The Khalas Tv Blog Punjab ਕੈਪਟਨ ਸਾਹਬ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਮਿਲਿਆ ਔਖਾ ‘ਹੋਮਵਰਕ’
Punjab

ਕੈਪਟਨ ਸਾਹਬ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਮਿਲਿਆ ਔਖਾ ‘ਹੋਮਵਰਕ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 8 ਜੁਲਾਈ ਤੱਕ ਪੰਜਾਬ ਵਿਵਾਦ ਨੂੰ ਖ਼ਤਮ ਕਰ ਦੇਣਗੇ, ਜਿਸ ਲਈ ਹਾਈਕਮਾਨ ਨੇ ਫ਼ਾਰਮੂਲਾ ਤੈਅ ਕਰ ਰੱਖਿਆ ਹੈ। ਰਾਹੁਲ ਗਾਂਧੀ ਨੇ ਵੀ ਪਿਛਲੇ ਦਿਨਾਂ ਚ ਨਾਰਾਜ਼ ਵਿਧਾਇਕਾਂ ਤੇ ਵਜ਼ੀਰਾਂ ਨਾਲ ਮੁਲਾਕਾਤਾਂ ਕੀਤੀਆਂ, ਤੇ ਪਤਾ ਇਹ ਵੀ ਲੱਗਿਐ ਕਿ ਇਨ੍ਹਾਂ ਬੈਠਕਾਂ ਦੌਰਾਨ ਰਾਹੁਲ ਗਾਂਧੀ ਨੇ ਸਾਰੇ ਲੀਡਰਾਂ ਨੂੰ ਉਚੇਚੇ ਤੌਰ ’ਤੇ ਪੁੱਛਿਆ ਕਿ ਅਗਲੀ ਚੋਣ ਵਿਚ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ। ਤੇ ਰਾਹੁਲ ਦਾ ਇਹ ਸਵਾਲ ਜਰੂਰ ਕੈਪਟਨ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।

ਕਾਂਗਰਸ ਦੀ ਪੰਜਾਬ ਇਕਾਈ ਦਾ ਕਲੇਸ਼ ਜਿੱਥੇ ਖੜਗੇ ਕਮੇਟੀ ਦੀਆਂ ਬੈਠਕਾਂ ਤੋਂ ਬਾਅਦ ਵੀ ਹਾਲੇ ਮੁੱਕਿਆ ਨਹੀਂ ਹੈ। ਉੱਥੇ ਇੱਕ ਇਕ ਕਰਕੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨਾਲ ਮਿਲੇ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਕੇਂਦਰੀ ਹਾਈਕਮਾਂਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਲਗਾਤਾਰ 3 ਦਿਨ ਮੁਲਾਕਾਤਾਂ ਦਾ ਦੌਰ ਹੋਣ ਤੋਂ ਬਾਅਦ ਵੀ ਦਿੱਲੀ ਦਰਬਾਰ ਪਹੁੰਚੇ ਪੰਜਾਬ ਕਾਂਗਰਸ ਦੇ ਸਿਆਸੀ ਘਮਸਾਣ ਦਾ ਹਾਲ ਮੁੜ ਮੁੜ ਬੋਤੀ ਬੋਹੜ ਹੇਠਾਂ ਵਾਲਾ ਹੋ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਜਿਹੇ ਸੰਵੇਦਨਸ਼ੀਲ ਮੁੱਦੇ ਸਮੇਤ 18 ਨੁਕਤਿਆਂ ‘ਤੇ ਹਾਈਕਮਾਨ ਵਲੋਂ ਬਣਾਈ ਕਮੇਟੀ ਤੋਂ ਡੈਡਲਾਇਨ ਵਾਲਾ ਨਿਰਦੇਸ਼ ਲੈ ਕੇ ਦਿਲਿਓਂ ਵਾਪਸ ਆ ਗਏ ਹਨ।ਇਸ ਮਾਮਲੇ ਦੀ ਦੂਜੀ ਧਿਰ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀਆਂ ਜਨਤਕ ਬਿਆਨਬਾਜ਼ੀਆਂ ਦੇ ਚਲਦਿਆਂ ਛੇਤੀ ਹੀ ਕਾਂਗਰਸ ਦਿੱਲੀ ਸੱਦੇਗੀ।ਕਾਂਗਰਸ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਰਾਹੁਲ ਗਾਂਧੀ ਨੂੰ ਨਾਰਾਜ ਲੀਡਰਾਂ ਨੂੰ ਇਕ ਇਕ ਕਰਕੇ ਬੀਮਾਰੀ ਦੀ ਜੜ੍ਹ ਲੱਭਣੀ ਪੈ ਰਹੀ ਹੈ ਤੇ ਕਾਂਗਰਸ ਦੇ ਕੈਪਟਨ ਨੂੰ ਦਿੱਤੇ 18 ਨੁਕਤੇ ਇਕ ਵਾਰ ਜ਼ਰੂਰ ਕੈਪਟਨ ਨੂੰ ਆਪਣਾ ਚੋਣ ਮੈਨੀਫੈਸਟੋ ਫਰੋਲਣ ਲਈ ਮਜ਼ਬੂਰ ਕਰ ਦੇਣਗੇ।

