Punjab

ਪੰਜਾਬ ਯੂਨੀਵਰਸਿਟੀ ਦੇ ਪਾੜਿਆਂ ਦੀ ਕੰਬਲੀ ਭਾਰੀ ਹੋਈ

‘ਦ ਖ਼ਾਲਸ ਬਿਊਰੋ :- ਪੰਜਾਬ ਯੂਨੀਵਰਸਿਟੀ ਫੀਸਾਂ ਵਿੱਚ ਵਾਧਾ ਕਰਕੇ ਵਿਦਿਆਰਥੀਆਂ ਦੇ ਮੋਢਿਆਂ ਉੱਤੇ ਨਵਾਂ ਵਿੱਤੀ ਬੋਝ ਪਾਉਣ ਲੱਗੀ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਇੱਕੋ ਹੱਲੇ ਵਿੱਚ ਪ੍ਰੀਖਿਆ ਫੀਸ, ਟਿਊਸ਼ਨ ਫੀਸ ਅਤੇ ਸੈਲਫ਼ ਫਾਇਨਾਂਸ ਕੋਰਸਾਂ ਦੀ ਫੀਸ ਵਿੱਚ 10 ਫ਼ੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦਾ ਇਹ ਫੈਸਲਾ ਰੈਗੂਲਰ ਅਤੇ ਪ੍ਰਾਈਵੇਟ ਤੌਰ ਉੱਤੇ ਪੜਾਈ ਕਰਨ ਵਾਲੇ ਪਾੜਿਆਂ ਦੇ ਨਾਲ ਨਾਲ ਓਪਨ ਸਕੂਲ ਆਫ਼ ਲਰਨਿੰਗ ਭਾਵ ਡਾਕ ਰਾਹੀਂ ਪੜਾਈ ਕਰਨ ਵਾਲਿਆਂ ਉੱਤੇ ਵੀ ਲਾਗੂ ਹੋਵੇਗਾ। ਯੂਨੀਵਰਸਿਟੀ ਦੇ ਇਸ ਫੈਸਲੇ ਨੂੰ ਡੀਯੂਆਈ ਦੀ ਅਗਵਾਈ ਹੇਠ ਬਣੀ ਇੱਕ ਕਮੇਟੀ ਵੱਲੋਂ ਪ੍ਰਵਾਨਗੀ ਦੀ ਲਾ ਦਿੱਤੀ ਗਈ ਹੈ ਜਦਕਿ ਅੰਤਿਮ ਮਨਜ਼ੂਰੀ ਲਈ ਸੈਨੇਟ ਦੀ ਪੰਜ ਜੁਲਾਈ ਦੀ ਮੀਟਿੰਗ ਵਿੱਚ ਮੱਦ ਰੱਖੀ ਜਾ ਰਹੀ ਹੈ। ਸੈਨੇਟ, ਪੰਜਾਬ ਯੂਨੀਵਰਸਿਟੀ ਦੀ ਅਸੈਂਬਲੀ ਮੰਨੀ ਜਾਂਦੀ ਹੈ। ਇਸਦਾ ਫ਼ੈਸਲਾ ਅੰਤਿਮ ਹੁੰਦਾ ਹੈ।

ਇੱਥੇ ਇਹ ਦੱਸਣਾ ਵੀ ਦਿਲਚਸਪ ਰਹੇਗਾ ਕਿ ਕਰੋਨਾ ਕਾਲ ਕਰਕੇ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਯੂਨੀਵਰਸਿਟੀ ਵੱਲੋਂ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਸਭ ਤੋਂ ਵੱਡੀ ਗੱਲ਼ ਇਹ ਕਿ ਯੂਨੀਵਰਸਿਟੀ ਦੇ ਇਸ ਫ਼ੈਸਲੇ ਦੀ ਮਾਰ ਹੇਠ ਸਬੰਧਿਤ 181 ਕਾਲਜਾਂ ਦੇ ਵਿਦਿਆਰਥੀ ਵੀ ਆ ਰਹੇ ਹਨ।

ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਵਿੱਚ ਬੀਏ ਦੀ ਫੀਸ ਹੁਣ ਵੱਧ ਕੇ 15131 ਹੋ ਜਾਵੇਗੀ। ਬੀਕਾਮ ਦੀ ਫ਼ੀਸ 22710 ਰੁਪਏ ਅਤੇ ਬੀਐੱਸਸੀ ਦੀ ਫੀਸ 16704 ਰੁਪਏ ਸਾਲਾਨਾ ਨੂੰ ਪੁੱਜ ਜਾਵੇਗੀ। ਇਸੇ ਤਰ੍ਹਾਂ 17794 ਰੁਪਏ ਅਤੇ ਐੱਮਕਾਮ ਦੀ ਫੀਸ 23188 ਰੁਪਏ ਸਾਲਾਨਾ ਹੋ ਜਾਵੇਗੀ। ਐੱਮਐੱਸਸੀ ਦੀ ਫੀਸ 20918 ਰੁਪਏ ਕੀਤੇ ਜਾਣ ਦਾ ਪ੍ਰਸਤਾਵ ਪਾਸ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ ਵੱਲੋਂ ਦਾਖਲੇ ਵੇਲੇ ਐਡਮਿਸ਼ਨ ਫੀਸ ਸਮੇਤ ਹੋਰ ਕਈ ਤਰ੍ਹਾਂ ਦੇ ਹਜ਼ਾਰਾਂ ਰੁਪਏ ਦੇ ਫੰਡ ਵੱਖਰੇ ਤੌਰ ਉੱਤੇ ਕਾਲਜਾਂ ਵਿੱਚ ਜਮ੍ਹਾ ਕਰਵਾਏ ਜਾਂਦੇ ਹਨ।

ਸੈਲਫ਼ ਫਾਇਨਾਂਸ ਕੋਰਸ ਹੋਰ ਮਹਿੰਗੇ ਹੋਣ ਜਾ ਰਹੇ ਹਨ। ਹਰੇਕ ਕੋਰਸ ਮਗਰ 10 ਫ਼ੀਸਦੀ ਸਾਲਾਨਾ ਜਾਂ 7500 ਰੁਪਏ ਜਿਹੜਾ ਵੀ ਘੱਟ ਹੋਵੇ, ਦਾ ਵਾਧਾ ਕੀਤਾ ਜਾ ਰਿਹਾ ਹੈ। ਬੀਬੀਏ ਦੀ ਫੀਸ 31557 ਹੋ ਜਾਵੇਗੀ। ਐੱਮਐੱਸਈ ਫਾਰੈਂਸਿਕ ਲੈਬ ਦੀ ਫੀਸ ਇੱਕ ਲੱਖ ਚਾਰ ਹਜ਼ਾਰ 861 ਰੁਪਏ ਨੂੰ ਪੁੱਜ ਜਾਣੀ ਹੈ। ਸਭ ਤੋਂ ਵੱਧ ਐਮ ਫਾਰਮਾ ਦੀ ਫੀਸ ਇੱਕ ਲੱਖ 72 ਹਜ਼ਾਰ 400 ਰੁਪਏ ਕੀਤੀ ਜਾ ਰਹੀ ਹੈ। ਐੱਮਐੱਸਸੀ ਬਾਇਓਟੈਕਨੋਲੋਜੀ ਦੀ ਫੀਸ ਇੱਕ ਲੱਖ 14 ਹਜ਼ਾਰ ਰੁਪਏ ਮੁਕੱਰਰ ਕੀਤੀ ਗਈ ਹੈ। ਐੱਮਐੱਸਸੀ ਸਟੈਮ ਸੈੱਲ ਦੀ ਫੀਸ ਵੀ ਇੱਕ ਲੱਖ 14 ਹਜ਼ਾਰ 495 ਰੁਪਏ ਬਣਦੀ ਹੈ। ਪੰਜਾਬ ਦੇ ਵੱਡੀ ਗਿਣਤੀ ਵਿਦਿਆਰਥੀ ਸੂਬੇ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੜ ਰਹੇ ਹਨ ਅਤੇ ਵੱਧ ਫੀਸਾਂ ਦੇਣ ਲਈ ਮਜ਼ਬੂਰ ਹਨ। ਰਾਜ ਵਿੱਚ ਸਰਕਾਰੀ ਕਾਲਜਾਂ ਦੀ ਗਿਣਤੀ 48 ਹੈ ਅਤੇ 13 ਹੋਰ ਕਾਂਸੀਚੂਐਂਟ ਕਾਲਜ ਆਫ਼ ਯੂਨੀਵਰਸਿਟੀ ਚੱਲ ਰਹੇ ਹਨ। ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਦੀਆਂ 1873 ਮਨਜ਼ੂਰਸ਼ੁਦਾ ਅਸਾਮੀਆਂ ਹਨ ਅਤੇ ਇਨ੍ਹਾਂ ਵਿੱਚੋਂ ਕੇਵਲ 430 ਹੀ ਭਰੀਆਂ ਹੋਈਆਂ ਹਨ। ਬਾਕੀ ਸਾਰੀਆਂ ਪੋਸਟਾਂ ਉੱਤੇ ਗੈਸਟ ਫੈਕਲਟੀ ਜਾਂ ਪਾਰਟ ਟਾਈਮ ਟੀਚਰ 21600 ਮਹੀਨਾ ਉੱਤੇ ਰੱਖ ਕੇ ਗੱਡੀ ਰੋੜੀ ਜਾ ਰਹੀ ਹੈ।

