Khaas Lekh Khalas Tv Special Punjab Religion

ਲਾਲ ਕਿਲ੍ਹੇ ਨੂੰ ਜਿੱਤ ਕੇ ਸਿੱਖਾਂ ਲਈ ਇਤਿਹਾਸਕ ਸਥਾਨ ਬਣਾਉਣ ਵਾਲੇ ਇਸ ਸਿੱਖ ਜਰਨੈਲ ਬਾਰੇ ਤੁਸੀਂ ਕੀ ਜਾਣਦੇ ਹੋ ?

Sultan-ul-Qaum' Jassa Singh Ahluwalia

ਦ ਖ਼ਾਲਸ ਟੀਵੀ ਵੱਲੋਂ 18ਵੀਂ ਸਦੀ ਦੇ ਮਹਾਨ ਜਰਨੈਲ, ਜੇਤੂ ਅਬਦਾਲੀ ਨੂੰ ਹਰਾ ਕੇ ਤੋਰਨ ਵਾਲੇ, ਦਿੱਲੀ ਨੂੰ ਜਿੱਤਣ ਵਾਲੇ, ਸਿੱਖ ਰਾਜ ਸਥਾਪਿਤ ਕਰਨ ਵਾਲੇ, ‘ਗੁਰੂ ਕੇ ਲਾਲ’ ਸੁਲਤਾਨ-ਉਲ-ਕੌਮ ਨਵਾਬ ਸ. ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ‘ਤੇ ਕੋਟਾਨ ਕੋਟਿ ਪ੍ਰਣਾਮ। ਸ. ਜੱਸਾ ਸਿੰਘ ਆਹਲੂਵਾਲੀਆ ਇਕ ਮਹਾਨ ਜਰਨੈਲ ਤੇ ਧਰਮੀ ਪੁਰਖ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਕੇ ਸਿੱਖੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ।

18ਵੀਂ ਸਦੀ ਦੇ ਇਸ ਮਹਾਨ ਸੂਰਵੀਰ ਯੋਧੇ ਨੇ ਜੰਗਲਾਂ, ਪਹਾੜਾਂ ਵਿੱਚ ਰਹਿ ਰਹੇ ਸਿੰਘਾਂ ਨੂੰ ਦੋ ਘੱਲੂਘਾਰਿਆਂ ਤੇ ਸੈਂਕੜੇ ਯੁੱਧਾਂ ਵਿੱਚੋਂ ਕੱਢ ਕੇ ਸਿਰਫ਼ ਸਿੱਖ ਰਾਜ ਸਥਾਪਿਤ ਹੀ ਨਹੀਂ ਕੀਤਾ ਸਗੋਂ ਵਿਦੇਸ਼ੀ ਹਕੂਮਤਾਂ ਦੇ ਗੁਲਾਮ ਭਾਰਤ ਨੂੰ ਆਜ਼ਾਦ ਵੀ ਕਰਵਾਇਆ।

‘ਗੁਰੂ ਕੇ ਲਾਲ’ ਸੁਲਤਾਨ-ਉਲ-ਕੌਮ ਨਵਾਬ ਸ. ਜੱਸਾ ਸਿੰਘ ਆਹਲੂਵਾਲੀਆ

ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ ‘1718 ਈਸਵੀ. ਨੂੰ ਪਿਤਾ ਸਰਦਾਰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਆਪ ਪੰਜ ਸਾਲ ਦੇ ਹੀ ਸਨ ਕਿ ਆਪ ਦੇ ਪਿਤਾ ਰੱਬ ਨੂੰ ਪਿਆਰੇ ਹੋ ਗਏ। ਆਪ ਨੂੰ ਆਪ ਜੀ ਦੀ ਮਾਤਾ ਨੇ ਆਪਣੇ ਭਰਾ ਭਾਗ ਸਿੰਘ ਦੀ ਸਹਾਇਤਾ ਨਾਲ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਕੋਲ ਰਹਿ ਕੇ ਆਪ ਸੇਵਾ ਸਿਮਰਨ ਕਰਦੇ ਰਹੇ।