ਇਨ੍ਹਾਂ ਨੁਕਤਿਆਂ ਵਿੱਚ ਜੇਕਰ ਸਿੱਧੂ ਦੀ ਗੱਲ ਕਰੀਏ ਤਾਂ ਕਾਂਗਰਸ ਹਾਈਕਮਾਂਡ ਬੜੀ ਬਾਰੀਕੀ ਨਾਲ ਸਿੱਧੂ ਦੇ ਬਿਆਨਾਂ ਨੂੰ ਘੋਖ ਪੜਤਾਲ ਰਹੀ ਹੈ। ਕੈਪਟਨ ਦੇ ਮੰਤਰੀ ਮੰਡਲ ਦੇ ਨਾਰਾਜ਼ ਮੰਤਰੀਆਂ ਅਤੇ ਵਿਧਾਇਕਾਂ ਨਾਲ ਅਤੇ ਕੁਝ ਸੰਸਦ ਮੈਂਬਰਾਂ ਨਾਲ ਵੀ ਹਾਈਕਮਾਂਡ ਨੇ ਮੁਲਾਕਾਤ ਵੀ ਕੀਤੀ ਹੈ। ਇਸੇ ਵਿਚ 1 ਜੂਨ ਤੋਂ ਸ਼ੁਰੂ ਹੋਈਆਂ ਮੁਲਾਕਾਤਾਂ ਦੀ ਇਸ ਕਵਾਇਦ ਦੇ ਬਿਨਾਂ ਕਿਸੇ ਫ਼ੈਸਲੇ ਦੇ ਇੰਜ ਲਟਕਣ ਨਾਲ ਕਈ ਕਾਂਗਰਸੀ ਲੀਡਰ ਹਾਈਕਮਾਨ ਤੋਂ ਵੀ ਖਫ਼ਾ ਹਨ। ਕੈਬਨਿਟ ਮੰਤਰੀ ਸੁਨੀਲ ਜਾਖੜ ਨੇ ਤਾਂ ਦਿੱਲਿਓਂ ਮੁੜ ਕੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੈਪਟਨ ਮਾੜੇ ਸਲਾਹਕਾਰਾਂ ਦੇ ਹੱਥੇ ਚੜ੍ਹ ਚੁੱਕੇ ਹਨ।ਇਸੇ ਕਲੇਸ਼ ਵਿੱਚ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਵੀ ਹਾਈਕਮਾਂਡ ਨੇ ਨੋਟਿਸ ਵਿੱਚ ਲਿਆ ਹੈ ਤੇ ਸਿੱਧੂ ਨੂੰ ਵੀ ਲਾਇਨ ਉੱਤੇ ਲਿਆਉਣ ਲਈ ਕਾਂਗਰਸ ਹਾਈਕਮਾਂਡ ਤੇਜੀ ਨਾਲ ਫੈਸਲੇ ਕਰ ਰਹੀ ਹੈ। 2022 ਤੋਂ ਪਹਿਲਾਂ ਕਾਂਗਰਸ ਪੰਜਾਬ ਦੀ ਚੋਣ ਬਿਸਾਤ ਉੱਤੇ ਕੋਈ ਰਿਸਕ ਲੈਣ ਦੇ ਮੂਡ ਵਿੱਚ ਨਹੀਂ ਹੈ।

