‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਨੂੰ ਉਡਾਣ ਭਰਨ ਵਾਲੇ ਜਹਾਜ਼ਾਂ ਵਿੱਚ ਅੱਧੇ ਤੋਂ ਵੱਧ ਪਾੜ੍ਹੇ ਹੁੰਦੇ ਨੇ। ਆਪਣੇ ਪੁੱਤਾਂ-ਧੀਆਂ ਨੂੰ ਕੋਈ ਜ਼ਮੀਨ ਗਹਿਣੇ ਧਰ ਕੇ ਵਿਦੇਸ਼ ਭੇਜਦਾ ਹੈ, ਕੋਈ ਗਹਿਣੇ-ਟੁੰਬਾਂ ਵੇਚ ਕੇ ਫੀਸਾਂ ਭਰਦਾ ਹੈ। ਵਿਦੇਸ਼ ਜਾ ਕੇ ਪੁੱਤ-ਧੀਆਂ ਦੇ ਪੈਰ ਲੱਗ ਜਾਣ ਤਾਂ ਸਾਰੇ ਦੁੱਖ ਭੁੱਲ ਜਾਂਦੇ ਹਨ ਪਰ ਜੇ ਠੱਗੇ ਜਾਣ ਤਾਂ ਸਮਝੋ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਗਿਆ। ਪਿੱਛੇ ਰਹਿ ਗਏ ਮਾਪਿਆਂ ਦਾ ਬੁਢਾਪਾ ਰੁਲਣ ਲੱਗਦਾ ਹੈ। ਅਜਿਹਾ ਹੀ ਕੁੱਝ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਤਿੰਨ ਕਾਲਜਾਂ ਵਿੱਚ ਪੜਨ ਗਏ ਮੁੰਡੇ-ਕੁੜੀਆਂ ਦੇ ਨਾਲ, ਜਿਨ੍ਹਾਂ ਤੋਂ ਕਰੋੜਾਂ ਦੀ ਫੀਸ ਭਰਾ ਕੇ ਕਾਲਜਾਂ ਨੂੰ ਜਿੰਦਰੇ ਮਾਰ ਦਿੱਤੇ ਗਏ ਹਨ। ਵਿਦਿਆਰਥੀ ਵਿਚਾਰੇ ਸੜਕਾਂ ‘ਤੇ ਧੱਕੇ ਖਾਣ ਲਈ ਮਜ਼ਬੂਰ ਹੋ ਕੇ ਰਹਿ ਗਏ। ਇਨ੍ਹਾਂ ਤਿੰਨ ਕਾਲਜਾਂ ਨੇ ਬੈਂਕ ਦੀਵਾਲੀਆਪਨ ਦਿਖਾ ਕੇ ਕਾਲਜਾਂ ਨੂੰ ਜਿੰਦਰਾ ਮਾਰ ਦਿੱਤਾ ਹੈ। ਕਾਲਜ ਪ੍ਰਬੰਧਕਾਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਇਨ੍ਹਾਂ ਤਿੰਨ ਕਾਲਜਾਂ ਵਿੱਚ ਪੜਦੇ 1500 ਵਿਦਿਆਰਥੀ ਕਰੋੜਾਂ ਰੁਪਏ ਫੀਸ ਜਮ੍ਹਾਂ ਕਰਾ ਕੇ ਹਟੇ ਸਨ। ਇੱਕ ਜਾਣਕਾਰੀ ਅਨੁਸਾਰ ਪਿਛਲੇ ਸਾਲ 67 ਹਜ਼ਾਰ ਵਿਦਿਆਰਥੀ ਕੈਨੇਡਾ ਪੜਨ ਲਈ ਗਏ ਸਨ ਅਤੇ ਇਹ ਗਿਣਤੀ 2020 ਨਾਲੋਂ 20 ਫ਼ੀਸਦੀ ਵੱਧ ਹੈ। ਅੰਕੜੇ ਦੱਸਦੇ ਹਨ ਕਿ 2018-19 ਤੱਕ ਕੈਨੇਡਾ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1,67,582 ਸੀ, ਜਿਹੜੀ ਕਿ ਪਿਛਲੇ ਸਾਲ ਦੇ ਅੰਤ ਤੱਕ ਵੱਧ ਕੇ 2,19,855 ਹੋ ਗਈ ਹੈ। ਇੱਕ ਅੰਦਾਜ਼ੇ ਅਨੁਸਾਰ ਅਰਬ ਤੋਂ ਵੱਧ ਰੁਪਏ ਪੰਜਾਬ ਦੇ ਬੈਂਕਾਂ ਵਿੱਚੋਂ ਵਿਦੇਸ਼ਾਂ ਦੇ ਕਾਲਜਾਂ ਨੂੰ ਫ਼ੀਸ ਦੇ ਰੂਪ ਵਿੱਚ ਗਿਆ ਹੈ। ਹੋਰ ਖਰਚੇ ਵੱਖਰੇ।
