੀ ਖਬਰ ਅਨੁਸਾਰ ਇਹ ਅੰਕੜੇ ਸ਼ਾਇਦ ਸੰਭਾਵੀ ਤੌਰ ਉੱਤੇ ਕੁੱਲ ਅਨੁਮਾਨ ਹੀ ਹਨ।
ਮਿਜ਼ੋਤੁਰੀ ਨੇ ਕਿਹਾ ਹੈ ਕਿ ਗਲੋਬਲ ਵਾਰਮਿੰਗ ਨੇ ਹੁਣ ਦੱਖਣੀ ਯੂਰਪ ਅਤੇ ਪੱਛਮੀ ਅਫਰੀਕਾ ਵਿੱਚ ਸੋਕੇ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਸਦੀ ਵਿੱਚ ਲਗਭਗ 130 ਦੇਸ਼ਾਂ ਨੂੰ ਸੋਕੇ ਦੇ ਵਧੇਰੇ ਰਿਸਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਕਾ, ਇਕ ਵਾਇਰਸ ਵਾਂਗ ਹੀ ਲੰਬੇ ਸਮੇਂ ਤੋਂ ਵਧ ਰਿਹਾ ਹੈ ਤੇ ਇਸਦੀ ਖੇਤਰੀ ਪਹੁੰਚ ਬਹੁਤ ਹੈ। ਸੋਕਾ ਨੁਕਸਾਨ ਕਰਨ ਦੀ ਦਸਤਕ ਵੱਲ ਵਧ ਰਿਹਾ ਹੈ।
ਮਿਜ਼ੋਤੁਰੀ ਨੇ ਕਿਹਾ ਹੈ ਕਿ ਇਹ ਅਸਿੱਧੇ ਤੌਰ ‘ਤੇ ਉਨ੍ਹਾਂ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਹੜੇ ਦੇਸ਼ ਅਸਲ ਵਿੱਚ ਖੁਰਾਕੀ ਅਸੁਰੱਖਿਆ ਅਤੇ ਖੁਰਾਕੀ ਕੀਮਤਾਂ ਦੇ ਵਾਧੇ ਕਾਰਨ ਸੋਕੇ ਦਾ ਸਾਹਮਣਾ ਨਹੀਂ ਕਰ ਰਹੇ। ਸੋਕਾ ਜ਼ਿਆਦਾਤਰ ਅਫਰੀਕਾ, ਮੱਧ ਅਤੇ ਦੱਖਣੀ ਅਮਰੀਕਾ, ਮੱਧ ਏਸ਼ੀਆ, ਦੱਖਣੀ ਆਸਟਰੇਲੀਆ, ਦੱਖਣੀ ਯੂਰਪ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਵਧੇਰੇ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ।
6.
ਗਲੋਬਲ ਵਾਰਮਿੰਗ ਦੇ ਸਬੂਤ ਕੀ ਹਨ?