ਭਲਕ ਦੀ ਸੈਨੇਟ ਉੱਤੇ ਵਿਦਿਆਰਥੀ ਟੇਕ ਲਾਈ ਬੈਠੇ ਹਨ ਕਿ ਸ਼ਾਇਦ ਭਾਰ ਦੀ ਪੰਡ ਹਲਕੀ ਹੋ ਜਾਵੇ। ਪਿਛਲੇ ਸਾਲਾਂ ਦੇ ਰਿਕਾਰਡ ਉੱਤੇ ਝਾਤ ਮਾਰੀਏ ਤਾਂ ਸੈਨੇਟ ਫੀਸ ਦੇ ਵਾਧੇ ਦੇ ਖਿਲਾਫ਼ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਫੀਸ ਦਾ ਵਾਧਾ 10 ਫ਼ੀਸਦੀ ਦੀ ਥਾਂ ਪੰਜ ਤੋਂ ਸਾਢੇ ਸੱਤ ਫ਼ੀਸਦੀ ਉੱਤੇ ਆ ਕੇ ਡਿੱਗ ਪਵੇਗਾ। ਯੂਨੀਵਰਸਿਟੀ ਸੈਨੇਟ ਦੇ ਮੈਂਬਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ ਅਤੇ ਜੇ ਇਹ ਵਿਦਿਆਰਥੀ ਦੇ ਹੱਕਾਂ ਵਿੱਚ ਨਾ ਖੜਨ ਤਾਂ ਮੁੜ ਜਿੱਤਣ ਦੀ ਆਸ ਮਹਿੰਗੀ ਪੈਂਦੀ ਹੈ। ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਵੀ ਪ੍ਰਸਤਾਵਿਤ ਵਾਧੇ ਦੇ ਖਿਲਾਫ਼ ਵਿਰੋਧ ਜਤਾਉਣ ਲੱਗੇ ਹਨ।

  • ਹਰੇਕ ਕੋਰਸ ਮਗਰ 10 ਫ਼ੀਸਦੀ ਸਾਲਾਨਾ ਜਾਂ 7500 ਰੁਪਏ
  • ਬੀਬੀਏ ਦੀ ਫੀਸ – 31557 ਰੁਪਏ
  • ਐੱਮਐੱਸਈ ਫਾਰੈਂਸਿਕ ਲੈਬ ਦੀ ਫੀਸ – ਇੱਕ ਲੱਖ ਚਾਰ ਹਜ਼ਾਰ 861 ਰੁਪਏ
  • ਐਮ ਫਾਰਮਾ ਦੀ ਫੀਸ – ਇੱਕ ਲੱਖ 72 ਹਜ਼ਾਰ 400 ਰੁਪਏ
  • ਐੱਮਐੱਸਸੀ ਬਾਇਓਟੈਕਨੋਲੋਜੀ ਦੀ ਫੀਸ – ਇੱਕ ਲੱਖ 14 ਹਜ਼ਾਰ ਰੁਪਏ
  • ਐੱਮਐੱਸਸੀ ਸਟੈਮ ਸੈੱਲ ਦੀ ਫੀਸ – ਇੱਕ ਲੱਖ 14 ਹਜ਼ਾਰ 495 ਰੁਪਏ
  • ਰਾਜ ਵਿੱਚ ਸਰਕਾਰੀ ਕਾਲਜਾਂ ਦੀ ਗਿਣਤੀ – 48
  • 13 ਹੋਰ ਕਾਂਸੀਚੂਐਂਟ ਕਾਲਜ ਆਫ਼ ਯੂਨੀਵਰਸਿਟੀ ਚੱਲ ਰਹੇ ਹਨ
  • ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ – 1873
  • ਭਰੀਆਂ ਹੋਈਆਂ ਅਸਾਮੀਆਂ – 430
  • ਬਾਕੀ ਸਾਰੀਆਂ ਪੋਸਟਾਂ ਉੱਤੇ ਗੈਸਟ ਫੈਕਲਟੀ ਜਾਂ ਪਾਰਟ ਟਾਈਮ ਟੀਚਰ – 21600 ਪ੍ਰਤੀ ਮਹੀਨਾ