The Khalas Tv Blog India ਕੋਈ ਤਾਂ ਦਿਉ ਜਵਾਬ
India Punjab

ਕੋਈ ਤਾਂ ਦਿਉ ਜਵਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਿਊਂਦਾ, ਹੱਸਦਾ, ਵੱਸਦਾ ਪੰਜਾਬ ਰੌਂਦਾ, ਜਲਦਾ, ਮਰਦਾ ਦਿਸਣ ਲੱਗਾ ਹੈ। ਕਿਸਨੇ ਘੋਲਿਆ ਪੰਜਾਬ ਦੇ ਪਾਣੀ ਵਿੱਚ ਜ਼ਹਿਰ, ਕਿਉਂ ਵਗਣ ਲੱਗ ਪਿਆ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਤੇ ਸਰਕਾਰੀ ਹਸਪਤਾਲਾਂ ‘ਤੇ ਕਿੰਝ ਭਾਰੂ ਪੈਣ ਲੱਗੇ ਨੇ ਪ੍ਰਾਈਵੇਟ ਨਰਸਿੰਗ ਹੋਮ, ਕਿੰਨਾ ਕਾਰਨਾਂ ਕਰਕੇ ਲੋਕਾਂ ਦਾ ਹੋਣ ਲੱਗਾ ਸਰਕਾਰੀ ਸਕੂਲਾਂ ਤੋਂ ਮੋਹ ਭੰਗ, ਕਿਸ ਵਜ੍ਹਾ ਕਰਕੇ ਧਰਤੀ ਹੇਠਲਾ ਪਾਣੀ ਫੁੱਟ ਨਹੀਂ, ਮੀਟਰਾਂ ‘ਚ ਥੱਲੇ ਉੱਤਰ ਗਿਆ। ਸੂਬੇ ਦਾ ਕਿਸਾਨ ਕਿਹੜੀ ਗੱਲੋਂ ਤੁਰ ਪਿਆ ਖੁਦਕੁਸ਼ੀਆਂ ਦੇ ਰਾਹ, ਕਾਹਤੋਂ ਪੰਜਾਬ ਤੋਂ ਜਵਾਨਾਂ ਦੇ ਭਰ-ਭਰ ਜਾ ਰਹੇ ਨੇ ਜਹਾਜ਼, ਕੋਈ ਦਿਉ ਜਵਾਬ ? ਕੋਈ ਤਾਂ ਦੇਵੇ ਜਵਾਬ, ਸਰਕਾਰ, ਸਮਾਜ, ਨੇਤਾਵਾਂ ‘ਚੋਂ ਕੋਈ ਵੀ ਤਾਂ ਖੋਲ੍ਹੇ ਜ਼ੁਬਾਨ।