ਕਾਂਗਰਸ ਦਾ ਕਾਟੋ ਕਲੇਸ਼ ਤੇ ਨੁਕਤਿਆਂ ਦੀ ਡੈੱਡਲਾਇਨ

ਕਾਂਗਰਸ ਦਾ ਕਾਟੋ ਕਲੇਸ਼ ਸਿੱਧੂ ਤੇ ਕੈਪਟਨ ਤੋਂ ਬਾਅਦ ਅਜਿਹਾ ਸ਼ੁਰੂ ਹੋਇਆ ਹੈ ਕਿ ਹਾਈਕਮਾਨ ਨੂੰ ਕੈਪਟਨ ਨੂੰ ਹੋਮ ਵਰਕ ਦੇ ਕੇ ਬਿਜੀ ਰੱਖਣ ਦਾ ਫੈਸਲਾ ਕਰਨਾ ਪਿਆ ਹੈ।ਇਹ ਵੀ ਨਹੀਂ ਕਿ ਹੋਮਵਰਕ ਦੇ ਦਿੱਤਾ ਹੈ ਤੇ ਗੱਲ ਮੁਕਦੀ ਹੋ ਗਈ ਹੈ। ਇਸ ਲਈ ਵੀ ਕੈਪਟਨ ਨੂੰ ਡੈੱਡਲਾਈਨ ਦਿੱਤੀ ਗਈ ਹੈ ਕਿ ਇਹ ਕੰਮ ਕਦੋਂ ਤੇ ਕਿਵੇਂ ਕਿੰਨੀ ਦੇਰ ਵਿੱਚ ਮੁਕਦਾ ਕਰਨਾ ਹੈ। ਹੋ ਸਕਦਾ ਹੈ ਕਿ ਇਹੀ ਕਾਰਨ ਹੈ ਕਿ ਦਿੱਲਿਓਂ ਬਿਨਾਂ ਦੇਰੀ ਕੈਪਟਨ ਸਿੱਧੇ ਵਾਪਸ ਆਪਣੇ ਫਾਰਮ ਹਾਉਸ ਮੁੜ ਆਏ ਹਨ।

ਕੈਪਟਨ ਨੇ ਕਮੇਟੀ ਨਾਲ ਰਲ ਕੇ ਰੋਜ ਰੋਜ ਦਾ ਕਾਂਗਰਸੀ ਰੱਫੜ ਤਾਂ ਨਿਬੇੜਨਾ ਹੀ ਹੈ, ਡੇਢ ਦਰਜਨ ਵਾਅਦੇ ਪੂਰੇ ਕਰਨ ਲਈ ਢੰਗ ਤਰੀਕੇ ਵੀ ਲੱਭਣੇ ਹਨ।ਮੁੱਖ ਮੰਤਰੀ ਖ਼ਿਲਾਫ਼ ਬਾਗੀ ਸੁਰ ਰੱਖਣ ਵਾਲੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਪਹਿਲਾਂ ਖੜਗੇ ਕਮੇਟੀ ਅਤੇ ਪਿੱਛੋਂ ਰਾਹੁਲ ਗਾਂਧੀ ਕੋਲ ਕੁਝ ਨੁਕਤੇ ਰੱਖੇ ਸਨ, ਜਿਨ੍ਹਾਂ ਦੇ ਆਧਾਰ ’ਤੇ ਇਹ 18 ਨੁਕਾਤੀ ਏਜੰਡਾ ਤਿਆਰ ਕਰਕੇ ਮੁੱਖ ਮੰਤਰੀ ਨੂੰ ਫੜ੍ਹਾ ਦਿੱਤਾ ਹੈ।

ਜੇਕਰ ਇਨ੍ਹਾਂ ਨੁਕਤਿਆਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਨੂੰ ਸੌਂਪੇ ਗਏ 18 ਨੁਕਤਿਆਂ ਵਿਚ ਨਵਜੋਤ ਸਿੱਧੂ ਵੱਲੋਂ ਚੁੱਕੇ ਬਹੁਤੇ ਮਸਲੇ ਸ਼ਾਮਲ ਹਨ। ਇਸ ਤੋਂ ਅੰਦਾਜਾ ਲੱਗ ਸੱਕਦਾ ਹੈ ਕਿ ਸਿੱਧੂ ਜਿਹੜੇ ਵੀ ਮਸਲੇ ਚੁੱਕਦੇ ਹਨ, ਉਨ੍ਹਾਂ ਦੀ ਗੰਭੀਰਤਾ ਹਾਈਕਮਾਨ ਜ਼ਰੂਰ ਸਮਝਦੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਸਮੁੱਚੇ ਮਸਲੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਮਸ਼ਵਰਾ ਵੀ ਲੈ ਚੁੱਕੇ ਹਨ।ਤੇ ਇਹ ਵੀ ਹੋ ਸਕਦਾ ਹੈ ਕਿ ਜਾਖੜ ਦਾ ਰਾਹੁਲ ਨੂੰ ਮਿਲਕੇ ਆਇਆ ਇਹ ਬਿਆਨ ਕਿ ਕੈਪਟਨ ਦੇ ਮਾੜੇ ਸਲਾਹਕਾਰ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਸੂਤਾ ਫਸਾ ਰਹੇ ਹਨ, ਹਾਈਕਮਾਂਡ ਨੂੰ ਸਮਝਾ ਦਿੱਤਾ ਗਿਆ ਹੋਵੇ।

