ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ
‘ਦ ਖ਼ਾਲਸ ਬਿਊਰੋ : ‘ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ।।’ ਦੀਆਂ ਤੁਕਾਂ ਸਾਡੇ ਸਭ ਦੇ ਇੱਕ ਵਾਰ ਨਹੀਂ, ਕਈ – ਕਈ ਵਾਰ ਕੰਨੀਂ ਪਈਆਂ ਹੋਣਗੀਆਂ। ‘ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਰੱਬ ਦਾ ਰੂਪ ਹੈ ਦੂਜਾ’ ਕਿਹੜੀ ਜ਼ੁਬਾਨ ਹੈ ਜਿੰਨੇ ਆਪਣੇ ਮੂੰਹੋਂ ਨਹੀਂ ਗੁਣਗੁਣਾਇਆ ਹੋਣਾ ਹੈ। ਬਜ਼ੁਰਗਾਂ ਦੀ ਦੇਖਭਾਲ ਅਤੇ ਸੇਵਾ ਨੂੰ ਸਮਰਪਿਤ ਹੈਲਥ ਇੰਡੀਆ ਦੀ ਇੱਕ ਰਿਪੋਰਟ ਇਸਦੇ ਉਲਟ ਸੱਚਾਈ ਪੇਸ਼ ਕਰਦੀ ਹੈ ਕਿ ਸਾਡੇ ਵਿੱਚੋਂ ਵੱਡੀ ਗਿਣਤੀ ਮਾਪਿਆਂ ਦੀ ਸੇਵਾ ਕਰਨ ਦੀ ਦੂਜਿਆਂ ਨੂੰ ਸਿੱਖਿਆ ਤਾਂ ਦਿੰਦੇ ਹਨ ਪਰ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਮਾਪੇ ਪੁੱਤਰਾਂ, ਧੀਆਂ ਦੇ ਦੋ ਬੋਲ ਸੁਣਨ ਜਾਂ ਮੂੰਹ ਵੇਖਣ ਲਈ ਸਵੇਰੇ ਸ਼ਾਮ ਤਰਸਦੇ ਰਹਿੰਦੇ ਹਨ। ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ 22 ਸ਼ਹਿਰਾਂ ਦੇ ਘਰੀਂ ਘਰੀਂ ਜਾ ਕੇ ਸਰਵੇ ਕੀਤਾ ਗਿਆ ਹੈ।
ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਕਿ ਸ਼ਹਿਰਾਂ ਵਿੱਚ ਬਜ਼ੁਰਗਾਂ ਦੀ ਕੁੱਟਮਾਰ ਦੇ ਕਾਫ਼ੀ ਕੇਸ ਸਾਹਮਣੇ ਆ ਰਹੇ ਹਨ। ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾ ਕਰਕੇ ਕੁੱਟਮਾਰ ਜਵਾਈ ਭਾਈ ਕਰਦੇ ਹਨ। ਦੂਜੇ ਨੰਬਰ ਉੱਤੇ ਬੇਟਾ-ਬਹੂ ਨੂੰ ਰੱਖਿਆ ਗਿਆ ਹੈ। ਇੱਥੇ ਹੀ ਬਸ ਨਹੀਂ, ਦੋਹਤੇ-ਦੋਹਤੀਆਂ ਅਤੇ ਪੋਤੇ ਪੋਤੀਆਂ ਵੱਲੋਂ ਵੀ ਹੱਥ ਚੁੱਕਣ ਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ 40 ਫ਼ੀਸਦੀ ਮਾਪਿਆਂ ਨੂੰ, ਜਵਾਈ ਭਾਈ 20 ਫ਼ੀਸਦੀ ਨੂੰ, ਬੇਟਾ ਬਹੂ ਅਤੇ 20 ਫ਼ੀਸਦੀ ਦੀ ਹੀ ਤੀਜੀ ਪੀੜੀ ਕੁੱਟਮਾਰ ਕਰ ਰਹੀ ਹੈ। ਰਿਪੋਰਟ ਵਿੱਚ ਹੋਰ ਵੀ ਹੈਰਾਨੀਜਨਕ ਹੈਰਾਨ ਕਰਨ ਵਾਲੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਸ਼ਹਿਰਾਂ ਦੇ 69 ਫ਼ੀਸਦੀ ਬਜ਼ੁਰਗ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ। ਰਿਪੋਰਟ ਵਿੱਚ ਦੁੱਖ ਪ੍ਰਗਟ ਕੀਤਾ ਗਿਆ ਹੈ ਕਿ ਬਜ਼ੁਰਗ ਜਿਸ ਸਨਮਾਨ ਦੇ ਹੱਕਦਾਰ ਹਨ, ਉਹ ਸਨਮਾਨ ਸਮਾਜ ਵਿਸ਼ੇਸ਼ ਕਰਕੇ ਆਪਣੇ ਬੱਚਿਆਂ ਵੱਲੋਂ ਨਹੀਂ ਮਿਲ ਰਿਹਾ।
ਸਰਵੇ ਵਿੱਚ ਸਿਰਫ਼ 59 ਫ਼ੀਸਦੀ ਨੇ ਆਪ ਮੰਨਿਆ ਕਿ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਜਦਕਿ 57 ਫ਼ੀਸਦੀ ਕਹਿੰਦੇ ਹਨ ਕਿ ਘਰ ਵਿੱਚ ਇੱਜ਼ਤ ਮਾਣ ਨਹੀਂ ਮਿਲਦਾ। ਹੋਰ 37 ਫ਼ੀਸਦੀ ਨੂੰ ਘਰ ਵਿੱਚ ਨੈਗਲੈਕਟ ਕੀਤੇ ਜਾਣ ਦਾ ਦੁੱਖ ਹੈ। ਸਿਰਫ਼ 24 ਫ਼ੀਸਦੀ ਨੇ ਸਿੱਧੇ ਤੌਰ ਉੱਤੇ ਮੰਨਿਆ ਕਿ ਉਹਨਾਂ ਦੇ ਬੱਚੇ ਸਿਰਫ਼ ਕੁੱਟਮਾਰ ਹੀ ਨਹੀਂ ਕਰਦੇ, ਸਗੋਂ ਗਾਲੀ ਗਲੋਚ ਵੀ ਦਿੰਦੇ ਹਨ। ਇਨ੍ਹਾਂ ਵਿੱਚੋਂ 35 ਫ਼ੀਸਦੀ ਬੇਟਿਆਂ ਸਿਰ, 21 ਫ਼ੀਸਦੀ ਬਹੂਆਂ ਸਿਰ ਅਤੇ 36 ਫ਼ੀਸਦੀ ਹੋਰ ਰਿਸ਼ਤੇਦਾਰਾਂ ਸਿਰ ਇਲਜ਼ਾਮ ਲੱਗਾ ਹੈ।
ਪੈਸੇ ਨੂੰ ਲੈ ਕੇ 24 ਫ਼ੀਸਦੀ ਨਾਲ ਮਾੜਾ ਵਰਤਾਉ ਹੁੰਦਾ ਹੈ ਜਦਕਿ 13 ਫ਼ੀਸਦੀ ਹੋਰ ਵੀ ਬਦਕਿਸਮਤ ਮਾਪਿਆਂ ਦੇ ਥੱਪੜ ਪੈਣ ਦੀ ਨੌਬਤ ਆ ਜਾਂਦੀ ਹੈ। ਇਸ ਤੋਂ ਉੱਪਰ ਦੀ ਤ੍ਰਾਸਦੀ ਇਹ ਹੈ ਕਿ 47 ਫ਼ੀਸਦੀ ਬਜ਼ੁਰਗਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਬੱਚੇ ਉਨ੍ਹਾਂ ਨਾਲ ਬੋਲਚਾਲ ਬੰਦ ਕਰ ਦਿੰਦੇ ਹਨ। ਲਗਭਗ 79 ਫ਼ੀਸਦੀ ਨੂੰ ਹਰਖ ਹੈ ਕਿ ਉਨ੍ਹਾਂ ਦੇ ਬੱਚੇ ਘਰ ਵਿੱਚ ਨਾਲ ਰਹਿਣ ਦੇ ਬਾਵਜੂਦ ਵੀ ਸਮਾਂ ਨਹੀਂ ਦਿੰਦੇ। ਤਸੱਲੀ ਦੀ ਗੱਲ ਇਹ ਹੈ ਕਿ 56 ਫ਼ੀਸਦੀ ਬਜ਼ੁਰਗ ਮੰਨਦੇ ਹਨ ਕਿ ਜੇ ਬੱਚਿਆਂ ਦੀ ਕਾਊਂਸਲਿੰਗ ਹੋਵੇ ਤਾਂ ਉਹ ਸੁਧਰ ਸਕਦੇ ਹਨ। ਇਸਦੇ ਲਈ ਉਨ੍ਹਾਂ ਨੇ ਸਰਕਾਰਾਂ ਨੂੰ ਤਵੱਕੋਂ ਕੀਤੀ ਹੈ।