ਵਿਸ਼ਵ ਮੌਸਮ ਵਿਗਿਆਨ ਸੰਸਥਾ ਯਾਨੀ ਕਿ ਡਬਲਯੂਐੱਮਓ ਦੇ ਇਕ ਬਿਆਨ ਅਨੁਸਾਰ ਉਦਯੋਗੀਕਰਨ ਤੋਂ ਪਹਿਲਾਂ ਦੁਨੀਆਂ ਸਿਰਫ ਇੱਕ ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹੈ। ਪਿਛਲੇ 22 ਸਾਲਾਂ ਵਿੱਚ 2015-18 ਦੇ ਸਿਖਰਲੇ ਸਭ ਤੋਂ ਗਰਮ ਚਾਰ ਸਾਲਾਂ ਸਮੇਤ 20 ਗਰਮ ਸਾਲਾਂ ਦਾ ਰਿਕਾਰਡ ਹੈ। ਸਮੁੱਚੀ ਦੁਨੀਆ ਵਿੱਚ 2005 ਅਤੇ 2015 ਦਰਮਿਆਨ ਸਮੁੰਦਰ ਦੇ ਔਸਤ ਪੱਧਰ ਵਿੱਚ ਪ੍ਰਤੀ ਸਾਲ 3.6 ਮਿਲੀਮੀਟਰ ਦਾ ਵਾਧਾ ਹੋਇਆ ਹੈ।ਇਹ ਸਭ ਤਬਦੀਲੀ ਇਸ ਲਈ ਹੋਈ ਕਿਉਂਕਿ ਪਾਣੀ ਗਰਮ ਹੋਣ ਨਾਲ ਇਸਦੀ ਮਾਤਰਾ ਵਧ ਜਾਂਦੀ ਹੈ। ਉਂਜ ਹੁਣ ਬਰਫ਼ ਦਾ ਪਿਘਲਣਾ ਸਮੁੰਦਰ ਦੇ ਵਧਦੇ ਪੱਧਰ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।
1970 ਤੋਂ ਸੈਟੇਲਾਈਟ ਦੇ ਰਿਕਾਰਡ ਆਰਕਟਿਕ ਸਮੁੰਦਰੀ ਬਰਫ਼ ਵਿੱਚ ਵੱਡੀ ਗਿਰਾਵਟ ਦਿਖਾ ਰਹੇ ਹਨ।ਗ੍ਰੀਨਲੈਂਡ ਆਈਸ ਸ਼ੀਟ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵੱਡੇ ਪੱਧਰ ‘ਤੇ ਬਰਫ਼ ਪਿਘਲੀ ਹੈ।ਇਸ ਤਬਦੀਲੀ ਦਾ ਪ੍ਰਭਾਵ ਬਨਸਪਤੀ ਅਤੇ ਧਰਤੀ ਦੇ ਜਾਨਵਰਾਂ ‘ਤੇ ਵੀ ਦੇਖਿਆ ਜਾ ਸਕਦਾ ਹੈ।ਪੌਦਿਆਂ ਦੇ ਫੁੱਲ ਆਉਣ ਅਤੇ ਉਨ੍ਹਾਂ ਦੇ ਫਲਣ ਦਾ ਸਮਾਂ ਪਹਿਲਾਂ ਆ ਰਿਹਾ ਹੈ ਅਤੇ ਜਾਨਵਰ ਆਪਣੇ ਖੇਤਰ ਬਦਲ ਰਹੇ ਹਨ।
7.
ਵਾਤਾਵਰਨ ਬਦਲਿਆ ਤਾਂ ਕੀ ਪਵੇਗਾ ਸਾਡੇ ‘ਤੇ ਅਸਰ
ਧਰਤੀ ਗਰਮ ਹੋਣ ਨਾਲ ਪਾਣੀ ਦਾ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ, ਜਿਸ ਨਾਲ ਹਵਾ ਵਿੱਚ ਨਮੀ ਦੀ ਮਾਤਰਾ ਬਹੁਤ ਵਧ ਜਾਂਦੀ ਹੈ।