ਕੈਪਟਨ ਨੂੰ ਮਿਲੇ 18 ਕੰਮ

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਦੱਸਿਆ ਕਿ ਬਰਗਾੜੀ ਅਤੇ ਨਸ਼ਿਆਂ ਦੇ ਮੁੱਦੇ ਸਮੇਤ ਡੇਢ ਦਰਜਨ ਮੁੱਦਿਆਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਗਿਆ ਹੈ। ਹਾਲਾਂਕਿ ਇਹ 18 ਦੇ 18 ਨੁਕਤੇ ਕਿਹੜੇ ਕਿਹੜੇ ਹਨ ਇਨਾਂ ਬਾਰੇ ਮੁਕੰਮਲ ਜਾਣਾਕਰੀ ਤਾਂ ਨਹੀਂ ਮਿਲ ਸਕੀ ਪਰ ਰਾਵਤ ਨੇ ਖਾਸ ਤੌਰ ’ਤੇ ਰੇਤ ਮਾਫੀਏ, ਟਰਾਂਸਪੋਰਟ ਮਾਫੀਆ ਤੇ ਬਿਜਲੀ ਸਮਝੌਤਿਆਂ ਦਾ ਜ਼ਿਕਰ ਕੀਤਾ। ਬਰਗਾੜੀ ਮਾਮਲੇ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਬਿਜਲੀ ਸਮਝੌਤਿਆਂ ਦੇ ਮਾਮਲੇ ਬਾਰੇ ਵੀ ਕਿਹਾ ਗਿਆ ਹੈ।ਨਸ਼ਿਆਂ ਦੇ ਮਾਮਲੇ ਵਿਚ ਜੋ ਬਾਕੀ ਬਚ ਗਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ ਹੈ, ਰਾਵਤ ਨੇ ਦੱਸਿਆ ਕਿ ਦਲਿਤ ਤੇ ਗਰੀਬ ਲੋਕਾਂ ਨੂੰ ਕਰਜ਼ ਮੁਆਫੀ, ਜ਼ਮੀਨਾਂ ਦੇ ਮਾਲਕਾਨਾ ਹੱਕ, ਵਜ਼ੀਫਾ ਅਤੇ ਸ਼ਹਿਰੀ ਖੇਤਰ ਵਿਚ ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਗਿਆ ਹੈ।

1.
ਬਰਗਾੜੀ ਕਾਂਡ ਸਭ ਤੋਂ ਅਹਿਮ ਨੁਕਤਾ

ਇਸ ਵੇਲੇ ਪੰਜਾਬ ਦੀ ਸਿਆਸਤ ਵਿਚ ਸਾਰੀਆਂ ਪਾਰਟੀਆਂ ਜਦੋਂ ਵੀ ਕੋਈ ਪ੍ਰੈੱਸ ਕਾਨਫਰੰਸ ਕਰਦੀਆਂ ਹਨ ਤਾਂ ਬਰਗਾੜੀ ਕਾਂਡ ਦਾ ਜਿਕਰ ਜਰੂਰ ਕਰਦੀਆਂ ਹਨ। ਇਹ ਹਰੇਕ ਪਾਰਟੀ ਲਈ ਅਹਿਮ ਮੁੱਦਾ ਬਣ ਚੁੱਕਾ ਹੈ ਕਿਉਂ ਕਿ ਬਰਗਾੜੀ ਕਾਂਡ ਵਿੱਚ ਨਿਆਂ ਹਾਲੇ ਮੌਜੂਦਾ ਸਰਕਾਰ ਵੀ ਨਹੀਂ ਕਰ ਸਕੀ ਹੈ।

