‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਇੱਕ ਸਿਆਸੀ ਪਾਰਟੀ ਦੂਜੇ ਮੂਹਰੇ ਹਿੱਕ ਡਾਹ ਕੇ ਖੜੇ ਜਾਂ ਫਿਰ ਪ੍ਰਧਾਨ ਮੰਤਰੀ ਆਪਣੇ ਸਾਥੀ ਮੰਤਰੀਆਂ ਨੂੰ ਤਾੜੇ ਤਾਂ ਗੱਲ ਸਮਝ ਆਉਂਦੀ ਹੈ। ਪਰ ਜੇ ਇੱਕ ਸੂਬੇ ਦਾ ਗਵਰਨਰ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਲੰਬੇ ਹੱਥੀਂ ਲੈਣ ਨੂੰ ਪਵੇ ਤਾਂ ਇਹ ਦੇ ਅਰਥ ਵੱਡੇ ਨਿਕਲਦੇ ਹਨ। ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਲਗਾਤਾਰ ਘੇਰਦੇ ਆ ਰਹੇ ਹਨ ਪਰ ਕੱਲ੍ਹ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਕਟਹਿਰੇ ਵਿੱਚ ਖੜਾ ਕਰ ਲਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੂੰਹ ‘ਤੇ ਘੁਮੰਡੀ ਅਤੇ ਹੰਕਾਰੀ ਕਹਿਣ ਦਾ ਹੀਆ ਸ਼ਾਇਦ ਸੱਤਿਆਪਾਲ ਮਲਿਕ ਹੀ ਰੱਖਦੇ ਹਨ। ਉਨ੍ਹਾਂ ਦੇ ਹੀ ਹਿੱਸੇ ਆਇਆ ਹੈ ਗ੍ਰਹਿ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਬਾਰੇ ਕੀਤੀ ਟਿੱਪਣੀ ਨੂੰ ਜਨਤਕ ਕਰਨ ਦਾ। ਉਹ ਨਾਲ ਹੀ ਇਹ ਵੀ ਕਹਿ ਦਿੰਦੇ ਹਨ ਕਿ ਕਿਸੇ ਵੀ ਸੂਬੇ ਦੇ ਰਾਜਪਾਲ ਨੂੰ ਅਹੁਦਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਰਹਿਮ ‘ਤੇ ਮਿਲਦਾ ਹੈ। ਗਵਰਨਰ ਨੂੰ ਸਿਰਫ਼ ਹਸਤਾਖਰ ਕਰਨ ਲਈ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਇਲਮ ਤਾਂ ਹੈ ਪਰ ਉਹ ਆਪਣੀ ਜ਼ਮੀਰ ਦੀ ਗੱਲ ਕਹੇ ਬਿਨਾਂ ਰਹਿ ਨਹੀਂ ਸਕੇ। ਉਨ੍ਹਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਮੇਂ ਜ਼ਿੰਦਗੀ ਵਿੱਚ ਜੋ ਖੱਟਿਆ-ਕਮਾਇਆ ਸੀ, ਉਹ ਮੈਨੂੰ ਮਿਲ ਗਿਆ। ਜਿਸਨੇ ਮੇਰੀ ਟੰਗ ਭੰਨਣੀ, ਉਹ ਭੰਨ ਲਵੇ। ਇਸ ਤੋਂ ਪਹਿਲਾਂ ਮਲਿਕ ਅੰਦੋਲਨ ਦੌਰਾਮ ਆਪਣੀਆਂ ਟਿੱਪਣੀਆਂ ਲਈ ਜਾਣੇ ਜਾਂਦੇ ਰਹੇ ਹਨ, ਜਿਨ੍ਹਾਂ ਨੇ ਕਿਸਾਨਾਂ ਖਾਸ ਤੌਰ ‘ਤੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਹਵਾਲੇ ਨਾਲ ਨਰਿੰਦਰ ਮੋਦੀ ਨੂੰ ਤਾੜਨਾ ਕਰ ਦਿੱਤੀ ਸੀ ਕਿ ਦੇਖੀ ਕਿਤੇ ਪੰਜਾਬੀ ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜ ਦੇਵੀਂ। ਇਹ ਉਹ ਕੌਮ ਹੈ ਜਿਹੜੀ 300-300 ਸਾਲਾਂ ਤੱਕ ਬਦਲਾ ਲੈਣਾ ਨਹੀਂ ਭੁੱਲਦੀ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਮੋਦੀ ਦੇ ਨਾਲ ਪਹਿਲੇ ਪੰਜਾਂ ਮਿੰਟਾਂ ਵਿੱਚ ਹੀ ਲੜ ਪਏ ਸਨ ਜਦੋਂ ਉਨ੍ਹਾਂ ਨੇ ਕਿਸਾਨਾਂ ਦੀਆਂ ਜਾਨਾਂ ਦਾ ਵਾਸਤਾ ਪਾ ਕੇ ਕਾਨੂੰਨ ਵਾਪਸ ਲੈਣ ਲਈ ਦੀ ਸਲਾਹ ਦਿੱਤੀ ਸੀ। ਮੋਦੀ ਦਾ ਜਵਾਬ ਸਾਂਝਾ ਕਰਦਿਆਂ ਉਨ੍ਹਾਂ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਮੋਦੀ ਕਹਿ ਰਿਹਾ ਸੀ ਕਿ ਕਿਸਾਨ ਕਿਹੜਾ ਉਹਦੀ ਖਾਤਰ ਮਰ ਰਹੇ ਹਨ। ਪਰ ਉਹਨੇ ਮੋਦੀ ਨੂੰ ਠੋਕਵਾਂ ਜਵਾਬ ਦਿੰਦਿਆਂ ਕਹਿ ਦਿੱਤਾ ਕਿ ਤੈਨੂੰ ਗੱਦੀ ਉੱਤੇ ਬਿਠਾਉਣ ਵਾਲੇ ਵੀ ਕਿਸਾਨ ਹਨ।
ਲੰਘੇ ਕੱਲ੍ਹ ਦੀ ਵਾਇਰਲ ਹੋਈ ਵੀਡੀਓ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੈਰਾਨਕੁੰਨ ਟਿੱਪਣੀ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਮਿਤ ਸ਼ਾਹ ਵੀ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੱਝ ਕੁ ਲੋਕਾਂ ਵਿੱਚ ਘਿਰ ਕੇ ਰਹਿ ਗਏ ਹਨ ਅਤੇ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ। ਕਾਂਗਰਸ ਦੇ ਰਾਜ ਸਭਾ ਵਿੱਚ ਆਗੂ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਮੰਗ ਕਰ ਦਿੱਤੀ ਹੈ ਕਿ ਅਮਿਤ ਸ਼ਾਹ ਜਾਂ ਤਾਂ ਆਪਣੀ ਸਥਿਤੀ ਸਪੱਸ਼ਟ ਕਰਨ ਜਾਂ ਫਿਰ ਸੱਤਿਆਪਾਲ ਮਲਿਕ ਵਿਰੁੱਧ ਫ਼ੌਜਦਾਰੀ ਕੇਸ ਦਰਜ ਕੀਤਾ ਜਾਵੇ। ਕਿਸਾਨ ਅੰਦੋਲਨ ਨੇ ਭਾਜਪਾ ਵਿੱਚ ਵੱਡੀ ਬੈਚੇਨੀ ਪੈਦਾ ਕੀਤੀ ਪਰ ਜ਼ਮੀਨੀ ਪੱਧਰ ‘ਤੇ ਭਾਜਪਾ ਆਗੂ ਸਰਕਾਰ ਅੱਗੇ ਬੋਲਣ ਦੀ ਹਿੰਮਤ ਨਹੀਂ ਕਰਦੇ। ਉਂਝ ਭਾਜਪਾਈ ਅੰਦਰਖਾਤੇ ਨਰਿੰਦਰ ਮੋਦੀ ਦੇ ਜਿੱਦੀ, ਹਠੀ ਅਤੇ ਹੰਕਾਰੀ ਸੁਭਾਅ ਨੂੰ ਜ਼ਰੂਰ ਨਿੰਦ ਰਹੇ ਹਨ ਅਤੇ ਕਈਆਂ ਨੇ ਕਿਸਾਨਾਂ ਦੇ ਹੱਕ ਵਿੱਚ ਬੰਦ ਕਮਰੇ ਵਿੱਚ ਹਾਅ ਦਾ ਨਾਅਰਾ ਵੀ ਮਾਰਿਆ ਹੈ।