ਵੱਖ-ਵੱਖ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਢ ਹਜ਼ਾਰ ਦੇ ਕਰੀਬ ਵਿਦਿਆਰਥੀ, ਜਿਨ੍ਹਾਂ ਨਾਲ ਧੋਖਾ ਹੋਇਆ ਹੈ, ਵਿੱਚੋਂ 30 ਫ਼ੀਸਦੀ ਤਾਂ ਹਾਲੇ ਪਹਿਲੇ ਸਮੈਸਟਰ ਵਿੱਚ ਹੀ ਪੜਾਈ ਕਰ ਰਹੇ ਹਨ। ਬਾਕੀ 70 ਫ਼ੀਸਦੀ ਵਿਦਿਆਰਥੀਆਂ ਦੀ ਪੜਾਈ ਲਗਭਗ ਖ਼ਤਮ ਹੋਣ ਵਾਲੀ ਹੈ ਅਤੇ ਉਹ ਵਰਕ ਪਰਮਿਟ ਲੈ ਕੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਦੇ ਸੁਪਨੇ ਲੈ ਰਹੇ ਸਨ, ਜਿਹੜੇ ਕਿ ਹਾਲ ਦੀ ਘੜੀ ਵਿੱਚੇ ਹੀ ਤਿੜਕ ਗਏ। ਅੰਕੜੇ ਦੱਸਦੇ ਹਨ ਕਿ ਪੰਜਾਬ ਤੋਂ 45 ਹਜ਼ਾਰ ਦੇ ਕਰੀਬ ਵਿਦਿਆਰਥੀ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਦੀ ਤਿਆਰੀ ਵਿੱਚ ਹਨ। ਪੰਜਾਬ ਭਾਰਤ ਵਿੱਚ ਬੈਠੇ ਵਿਦਿਆਰਥੀਆਂ ਵੱਲੋਂ ਹੁਣ ਤੱਕ 60 ਲੱਖ ਕੈਨੇਡੀਅਨ ਡਾਲਰ ਫ਼ੀਸ ਦੇ ਰੂਪ ਵਿੱਚ ਵਸੂਲਿਆ ਜਾ ਚੁੱਕਾ ਹੈ। ਟੂਰਿਸਟ ਵੀਜ਼ਾ, ਵਰਕ ਪਰਮਿਟ ਜਾਂ ਫਿਰ ਪੀਆਰ ਲਈ ਕਰੋੜਾਂ ਰੁਪਏ ਦੇਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇੱਥੇ ਇਹ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਵਿਦੇਸ਼ ਪੜਨ ਗਏ ਵਿਦਿਆਰਥੀਆਂ ਨਾਲ ਠੱਗੀ ਵੱਜੀ ਹੈ। ਉਂਝ, ਠੱਗੀ ਤਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਵੀਜ਼ਾ ਲੈਣ ਲਈ ਇਮੀਗ੍ਰੇਸ਼ਨ ਏਜੰਟਾਂ ਦੀ ਸਰਦਲ ਟੱਪਦੇ ਹਨ। ਉਸ ਤੋਂ ਬਾਅਦ ਰਾਹ ਵਿੱਚ ਰੁਲਣ ਦੇ ਦੁੱਖਾਂ ਦੀ ਕਹਾਣੀ ਵੱਖਰੀ ਹੈ। ਅਸਟ੍ਰੇਲੀਆ ਵਿੱਚ ਵੀ ਵੱਡੀ ਗਿਣਤੀ ਕਾਲਜ ਅੱਧ-ਵਿਚਾਲੇ ਬੰਦ ਹੁੰਦੇ ਰਹੇ ਹਨ ਅਤੇ ਕਈ ਵਿਚਾਰੇ ਪਾੜ੍ਹਿਆਂ ਨੂੰ ਵੀਜ਼ਾ ਕੈਂਸਲ ਕਰਾ ਕੇ ਵਾਪਸ ਪਰਤਣਾ ਪੈਂਦਾ ਰਿਹਾ ਹੈ। ਵਿਰਲੇ-ਟਾਵੇਂ ਅਜਿਹੇ ਵੀ ਹੋਣਗੇ, ਜਿਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ।