ਹੁਣ ਤੱਕ ਇਹ ਬਣ ਚੁੱਕੀਆਂ ਨੇ SIT, ਨਤੀਜਾ ਜੀਰੋ

ਪਹਿਲੀ ਐੱਸਆਈਟੀ 4 ਜੂਨ, 2015 ਨੂੰ ਐੱਸਪੀ(ਡੀ) ਅਮਰਜੀਤ ਸਿੰਘ ਦੀ ਅਗਵਾਈ ਵਿੱਚ ਬਣੀ।
ਦੂਜੀ ਐੱਸਆਈਟੀ 10 ਜੂਨ, 2015 ਨੂੰ ਤਤਕਾਲੀ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਅਗਵਾਈ ਵਿੱਚ ਬਣਾਈ ਗਈ।
ਤੀਸਰੀ ਐੱਸਆਈਟੀ 16 ਅਕਤੂਬਰ, 2015 ਨੂੰ ਏਡੀਜੀਪੀ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਸੀ।
ਚੌਥੀ ਐੱਸਆਈਟੀ 20 ਨਵੰਬਰ, 2015 ਨੂੰ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣਾਈ ਗਈ।
ਪੰਜਵੀਂ ਐੱਸਆਈਟੀ 10 ਸਤੰਬਰ, 2018 ਵਿੱਚ ਕੈਪਟਨ ਸਰਕਾਰ ਨੇ ਪ੍ਰਬੋਧ ਕੁਮਾਰ ਦੀ ਅਗਵਾਈ ਵਿੱਚ ਗਠਿਤ ਕੀਤੀ। ਇਸ ਐੱਸਆਈਟੀ ਵਿੱਚ ਆਈਜੀ ਅਰੁਣਪਾਲ ਸਿੰਘ, ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਏਆਈਜੀ ਭੁਪਿੰਦਰ ਸਿੰਘ, ਐੱਸਐੱਸਪੀ ਸਤਿੰਦਰ ਸਿੰਘ ਮੈਂਬਰ ਰਹੇ ਹਨ।

2.
ਕੈਪਟਨ ਨੂੰ ਬਿਜਲੀ ਸਮਝੌਤੇ ਯਾਦ ਕਰਵਾਏ

ਬਿਜਲੀ ਦਾ ਸਮਝੌਤਾ ਵੀ ਜਲਦ ਸਹੀ ਕਰਨ ਨੂੰ ਕੈਪਟਨ ਸਰਕਾਰ ਨੂੰ ਹਦਾਇਤ ਕੀਤੀ ਗਈ ਹੈ। ਕਾਂਗਰਸ ਹਾਈਕਮਾਂਡ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਕਈ ਵਾਰ ਕੈਪਟਨ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਬਿਜਲੀ ਦੀਆਂ ਦਰਾਂ ਘਟ ਕਰਨ ਦੇ ਵਾਅਦੇ ਨੂੰ ਯਾਦ ਦੁਆ ਚੁੱਕੀਆਂ ਹਨ। ਪਰ ਸਰਕਾਰ ਬਣਨ ਤੋਂ ਬਾਅਦ ਬਿਜਲੀ ਦੀਆਂ ਕੀਮਤਾਂ 14 ਵਾਰ ਵਧ ਚੁੱਕੀਆਂ ਹਨ। ਅਕਾਲੀ ਭਾਜਪਾ ਸਰਕਾਰ ਵੱਲੋਂ ਜੋ ਨਿਜੀ ਕੰਪਨੀਆਂ ਨਾਲ ਸਮਝੌਤੇ ਕੀਤੇ ਗਏ ਸਨ, ਉਨ੍ਹਾਂ ਨੂੰ ਰੱਦ ਕਰਨ ਦੀ ਕੈਪਟਨ ਸਰਕਾਰ ਨੇ ਚੋਣ ਮਨੋਰਥ ਪੱਤਰ ਵਿੱਚ ਗੱਲ ਕੀਤੀ ਸੀ। ਕੈਪਟਨ ਨੇ ਬਿਜਲੀ ਦੀਆਂ ਦਰਾਂ ਉੱਤੇ ਵ੍ਹਾਈਟ ਪੇਪਰ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ।

