Khaas Lekh Khalas Tv Special Punjab

ਐਗਜ਼ਿਟ ਪੋਲ ਨੇ ਛਾਣਨੀ ‘ਚ ਪਾ ਕੇ ਛੱਟ ਦਿੱਤੇ ਵੱਡੇ ਲੀਡਰ

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਆਸੀ ਲੀਡਰਾਂ ਦੀ ਕਿਸਮਤ ਹਾਲੇ ਮਸ਼ੀਨਾਂ ਵਿੱਚ ਬੰਦ ਪਈ ਹੈ। ਐਗਜ਼ਿਟ ਪੋਲ ਦੇ ਆਉਂਦਿਆਂ ਹੀ ਇਨ੍ਹਾਂ ਦੇ ਭਵਿੱਖ ਨੂੰ ਛੱਜ ਵਿੱਚ ਪਾ ਕੇ ਛੱਟਿਆ ਜਾਣ ਲੱਗਾ ਹੈ। ਉਂਝ ਤਾਂ ਬਦਲਾਅ ਦੀ ਹਵਾ ਵਗਣ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਭਵਿੱਖ ਦਾਅ ਉੱਤੇ ਲੱਗ ਜਾਣ ਦੀ ਚੁੰਝ ਚਰਚਾ ਛਿੜ ਪਈ ਸੀ। ਪਰ ਹੁਣ ਨਤੀਜੇ ਆਉਣ ਤੋਂ ਬਾਅਦ ਹਾਰਨ ਵਾਲੇ ਵੱਡੇ ਸਿਆਸੀ ਲੀਡਰ ਆਪਣਾ ਭਵਿੱਖ ਬਚਾ ਵੀ ਸਕਣਗੇ ਕਿ ਨਹੀਂ, ਇਹ ਵਧੇਰੇ ਤੇਜੀ ਨਾਲ ਚਿੱਥਿਆ ਜਾਣ ਲੱਗਾ ਹੈ। ਕਈ ਸਾਰੇ ਲੀਡਰ ਅਜਿਹੇ ਹੋਣਗੇ ਜਿਨ੍ਹਾਂ ਦਾ ਪਤਨ ਨਤੀਜਿਆਂ ਦੇ ਆਉਣ ਨਾਲ ਹੀ ਸ਼ੁਰੂ ਹੋ ਜਾਵੇਗਾ। ਹੋਰ ਅਜਿਹੇ ਵੀ ਹਨ ਜਿਨ੍ਹਾਂ ਦਾ ਸਿਆਸੀ ਭਵਿੱਖ ਦਾਅ ਉੱਤੇ ਲੱਗੇ ਜਾਵੇਗਾ। ਪਰ ਵਿਰਲੇ ਟਾਂਵੇ ਉਹ ਵੀ ਹਨ ਜਿਨ੍ਹਾਂ ਨੂੰ ‘ਦੋ ਪਹੀਆਂ ਕਿੱਧਰ ਗਈਆਂ ਸਦਕਾ ਢੂਹੀ ਦਾ’ ਵਾਂਗ ਫਰਕ ਨਹੀਂ ਪੈਣਾ। ਇਸ ਵਾਰ ਦੀ ਇੱਕ ਵੱਖਰੀ ਗੱਲ ਇਹ ਕਿ ਕਾਂਗਰਸ ਵਿੱਚ ਵੱਡੀ ਗਿਣਤੀ ਲੀਡਰ ਇੱਕ ਦੂਜੇ ਨੂੰ ਹਾਰਦਾ ਵੇਖ ਕੇ ਅੰਦਰੋਂ ਅੰਦਰੀ ਖਿੜ ਰਹੇ ਹੋਣਗੇ। ਭਾਰਤੀ ਜਨਤਾ ਪਾਰਟੀ ਵਿੱਚ ਵੀ ਅੱਧੇ ਉਮੀਦਵਾਰ ਆਪਣੀ ਜਿੱਤ ਨਾਲੋਂ ਦੂਜੇ ਦੀ ਹਾਰ ਉੱਤੇ ਮਨੋ ਮਨੀ ਲੱਡੂ ਭੋਰਨਗੇ। ਅਕਾਲੀ ਦਲ ਅਤੇ ਆਪ ਵਿੱਚ ਹਾਈਕਮਾਂਡ ਦਾ ਡੰਡਾ ਕਾਫ਼ੀ ਤਕੜਾ ਚੱਲਦਾ ਹੈ।

ਸਿਆਸਤ ਦੇ ਬਾਬਾ ਬੋਹੜ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਹ ਆਖ਼ਰੀ ਚੋਣ ਹੈ। ਅਗਲੀ ਚੋਣ ਤੱਕ ….. ਰੱਬ ਉਨ੍ਹਾਂ ਨੂੰ ਲੰਬੀ ਉਮਰ ਦੇਵੇ। ਹਾਂ, ਪਰ ਜੇ ਉਹ ਜਿੱਤ ਨਾ ਸਕੇ ਤਾਂ ਕਿਧਰੇ ਬੁਢਾਪੇ ਵਿੱਚ ਹਾਰਨ ਦਾ ਝੋਰਾ ਦਿਲ ਨੂੰ ਨਾ ਲਾ ਲੈਣ। ਬੁਢਾਪੇ ਵਿੱਚ ਆਪਣੇ ਨਾਲੋਂ ਪੁੱਤ ਨੂੰ ਵੱਜੀ ਸੱਟ ਵਧੇਰੇ ਦੁੱਖਦਾਈ ਹੁੰਦੀ ਹੈ। ਇੱਕ ਹੋਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੀਆਂ ਚੋਣਾਂ ਵਿੱਚ ਵੀ ਆਖ਼ਰੀ ਵਾਰ ਚੋਣ ਲੜਨ ਦਾ ਵਾਅਦਾ ਕਰਕੇ ਪੰਜਾਬ ਦੇ ਕਪਤਾਨ ਬਣੇ ਸਨ। ਇਸ ਵਾਰ ਉਨ੍ਹਾਂ ਨੇ ਭਾਜਪਾ ਦੇ ਮੋਢੇ ਦਾ ਸਹਾਰਾ ਲੈ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਤੋਂ ਚੋਣ ਲੜੀ ਹੈ। ਕੈਪਟਨ ਚੋਣ ਜਿੱਤਣ ਜਾਂ ਹਾਰਨ, ਉਨ੍ਹਾਂ ਦੀ ਅੱਖ ਤਾਂ ਗਵਰਨਰ ਜਾਂ ਅੰਬੈਸਡਰ ਦੇ ਅਹੁਦੇ ਉੱਤੇ ਟਿਕੀ ਹੋਈ ਹੈ। ਪੰਜਾਬ ਸਿਆਸਤ ਵਿੱਚ ਉਨ੍ਹਾਂ ਦਾ ਭਵਿੱਖ ਉਦੋਂ ਹੀ ਧੁੰਧਲਾ ਪੈ ਗਿਆ ਸੀ ਜਦੋਂ ਉਨ੍ਹਾਂ ਹੇਠੋਂ ਮੁੱਖ ਮੰਤਰੀ ਦੀ ਕੁਰਸੀ ਖਿੱਚ ਲਈ ਗਈ ਸੀ। ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਚੋਣ ਆਪਣੀ ਹੋਂਦ ਕਾਇਮ ਰੱਖਣ ਲਈ ਲੜੀ ਹੈ। ਜਿੱਤ ਹਾਰ ਦੇ ਅਰਥ ਉਨ੍ਹਾਂ ਮੂਹਰੇ ਬੋਣੇ ਹਨ। ਉਨ੍ਹਾਂ ਨੂੰ ਇਹ ਗਿਆਨ ਜ਼ਰੂਰ ਹੈ ਕਿ ਜੇ ਕਾਂਗਰਸ ਮੁੜ ਸੱਤਾ ਵਿੱਚ ਆ ਗਈ ਤਾਂ ਚੇਅਰਮੈਨੀ ਦਾ ਦਾਅ ਲੱਗਣਾ ਵੱਟ ਉੱਤੇ ਪਿਆ। ਕੇਅਰਟੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਾਅ ਉੱਤੇ ਲਾ ਕੇ ਕਾਂਗਰਸ ਨੇ ਪੰਜਾਬ ਦੀ ਚੋਣ ਲੜੀ ਹੈ। ਉਹ ਹਲਕਾ ਚਮਕੌਰ ਸਾਹਿਬ ਤੋਂ ਜਿੱਤ ਦੀ ਡੀ ਨੂੰ ਹੱਥ ਲਾਉਂਦੇ ਨਜ਼ਰ ਆ ਰਹੇ ਹਨ ਪਰ ਭਦੌੜ ਵਾਲਿਆਂ ਨੇ ਹੱਥੀਂ ਨਹੀਂ ਚੁੱਕਿਆ ਹੈ। ਕਾਂਗਰਸ ਵਿੱਚ ਆਪਣੇ ਪੈਰ ਲਾਈ ਰੱਖਣ ਲਈ ਉਨ੍ਹਾਂ ਨੂੰ ਸਬਰ ਨਾਲ ਲੰਮੀ ਲੜਾਈ ਲੜਨੀ ਪਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਭ ਦੇ ਨਿਸ਼ਾਨੇ ਉੱਤੇ ਰਹੇ ਹਨ ਅਤੇ ਸਿੱਧੂ ਨੂੰ ਸਭ ਨੂੰ ਨਿਸ਼ਾਨੇ ਉੱਤੇ ਰੱਖਿਆ ਹੈ। ਅੰਮ੍ਰਿਤਸਰ ਪੂਰਬੀ ਤੋਂ ਉਨ੍ਹਾਂ ਨੂੰ ਦੋ ਵੱਡੇ ਵਿਰੋਧੀਆਂ ਬਿਕਰਮ ਸਿੰਘ ਮਜੀਠੀਆ ਅਤੇ ਡਾ.