ਵਿਸਾਖੀ ਦਾ ਪਵਿੱਤਰ ਤਿਉਹਾਰ ਜੋ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਇਤਿਹਾਸਕ ਮਹੱਤਤਾ ਕਾਫ਼ੀ ਦਿਲਚਸਪ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ ਖਾਲਸਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ। ਖ਼ਾਲਸਾ ਸਾਜਣਾ ਦਾ ਇਤਿਹਾਸ ਸਿੱਖ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ ਅੰਦਰ ਵਿਲੱਖਣ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਪੈਦਾ ਹੁੰਦਾ ਹੈ। ਖਾਲਸਾ ਆਦਰਸ਼ਕ ਮਨੁੱਖ ਹੈ, ਜਿਸ ਦਾ ਜੀਵਨ ਸਮਾਜ ਲਈ ਪ੍ਰੇਰਣਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਖਵਾਲੀ ਲਈ ਵੀ ਮਿਸਾਲੀ ਹੈ। ਖਾਲਸੇ ਦੀ ਘਾੜਤ ਵਿਚ ਦਸ ਗੁਰੂ ਸਾਹਿਬਾਨ ਦੀ ਪਵਿੱਤਰ ਵਿਚਾਰਧਾਰਾ ਸ਼ਾਮਲ ਹੈ।
ਉਸ ਸਮੇਂ ਭਾਰਤ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦੇ ਜ਼ੁਲਮ ਅਤੇ ਅੱਤਿਆਚਾਰ ਸਿਖਰ ‘ਤੇ ਸਨ। ਧਰਮ ਅਤੇ ਸਮਾਜਕ ਨਿਆਂ ਦੀ ਰਾਖੀ ਲਈ ਇੱਕ ਸੰਗਠਿਤ ਅਤੇ ਨਿਡਰ ਸਮਾਜ ਦੀ ਲੋੜ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ (1675) ਤੋਂ ਬਾਅਦ, ਜਿਨ੍ਹਾਂ ਨੇ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਅਜਿਹੀ ਸ਼ਕਤੀ ਵਿੱਚ ਬਦਲਣ ਦਾ ਸੰਕਲਪ ਲਿਆ, ਜੋ ਜ਼ੁਲਮ ਦਾ ਮੁਕਾਬਲਾ ਕਰ ਸਕੇ ਅਤੇ ਸਮਾਜ ਵਿੱਚ ਸਮਾਨਤਾ ਤੇ ਨਿਆਂ ਸਥਾਪਤ ਕਰ ਸਕੇ।
ਖਾਲਸਾ ਸਾਜਨਾ
ਵਿਸਾਖੀ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਭਗ 80,000 ਸਿੱਖ ਸੰਗਤ ਦੀ ਵਿਸ਼ਾਲ ਸਭਾ ਬੁਲਾਈ। ਗੁਰੂ ਜੀ ਨੇ ਤਲਵਾਰ ਲਹਿਰਾਉਂਦੇ ਹੋਏ ਸੰਗਤ ਨੂੰ ਲਲਕਾਰਿਆ ਅਤੇ ਪੁੱਛਿਆ, “ਕੌਣ ਹੈ ਜੋ ਧਰਮ ਲਈ ਆਪਣਾ ਸਿਰ ਦੇ ਸਕੇ?” ਸਭਾ ਵਿੱਚ ਸੰਨਾਟਾ ਛਾ ਗਿਆ, ਪਰ ਅੰਤ ਵਿੱਚ ਪੰਜ ਵਿਅਕਤੀ ਅੱਗੇ ਆਏ:
- ਭਾਈ ਦਇਆ ਰਾਮ
- ਭਾਈ ਧਰਮ ਦਾਸ
- ਭਾਈ ਹਿੰਮਤ ਰਾਏ
- ਭਾਈ ਮੋਹਕਮ ਚੰਦ
- ਭਾਈ ਸਾਹਿਬ ਚੰਦ