3.
ਨਸ਼ਿਆਂ ਨੂੰ ਸਹੁੰ ਖਾ ਕੇ ਵੀ ਖਤਮ ਨਹੀਂ ਕਰ ਸਕੇ ਕੈਪਟਨ

ਨਸ਼ਿਆਂ ਦੇ ਮੁੱਦੇ ਦਾ ਜਿਕਰ ਵੀ ਇਸ ਡੈੱਡਲਾਇਨ ਵਿਚ ਕੀਤਾ ਗਿਆ ਹੈ।ਯਾਦ ਕਰਵਾ ਦਈਏ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਨਸ਼ਿਆਂ ਨੂੰ ਪੰਜਾਬ ਵਿੱਚੋਂ 4 ਹਫਤਿਆਂ ਦੇ ਅੰਦਰ ਮੁਕਾਉਣ ਦੀ ਗੱਲ ਕੀਤੀ ਸੀ।ਹਾਲਾਂਕਿ ਇਕ ਇੰਟਰਵਿਊ ਦੌਰਾਨ ਕੈਪਟਨ ਆਪਣੀ ਇਸ ਗੱਲ ਨੂੰ ਦੁਰੁਸਤ ਕਰ ਚੁੱਕੇ ਹਨ।ਪਰ ਨਸ਼ਿਆਂ ਦੇ ਹਾਲਾਤ ਸੁਧਰਣ ਦੀ ਥਾਂ ਵਿਗੜੇ ਹੀ ਹਨ। ਪੀੜ੍ਹਤ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ ‘ਚਿੱਟਾ’ ਬੰਦ ਨਹੀਂ ਹੋਇਆ ਸਗੋਂ ਹੋਰ ਮਹਿੰਗਾ ਹੋ ਗਿਆ ਹੈ। ਪੰਜਾਬ ਵਿੱਚ 16 ਮਾਰਚ 2017 ਤੋਂ 16 ਮਾਰਚ 2018 ਤੱਕ ਨਸ਼ਿਆਂ ਕਾਰਨ 16 ਨੌਜਵਾਨਾਂ ਦੀ ਮੌਤ ਹੋਈ ਹੈ। ਇਹ ਉਹ ਅੰਕੜਾ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਪੁਲੀਸ ਦੇ ਰਿਕਾਰਡ ਵਿੱਚ ਦਰਜ ਹੈ। ਕਿਹਾ ਇਹ ਜਾ ਰਿਹਾ ਹੈ ਕਿ ਨਸ਼ਿਆਂ ਕਾਰਨ ਮੌਤਾਂ ਦੀ ਗਿਣਤੀ ਦਾ ਅੰਕੜਾ ਜ਼ਿਆਦਾ ਹੈ ਕਿਉਂਕਿ ਕਈ ਮਾਪੇ ਆਪਣੇ ਪੁੱਤਾਂ ਦੀਆਂ ਨਸ਼ੇ ਵਾਲੀਆਂ ਆਦਤਾਂ ਜਗ ਜ਼ਾਹਿਰ ਨਹੀਂ ਕਰਨਾ ਚਾਹੁੰਦੇ।ਕੈਪਟਨ ਅਮਰਿੰਦਰ ਸਿੰਘ ਦੇ ਨਸ਼ਾ ਮੁਕਤ ਕਰਨ ਦੇ ਵਾਅਦੇ ਤੋਂ ਬਾਅਦ ਜਿਹੜੇ 16 ਨੌਜਵਾਨ ਨਸ਼ਿਆਂ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਵਿੱਚ ਤਿੰਨ ਜਲੰਧਰ ਦੇ, ਤਿੰਨ ਹੁਸ਼ਿਆਰਪੁਰ ਦੇ, ਤਿੰਨ ਲੁਧਿਆਣਾ ਦੇ,ਚਾਰ ਮੋਗਾ ਦੇ, ਇੱਕ-ਇੱਕ ਅੰਮ੍ਰਿਤਸਰ, ਤਰਨਤਾਰਨ,ਅਤੇ ਮੰਡੀ ਗੋਬਿੰਦਗੜ੍ਹ ਦਾ ਹੈ।

4.
ਰੇਤ ਮਾਫੀਆ ਹੋਰ ਵਧਿਆ ਫੁੱਲਿਆ

ਰੇਤ ਮਾਫੀਆ ਦੀਆਂ ਜੜ੍ਹਾ ਇਕੱਲੀ ਕੈਪਟਨ ਸਰਕਾਰ ਨਹੀਂ, ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਵੀ ਨਹੀਂ ਰੁਕਿਆ ਹੈ।ਪੰਜਾਬ ਦੇ ਕਈ ਇਲਾਕੇ ਰੇਤ ਮਾਫੀਏ ਕਾਰਨ ਖੁਰਦੇ ਜਾ ਰਹੇ ਹਨ।ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਵੀ ਲਿਖੀ ਸੀ ਕਿ ਉਹ ਆਪਣੇ ਕਾਰਜਕਾਲ ਦੌਰਾਨ ਤਿਆਰ ਕੀਤੀ ਰੇਤ ਮਾਫ਼ੀਆ ਦੀ ਰਿਪੋਰਟ ਨੂੰ ਜਨਤਕ ਕਰਨ। ਫੂਲਕਾ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ 2017 ਵਿੱਚ ਰੇਤ ਮਾਫੀਆ ’ਤੇ ਕਾਬੂ ਪਾਉਣ ਵਾਸਤੇ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ ਸੀ।ਸਿੱਧੂ ਨੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ, ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਉਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਖ਼ਤਮ ਕਰਨ ਦਾ ਵਾਅਦਾ ਤਾਂ ਕੀਤਾ ਸੀ ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਰੇਤ ਮਾਫੀਆ ਹੋਰ ਵਧਿਆ-ਫੁੱਲਿਆ ਹੈ।

5.
ਦਲਿਤਾਂ ਤੇ ਗਰੀਬ ਲੋਕਾਂ ਨੂੰ ਕਰਜ ਮੁਆਫੀ

ਕੈਪਟਨ ਸਰਕਾਰ ਉੱਤੇ ਦਲਿਤ ਵਰਗ ਦੇ ਲੋਕਾਂ ਨਾਲ ਵਖਰੇਵਾਂ ਕਰਨ ਦੇ ਵੀ ਇਲਜਾਮ ਲੱਗਦੇ ਰਹੇ ਹਨ।ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੇ ਨਾਲ ਨਾਲ ਦਲਿਤ ਵਰਗ ਦੇ ਲੋਕਾਂ ਦੇ ਕਰਜੇ ਮਾਫ ਕਰਨ ਦੀ ਵੀ ਗੱਲ ਹਮੇਸ਼ਾ ਉੱਠਦੀ ਰਹੀ ਹੈ। ਪਰ ਕਰਜ਼ਾ ਮੁਆਫੀ ਮਾਮਲੇ ’ਚ ਕਿਸਾਨਾਂ ਦੇ ਮੁਕਾਬਲੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮੁਆਫ ਕਰਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਇਸ ਕਰਕੇ ਦਲਿਤ ਭਾਈਚਾਰੇ ਦੇ ਮਨਾਂ ’ਚ ਕੈਪਟਨ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਤੇ ਇਹ ਗੱਲ ਹੁਣ ਹਾਈਕਮਾਂਡ ਦੇ ਵੀ ਧਿਆਨ ਵਿੱਚ ਆ ਗਈ ਹੈ।

ਰਾਹੁਲ ਨੂੰ ਬਿਨਾਂ ਮਿਲੇ ਪਰਤੇ ਅਮਰਿੰਦਰ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਦੋ ਦਿਨਾਂ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੀਟਿੰਗ ਲਈ ਨਾ ਬੁਲਾਏ ਜਾਣ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ। ਰਾਹੁਲ ਗਾਂਧੀ ਨੇ ਹਾਲਾਂਕਿ ਪਾਰਟੀ ਦੇ ਛੋਟੇ ਆਗੂਆਂ ਨੂੰ ਵੀ ਮੁਲਾਕਾਤ ਦਾ ਸਮਾਂ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਅਮਰਿੰਦਰ ਮੰਗਲਵਾਰ ਨੂੰ ਖੜਗੇ ਕਮੇਟੀ ਨਾਲ ਮੁਲਾਕਾਤ ਕਰਨ ਮਗਰੋਂ ਗਾਂਧੀ ਪਰਿਵਾਰ ਦਾ ਸੱਦਾ ਆਉਣ ਦੀ ਉਡੀਕ ਵਿਚ ਦਿੱਲੀ ਰੁਕ ਗਏ ਸਨ। ਜਦੋਂ ਕੋਈ ਗੱਲ ਨਾ ਬਣੀ ਤਾਂ ਮੁੱਖ ਮੰਤਰੀ ਅੱਜ ਸਵੇਰੇ 11 ਵਜੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਗਏ। ਅਮਰਿੰਦਰ ਨੇ ਪਾਰਟੀ ਆਗੂਆਂ ਨੂੰ ਮੰਗਲਵਾਰ ਰਾਤ ਡਿਨਰ ਵੀ ਦਿੱਤਾ, ਜਿਸ ਵਿਚ ਰਾਣਾ ਸੋਢੀ, ਰਵਨੀਤ ਬਿੱਟੂ, ਗੁਰਜੀਤ ਔਜਲਾ, ਅਸ਼ਵਨੀ ਸੇਖੜੀ, ਮਨੀਸ਼ ਤਿਵਾੜੀ ਆਦਿ ਸ਼ਾਮਲ ਸਨ।

