The Khalas Tv Blog Punjab ਪੰਜਾਬ ‘ਚ ਨਾਕਾਬੰਦੀ- ਛਾਪੇਮਾਰੀ ਲਈ ਵਿਸ਼ੇਸ਼ ਜੈਕਟਾਂ , ਛਾਪੇਮਾਰੀ ਦੌਰਾਨ ਕੀਤੀ ਜਾਵੇਗੀ ਵਰਤੋਂ
Punjab

ਪੰਜਾਬ ‘ਚ ਨਾਕਾਬੰਦੀ- ਛਾਪੇਮਾਰੀ ਲਈ ਵਿਸ਼ੇਸ਼ ਜੈਕਟਾਂ , ਛਾਪੇਮਾਰੀ ਦੌਰਾਨ ਕੀਤੀ ਜਾਵੇਗੀ ਵਰਤੋਂ

Punjab News , Special jackets for blockade-raid in Punjab

ਪੰਜਾਬ 'ਚ ਨਾਕਾਬੰਦੀ- ਛਾਪੇਮਾਰੀ ਲਈ ਵਿਸ਼ੇਸ਼ ਜੈਕਟਾਂ , ਛਾਪੇਮਾਰੀ ਦੌਰਾਨ ਕੀਤੀ ਜਾਵੇਗੀ ਵਰਤੋਂ

‘ਦ ਖ਼ਾਲਸ ਬਿਊਰੋ : ਸੂਬਾ ਸਰਕਾਰ ਨੇ ਪੰਜਾਬ ਦੇ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਜੈਕਟਾਂ ਮੁਹੱਈਆ ਕਰਵਾਈਆਂ ਹਨ। ਹੁਣ ਸਾਰੇ ਅਧਿਕਾਰੀ ਨਾਕਾਬੰਦੀ ਅਤੇ ਛਾਪੇਮਾਰੀ ਦੌਰਾਨ ਇਸ ਜੈਕੇਟ ਦੀ ਵਰਤੋਂ ਕਰਨਗੇ। ਪੰਜਾਬ ਸਰਕਾਰ ਵੱਲੋਂ ਇੰਸਪੈਕਟਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੀ ਪਛਾਣ ਯਕੀਨੀ ਬਣਾਉਣ ਦੇ ਮਕਸਦ ਨਾਲ ਇਹ ਵਿਸ਼ੇਸ਼ ਕਿਸਮ ਦੀ ਜੈਕਟ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਿਕ ਇਨਫੋਰਸਮੈਂਟ ਗਤੀਵਿਧੀਆਂ ਦੌਰਾਨ ਆਬਕਾਰੀ ਅਧਿਕਾਰੀ ਨੂੰ ਅਧਿਕਾਰਿਕ ਮਾਨਤਾ ਦੇਣ ਲਈ ਪੰਜਾਬ ਆਬਕਾਰੀ ਵਿਭਾਗ ਨੇ ਵਿਭਾਗ ਦੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਅਤੇ ਇਸ ਤੋਂ ਉੱਪਰ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਜੈਕਟਾਂ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਜੈਕਟਾਂ ਦੇ ਅੱਗੇ ਪੰਜਾਬ ਸਰਕਾਰ ਅਤੇ ਐਸ.ਓ.ਜੀ (ਸਪੈਸ਼ਲ ਆਪ੍ਰੇਸ਼ਨ ਗਰੁੱਪ) ਦਾ ਲੋਗੋ ਲੱਗਾ ਹੈ ਅਤੇ ਪਿਛਲੇ ਪਾਸੇ ਵਿਭਾਗ ਦਾ ਨਾਮ ਲਿਖਿਆ ਹੋਇਆ ਹੈ।

ਇਹ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਾਕਿਆਂ ਜਾਂ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਜੈਕਟਾਂ ‘ਤੇ ਰਿਫਲੈਕਟਿਵ ਪੱਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਖਾਸ ਤੌਰ ‘ਤੇ ਰਾਤ ਦੇ ਸਮੇਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਸਰਕਾਰੀ ਪਹਿਰਾਵੇ ਦੀ ਅਣਹੋਂਦ ਕਾਰਨ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਸਮੇਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਬੁਲਾਰੇ ਨੇ ਕਿਹਾ ਕਿ ਆਬਕਾਰੀ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਸਰਕਾਰੀ ਜੈਕਟਾਂ ਜਾਂ ਪਹਿਰਾਵੇ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਸਰਕਾਰੀ ਜੈਕਟ ਨੂੰ ਲਾਂਚ ਕਰਕੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਅਧਿਕਾਰੀਆਂ ਦੁਆਰਾ ਨਿਰਵਿਘਨ ਘੇਰਾਬੰਦੀ, ਤਲਾਸ਼ੀ ਅਤੇ ਜ਼ਬਤ ਕਾਰਵਾਈਆਂ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਸਹਾਇਕ ਸਾਬਿਤ ਹੋ ਰਹੀ ਹੈ ਅਤੇ ਜਿੱਥੋਂ ਤੱਕ ਇਨਫੋਰਸਮੈਂਟ ਗਤੀਵਿਧੀਆਂ ਦਾ ਸਬੰਧ ਹੈ ਇਹ ਯਕੀਨੀ ਤੌਰ ‘ਤੇ ਵਿਭਾਗ ਦੀ ਪੇਸ਼ੇਵਰ ਕੁਸ਼ਲਤਾ ਵਿੱਚ ਵਾਧਾ ਕਰੇਗੀ ।


ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਆਬਕਾਰੀ ਮਾਲੀਆ ਟੀਚਿਆਂ ਦੀ ਪ੍ਰਾਪਤੀ ਲਈ ਸੁਹਿਰਦ ਯਤਨ ਕਰਨ ਦੇ ਨਾਲ-ਨਾਲ ਗੁਆਂਡੀ ਸੂਬਿਆਂ ਤੋਂ ਸੂਬੇ ਵਿੱਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਤੇ ਨਜਾਇਜ ਸ਼ਹਾਬ ਦੇ ਉਤਪਾਦਨ ਅਤੇ ਵਿਕਰੀ ਤੇ ਰੋਕ ਲਗਾਉਣ ਲਈ ਠੋਸ ਉਪਰਾਲੇ ਕਰ ਰਿਹਾ ਹੈ।

 

 

Exit mobile version