The Khalas Tv Blog India ਠੰਡ ਨੇ ਲੋਕਾਂ ਨੂੰ ਘਰਾਂ ਅੰਦਰ ਹੁਬੜਿਆ
India Punjab

ਠੰਡ ਨੇ ਲੋਕਾਂ ਨੂੰ ਘਰਾਂ ਅੰਦਰ ਹੁਬੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਸੀਤ ਹਵਾਵਾਂ ਅਤੇ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਪਹਾੜਾਂ ‘ਤੇ ਪਏ ਮੀਂਹ ਅਤੇ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਸੀਤ ਲਹਿਰ ਕਾਰਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਈਂ ਥਾਂਵਾਂ ‘ਤੇ ਸੰਘਣੀ ਧੁੰਦ ਪੈਣ ਕਰਕੇ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਅਸਮਾਨ ਵਿੱਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 19 ਜਨਵਰੀ ਨੂੰ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ।

ਚੰਡੀਗੜ੍ਹ ਦੇ ਨਾਲ ਲੱਗਦੀਆਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿੱਚ ਕੁੱਝ ਦਿਨ ਪਹਿਲਾਂ ਪਈ ਬਰਫ਼ਬਾਰੀ ਦਾ ਅਸਰ ਚੰਡੀਗੜ੍ਹ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਠੰਢ ਇੰਨੀ ਵੱਧ ਗਈ ਹੈ ਕਿ ਚੰਡੀਗੜ੍ਹ ਸ਼ਿਮਲਾ ਨਾਲੋਂ ਵੀ ਵੱਧ ਠੰਢਾ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਕੱਲ੍ਹ ਦਾ ਦਿਨ ਇਸ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ ਜਦੋਂ ਕਿ ਅਗਲੇ ਦੋ ਦਿਨ ਭਾਰੀ ਠੰਢ ਪੈਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਗਲੇ ਹਫ਼ਤੇ ਧੁੰਦ ਪੈਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ।

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁਫ਼ਰੀ, ਕੁੱਲੂ-ਮਨਾਲੀ ਅਤੇ ਹੋਰਨਾਂ ਇਲਾਕਿਆਂ ਵਿੱਚ ਪਈ ਭਾਰੀ ਬਰਫ਼ਬਾਰੀ ਕਰਕੇ ਚੰਡੀਗੜ੍ਹ ਵਿੱਚ ਕੁੱਝ ਦਿਨਾਂ ਤੋਂ ਠੰਢ ਵੱਧ ਗਈ ਹੈ। ਹਿਮਾਚਲ ਪ੍ਰਦੇਸ਼ ਦੀਆਂ ਸੀਤ ਹਵਾਵਾਂ ਨੇ ਲੋਕਾਂ ਨੂੰ ਘਰਾਂ ’ਚ ਵਾੜੀ ਰੱਖਿਆ। ਕੱਲ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਸੀ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 14.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ ਵੱਧ ਹੈ। ਸ਼ਿਮਲਾ ਏਅਰਪੋਰਟ ’ਤੇ ਵੱਧ ਤੋਂ ਵੱਧ ਤਾਪਮਾਨ 16.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6.3 ਡਿਗਰੀ ਸੈਲਸਅਸ ਦਰਜ ਕੀਤਾ ਗਿਆ ਹੈ।

ਠੰਢ ਨੇ ਮਜ਼ਦੂਰਾਂ ਦੇ ਢਿੱਡ ‘ਤੇ ਮਾਰੀ ਲੱਤ

ਠੰਢ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਟਾਵੇਂ-ਟਾਵੇਂ ਲੋਕ ਦਿਖਾਈ ਦਿੱਤੇ। ਇੰਨਾ ਹੀ ਨਹੀਂ ਸ਼ਹਿਰ ਦੀਆਂ ਮੁੱਖ ਮਾਰਕੀਟਾਂ ’ਚ ਵੀ ਠੰਢ ਦਾ ਅਸਰ ਦੇਖਣ ਨੂੰ ਮਿਲਿਆ। ਦੂਜੇ ਪਾਸੇ ਰੋਜ਼ਾਨਾ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਠੰਢ ਕਾਰਨ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮਜ਼ਦੂਰ ਕੰਮ ਦੀ ਭਾਲ ਵਿੱਚ ਘਰੋਂ ਬਾਹਰ ਤਾਂ ਨਿਕਲਦੇ ਹਨ ਪਰ ਕੰਮ ਨਹੀਂ ਮਿਲਦਾ ਪਰ ਉਹ ਫਿਰ ਵੀ ਆਸ ਰੱਖ ਕੇ ਸੜਕਾਂ ਦੇ ਕਿਨਾਰਿਆਂ ‘ਤੇ ਬੈਠ ਕੇ ਧੂਣੀ ਧੁਖਾ ਕੇ ਅੱਗ ਸੇਕਦੇ ਹਨ ਅਤੇ ਫਿਰ ਕੰਮ ਦੀ ਭਾਲ ਲਈ ਨਿਕਲ ਪੈਂਦੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਦੋ ਦਿਨ ਸ਼ਹਿਰ ਵਿੱਚ ਠੰਢ ਹੋਰ ਵੱਧ ਸਕਦੀ ਹੈ, ਜਦੋਂ ਕਿ ਅਗਲਾ ਪੂਰਾ ਹਫ਼ਤਾ ਸ਼ਹਿਰ ਵਿੱਚ ਧੁੰਦ ਰਹੇਗੀ। ਇਸ ਕਾਰਨ ਮੱਧਮ ਧੁੱਪ ਨਿਕਲਣ ਦੇ ਆਸਾਰ ਜਤਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੀਤ ਹਵਾਵਾਂ ਚੱਲਣ ਕਰਕੇ ਵੀ ਠੰਢ ਵੱਧ ਸਕਦੀ ਹੈ।

Exit mobile version