ਮਾਤਾ ਸੁੰਦਰੀ ਜੀ ਆਪ ਜੀ ਦੀ ਨੇਕ-ਨੀਤੀ ਤੋਂ ਬੇਹੱਦ ਖ਼ੁਸ਼ ਹੋਏ ਤੇ ਆਪ ਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਦੇ ਸਨ। ਆਪ ਕਾਫ਼ੀ ਸਮਾਂ ਮਾਤਾ ਸੁੰਦਰੀ ਜੀ ਕੋਲ ਰਹੇ। ਇਸ ਦੌਰਾਨ ਆਪ ਜੀ ਨੇ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਸ਼ਸਤਰ ਵਿੱਦਿਆ ਵੀ ਆਪ ਨੇ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਵਿਚ ਹੀ ਪ੍ਰਾਪਤ ਕੀਤੀ। ਜਦੋਂ ਆਪ ਮਾਤਾ ਸੁੰਦਰੀ ਜੀ ਕੋਲੋਂ ਵਿਦਾ ਹੋਣ ਲੱਗੇ ਤਾਂ ਮਾਤਾ ਜੀ ਨੇ ਆਪ ਦੇ ਸਿੱਖੀ ਸਿਦਕ ਤੇ ਉੱਚੇ-ਸੁੱਚੇ ਜੀਵਨ ਨੂੰ ਦੇਖਦਿਆਂ ਆਪ ਨੂੰ ਢਾਲ, ਕਿਰਪਾਨ, ਗੁਰਜ, ਤੀਰ-ਕਮਾਨ ਤੇ ਚਾਂਦੀ ਦੀ ਇਕ ਚੋਬ ਦੇ ਕੇ ਨਵਾਜਿਆ।

ਸਰੀਰਕ ਤੌਰ ‘ਤੇ ਮਜ਼ਬੂਤ ਹੋਣ ਕਾਰਨ ਉਹ ਕਈ ਕਈ ਮੀਲਾਂ ਤਕ ਇੱਕੋ ਸਾਹੇ ਘੋੜੇ ਦੀ ਸਵਾਰੀ ਕਰ ਜਾਂਦੇ ਸਨ। ਕਿਹਾ ਜਾਂਦਾ ਹੈ ਕਿ ਸੌ ਸੌ ਮੀਲ ਤਕ ਦਾ ਸਫ਼ਰ ਕਰ ਜਾਣਾ ਵੀ ਉਨ੍ਹਾਂ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਉਹ ਤੀਰ-ਤਲਵਾਰ ਅਤੇ ਤੋੜੇਦਾਰ ਬੰਦੂਕ ਚਲਾਉਣ ਦੇ ਏਨੇ ਧਨੀ ਸਨ ਕਿ ਉਨ੍ਹਾਂ ਦਾ ਨਿਸ਼ਾਨਾ ਕਦੇ ਖ਼ਾਲੀ ਨਹੀਂ ਸੀ ਜਾਂਦਾ। ਲੜਾਈ ਦੇ ਮੈਦਾਨ ਵਿਚ ਉਹ ਅੱਗੇ ਹੋ ਕੇ ਲੜਨ ਵਾਲਿਆਂ ‘ਚੋਂ ਸਨ।

ਸ਼ਸਤਰ ਉਨ੍ਹਾਂ ਦੇ ਜੀਵਨ ਦਾ ਇਕ ਜ਼ਰੂਰੀ ਅੰਗ ਸਨ। ਉਹ ਸਮਝਦੇ ਸਨ ਕਿ ਸ਼ਸਤਰਾਂ ਤੋਂ ਬਿਨਾਂ ਇਨਸਾਨ ਅਧੂਰਾ ਹੈ। ਅਪਣੀ ਅਤੇ ਕਿਸੇ ਮਜ਼ਲੂਮ ਦੀ ਰੱਖਿਆ ਲਈ ਇਨ੍ਹਾਂ ਦਾ ਕੋਲ ਹੋਣਾ ਬਹੁਤ ਜ਼ਰੂਰੀ ਹੈ। ਉਹ ਇਨ੍ਹਾਂ ਸ਼ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੜੀ ਵੱਡੀ ਬਖਸ਼ਿਸ਼ ਸਮਝਦੇ ਸਨ। ਆਪ ਨਿਤਨੇਮ ਦੇ ਪੱਕੇ ਧਾਰਨੀ ਸਨ। ਹਰ ਗੁਰਸਿੱਖ ਨੂੰ ਨਿਤਨੇਮ ਕਰਨ ਦੀ ਪ੍ਰੇਰਨਾ ਦਿਆ ਕਰਦੇ ਸਨ।