ਪੰਜਾਬ ਦੇ ਕਾਂਗਰਸੀ ਵੀ ਆਪਣਿਆਂ ਵਿਰੁੱਧ ਗਰਜਣ ਲੱਗੇ ਹਨ। ਕਈ ਕਾਂਗਰਸੀ ਮੰਤਰੀਆਂ ਅਤੇ ਨੇਤਾਵਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਲਗਾਤਾਰ ਆਲੋਚਨਾ ਵਿੱਚ ਘਿਰਦੇ ਆ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਬਾਹਰਲਿਆਂ ਲਈ ਨਹੀਂ ਸਗੋਂ ਕਾਂਗਰਸੀਆਂ ਨੇ ਪਲਟਾਈ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਅੱਜ ਮੁੜ ਆਪਣੀ ਪਾਰਟੀ ਨੂੰ ਘੇਰਦਿਆਂ ਸਵਾਲ ਖੜਾ ਕੀਤਾ ਹੈ ਕਿ ਜੇ ਨਸ਼ਿਆਂ ਦੇ ਤਸਕਰ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਹੈ ਤਾਂ ਜ਼ਹਿਰੀਲੀ ਸ਼ਰਾਬ ਦੇ ਵਪਾਰੀ ਹਾਲੇ ਬਾਹਰ ਕਿਉਂ ਘੁੰਮਦੇ ਫਿਰਦੇ ਹਨ। ਕਾਂਗਰਸ ਵਿੱਚ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਰੇਤ ਅਤੇ ਕੇਬਲ ਮਾਫੀਆ ਦੱਸਿਆ ਜਾਣ ਲੱਗਾ ਹੈ ਪਰ ਇਹ ਸਥਿਤੀ ਵੱਖਰੀ ਹੈ ਕਿਉਂਕਿ ਕਾਂਗਰਸੀ ਲੀਡਰ ਦੇਸ਼, ਪੰਜਾਬ ਜਾਂ ਕਿਸਾਨਾਂ ਲਈ ਨਹੀਂ ਸਗੋਂ ਆਪਣੀ ਟਿਕਟ ਪੱਕੀ ਕਰਨ ਦੇ ਲਾਲਚ ਨੂੰ ਮੂੰਹ ਖੋਲਣ ਲੱਗੇ ਹਨ। ਪੰਜਾਬ ਦੇ ਕਈ ਲੀਡਰ ਕਿਸਾਨਾਂ ਦੀ ਸ਼ਹਾਦਤ ਭੁੱਲ ਕੇ ਭਾਜਪਾ ਦੀ ਬੇੜੀ ਵਿੱਚ ਸਵਾਰ ਹੋਣ ਲੱਗੇ ਹਨ। ਸਾਨੂੰ ਡਰ ਹੈ ਕਿ ਕਿਧਰੇ ਭਾਜਪਾ ਕਾਲੀਆਂ ਭੇਡਾਂ ਨੂੰ ਮੁੰਨ ਕੇ ਸੁੱਟ ਨਾ ਦੇਵੇ। ਕੁਰਸੀ ਖਾਤਰ ਚੁਫੇਰ-ਗੜੀਏ ਬਣੇ ਇਨ੍ਹਾਂ ਨੇਤਾਵਾਂ ਨੂੰ ਸਾਡੀ ਸਲਾਹ ਹੈ ਕਿ ਉਹ ਸੱਤਿਆਪਾਲ ਮਲਿਕ ਤੋਂ ਸਬਕ ਸਿੱਖ ਕੇ ਆਪਣੀ ਜ਼ਮੀਰ ਦੀ ਆਵਾਜ਼ ‘ਤੇ ਗੱਲ ਕਹਿਣੀ ਸਿੱਖ ਲੈਣ। ਕਾਲੀਆਂ ਭੇਡਾਂ ਨੂੰ ਸ਼ਾਇਦ ਹਾਲੇ ਪੱਛਮੀ ਬੰਗਾਲ ਦਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਹਾਲ ਭੁੱਲਿਆ ਨਹੀਂ ਹੋਣਾ।