ਗੁਰੂ ਜੀ ਨੇ ਸਰਬਲੋਹ ਦੇ ਬਰਤਨ ਵਿੱਚ ਪਾਣੀ ਅਤੇ ਪਤਾਸੇ (ਮਿਠਾਸ ਦਾ ਪ੍ਰਤੀਕ, ਜੋ ਮਾਤਾ ਜੀਤੋ ਜੀ ਨੇ ਪਾਏ) ਮਿਲਾਏ। ਖੰਡੇ (ਦੋਧਾਰੀ ਤਲਵਾਰ) ਨਾਲ ਪਾਣੀ ਨੂੰ ਹਿਲਾਉਂਦੇ ਹੋਏ ਪੰਜ ਬਾਣੀਆਂ (ਜਪੁਜੀ ਸਾਹਿਬ, ਜਾਪ ਸਾਹਿਬ, ਸਵਯੇ, ਅਨੰਦ ਸਾਹਿਬ, ਅਤੇ ਚੌਪਈ ਸਾਹਿਬ) ਦਾ ਪਾਠ ਕੀਤਾ। ਇਸ ਤਰ੍ਹਾਂ ਤਿਆਰ ਹੋਏ ਅੰਮ੍ਰਿਤ ਨੂੰ ਪੰਜ ਪਿਆਰਿਆਂ ਨੂੰ ਛਕਾਇਆ। ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖ਼ਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿਚ ਗੁਰੂ-ਚੇਲੇ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ (ਦੋ) ਇਸ ਦ੍ਰਿਸ਼ ਨੂੰ ਵਾਹ-ਵਾਹ ਕਹਿ ਕੇ ਵਡਿਆਉਂਦੇ ਹਨ:
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥
ਖਾਲਸਾ ਪੰਥ ਦੀ ਸਥਾਪਨਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤਿ, ਰੰਗ-ਭੇਦ ਦੇ ਵਿਤਕਰੇ ਨੂੰ ਵੀ ਖ਼ਤਮ ਕੀਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਮ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਮ ਪਿੱਛੇ ‘ਕੌਰ’ ਲਾਉਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ, ਅੰਮ੍ਰਿਤ ਛੱਕਣ ਵਾਲੇ ਪਿਆਰਿਆਂ ਲਈ ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਹਿਰਾ ਪੰਜ ਕਕਾਰ ਵੀ ਸਿੰਘਾਂ ਦੇ ਪਹਿਨਾਵੇ ਦਾ ਜ਼ਰੂਰੀ ਹਿੱਸਾ ਬਣਾਇਆ। ਇਹ ਰੀਤਿ ਅੱਜ ਵੀ ਅੰਮ੍ਰਿਤ ਛੱਕਣ ਵਾਲੇ ਸਿੰਘ ਜਾਂ ਕੌਰ ਵਲੋਂ ਪੂਰੀ ਰਹਿਤ ਮਰਿਯਾਦਾ ਨਾਲ ਅਪਣਾਈ ਜਾਂਦੀ ਹੈ।
ਖ਼ਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।
ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖ਼ਾਲਸਾ ਝੂਠ, ਬੇਈਮਾਨੀ, ਵਲ਼-ਫ਼ਰੇਬ ਤੋਂ ਦੂਰ ਮਨੁੱਖਤਾ ਦਾ ਸੱਚਾ ਹਮਦਰਦ ਹੈ। ਇਹ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਖ਼ਾਲਸਾ ਪੰਜ ਕਕਾਰੀ ਰਹਿਣੀ ਦਾ ਧਾਰਨੀ ਹੈ। ਸੱਚਾ ਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਨੇਮ ਹੈ। ਧਰਮ ਅਤੇ ਸਦਾਚਾਰ ਦੇ ਸੁਮੇਲ ਖ਼ਾਲਸੇ ਦੀ ਅਵਾਜ਼ ਹਮੇਸ਼ਾ ਹੀ ਹੱਕ ਤੇ ਸੱਚ ਲਈ ਉਠਦੀ ਹੈ। ਜਬਰ ਤੇ ਜ਼ੁਲਮ ਵਿਰੁੱਧ ਡਟਣਾ ਖ਼ਾਲਸੇ ਦਾ ਪਰਮ ਧਰਮ ਕਰਤੱਵ ਹੈ। ਉੱਚੀ-ਸੁੱਚੀ ਜੀਵਨ-ਜਾਚ ਇਸ ਦੀ ਲਖਾਇਕ ਹੈ। ਦਸਮੇਸ਼ ਪਿਤਾ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖਰਾਂ ਛੋਹ ਰਿਹਾ ਹੈ।