ਜੀਵਨਜੋਤ ਕੌਰ ਨਾਲ ਭਿੜਨਾ ਪੈ ਰਿਹਾ ਹੈ। ਸਿੱਧੂ ਦਾ ਭਵਿੱਖ ਦਾਅ ਉੱਤੇ ਲੱਗ ਚੁੱਕਾ ਹੈ, ਕਾਂਗਰਸ ਹਾਰੇ ਜਾਂ ਜਿੱਤੇ।

ਆਪ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੂੰ ਟਿਕਟ ਥਾਲੀ ਵਿੱਚ ਪਰੋਸ ਕੇ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦਾ ਥਾਪੜਾ ਲੈਣ ਲਈ ਦਸ ਸਾਲ ਘਰ ਬਾਰ ਛੱਡੀ ਰੱਖਿਆ। ਉਂਝ, ਉਨ੍ਹਾਂ ਦੀ ਜਿੱਤ ਦੀ ਉਮੀਦ ਨੂੰ ਬੂਰ ਪੱਕਾ ਹੀ ਪੈ ਜਾਂਦਾ ਜੇ ਅਕਾਲੀ ਵੋਟਾਂ ਵਾਲੇ ਦਿਨ ਦੁਪਹਿਰ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਦੇ ਨਾਲ ਤੇਹ ਨਾ ਜਤਾਉਂਦੇ। ਭਗਵੰਤ ਮਾਨ ਦੀ ਸੀਟ ਨਹੀਂ ਕੱਢਦੇ ਪਰ ਆਮ ਆਦਮੀ ਪਾਰਟੀ ਨੂੰ ਬਹੁਮੱਤ ਮਿਲ ਜਾਂਦਾ ਹੈ ਤਾਂ ਆਪ ਸੁਪਰੀਮੋ ਦੀਆਂ ਪੌਂ ਬਾਰਾਂ। ਭਗਵੰਤ ਮਾਨ ਦੇ ਪੱਲੇ ਲੋਕ ਸਭਾ ਦੀ ਮੈਂਬਰੀ ਹੀ ਬਚੀ। ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਇਸ ਵਾਰ ਜਲਾਲਾਬਾਦ ਤੋਂ ਸੀਟ ਕੱਢ ਲੈਣ ਤਾਂ ਬਾਪੂ ਪਾਸ਼ ਦੇ ਜਿਉਂਦਿਆਂ ਜੀਅ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੀ ਰੀਝ ਪੂਰੀ ਹੋਜੂ ਨਹੀਂ ਤਾਂ ਕੁਰਸੀ ਹੋਰ ਪਰ੍ਹੇ ਖਿਸਕ ਜਾਣ ਦਾ ਡਰ ਬਣ ਜਾਣਾ ਹੈ। ਸੁਖਬੀਰ ਨੂੰ ਲੋਕਾਂ ਦੀ ਨਰਾਜ਼ਗੀ ਮਾਰ ਰਹੀ ਹੈ। ਹਾਰ ਕੇ ਵੀ ਉਹ ਘਰ ਬੈਠੇ ਅਜਿਹਾ ਕੋਈ ਡਰ ਨਹੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸਕੇ ਭਰਾ ਨੂੰ ਦਾਅ ਉੱਤੇ ਲਾ ਕੇ ਟਿਕਟ ਲਈ ਸੀ। ਹਾਰ ਜਾਣ ਤਾਂ ਵੀ ਰਾਜ ਸਭਾ ਦੀ ਮਿਆਦ ਤਾਂ ਪੂਰੀ ਕਰਨਗੇ ਪਰ ਪੰਜਾਬ ਨੂੰ ਲੈ ਕੇ ਬੁਣਿਆ ਸੁਪਨਾ ਪੂਰਾ ਕਰਨ ਲਈ ਹਾਲੇ ਲੰਬੀ ਲੜਾਈ ਲੜਨੀ ਪੈਣੀ ਹੈ। ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਡਿਪਟੀ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹੋਰ ਚਮਕੇ ਹਨ। ਨਹੀਂ ਤਾਂ ਉਨ੍ਹਾਂ ਦੀ ਬੁੱਕਤ ਦੂਜੇ ਕਾਂਗਰਸ ਨੇਤਾਵਾਂ ਵਰਗੀ ਸੀ। ਹਾਂ, ਰੰਧਾਵਾ ਉੱਪਰਲੀਆਂ ਛਾਲਾਂ ਜ਼ਰੂਰ ਮਾਰਨ ਤੋਂ ਪਿੱਛੇ ਹਟਣ ਵਾਲੇ ਨਹੀਂ। ਹੱਥ ਚਾਹੇ ਕਾਂਗਰਸ ਦੀ ਪ੍ਰਧਾਨਗੀ ਨੂੰ ਜਾ ਪਵੇ ਜਾਂ ਮੁੱਖ ਮੰਤਰੀ ਦੀ ਕੁਰਸੀ ਨੂੰ।

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਦੇ ਬਾਦਲਾਂ ਦੀ ਤੱਕੜੀ ਵਿੱਚ ਤੁਲਦੇ ਰਹੇ ਨੇ ਤੇ ਕਦੇ ਕਾਂਗਰਸ ਦੇ ਪੰਜੇ ਨੂੰ ਹੱਥ ਪਾ ਲੈਂਦੇ ਨੇ। ਵਿਚ ਵਿਚਾਲੇ ਆਪਣੀ ਪਾਰਟੀ ਬਣਾ ਕੇ ਵੀ ਸਿਆਸਤ ਵਿੱਚ ਝੰਡਾ ਗੱਡਣ ਦਾ ਹੰਭਲਾ ਮਾਰਿਆ। ਬਾਦਲਾਂ ਨਾਲ ਨਰਾਜ਼ਗੀ ਉਨ੍ਹਾਂ ਨੂੰ ਬਹੁਤਾ ਕੁੱਝ ਦੇ ਨਹੀਂ ਸਕੀ। ਹਾਂ, ਸ਼ਰੀਕਾਂ ਨਾਲ ਨਰਾਜ਼ਗੀ ਕਰਕੇ ਉਹ ਕਾਂਗਰਸ ਵਜ਼ਾਰਤ ਵਿੱਚ ਵਿੱਤ ਮੰਤਰੀ ਦੀ ਕੁਰਸੀ ਖਿੱਚ ਕੇ ਆਪਣੇ ਹੇਠ ਸੌਖ ਨਾਲ ਕਰ ਗਏ। ਇਸ ਵਾਰ ਦੀਆਂ ਚੋਣਾਂ ਵਿੱਚ ਬਾਦਲਾਂ ਦਾ ਹੱਥ ਉਨ੍ਹਾਂ ਉੱਤੇ ਰਹਿਣ ਦੀ ਸੂਹ ਕਾਂਗਰਸ ਹਾਈਕਮਾਂਡ ਤੱਕ ਵੀ ਪੁੱਜੀ ਹੈ ਪਰ ਵਿਗੜਨਾ-ਵਿਗੜਾਉਣ ਵਾਲਾ ਕੁੱਝ ਵੀ ਨਹੀਂ। ਇਸ ਕਰਕੇ ਕਿ ਕਾਂਗਰਸ ਹਾਈਕਮਾਂਡ ਦੀ ਆਪਣੀ ਰੀੜ ਦੀ ਹੱਡੀ ਮਜ਼ਬੂਤ ਨਹੀਂ ਪਈ। ਅਸਲ ਵਿੱਚ ਵੱਡੇ ਸਿਆਸੀ ਲੀਡਰਾਂ ਦੇ ਭਵਿੱਖ ਨੂੰ ਛਾਣਨੇ ਵਿੱਚ ਦੀ ਐਗਜ਼ਿਟ ਪੋਲ ਨੂੰ ਆਧਾਰ ਬਣਾ ਕੇ ਪੁਣਿਆ ਗਿਆ ਹੈ। ਦਸ ਮਾਰਚ ਦੇ ਨਤੀਜਿਆਂ ਤੋਂ ਬਾਅਦ ਬਾਜੀ ਉਲਟ ਗਿੜਦੀ ਵੀ ਨਜ਼ਰੀ ਪੈ ਸਕਦੀ ਹੈ। ਰੱਬ ਸਭ ਨੂੰ ਸੁਮੱਤ ਦੇਵੇ।