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਠੱਗਣ ਵਾਲਿਆਂ ਵਿੱਚ ਗੋਰੇ ਨਹੀਂ, ਭਾਰਤੀ ਵੀ ਸ਼ਾਮਿਲ ਹਨ। ਗੋਰਾ ਕੈਰਲ ਤਾਂ ਫੜਿਆ ਗਿਆ, ਨਵੀਨ ਧੋਖਾਧੜੀ ਕਰਕੇ ਫਰਾਰ ਹੈ। ਵਿਦਿਆਰਥੀ ਵਿਚਾਰੇ ਹੱਡ-ਚੀਰਵੀਂ ਠੰਡ ਵਿੱਚ ਮੀਟਿੰਗਾਂ ਕਰਕੇ ਸਰਕਾਰ ਕੋਲ ਹੱਥ ਫੜਨ ਦਾ ਵਾਸਤਾ ਪਾਉਣ ਲੱਗੇ ਹਨ। ਦੁੱਖ ਦੀ ਗੱਲ ਇਹ ਹੈ ਕਿ ਬੱਚਿਆਂ ਦੀਆਂ ਫ਼ੀਸਦਾਂ ਦਾ ਕਰੋੜਾਂ ਰੁਪਏ ਤਾਂ ਡੁੱਬੇ ਹੀ ਹਨ, ਉਨ੍ਹਾਂ ਦੇ ਵਿਦੇਸ਼ਾਂ ਵਿੱਚ ਪੜਨ ਅਤੇ ਪੀਆਰ ਲੈਣ ਦੇ ਸੁਪਨੇ ਟੁੱਟੇ ਹਨ। ਕਰੋਨਾ ਕਰਕੇ ਦੋਹਰੀ ਮਾਰ ਪੈਣ ਲੱਗੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਲੜਾਈ ਲੜਨ ਲਈ ਇੱਕ 13 ਮੈਂਬਰੀ ਕਮੇਟੀ ਬਣਾ ਲਈ ਹੈ। ਇਹ ਕਮੇਟੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਮੌਂਟਰੀਅਲ ਯੂਥ ਸਟੂਡੈਂਟ ਆਰਗਨਾਈਜੇਸ਼ਨ ਦੇ ਨਾਂ ਹੇਠਾਂ ਆਪਣਾ ਸੰਘਰਸ਼ ਸ਼ੁਰੂ ਕਰੇਗੀ। ਵਿਦਿਆਰਥੀ ਫ਼ੀਸ ਭਰਨ ਵਾਲਿਆਂ ਨੂੰ ਹੋਰ ਕਾਲਜਾਂ ਵਿੱਚ ਅਡਜਸਟ ਕਰਾਉਣ ਦੀ ਮੰਗ ਨੂੰ ਲੈ ਕੇ ਕੈਨੇਡਾ ਸਥਿਤ ਭਾਰਤੀ ਰਾਜਦੂਤ ਵੱਲੋਂ ਦਖ਼ਲ ਦੀ ਮੰਗ ਕਰਨਗੇ। ਆਰਗਨਾਈਜੇਸ਼ਨ ਨੇ ਕੈਨੇਡਾ ਵੱਸਦੇ ਭਾਈਚਾਰੇ ਤੋਂ ਹਮਾਇਤ ਦੀ ਮੰਗ ਕਰਦਿਆਂ ਸੰਕਟ ਦੀ ਘੜੀ ਵਿੱਚ ਬਾਂਹ ਫੜਨ ਦਾ ਵਾਸਤਾ ਪਾਇਆ ਹੈ।
ਦੁੱਖ ਹੈ ਕਿ ਜੇ ਆਪਣੇ ਦੇਸ਼ ਦੀਆਂ ਸਰਕਾਰਾਂ ਨੌਜਵਾਨਾਂ ਦੀ ਬਾਂਹ ਫੜਨ ਤਾਂ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਰੁਲਣ ਦੀ ਲੋੜ ਨਾ ਪਵੇ। ਵਲੈਤ ਦੇ ਸ਼ਹਿਰ ਸਾਊਥਹਾਲ ਦੀਆਂ ਸੜਕਾਂ ਦੇ ਕੰਢੇ ਹੱਡ-ਚੀਰਵੀਂ ਠੰਡ ਵਿੱਚ ਰਾਤਾਂ ਕੱਟ ਰਹੇ ਵਿਦਿਆਰਥੀਆਂ ਦੀਆਂ ਤਸਵੀਰਾਂ ਵੇਖ ਕੇ ਹਾਲੇ ਤੱਕ ਤਾਂ ਸਾਡੀਆਂ ਸਰਕਾਰਾਂ ਦਾ ਦਿਲ ਪਿਘਲਿਆ ਨਹੀਂ। ਨਾ ਹੀ ਵਿਦੇਸ਼ਾਂ ਵਿੱਚ ਵੱਸਦੀਆਂ ਪੰਜਾਬਣ ਧੀਆਂ ਉੱਤੇ ਕਈ ਹੋਰ ਤਰ੍ਹਾਂ ਦੀਆਂ ਲੱਗਦੀਆਂ ਤੋਹਮਤਾਂ ਸੁਣ ਕੇ ਅੱਖ ਭਰੀ ਹੈ। ਹੁਣ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ‘ਤੇ ਹਨ ਤਾਂ ਸਿਆਸੀ ਲੀਡਰਾਂ ਤੋਂ ਭੀਖ ਮੰਗਣ ਦੀ ਥਾਂ ਉਨ੍ਹਾਂ ਦੇ ਗਲ ਵਿੱਚ ਪਰਨਾ ਪਾ ਕੇ ਆਪਣੀ ਸੁਣਾਉਣ ਦਾ ਢੁੱਕਵਾਂ ਸਮਾਂ ਆ ਗਿਆ ਹੈ। ਵੇਖਿਓ, ਇਸ ਵਾਰ ਵੀ ਮੌਕਾ ਹੱਥੋਂ ਖੁੰਝ ਨਾ ਜਾਵੇ।