Punjab

Special Interview-ਬਿਨਾਂ ਲਾਗ ਲਪੇਟ ਦੇ ਕੋਰੋਨਾ ਮੁੱਦੇ ‘ਤੇ ਗੁਰਪ੍ਰੀਤ ਘੁੱਗੀ ਦਾ ਕੇਂਦਰ ‘ਤੇ ਨਿਸ਼ਾਨਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੰਡੀਗੜ੍ਹ ਦੇ ਸੈਕਟਰ-43 ਸਥਿਤ ਸਪੋਰਟਸ ਕੰਪਲੈਕਸ ਵਿੱਚ ਯੂਨਾਇਟਿਡ ਸਿੱਖ ਦੇ ਸਹਿਯੋਗ ਨਾਲ ਖੋਲ੍ਹੇ ਗਏ ਮਿੰਨੀ ਕੋਵਿਡ ਸੈਂਟਰ ਦੇ ਉਦਘਾਟਨ ਮੌਕੇ ਪਹੁੰਚੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਖਾਸ ਤੌਰ ‘ਤੇ ‘ਦ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਸੂਬਾ ਤੇ ਕੇਂਦਰ ਸਰਕਾਰਾਂ ਦੇ ਕੋਰੋਨਾ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌਤਾਂ ਤੇ ਮਹਾਂਮਾਰੀ ਦੌਰਾਨ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ। ਸਾਡਾ ਸਾਰਿਆਂ ਦਾ ਫਰਜ ਹੈ ਕਿ ਇਨਸਾਨ ਹੁੰਦੇ ਹੋਏ, ਦੂਜੇ ਇਨਸਾਨ ਦੀ ਸੇਵਾ ਕਰੀਏ। ਜਾਗਦੀ ਜ਼ਮੀਰ ਵਾਲੇ ਲੋਕ ਹੀ ਕਰਦੇ ਹਨ ਸੇਵਾ ਤੇ ਯੂਨਾਇਟਿਡ ਸਿੱਖਸ NGO ਇਸ ਗੱਲ ਦੀ ਉਦਾਹਰਣ ਹੈ।


ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸੈਂਟਰ ਬਹੁਤ ਹੀ ਚੰਗੇ ਤਰੀਕੇ ਨਾਲ ਮੈਨਟੇਨ ਕਰਕੇ ਸੈਂਟਰ ਬਣਾਇਆ ਗਿਆ ਹੈ। ਇਹ ਸਾਰਾ ਕੁੱਝ ਜਾਨਾ ਬਚਾਉਣ ਲਈ ਹੀ ਕੀਤਾ ਗਿਆ ਹੈ। ਘੁੱਗੀ ਨੇ ਕਿਹਾ ਕਿ ਪਹਿਲਾਂ ਅਸੀਂ ਬਿਨਾਂ ਤਿਆਰੀ ਤੋਂ ਹੀ ਲੱਗੇ ਰਹੇ ਹਾਂ। ਕੋਰੋਨਾ ਦੀ ਦੂਜੀ ਵੇਵ ਲਈ ਤਿਆਰੀ ਨਹੀਂ ਕੀਤੀ ਗਈ। ਕੇਂਦਰ ਸਰਕਾਰ ਨੇ ਲੱਖਾ ਟੀਕੇ ਬਾਹਰ ਵੰਡ ਦਿਤੇ ਗਏ ਹਨ, ਪਰ ਭਾਰਤ ਵਿਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਹ ਸਮਝ ਨਹੀਂ ਆਇਆ ਕਿ ਕਿਹੜਾ ਦੂਜੇ ਦੇਸ਼ਾਂ ‘ਤੇ ਚੰਗਾ ਪ੍ਰਭਾਵ ਪਾਉਣ ਲਈ ਇਹ ਕੰਮ ਕੀਤਾ ਗਿਆ ਹੈ। ਕੋਰੋਨਾ ਕਾਰਨ ਅਸੀਂ ਬਹੁਤ ਵੱਡੇ-ਵੱਡੇ ਲੋਕ ਗਵਾ ਦਿਤੇ ਹਨ।
ਦਿਲੀ ਮੋਰਚੇ ਵਿਚ ਹੋਈ ਕਿਸਾਨਾਂ ਦੀ ਮੌਤ ਨੂੰ ਕੋਰੋਨਾ ਨਾਲ ਜੋੜਨ ‘ਤੇ ਘੁੱਗੀ ਨੇ ਕਿਹਾ ਕਿ ਬਿਨਾਂ ਮਾਮਲਾ ਪੁਸ਼ਟੀ ਕੀਤੇ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਣਾ ਚਾਹੀਦਾ ਹੈ। ਜੇਕਰ ਕੋਰੋਨਾ ਨਾਲ ਮੌਤ ਹੋਈ ਹੈ ਤਾਂ ਜਾਂਚ ਜਰੂਰ ਹੋਣੀ ਚਾਹੀਦੀ ਹੈ ਤੇ ਜੇਕਰ ਅਜਿਹਾ ਕੁੱਝ ਨਹੀਂ ਤਾਂ ਅੰਦੋਲਨ ਖਰਾਬ ਨਹੀਂ ਕਰਨਾ ਚਾਹੀਦਾ। ਸੰਘਰਸ਼ ਵਿਚ ਲੋਕ ਜਾਂਦੇ ਹੀ ਸ਼ਹੀਦ ਹੋਣ ਵਾਸਤੇ ਹਨ। ਪਰ ਬਹੁਤ ਅਫਸੋਸ ਹੈ ਕਿ ਕਿਸੇ ਨਾ ਕਿਸੇ ਕਾਰਣ ਸਾਡੇ ਕਿਸਾਨ ਜਾਨ ਗਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਸਿਆਸਤ ਵਿਚ ਉਤਾਅ-ਚੜਾਅ ਆ ਰਹੇ ਹਨ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਚੋਣਾਂ ਨੇੜੇ ਹਨ। ਉਨ੍ਹਾਂ ਕਿਹਾ ਕਿ ਮੇਰੇ 2022 ਦੀਆਂ ਚੋਣਾਂ ਨੂੰ ਲੈ ਕੇ ਤਿਆਰੀ ਵਾਲਾ ਕੋਈ ਮੂਡ ਨਹੀਂ ਹੈ।