56 ਸਾਲਾਂ ਵਿੱਚ ਪੰਜਾਬ ਦੀ ਚੀਸ ਹੋਰ ਡੂੰਘੀ ਹੋਈ ਹੈ। ਜ਼ਖ਼ਮ ਹੋਰ ਗਹਿਰੇ ਹੋਏ ਹਨ। ਪੰਜਾਬ ਵਲੂੰਧਰਿਆ ਗਿਆ ਹੈ। ਆ ਰਿਹੈ ਤਰਸ ਕਿਸੇ ਨੂੰ ਪੰਜਾਬ ਸਿਹੁੰ ‘ਤੇ, ਕੋਈ ਤਾਂ ਦਿਉ ਪੰਜਾਬ। ਪੰਜਾਬ ਪਹਿਲੀ ਵਾਰ ਜੁਲਾਈ 1901 ਨੂੰ ਵੰਡਿਆ ਗਿਆ ਸੀ। ਉਦੋਂ ਲਾਰਡ ਕਰਜ਼ਨ ਦੇ ਕੰਨੀਂ ਕਿਸੇ ਦੀ ਚੀਸ ਨਾ ਪਈ ਅਤੇ ਨਾ ਹੀ ਉਸਨੂੰ ਵਾਸਤੇ ਲਈ ਜੋੜੇ ਹੱਥ ਦਿਸੇ। ਦੂਜੀ ਵਾਰ ਜਦੋਂ ਅਗਸਤ 1947 ਨੂੰ ਪੰਜਾਬ ਵੰਡਿਆ ਗਿਆ ਤਾਂ ਨਾਲ ਹੀ ਚੀਰਿਆ ਗਿਆ ਪੰਜਾਬ ਸਿਹੁੰ ਦਾ ਦਿਲ। ਲਹੂ-ਲੁਹਾਨ ਹੋਏ ਦਿਲ ਦੇ ਟੁਕੜੇ ਕੋਈ ਪੂਰਬ ਡਿੱਗਿਆ, ਕੋਈ ਪੱਛਮ। ਤੀਜੀ ਵਾਰ ਅੱਜ ਦੇ ਦਿਨ 1 ਨਵੰਬਰ 1966 ਪੰਜਾਬ ਸਿਹੁੰ ਦੀ ਵੰਡ ਵੇਲੇ ਜਿਵੇਂ ਅੰਗ ਹੀ ਵੱਖ ਕਰ ਦਿੱਤੇ ਗਏ ਹੋਣ। ਇੱਕ ਬਾਂਹ ਹਿਮਾਚਲ ਅਤੇ ਦੂਜੀ ਹਰਿਆਣਾ ਜਾ ਡਿੱਗੀ। ਕੋਈ ਸਮਾਂ ਸੀ ਜਦੋਂ ਪੰਜਾਬ ਦੀ ਰਾਜਧਾਨੀ ਲਾਹੌਰ ਹੋਇਆ ਕਰਦੀ ਸੀ। ਦੂਜੀ ਵਾਰ ਪੰਜਾਬ ਵੰਡਿਆ ਗਿਆ ਤਾਂ ਰਾਜਧਾਨੀ ਸ਼ਿਮਲਾ ਬਣ ਗਈ। ਤੀਜੀ ਵਾਰ ਪੰਜਾਬ ਸਿਹੁੰ ਟੁਕੜੇ-ਟੁਕੜੇ ਹੋਣ ਤੋਂ ਬਾਅਦ ਹੁਣ ਆਪਣੀ ਹਿੱਕ ‘ਤੇ ਉਸਰੀ ਰਾਜਧਾਨੀ ਚੰਡੀਗੜ ਨੂੰ ਵੀ ਤਰਸ ਰਿਹਾ ਹੈ। ਪੰਜਾਬ ਟੁਕੜੇ-ਟੁਕੜੇ ਕਿਉਂ ਹੋਇਆ, ਇੱਕ-ਇੱਕ ਕਰਕੇ ਰਾਜਧਾਨੀਆਂ ਕਿਉਂ ਖੋਹ ਲਈਆਂ ਜਾਂਦੀਆਂ ਰਹੀਆਂ, ਕੋਈ ਤਾਂ ਦਿਉ ਜਵਾਬ ?

