Punjab

ਮੋਤੀਆਂ ਵਾਲੀ ਸਰਕਾਰ ਰੱਜ ਕੇ ਲੁਟਾਉਂਦੀ ਰਹੀ ਖ਼ਜ਼ਾਨਾ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਹਕਾਰਾਂ ਦੀ ਫੌਜ ਤੋਂ ਬਿਨਾਂ ਆਪਣੇ-ਆਪ ਨੂੰ ਸੋਸ਼ਲ ਮੀਡੀਆ ‘ਤੇ ਚਮਕਾਉਣ ਲਈ 50 ਤੋਂ ਵੱਧ ਮਾਹਿਰਾਂ ਦੀ ਇੱਕ ਵੱਖਰੀ ਪਲਟੂਨ ਰੱਖੀ ਹੋਈ ਸੀ। ਡਿਜੀਟਲ ਮੀਡੀਆ ਐਗਜ਼ੀਕਿਊਟਿਵ ਤੋਂ ਲੈ ਕੇ ਵੀਡੀਓ ਐਡੀਟਰ ਅਤੇ ਗ੍ਰਾਫਿਕ ਡਿਜ਼ਾਇਨਰ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਦੀ ਤਨਖਾਹ ਦੋ ਕਰੋੜ ਰੁਪਏ ਤੋਂ ਵੱਧ ਬਣਦੀ ਸੀ। ਪਲਟੂਨ ਦੇ ਸਭ ਤੋਂ ਉੱਪਰਲੇ ਅਧਿਕਾਰੀ ਰਵੀ ਰਾਠੀ ਨੂੰ 1 ਲੱਖ ਰੁਪਏ ਮਹੀਨਾ, ਦੋ ਨੰਬਰ ਦੇ ਕਲਕਾ ਗੋਗਰਾ ਨੂੰ 90 ਹਜ਼ਾਰ ਅਤੇ ਤਿੰਨ ਨੰਬਰ ਦੇ ਜਗਤ ਸਿੰਘ ਨੂੰ 75 ਹਜ਼ਾਰ ਰੁਪਏ ਮਹੀਨਾ ਦੇ ਕੇ ਖ਼ਜ਼ਾਨਾ ਲੁਟਾਇਆ ਜਾ ਰਿਹਾ ਸੀ। 50-50 ਹਜ਼ਾਰ ਤਨਖਾਹ ਵਾਲੇ ਮੁਲਾਜ਼ਮ ਤਾਂ ਕਈ ਸਨ ਜਦਕਿ 30 ਤੋਂ 35 ਤੱਕ ਤਾਂ ਖਾਫੀ ਦੱਸੀ ਜਾ ਰਹੀ ਹੈ। ਰੌਚਕ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਭ ਨੂੰ ਆਪਣੀ ਮਰਜ਼ੀ ਦੀ ਤਨਖਾਹ ਦੇ ਰਹੇ ਸਨ ਅਤੇ ਕਿਸੇ ਦੇ ਅੱਗੇ ਕੋਈ ਜਵਾਬਦੇਹੀ ਨਹੀਂ ਸੀ। ਦਿਲਚਸਪ ਗੱਲ ਇਹ ਹੈ ਕਿ ਸਰਕਾਰੀ ਖ਼ਜ਼ਾਨੇ ‘ਤੇ ਰੱਖੇ ਇਨ੍ਹਾਂ ਮੁਲਾਜ਼ਮਾਂ ਵਿੱਚੋਂ ਕਈਆਂ ਤੋਂ ਗੈਰ-ਸਰਕਾਰੀ ਕੰਮ ਵੀ ਲਏ ਜਾਂਦੇ ਰਹੇ ਹਨ।