ਇਸਦਾ ਮਤਲਬ ਹੈ ਕਿ ਕਈ ਖੇਤਰਾਂ ਵਿੱਚ ਜ਼ਿਆਦਾ ਮੀਂਹ ਪਵੇਗਾ ਅਤੇ ਕੁਝ ਸਥਾਨਾਂ ‘ਤੇ ਬਰਫ਼ਬਾਰੀ ਹੋਵੇਗੀ। ਪਰ ਗਰਮੀ ਦੇ ਮੌਸਮ ‘ਚ ਅੰਦਰੂਨੀ ਖੇਤਰਾਂ ਵਿੱਚ ਸੋਕਾ ਵਧੇਗਾ।ਇਸ ਤੋਂ ਇਲਾਵਾ ਤੂਫ਼ਾਨ ਅਤੇ ਵਧਦੇ ਸਮੁੰਦਰੀ ਪੱਧਰ ਨਾਲ ਹੜ੍ਹ ਦਾ ਜ਼ਿਆਦਾ ਖਦਸ਼ਾ ਹੈ, ਪਰ ਇਸ ਪੈਟਰਨ ਵਿੱਚ ਖੇਤਰੀ ਪੱਧਰ ‘ਤੇ ਵੱਡਾ ਅੰਤਰ ਹੋਣ ਦੀ ਸੰਭਾਵਨਾ ਹੈ।ਗਰੀਬ ਦੇਸ਼ ਜੋ ਇਸ ਤੇਜ਼ੀ ਨਾਲ ਵਾਪਰਨ ਵਾਲੀ ਤਬਦੀਲੀ ਨਾਲ ਨਜਿੱਠਣ ਲਈ ਅਜੇ ਲੋੜੀਂਦੇ ਸਾਧਨ ਨਹੀਂ ਹਨ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਮਲੇਰੀਆ, ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਕੁਪੋਸ਼ਣ ਵਿੱਚ ਵਾਧੇ ਨਾਲ ਲੱਖਾਂ ਲੋਕਾਂ ਦੀ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।ਵਾਯੂਮੰਡਲ ਵਿੱਚ ਜਿੰਨੀ ਵਧੇਰੇ CO2 ਛੱਡੀ ਜਾਂਦੀ ਹੈ, ਸਮੁੰਦਰਾਂ ਵਿੱਚ ਗੈਸਾਂ ਜ਼ਿਆਦਾ ਵਧਦੀਆਂ ਹਨ, ਜਿਸ ਨਾਲ ਪਾਣੀ ਜ਼ਿਆਦਾ ਤੇਜ਼ਾਬੀ ਹੋ ਜਾਂਦਾ ਹੈ।
8.
ਰੁੱਖਾਂ ਦੀ ਅੰਨ੍ਹੇਵਾਹ ਕਟਾਈ ਰੋਕਣ ਦੀ ਲੋੜ
ਪੰਜਾਬ, ਹਿਮਾਚਲ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਵਿਕਾਸ ਦੇ ਨਾਂਅ ‘ਤੇ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ।ਸੜਕਾਂ ਚੌੜੀਆਂ ਹੋ ਰਹੀਆਂ, ਹਾਈਵੇ ਬਣਾਏ ਜਾ ਰਹੇ ਹਨ,
ਵੱਡੇ ਪੱਧਰ ‘ਤੇ ਹੋ ਰਹੀ ਕਟਾਈ ਨਾਲ ਵਾਤਾਵਰਨ ਅਤੇ ਕੁਦਰਤੀ ਸਾਧਨਾਂ ‘ਤੇ ਉਲਟ ਪ੍ਰਭਾਵ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ 5 ਸਾਲਾਂ ਤੋਂ ਪੂਰੇ ਦੇਸ਼ ਵਿਚ ਇਕ ਕਰੋੜ ਤੋਂ ਜ਼ਿਆਦਾ ਰੁੱਖਾਂ ਨੂੰ ਵੱਢ ਦਿੱਤਾ ਗਿਆ ਹੈ।