1764-65 ਵਿਚ ਲਾਹੌਰ ਜਿੱਤਣ ਮਗਰੋਂ ਜਦੋਂ ਖ਼ਾਲਸਾ ਰਾਜ ਦੀ ਸਥਾਪਤੀ ਕੀਤੀ ਗਈ ਤਾਂ ਉਨ੍ਹਾਂ ਨੂੰ ਹੀ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਦੋਂ 1783 ਵਿਚ ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਗਿਆ ਤਾਂ ਦਿੱਲੀ ਦੇ ਦੀਵਾਨੇ-ਆਮ ਵਿਚ ਜਿਸ ਮਹਾਂਪੁਰਸ਼ ਨੂੰ ਤਖ਼ਤ ਉਤੇ ਬਿਠਾਇਆ ਗਿਆ ਉਹ ਜੱਸਾ ਸਿੰਘ ਆਹਲੂਵਾਲੀਆ ਹੀ ਸਨ। ਉਹ ਅਪਣੇ ਸਮੇਂ ਦੇ ਚੰਗੇ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ ਸਨ, ਜਿਨ੍ਹਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ।

ਸ.ਜੱਸਾ ਸਿੰਘ ਆਹਲੂਵਾਲੀਆ ਦਿੱਲੀ ਤੋਂ ਪੰਜਾਬ ਪਹੁੰਚ ਕੇ ਨਵਾਬ ਕਪੂਰ ਸਿੰਘ ਦੇ ਜਥੇ ‘ਚ ਸ਼ਾਮਲ ਹੋ ਗਏ। ਜਲਦੀ ਹੀ ਆਪ ਨੇ ਆਪਣੇ ਨੇਕ ਸੁਭਾਅ ਤੇ ਤੇਜ਼ ਬੁੱਧੀ ਸਦਕਾ ਨਵਾਬ ਕਪੂਰ ਸਿੰਘ ਦੇ ਦਿਲ ਵਿਚ ਖ਼ਾਸ ਥਾਂ ਬਣਾ ਲਈ। 1748 ਈਸਵੀ ਨੂੰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਮੁਗ਼ਲ ਸਲਾਬਤ ਖ਼ਾਨ ਨੂੰ ਹਰਾਇਆ ਤੇ ਵਿਸਾਖੀ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 65 ਜਥਿਆਂ ਨੂੰ 11 ਮਿਸਲਾਂ (12ਵੀਂ ਮਿਸਲ ਫੂਲਕੀਆ ਪਾ ਕੇ) ਵਿਚ ਵੰਡਿਆ ਤੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ।