ਹਾਏ ਰੱਬਾ ! ਪੰਜਾਬ ਪਹਿਲੇ ਥਾਂ ਤੋਂ ਕਿਵੇਂ ਖਿਸਕ ਗਿਆ 19ਵੇਂ ਸਥਾਨ ‘ਤੇ, ਕੋਈ ਤਾਂ ਦਿਉ ਜਵਾਬ। ਕਿਸੇ ਵੇਲੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਪੰਜ ਦਹਾਕਿਆਂ ਵਿੱਚ ਵੀ ਨਾ ਜੋੜ ਸਕੀ ਕੋਈ ਵਿਸ਼ਵ ਪੱਧਰੀ ਯੂਨੀਵਰਸਿਟੀ ਨਾ ਹੀ ਕੋਈ ਚੱਜ ਦਾ ਹਸਪਤਾਲ। ਅੰਗਰੇਜ, ਮੁਗਲ, ਧਾੜਵੀਆਂ ਦੀ ਅੱਖ ਵਿੱਚ ਰੜਕਣ ਵਾਲਾ ਪੰਜਾਬ ਹੁਣ ਕਿਉਂ ਰੋ ਰਿਹਾ ਹੈ ਖ਼ਜ਼ਾਨੇ ਨੂੰ ਝੂਰ-ਝੂਰ ਕੇ, ਕੋਈ ਤਾਂ ਦਿਉ ਜਵਾਬ ? ਭਾਸ਼ਾ ਦੇ ਨਾਂ ‘ਤੇ ਬਣੇ ਸੂਬੇ ਵਿੱਚ ਮਾਂ-ਬੋਲੀ ਪੰਜਾਬੀ ਕਿਵੇਂ ਹੋਏ ਬੇਗਾਨੀ, ਕਿਸ ਤਰ੍ਹਾਂ ਬਣੀ ਅੰਗਰੇਜ਼ੀ ਪਟਰਾਣੀ ਤੇ ਕਿਸਦੇ ਕਹਿਣ ‘ਤੇ ਜਾਗ ਰਿਹਾ ਹਿੰਦੀ ਲਈ ਹੇਜ, ਕੋਈ ਤਾਂ ਦਿਉ ਜਵਾਬ ? ਪੰਜਾਬੀ ਦੇ ਪ੍ਰਸਾਰ, ਵਿਕਾਸ ਲਈ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਸ਼ਾ ਵਿਭਾਗ, ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਕਿਉਂ ਮਰਨ ਲੱਗੇ ਨੇ ਸਹਿਕ-ਸਹਿਕ ਕੇ, ਕੋਈ ਤਾਂ ਦਿਉ ਜਵਾਬ ?

ਭਾਸ਼ਾ ਦੇ ਆਧਾਰ ‘ਤੇ ਸੂਬਾ ਮੰਗਣ ਵਾਲੇ, ਸੰਘੀ ਢਾਂਚੇ ਦੇ ਮੁਦਈ ਕਾਹਤੋਂ ਜਾ ਪੈਣ ਲੱਗੇ ਹਾਕਮਾਂ ਦੀ ਝੋਲੀ, ਕੋਈ ਤਾਂ ਦਿਉ ਜਵਾਬ ? “ਮਾਲਕਾਂ ” ਨੂੰ ਕਦੋਂ ਜਾਗੂ ਪੰਜਾਬੀ ਨਾਲ ਮੋਹ, ਕਿਹੜਾ ਸਮਾਂ ਆਊ ਜਦੋਂ ਪੰਜਾਬ ਲਈ ਉੱਠੂ ਤੇਹ, ਕਦੋਂ ਮਿਟੂ ਕਹਿਣੀ ਤੇ ਕਰਨੀ ਵਿਚਲਾ ਫਰਕ, ਕੋਈ ਤਾਂ ਦਿਉ ਜਵਾਬ ? ਜੇ ਹਾਕਮ ਨੀਂਦ ਵਿੱਚ ਊਂਗ ਰਿਹਾ ਤਾਂ ਹੁਣ ਤੁਸੀਂ ਤਾਂ ਜਾਗੋ ਪੰਜਾਬੀਓ, ਹੁਣ ਵੇਲਾ ਨਹੀਂ ਹੋਰ ਵਖਤ ਗਵਾਉਣ ਦਾ। ਐਂ ਨਹੀਂ ਕਿ ਤੁਸੀਂ ਹਾਕਮ ਜਗਾਉਣ ਲਈ, ਹਲੂਣਨ ਲਈ ਹੰਭਲੇ ਨਹੀਂ ਮਾਰੇ। ਪਤਾ ਨਹੀਂ, ਤੁਹਾਡੇ ਡੋਲਿਆਂ ਦਾ ਦਮ ਹਾਕਮਾਂ ਨੂੰ ਧਮਕਾ ਨਹੀਂ ਸਕਿਆ ਜਾਂ ਫਿਰ ਤੁਹਾਡੀਆਂ ਬਾਂਹਵਾਂ ਦਾ ਏਕਾ ਤਾਕਤ ਨਹੀਂ ਬਣ ਸਕਿਆ। ਨਹੀਂ ਕੀ ਮਜਾਲ ਸੀ ਹਾਕਮ ਦੀ ਕਿ ਤੁਹਾਡੇ ਜੈਕਾਰੇ ਸੁਣ ਕੇ ਤ੍ਰਬਕ ਕੇ ਨਾ ਉੱਠਦਾ। ਕਿਤੇ ਐਂ ਤਾਂ ਨਹੀਂ ਕਿ ਤੁਸੀਂ, ਅਸੀਂ, ਮੈਂ, ਸਾਰੇ ਖੁਦਗਰਜ਼ੀ ਵਿੱਚ ਘਿਰ ਕੇ ਰਹਿ ਗਏ ਤੇ ਸਾਡੀ ਨਬਜ਼ ਫੜੀ ਗਈ ਹੋਵੇ। ਕਿਸੇ ਨੇ ਸੋਚਿਆ ਜੇ ਹਾਂ ਤਾਂ ਦਿਉ ਜਵਾਬ ? ਉੱਠੋ ਤੁਸੀਂ ਉੱਠੋ, ਹਾਲੇ ਵੀ ਉੱਠੋਗੇ ਕਿ ਨਹੀਂ, ਕਦੋਂ ਝੰਜੋੜੂ ਤੁਹਾਨੂੰ ਤੁਹਾਡੀ ਰੂਹ, ਕੋਈ ਤਾਂ ਦਿਉ ਜਵਾਬ ?

ਚੰਡੀਗੜ ਪੰਜਾਬੀ ਮੰਚ ਵੱਲੋਂ ਅੱਜ ਪੰਜਾਬੀ ਭਾਸ਼ਾ ਨੂੰ ਆਪਣੇ ਹੱਕ ਵਾਪਸ ਦਿਵਾਉਣ ਲਈ, ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਕਰਵਾਉਣ ਲਈ, ਪੰਜਾਬੀ ਮਾਂ ਬੋਲੀ ਦੇ ਸਨਮਾਨ ਨੂੰ ਬਹਾਲ ਕਰਨ ਲਈ ਚੰਡੀਗੜ੍ਹ ਦੇ ਸੈਕਟਰ 19 ਡੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸੈਕਟਰ 17 ਦੇ ਪਲਾਜ਼ਾ ਤੱਕ ਰੋਸ ਪੈਦਲ ਮਾਰਚ ਕੱਢਿਆ ਗਿਆ। ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਬਾਕੀ ਸਹਿਯੋਗੀ ਜਥੇਬੰਦੀਆਂ ਵੱਲੋਂ ਇਹ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਪੰਜਾਬੀ ਲੇਖਕ ਅਤੇ ਕਵੀ ਸੁਰਜੀਤ ਪਾਤਰ, ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਸਮੇਤ ਨੌਜਵਾਨ ਪੀੜੀ ਸ਼ਾਮਿਲ ਹੋਏ। ਵੱਡੀ ਗਿਣਤੀ ਵਿੱਚ ਬੀਬੀਆਂ ਵੀ ਇਸ ਮਾਰਚ ਵਿੱਚ ਸ਼ਾਮਿਲ ਹੋਈਆਂ ਅਤੇ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਅਤੇ ਪੋਸਟਰ ਫੜ੍ਹ ਕੇ ਪੰਜਾਬੀ ਭਾਸ਼ਾ ਨੂੰ ਮੁੜ ਲਾਗੂ ਕੀਤੇ ਜਾਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਗਿਆ। ਅੱਜ ਸਵੇਰੇ ਸਾਰੀਆਂ ਜਥੇਬੰਦੀਆਂ, ਸ਼ਖਸੀਅਤਾਂ ਸੈਕਟਰ 19 ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਕੱਤਰ ਹੋਏ ਅਤੇ 11 ਵਜੇ ਇਹ ਮਾਰਚ ਸ਼ੁਰੂ ਹੋਇਆ।

Exit mobile version