ਪੰਜਾਬ ਵਿਚ ਸਥਿਤੀ ਇਸ ਲਈ ਵੀ ਜ਼ਿਆਦਾ ਖਰਾਬ ਹੈ ਕਿਉਂਕਿ ਇਥੇ ਜੰਗਲੀ ਖੇਤਰ ਦਾ ਰਕਬਾ ਪਹਿਲਾਂ ਹੀ ਬਹੁਤ ਘੱਟ ਹੈ।ਪੰਜਾਬ ‘ਚ ਪਿਛਲੇ ਇਕ ਸਾਲ ਵਿਚ ਹੀ ਹਰਿਆਲੀ ਵਾਲੇ ਇਲਾਕਿਆਂ ਦਾ ਖੇਤਰਫਲ 6.87 ਫ਼ੀਸਦੀ ਤੋਂ ਘਟ ਕੇ 6.70 ਫ਼ੀਸਦੀ ਰਹਿ ਗਿਆ ਹੈ। ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਐਲਾਨੀਆਂ ਵਿਕਾਸ ਯੋਜਨਾਵਾਂ ਦੇ ਤਹਿਤ ਵੱਡੇ ਪੱਧਰ ‘ਤੇ ਰੁੱਖਾਂ ਦੀ ਕਟਾਈ ਹੋਈ ਹੈ, ਜਿਸ ਨੇ ਸਥਿਤੀ ਨੂੰ ਹੋਰ ਗੰਭੀਰ ਕੀਤਾ ਹੈ।
ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨਾਲ ਪੈਦਾ ਹੋਏ ਇਸ ਹਾਲਾਤ ਦਾ ਇਕ ਤ੍ਰਾਸਦੀ ਭਰਿਆ ਪੱਖ ਇਹ ਵੀ ਹੈ ਕਿ ਜਿੰਨੇ ਰੁੱਖ ਕੱਟੇ ਜਾਂਦੇ ਹਨ, ਓਨੇ ਅਨੁਪਾਤ ਵਿਚ ਨਵੇਂ ਬੂਟੇ ਨਹੀਂ ਲਗਾਏ ਜਾਂਦੇ, ਜਿਹੜੇ ਨਵੇਂ ਬੂਟੇ ਲਗਾਏ ਵੀ ਜਾਂਦੇ ਹਨ ਸੁਚੱਜੀ ਦੇਖ-ਭਾਲ ਦੀ ਘਾਟ ਦੇ ਕਾਰਨ ਉਨ੍ਹਾਂ ਵਿਚੋਂ ਸਿਰਫ਼ 20 ਫ਼ੀਸਦੀ ਹੀ ਪਲਦੇ ਹਨ।ਪੰਜਾਬ ਦੇ ਜੰਗਲਾਤ ਵਿਭਾਗ ਵਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਪਿਛਲੇ 5 ਸਾਲਾਂ ਵਿਚ ਸੂਬੇ ਦੇ 6 ਜ਼ਿਲ੍ਹਿਆਂ ਵਿਚ 35 ਕਰੋੜ ਰੁਪਏ ਖਰਚ ਕੇ 2.61 ਕਰੋੜ ਨਵੇਂ ਬੂਟੇ ਲਗਾਏ ਗਏ।ਇਸ ਦੇ ਉਲਟ ਲਗਪਗ 13 ਕਰੋੜ ਰੁਪਏ ਦੀ ਆਮਦਨ ਦੇ ਲਈ ਲਗਪਗ ਇਕ ਲੱਖ ਹਰੇ-ਭਰੇ ਰੁੱਖ ਵੱਢ ਦਿੱਤੇ ਗਏ।
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਸਰਹੱਦੀ ਖੇਤਰਾਂ ਵਿਚ ਹਜ਼ਾਰਾਂ ਰੁੱਖਾਂ ਦਾ ਚੋਰੀ ਹੋ ਜਾਣਾ ਅਤੇ ਰਾਤੋ-ਰਾਤ ਵਢਾਂਗਾ ਹੋਣਾ ਵੀ ਹਰਿਆਲੀ ਦੇ ਲਈ ਖਤਰਾ ਹੈ।ਬੇਸ਼ੱਕ ਇਹ ਕੰਮ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ।
10.