ਅਹਿਮਦ ਸ਼ਾਹ ਅਬਦਾਲੀ ਹੜ੍ਹ ਵਾਂਗ ਲਾਹੌਰ ਤੋਂ ਵਧਿਆ ਤੇ ਦਿੱਲੀ ਪਹੁੰਚ ਗਿਆ ਤੇ ਲੁੱਟ-ਮਾਰ ਸ਼ੁਰੂ ਕਰ ਦਿੱਤੀ, ਬਹੂ-ਬੇਟੀਆਂ ਦੀ ਇੱਜ਼ਤ ਰੋਲੀ। ਇਸ ਗੱਲ ਦਾ ਪਤਾ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਲੱਗਾ ਤਾਂ ਉਨ੍ਹਾਂ ਨੇ ਸਿੰਘਾਂ ਨੂੰ ਲਲਕਾਰਿਆ ਤੇ ਜਿੱਥੇ-ਜਿੱਥੇ ਵੀ ਸਿੰਘ ਸਨ, ਸੁਨੇਹੇ ਭੇਜੇ ਕਿ ਜੇ ਅਬਦਾਲੀ ਪੰਜਾਬ ਵਿਚੋਂ ਦੀ ਲੁੱਟ ਦਾ ਮਾਲ ਤੇ ਬਹੂ-ਬੇਟੀਆਂ ਨੂੰ ਲੈ ਗਿਆ ਤਾਂ ਅਸੀ ਕਲਗੀਧਰ ਪਾਤਸ਼ਾਹ ਨੂੰ ਕੀ ਮੂੰਹ ਦਿਖਾਵਾਂਗੇ। ਸੁਨੇਹੇ ਮਿਲਦਿਆਂ ਹੀ ਖ਼ਾਲਸਾ ਤਿਆਰ ਹੋ ਗਿਆ।

ਅਬਦਾਲੀ ਨੇ ਭਾਰਤ ਉੱਪਰ 1747 ਤੋਂ 1769 ਤਕ ਕੁੱਲ ਦਸ ਹਮਲੇ ਕੀਤੇ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਬਾਬਾ ਦੀਪ ਸਿੰਘ ਜੀ ਨਾਲ ਮਿਲ ਕੇ ਅਬਦਾਲੀ ਦੀ ਲੁੱਟ ਦਾ ਮਾਲ ਲੁੱਟ ਕੇ, ਬਹੂ-ਬੇਟੀਆਂ ਨੂੰ ਛੁਡਵਾ ਕੇ ਉਸ ਦੀ ਫ਼ੌਜ ਦਾ ਭਾਰੀ ਨੁਕਸਾਨ ਕੀਤਾ। ਅਬਦਾਲੀ ਮੁਸ਼ਕਲ ਨਾਲ ਜਾਨ ਬਚਾ ਕੇ ਦੌੜਿਆ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਨੇ ‘ਸੁਲਤਾਨ-ਉਲ-ਕੌਮ’ ਤੇ ‘ਬੰਦੀ ਛੋੜ’ ਦਾ ਖ਼ਿਤਾਬ ਦਿੱਤਾ। 1762 ਵਿੱਚ ਅਬਦਾਲੀ ਨੇ ਫਿਰ ਭਾਰਤ ‘ਤੇ ਹਮਲਾ ਕੀਤਾ।

ਅਬਦਾਲੀ ਨੇ 20 ਹਜ਼ਾਰ ਦੇ ਕਰੀਬ ਬੱਚੇ, ਬੁੱਢੇ, ਔਰਤਾਂ ਤੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਿੱਖ ਇਤਿਹਾਸ ਵਿਚ ‘ਵੱਡਾ ਘੱਲੂਘਾਰਾ’ ਕਰ ਕੇ ਜਾਣਿਆ ਜਾਂਦਾ ਹੈ। ਇਸ ਜੰਗ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ‘ਤੇ 22 ਫੱਟ ਲੱਗੇ ਸਨ। ਵਾਪਸ ਮੁੜਦਿਆਂ ਅਬਦਾਲੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਤੇ ਸਰੋਵਰ ਮਿੱਟੀ ਨਾਲ ਭਰ ਦਿੱਤਾ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਮੁੜ ‘ਦਲ ਖ਼ਾਲਸਾ’ ਸੁਰਜੀਤ ਕੀਤਾ ਤੇ 1764 ਨੂੰ ਸਰਹਿੰਦ ‘ਤੇ ਹਮਲਾ ਕਰ ਕੇ ਫ਼ੌਜ਼ਦਾਰ ਜੈਨ ਖ਼ਾਂ ਨੂੰ ਮਾਰ ਦਿੱਤਾ। 1765 ਵਿੱਚ ਅਬਦਾਲੀ ਨੇ ਫਿਰ ਹਮਲਾ ਕੀਤਾ।