ਸਾਬਕਾ ਮੁੱਖ ਮੰਤਰੀ ਦੀ ਮੀਡੀਆ ਟੀਮ ਸਰਕਾਰੀ ਖ਼ਜ਼ਾਨੇ ‘ਤੇ ਲੱਖਾਂ ‘ਤੇ ਭਾਰੂ ਪੈਂਦੀ ਰਹੀ ਹੈ ਅਤੇ ਤਨਖਾਹ ਦਾ ਸਾਲਾਨਾ ਬਜਟ ਦੋ ਕਰੋੜ ਤੋਂ ਉੱਪਰ ਦਾ ਬਣਦਾ ਸੀ। ਇਸ ਰਕਮ ਵਿੱਚ ਇਨ੍ਹਾਂ ਉੱਤੇ ਖਰਚ ਕੀਤੇ ਜਾਣ ਵਾਲੇ ਗੱਫੇ ਸ਼ਾਮਿਲ ਨਹੀਂ ਹਨ। ਸੂਚਨਾ ਮੁਤਾਬਕ ਅੱਜਕੱਲ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਮਕਣ ਦਾ ਸ਼ੌਂਕ ਜਾਗ ਪਿਆ ਤਾਂ ਇਸ ਲਈ ਇੱਕ ਵੱਖਰਾ ਪਲਾਨ ਤਿਆਰ ਕੀਤਾ ਗਿਆ। ਟੀਮ ਦੀ ਭਰਤੀ ਵਿੱਚ ਸਰਕਾਰੀ ਨਿਯਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ ਅਤੇ ਸਾਰਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਸੀ। ਮੋਤੀਆਂ ਵਾਲੀ ਸਰਕਾਰ ਨੂੰ ਟਵਿੱਟਰ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਰੁਸ਼ਨਾਉਣ ਲਈ ਬਾਕਾਇਦਾ ਇੱਕ ਟੀਮ ਦਾ ਗਠਨ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਫੋਟੋ ਤੋਂ ਲੈ ਕੇ ਵੀਡੀਓ ਤਿਆਰ ਕਰਨ ਲਈ ਵੀ ਇੱਕ ਟੀਮ ਰੱਖੀ ਗਈ ਸੀ ਤਾਂ ਕਿ ਸੂਰਤਾਂ ਸਜਣ ਸੰਵਾਰਨ ਤੋਂ ਨਾ ਰਹਿ ਜਾਣ। ਇਸ ਲਈ ਇੱਕ ਹੋਰ ਪ੍ਰਾਈਵੇਟ ਕੰਪਨੀ ਨੂੰ ਮੁਲਾਜ਼ਮ ਮੁਹੱਈਆ ਕਰਵਾਉਣ ਦਾ ਠੇਕਾ ਦਿੱਤਾ ਗਿਆ। ਟੀਮ ਵਿੱਚ ਕੰਟੈਟ ਲਿਖਣ ਵਾਲੇ ਮੁਲਾਜ਼ਮ ਵੀ ਸ਼ਾਮਿਲ ਸਨ। ਦਿਲਚਸਪ ਗੱਲ ਇਹ ਹੈ ਕਿ ਤਨਖਾਹ ਮਿੱਥਣ ਦਾ ਕੋਈ ਪੈਮਾਨਾ ਨਹੀਂ ਰੱਖਿਆ ਗਿਆ। ਕਈ ਸਾਧਾਰਨ ਬੀਏ ਪਾਸ ਪੌਣਾ ਲੱਖ ਨੂੰ ਪੁੱਜਦੇ ਰਹੇ ਜਦਕਿ ਉਨ੍ਹਾਂ ਤੋਂ ਵੱਧ ਯੋਗਤਾ ਵਾਲਿਆਂ ਨੂੰ 30 ਹਜ਼ਾਰ ਰੁਪਏ ਨਾਲ ਸਬਰ ਕਰਨਾ ਪਿਆ।

ਮਾਮਲੇ ਦੀ ਤਹਿ ਤੱਕ ਗਿਆਂ ਇੱਕ ਰੌਚਕ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੂੰ ਮੰਤਰੀਆਂ ਅਤੇ ਵਿਧਾਇਕਾਂ ਤੋਂ ਵੀ ਕਈ ਸੋਸ਼ਲ ਮੀਡੀਆ ਕਰਮਚਾਰੀ ਮਹਿੰਗੇ ਪੈਂਦੇ ਰਹੇ ਹਨ। ਲੱਖ ਰੁਪਏ ਤਨਖਾਹ ਲੈਣ ਵਾਲੇ ਭੱਤਿਆਂ ਸਮੇਤ ਸਵਾ ਡੇਢ ਲੱਖ ਨੂੰ ਪੁੱਜਦੇ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਈ ਵਿਧਾਇਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੂਣ ਤੋਂ ਪੱਛੜ ਗਏ। ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਨਾ ਸਲਾਹਕਾਰਾਂ ਦੀ ਟੀਮ ਹੈ ਅਤੇ ਨਾ ਹੀ ਸੋਸ਼ਲ ਮੀਡੀਆ ਪਲਟੂਨ। ਉਹ ਅਖਬਾਰਾਂ ਵਿੱਚ ਆਪਣੀਆਂ ਤਸਵੀਰਾਂ ਛਪਾ ਕੇ ਖੁਸ਼ ਹੋ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਸਰਕਾਰੀ ਬੱਸਾਂ ਤੋਂ ਉਤਰਵਾ ਕੇ ਆਪਣੀਆਂ ਚਿਪਕਾਉਣ ਨਾਲ ਪਰਚ ਰਹੇ ਹਨ। ਉਂਝ ਸਰਕਾਰੀ ਬੱਸਾਂ ਤੋਂ ਫੋਟੋਆਂ ਲੁਹਾਉਣ ਅਤੇ ਚਿਪਕਾਉਣ ਦਾ ਕੰਮ 60 ਲੱਖ ਨੂੰ ਢੁਕ ਗਿਆ ਹੈ। ਰਾਜ ਦੀਆਂ ਸੜਕਾਂ ‘ਤੇ ਲੱਗੇ ਕਰੋੜਾਂ ਦੇ ਬੋਰਡ ਇਸ ਤੋਂ ਵੱਖਰੇ ਹਨ। ਅਖਬਾਰਾਂ ਵਿੱਚ ਨਿੱਤ ਛਪਦੇ ਪੂਰੇ-ਪੂਰੇ ਪੇਜ ਦੇ ਇਸ਼ਤਿਹਾਰ ਸਰਕਾਰੀ ਖ਼ਜ਼ਾਨੇ ਨੂੰ ਗੋਤਾ ਦੇ ਰਹੇ ਹਨ।