ਪ੍ਰਦੂਸ਼ਣ ਕਾਰਨ ਪੈਦਾ ਹੋ ਰਹੇ ਗੰਭੀਰ ਹਾਲਾਤ
ਤਾਲਾਬੰਦੀ ਦੇ ਦਿਨਾਂ ਵਿਚ ਮੀਡੀਆ ਵਿੱਚ ਕੁੱਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਵਿਚ ਵਾਤਾਵਰਣ ਸਾਫ ਹੋਣ ਨਾਲ ਪਹਾੜੀ ਖੇਤਰ ਦਿਸਣ ਲੱਗੇ ਸਨ। ਇਹ ਸੁਖਦ ਅਹਿਸਾਸ ਸਾਰਿਆਂ ਨੇ ਮਹਿਸੂਸ ਕੀਤਾ ਹੈ। ਪਰ ਇਸਦੇ ਪਿੱਛੇ ਕਈ ਕਾਰਣ ਹਨ। ਤਾਲਾਬੰਦੀ ਕਾਰਨ ਜਿੱਥੇ ਸੜਕੀ ਆਵਾਜਾਹੀ ਬੰਦ ਰਹੀ, ਉੱਥੇ ਹੀ ਉਦਯੋਗਿਕ ਖੇਤਰ ਦੀਆਂ ਚਿਮਨੀਆਂ ਵਿੱਚੋਂ ਵੀ ਧੂੰਆਂ ਘੱਟ ਨਿਕਲਿਆ ਹੈ।ਇਸਦਾ ਅਸਰ ਸਾਫ ਹਵਾ ਪਾਣੀ ਵਿਚ ਦੇਖਿਆ ਜਾ ਸਕਦਾ ਹੈ।ਪਰ ਇਹ ਵੀ ਹੈ ਕਿ ਤਾਲਾਬੰਦੀ ਖੁਲ੍ਹਣ ਕਾਰਨ ਸੜਕਾਂ ਅਤੇ ਉਦਯੋਗ ਖੇਤਰ ਉੱਤੇ ਲੱਗੀਆਂ ਰੋਕਾਂ ਵਿੱਚ ਢਿਲ੍ਹ ਕਾਰਨ ਹਾਲਾਤ ਹੌਲੀ ਹੌਲੀ ਪਹਿਲਾ ਵਰਗੇ ਬਣ ਗਏ। ਪ੍ਰਦੂਸ਼ਣ ਨਾਲ ਜਿੱਥੇ ਹਵਾ ਖਰਾਬ ਹੁੰਦੀ ਹੈ, ਉੱਥੇ ਹੀ ਇਸਦਾ ਅਸਰ ਤਾਪਮਾਨ ਉੱਤੇ ਵੀ ਪੈਂਦਾ ਹੈ। ਇਨ੍ਹਾਂ ਦਿਨਾਂ ਵਿੱਚ ਜੋ ਤਾਪਮਾਨ ਵਧਣ ਦੇ ਕਾਰਨ ਪਰੇਸ਼ਾਨੀਆਂ ਵਧ ਰਹੀਆਂ ਹਨ, ਉਸ ਵਿਚ ਇਕ ਕਾਰਨ ਵਧ ਰਿਹਾ ਪ੍ਰਦੂਸ਼ਣ ਹੈ।
10.
ਗਰਮੀ ਤੋਂ ਬਚਣ ਲਈ ਕੀ ਕਰੀਏ?
ਗਰਮੀ ਤੋਂ ਬਚਣ ਲਈ ਸਰੀਰ ਨੂੰ ਠੰਢਾ ਰੱਖਿਆ ਜਾਣਾ ਚਾਹੀਦਾ ਹੈ ਤੇ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਆਪਣੇ ਸੁਭਾਅ ਅਤੇ ਕੰਮ ਦੇ ਸਮੇਂ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ।
ਠੀਕ ਮਾਤਰਾ ਵਿੱਚ ਪਾਣੀ ਜਾਂ ਦੁੱਧ ਪੀਤਾ ਜਾਵੇ। ਚਾਹ ਤੇ ਕੌਫੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ ਪਰ ਸ਼ਰਾਬ ਬਾਰੇ ਖਾਸ ਖਿਆਲ ਰੱਖਿਆ ਜਾਵੇ ਕਿਉਂਕਿ ਇਸ ਨਾਲ ਸਰੀਰ ਵਿੱਚੋਂ ਪਾਣੀ ਘਟ ਜਾਂਦਾ ਹੈ।
ਸਰੀਰ ਨੂੰ ਠੰਢਾ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਬਾਹਰ ਦਾ ਤਾਪਮਾਨ ਅੰਦਰ ਨਾਲੋਂ ਜ਼ਿਆਦਾ ਹੈ ਤਾਂ ਖਿੜਕੀਆਂ ਅਤੇ ਪਰਦੇ ਬੰਦ ਰੱਖੇ ਜਾਣ।
ਬਾਹਰ ਹਵਾ ਅਤੇ ਛਾਂ ਦੌਰਾਨ ਟਹਿਲਣ ਲਈ ਨਿਕਲਣਾ ਬਿਹਤਰ ਹੈ।