 

ਇਸ ਹਮਲੇ ਦੌਰਾਨ ਅਬਦਾਲੀ ਨੇ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਨੂੰ ਵੇਖਦਿਆਂ ਸਮਝੌਤਾ ਕਰਨ ਦਾ ਯਤਨ ਕੀਤਾ ਤਾਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ।
1774 ਈਸਵੀ ਨੂੰ ਸ. ਜੱਸਾ ਸਿੰਘ ਨੇ ਕਪੂਰਥਲਾ ਨੂੰ ਆਪਣੀ ਰਾਜਧਾਨੀ ਬਣਾਇਆ। ਯੁੱਧ ਵੀਰ ਤੋਂ ਇਲਾਵਾ ਆਪ ਜੀ ਇੱਕ ਧਰਮ ਵੀਰ ਵੀ ਸਨ। ਆਪ ਜੀ ਦੇ ਹੱਥੋਂ ਅੰਮ੍ਰਿਤ ਪਾਨ ਕਰਨਾ ਗੌਰਵਮਈ ਸਮਝਿਆ ਜਾਂਦਾ ਸੀ। ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਆਪ ਜੀ ਤੋਂ ਹੀ ਅੰਮ੍ਰਿਤ ਛਕਿਆ ਸੀ। ਅੰਤ 20 ਅਕਤੂਬਰ 1783 ਨੂੰ ਇਹ ਮਹਾਨ ਜਰਨੈਲ ਸਦਾ ਲਈ ਸਾਡੇ ਕੋਲੋਂ ਵਿਛੜ ਗਿਆ। ਅੰਮ੍ਰਿਤਸਰ ਵਿੱਚ ਬਾਬਾ ਅਟੱਲ ਰਾਏ ਜੀ ਦੇ ਅਸਥਾਨ ਨੇੜੇ ਉਨ੍ਹਾਂ ਦੀ ਸਮਾਧ ਸਥਿੱਤ ਹੈ।

ਸ. ਜੱਸਾ ਸਿੰਘ ਆਹਲੂਵਾਲੀਆ ਜਿਸ ਵੀ ਇਲਾਕੇ ਉੱਤੇ ਕਬਜ਼ਾ ਕਰਦੇ ਸਨ, ਉੱਥੇ ਗੁਰੂ ਸਾਹਿਬਾਂ ਦੇ ਅਸਥਾਨਾਂ ਉੱਤੇ ਗੁਰਦੁਆਰੇ ਸਥਾਪਿਤ ਕਰਦੇ ਗਏ ਅਤੇ ਜਿੱਤਾਂ ਤੋਂ ਪ੍ਰਾਪਤ ਧਨ ਗੁਰੂ ਘਰ ਅਤੇ ਲੋੜਵੰਦਾਂ ਵਿੱਚ ਵੰਡ ਦਿੰਦੇ। ਜਿੱਤਾਂ ਵਿੱਚ ਪ੍ਰਾਪਤ ਇਲਾਕੇ ਦਲ ਖ਼ਾਲਸੇ ਦੀਆਂ ਹੋਰਨਾਂ ਮਿਸਲਾਂ ਵਿੱਚ ਵੰਡ ਦਿੰਦੇ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਜਿੱਥੇ ਸਿੱਖੀ ਦੀ ਹੋਂਦ ਨੂੰ ਬਚਾਇਆ, ਉੱਥੇ ਹੀ ਸਿੱਖ ਰਾਜ ਸਥਾਪਿਤ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। 18ਵੀਂ ਸਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਪ ਜੀ ਨੇ ਸਿੱਖ ਸ਼ਕਤੀ ਦਾ ਸੁੰਦਰ ਪ੍ਰਦਰਸ਼ਨ ਕੀਤਾ। ਸ. ਜੱਸਾ ਸਿੰਘ ਆਹਲੂਵਾਲੀਆ ਬਹੁਤ ਹੀ ਸੰਤੋਖੀ ਸੁਭਾਅ ਦੇ ਮਾਲਿਕ ਸਨ।