ਡੈੱਡਲਾਇਨ ਦੇ ਪਿੱਛੇ ਕਹਾਣੀ ਕੀ

ਜਿਵੇਂ-ਜਿਵੇਂ 2022 ਦੀਆਂ ਚੋਣਾ ਨੇੜੇ ਆ ਗਈਆਂ ਹਨ, ਕਾਂਗਰਸ ਹਾਈਕਮਾਨ ਪੰਜਾਬ ਦੀ ਸਿਆਸਤ ਨੂੰ ਕਿਸੇ ਵੀ ਢੰਗ ਤਰੀਕੇ ਬਰਕਰਾਰ ਰੱਖਣ ਦੇ ਓਹੜ-ਪੋਹੜ ਵਿੱਚ ਲੱਗੀ ਹੋਈ ਹੈ। ਕਾਂਗਰਸ ਹਾਈਕਮਾਂਡ ਦੇ ਧਿਆਨ ਵਿੱਚ ਇਹ ਗੱਲ ਆ ਚੁੱਕੀ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਇਕਾਈ ਦਾ ਰੱਫੜ ਬਿਨਾਂ ਦੇਰ ਕੀਤੇ ਸੁਲਝਾਉਣਾ ਬਹੁਤ ਜਰੂਰੀ ਹੋ ਗਿਆ ਹੈ। ਜਿਸ ਵਕਤ ਲੋਕਾਂ ਨੂੰ ਆਪਣੇ ਵਿਕਾਸ ਕੰਮਾਂ ਲਈ ਵਿਸ਼ਵਾਸ ਦੇ ਪਾਤਰ ਬਣਾਉਣਾ ਸੀ ਉਸ ਵੇਲੇ ਕਾਂਗਰਸ ਦੇ ਲੀਡਰ ਆਪੋ ਵਿਚ ਲੜ ਲੜ ਕੇ ਪਰੇਸ਼ਾਨ ਹੋ ਰਹੇ ਹਨ। ਤੇ ਹੁਣ ਕੈਪਟਨ ਨੂੰ ਗ੍ਰਹਿ ਮੰਤਰੀ ਹੋਣ ਦੇ ਨਾਲ ਨਾਲ ਫੋਕੀਆਂ ਬਿਆਨ ਬਾਜੀਆਂ ਕਰਨ ਤੋਂ ਗੁਰੇਜ ਕਰਦਿਆਂ ਕੰਮ ਵੱਲ ਧਿਆਨ ਦੇਣ ਦੀ ਗੱਲ ਕਹਿ ਦਿੱਤੀ ਗਈ ਹੈ।

ਡੈੱਡਲਾਇਨ ਦੀ ਵਜ੍ਹਾ ਇਸ ਲਈ ਹੈ ਕਿਉਂ ਕਿ ਸਮਾਂ ਕਾਂਗਰਸ ਪਾਰਟੀ ਨੂੰ ਇਜਾਜਤ ਨਹੀਂ ਦਿੰਦਾ ਕਿ ਉਹ ਲੜਾਈ ਝਗੜੇ ਵਿਚ ਹੀ ਵਕਤ ਲੰਘਾ ਦੇਵੇ ਤੇ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ ਦੇ ਚੋਣ ਵਾਅਦਿਆਂ ਨੂੰ ਮੁੱਦਾ ਬਣਾ ਕੇ ਬਾਜੀ ਮਾਰ ਜਾਣ। ਪਰ ਇੰਨੇ ਥੋੜ੍ਹੇ ਸਮੇਂ ਵਿਚ ਕੈਪਟਨ ਲਈ ਸਾਰਾ ਮੈਦਾਨ ਫਤਿਹ ਕਰਨਾ ਜਿੱਥੇ ਚੈਲੇਂਜ ਹੈ, ਉੱਥੇ ਹੀ ਪਾਰਟੀ ਦੇ ਬਾਕੀ ਲੀਡਰਾਂ ਲਈ ਵੀ ਚੁਣੌਤੀ ਹੈ ਕਿ ਉਹ ਸਾਰੇ ਵੈਰ ਭੁਲਾ ਕੇ ਕੈਪਟਨ ਦੀ ਬਾਂਹ ਫੜਦੇ ਹਨ ਕਿ ਇਸੇ ਤਰ੍ਹਾਂ ਲੜਦੇ ਹਨ।

Exit mobile version