‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਹਾਲੇ ਤਿੰਨ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤੀ ਸੀ ਪਰ ਸੰਗਰੂਰ ਲੋਕ ਸਭਾ ਦੀ ਚੋਣ ਵਿੱਚ ਓਨੀ ਸੌਖੀ ਤਰ੍ਹਾਂ ਇਤਿਹਾਸ ਦੁਹਰਾਉਣਾ ਆਸਾਨ ਨਹੀਂ ਲੱਗ ਰਿਹਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਹੂੰਝਾ ਫੇਰ ਜਿੱਤ ਹੀ ਪ੍ਰਾਪਤ ਨਹੀਂ ਕੀਤੀ ਸੀ ਸਗੋਂ ਇੱਥੋਂ 3,74,299 ਵੋਟਾਂ ਵੱਧ ਲੈ ਕੇ ਇੱਕ ਰਿਕਾਰਡ ਕਾਇਮ ਕੀਤਾ ਸੀ। ਸੁਨਾਮ, ਧੂਰੀ, ਦਿੜਬਾ ਵਿੱਚ ਜਿੱਤ ਦਾ ਅੰਤਰ 50 ਹਜ਼ਾਰ ਤੋਂ ਉੱਤੇ ਰਿਹਾ ਸੀ। ਸੁਨਾਮ ਹਲਕੇ ਤੋਂ ਅਮਨ ਅਰੋੜਾ ਨੇ 75 ਹਜ਼ਾਰ 277 ਵੋਟਾਂ ਦੇ ਫਰਕ ਨਾਲ ਰਿਕਾਰਡ ਜਿੱਤ ਪ੍ਰਾਪਤ ਕੀਤੀ ਸੀ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੋ ਨੰਬਰ ਦੇ ਮੰਤਰੀ ਵਜੋਂ ਜਾਣੇ ਜਾਂਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ 50 ਹਜ਼ਾਰ ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ ਹਰਾਇਆ ਸੀ। ‘ਆਪ’ ਦੇ ਹੱਕ ਵਿੱਚ ਉਸ ਵੇਲੇ ਦੀ ਵਗੀ ਲਹਿਰ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਭਦੌੜ ਤੋਂ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਆਪ’ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਮਾਤ ਖਾ ਗਏ ਸਨ। ਉਗੋਕੇ ਇੱਕ ਆਮ ਦੁਕਾਨਦਾਰ ਸਨ ਅਤੇ ਉਨ੍ਹਾਂ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾਈ ਸੀ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਲੋਕ ਸਭਾ ਹਲਕਾ ਪੰਜਾਬ ਨਹੀਂ ਸਗੋਂ ਪੂਰੇ ਮੁਲਕ ਦੀ ਇੱਕੋ ਇੱਕ ਸੀਟ ਸੀ ਜਿਸ ਉੱਤੇ ‘ਆਪ’ ਨੇ ਜਿੱਤ ਦਰਜ ਕਰਾਈ ਸੀ ਅਤੇ ਇਹ ਸਿਹਰਾ ਭਗਵੰਤ ਸਿੰਘ ਮਾਨ ਦੇ ਸਿਰ ਬੱਝਾ ਸੀ। ਉਸ ਤੋਂ ਪਿਛਲੀਆਂ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਗਵੰਤ ਮਾਨ ਇੱਥੋਂ ਹੀ ਚੋਣ ਜਿੱਤ ਕੇ ਲੋਕ ਸਭਾ ਪਹੁੰਚੇ ਸਨ, ਉਦੋਂ ‘ਆਪ’ ਨੇ ਚਾਰ ਸੀਟਾਂ ਨਾਲ ਖਾਤਾ ਖੋਲ੍ਹਿਆ ਸੀ। ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਲੋਕ ਸਭਾ ਸੀਟ ਸੰਗਰੂਰ ਵਿੱਚ ਜਿੱਥੇ ਪਹਿਲਾਂ ਵੋਟਰ ਬਦਲਾਅ ਦੀ ਗੱਲ਼ ਕਰਦੇ ਹਨ, ਅੱਜ ਉੱਥੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਹਾਲਤ ਬਾਰੇ ਫਿਕਰਮੰਦੀ ਕੀਤੀ ਜਾਣ ਲੱਗੀ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੇ ਬਦਲਾਅ ਦੀ ਥਾਂ ਲੈ ਲਈ ਹੈ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਲਹਿਰਾ ਅਤੇ ਮਲੇਰਕੋਟਲਾ ਤੋਂ ਘੱਟ ਹੁੰਗਾਰਾ ਮਿਲਿਆ ਸੀ, ਬਾਕੀ ਸੱਤ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਦਾ ਹੱਥ ਉੱਤੇ ਰਿਹਾ। ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ 2022 ਵਿੱਚ 26 ਹਜ਼ਾਰ 518 ਵੋਟਾਂ ਮਿਲੀਆਂ ਜਿਹੜੀਆਂ 2014 ਨਾਲੋਂ 8299 ਘੱਟ ਸਨ। ਇਸੇ ਤਰ੍ਹਾਂ ਮਲੇਰਕੋਟਲਾ ਤੋਂ 2014 ਨਾਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 12 ਹਜ਼ਾਰ 476 ਵੋਟਾਂ ਘੱਟ ਨਿਕਲੀਆਂ। ਵਿਧਾਨ ਸਭਾ ਹਲਕਾ ਦਿੜਬਾ ਤੋਂ 29056, ਸੁਨਾਮ ਤੋਂ 27336, ਭਦੌੜ ਤੋਂ 10139, ਬਰਨਾਲਾ ਤੋਂ 5426, ਮਹਿਲ ਕਲਾਂ ਤੋਂ 74211, ਧੂਰੀ ਤੋਂ 24701 ਅਤੇ ਸੰਗਰੂਰ ਤੋਂ 18443 ਵੋਟਾਂ ਵੱਧ ਨਿਕਲੀਆਂ ਸਨ।
ਉਂਝ ਇਸ ਵਾਰ ‘ਆਪ’ ਦੇ ਗੁਰਮੇਲ ਸਿੰਘ ਘਰਾਚੋਂ ਹੀ ਨਵੇਂ ਉਮੀਦਵਾਰ ਹਨ ਜਿਨ੍ਹਾਂ ਕੋਲ ਚੋਣ ਲੜਨ ਦਾ ਤਜ਼ਰਬਾ ਨਹੀਂ। ਉਹ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਕੋਲ ਪਿੰਡ ਦੀ ਸਰਪੰਚੀ ਦੀ ਚੋਣ ਲੜਣ ਦਾ ਤਜ਼ਰਬਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇੜੇ ਰਹਿ ਕੇ ਰਾਜਨੀਤੀ ਦੇ ਦਾਅ-ਪੇਚ ਸਿਖ ਗਏ ਹੋਣਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਸੱਤਵੀਂ ਵਾਰ ਇਸ ਹਲਕੇ ਤੋਂ ਮੈਦਾਨ ਵਿੱਚ ਨਿੱਤਰੇ ਹਨ। ਉਨ੍ਹਾਂ ਨੇ 1996, 1998, 2004, 2019 ਅਤੇ 2022 ਦੀ ਚੋਣ ਲੜੀ ਸੀ। ਉਹ ਅਮਰਗੜ ਤੋਂ ਵੀ ਇੱਕ ਵਾਰ ਕਿਸਮਤ ਅਜ਼ਮਾ ਚੁੱਕੇ ਹਨ। ਸਾਲ 1999 ਦੀ ਚੋਣ ਵਿੱਚ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ। ਇਸ ਤੋਂ ਪਹਿਲਾਂ 1989 ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਉਨ੍ਹਾਂ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਸੀ।
ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਕਿਸਮਤ ਅਜ਼ਮਾ ਚੁੱਕੇ ਹਨ ਅਤੇ ‘ਆਪ’ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਤੋਂ ਹਾਰ ਗਏ ਸਨ। ਇਸ ਤੋਂ ਪਹਿਲਾਂ ਉਹ 2007 ਅਤੇ 2012 ਵਿੱਚ ਬਰਨਾਲਾ ਤੋਂ ਦੋ ਵਾਰ ਐੱਮਐੱਲਏ ਚੁਣੇ ਗਏ ਪਰ 2017 ਦੀਆਂ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਟਿਕਟ ਨਾ ਦਿੱਤੀ ਤਾਂ ਉਹ ਆਮ ਆਦਮੀ ਪਾਰਟੀ ਦੇ ਬੇੜੇ ਵਿੱਚ ਸਵਾਰ ਹੋ ਗਏ। ਸੰਗਰੂਰ ਲੋਕ ਸਭਾ ਹਲਕੇ ਤੋਂ ਉਹ ਦੂਜੀ ਵਾਰ ਕਿਸਮਤ ਅਜ਼ਮਾਉਣਗੇ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਟਿਕਟ ਦਿੱਤੀ ਗਈ ਹੈ। ਉਹ ਦੂਜੀ ਵਾਰ ਚੋਣ ਲੜ ਰਹੇ ਹਨ। ਸਾਲ 2014 ਵਿੱਚ ਉਨ੍ਹਾਂ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜੀ ਸੀ ਪਰ 15 ਹਜ਼ਾਰ 313 ਵੋਟਾਂ ਨਾਲ ਸਬਰ ਕਰਨਾ ਪਿਆ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਦੀ ਪਟੀਸ਼ਨ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਪਈ ਹੈ। ਉਂਝ, ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਈ ਰਾਜੋਆਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟ ਦੀ ਅਪੀਲ ਕੀਤੀ ਸੀ। ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਸਾਲ 2017 ਵਿੱਚ ਵਿਧਾਨ ਸਭਾ ਹਲਕਾ ਧੂਰੀ ਤੋਂ ਜੇਤੂ ਰਹੇ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਮੂਹਰੇ ਟਿਕ ਨਾ ਸਕੇ।
ਸੰਗਰੂਰ ਲੋਕ ਸਭਾ ਹਲਕੇ ਦੀਆਂ ਕੁੱਲ 15,66,390 ਵੋਟਾਂ ਹਨ ਅਤੇ ਪੰਜ ਪ੍ਰਮੁੱਖ ਉਮੀਦਵਾਰ ਚੋਣ ਮੈਦਾਨ ਵਿੱਚ ਭਿੜ ਰਹੇ ਹਨ। ਉਂਝ, 11 ਹੋਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਹੋਏ ਹਨ। ਹੁਣ ਤੱਕ ਦੇ ਸਰਵੇਖਣ ਤੋਂ ਇੱਕ ਗੱਲ਼ ਸਾਹਮਣੇ ਆ ਰਹੀ ਹੈ ਕਿ ‘ਆਪ’ ਤੋਂ ਬਾਅਦ ਚਾਰ ਦੂਜੀਆਂ ਪਾਰਟੀਆਂ ਵਿੱਚ ਦੂਜੀ ਥਾਂ ਲਈ ਲੜਾਈ ਲੜੀ ਜਾ ਰਹੀ ਹੈ। ਉਂਝ ਵੀ ‘ਆਪ’ ਦੂਜੀਆਂ ਸਿਆਸੀ ਪਾਰਟੀਆਂ ਨਾਲੋਂ ਚੋਣ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ‘ਆਪ’ ਵੱਲੋਂ ਨੌਂ ਵਿਧਾਨ ਸਭਾ ਹਲਕਿਆਂ ਲਈ ਉੱਥੋਂ ਦੇ ਵਿਧਾਇਕ ਨਾਲ ਇੱਕ ਮੰਤਰੀ ਨੂੰ ਇੰਚਾਰਜ ਲਾਇਆ ਗਿਆ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮਲੇਰਕੋਟਲਾ, ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਸੁਨਾਮ, ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸੰਗਰੂਰ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਧੂਰੀ, ਸਮਾਜਿਕ ਸੁਰੱਖਿਆ ਮੰਤਰੀ ਡਾ.ਬਲਜੀਤ ਕੌਰ ਨੂੰ ਭਦੌੜ, ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਹਿਲ ਕਲਾਂ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਲਹਿਰਾ ਹਲਕੇ ਦਾ ਇੰਚਾਰਜ ਬਣਾਇਆ ਗਿਆ ਹੈ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਪੋ ਆਪਣੇ ਹਲਕੇ ਦਾ ਇੰਚਾਰਜ ਬਣਾਇਆ ਗਿਆ ਹੈ।
‘ਆਪ’ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਕਹਿੰਦੇ ਹਨ ਕਿ ਲੋਕ ‘ਆਪ’ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਹਲਕੇ ਦਾ ਗੇੜਾ ਮਾਰਨ ਤੋਂ ਬਾਅਦ ਚਮਤਕਾਰੀ ਤਬਦੀਲੀ ਵੇਖਣ ਨੂੰ ਮਿਲੇਗੀ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਕੰਮ ਤਾਂ ਤਸੱਲੀਬਖ਼ਸ਼ ਹੈ ਪਰ ਪਹਿਲਾਂ ਦੀ ਤਰ੍ਹਾਂ ਬਦਲਾਅ ਦੇ ਨਾਂ ਉੱਤੇ ਵੋਟਾਂ ਡਿੱਗਣ ਦੀ ਸੰਭਾਵਨਾ ਨਹੀਂ। ਉਦੋਂ ਵੋਟਰਾਂ ਨੇ ਦੋ ਰਵਾਇਤੀ ਪਾਰਟੀਆਂ ਨੂੰ ਰੱਦ ਕੀਤਾ ਸੀ।