ਇੱਕ ਵੱਖਰੀ ਤਰ੍ਹਾਂ ਦੀ ਜਾਣਕਾਰੀ ਇਹ ਹੈ ਕਿ 40 ਫ਼ੀਸਦੀ ਬਜ਼ੁਰਗ ਸਮਾਜ ਅਤੇ ਪਰਿਵਾਰ ਦਾ ਹਿੱਸਾ ਬਣੇ ਰਹਿਣਾ ਚਾਹੁੰਦੇ ਹਨ ਅਤੇ ਉਹ ਨਵੀਆਂ ਚੀਜ਼ਾਂ ਸਿੱਖਣ ਦੀ ਇੱਛਾ ਰੱਖਦੇ ਹਨ। ਇੰਨੇ ਫ਼ੀਸਦੀ ਹੀ ਚਾਹੁੰਦੇ ਹਨ ਕਿ ਉਹ ਘਰ ਦੇ ਕੰਮ ਵਿੱਚ ਹੱਥ ਵਟਾਉਣ। ਜਿਨ੍ਹਾਂ ਕੋਲ ਸਮਾਰਟ ਫੋਨ ਹੈ, ਉਨ੍ਹਾਂ ਵਿੱਚੋਂ 30 ਫ਼ੀਸਦੀ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹਨ ਅਤੇ 17 ਫ਼ੀਸਦੀ ਬੈਂਕ ਨਾਲ ਲੈਣ ਦੇਣ ਦੀ ਜਾਚ ਵੀ ਆ ਗਈ ਹੈ।
ਸਾਡੇ ਦੇਸ਼ ਦੀ ਵੱਡੀ ਤ੍ਰਾਸਦੀ ਹੈ ਕਿ 47 ਫ਼ੀਸਦੀ ਬਜ਼ੁਰਗਾਂ ਨੂੰ ਆਰਥਿਕ ਤੌਰ ਉੱਤੇ ਬੱਚਿਆਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਸਿਰਫ਼ 34.4 ਫ਼ੀਸਦੀ ਨੂੰ ਆਪਣੀ ਪੈਨਸ਼ਨ ਜਾਂ ਹੋਰ ਸ੍ਰੋਤਾਂ ਤੋਂ ਆਮਦਨ ਹੋ ਰਹੀ ਹੈ। ਇੱਕ ਹੋਰ ਤਸੱਲੀ ਦੀ ਗੱਲ ਇਹ ਹੈ ਕਿ 52 ਫ਼ੀਸਦੀ ਬਜ਼ੁਰਗ ਇਹ ਵੀ ਗੱਲ ਮੰਨਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਜਿੰਨਾ ਵੀ ਪਿਆਰ ਦਿੰਦੇ ਹਨ ਅਤੇ ਦੇਖਭਾਲ ਕਰਦੇ ਹਨ, ਉਹ ਉਹਦੇ ਵਿੱਚ ਹੀ ਸੰਤੁਸ਼ਟ ਹਨ। ਹੋਰ 43 ਫ਼ੀਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਜ਼ਿੰਦਗੀ ਆਪਣੇ ਢੰਗ ਨਾਲ ਜੀਣ ਲਈ ਪ੍ਰੇਰਿਤ ਕਰਦੇ ਹਨ। ਸਿਰਫ਼ 14 ਫ਼ੀਸਦੀ ਅਜਿਹੇ ਹਨ ਜਿਨ੍ਹਾਂ ਦੇ ਬੱਚੇ ਖੁਸ਼ੀ ਨਾਲ ਆਪਣੇ ਮਾਂ-ਬਾਪ ਦਾ ਮੈਡੀਕਲ ਖਰਚਾ ਚੁੱਕਣ ਲਈ ਤਿਆਰ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 67 ਫ਼ੀਸਦੀ ਬਜ਼ੁਰਗਾਂ ਕੋਲ ਸਿਹਤ ਬੀਮਾ ਨਹੀਂ ਹੈ। ਸਿਰਫ਼ 13 ਫ਼ੀਸਦੀ ਅਜਿਹੇ ਬਜ਼ੁਰਗ ਹਨ ਜਿਹੜੇ ਸਰਕਾਰ ਵੱਲ਼ੋਂ ਮੈਡੀਕਲ ਦੀ ਸਹੂਲਤ ਲੈ ਰਹੇ ਹਨ। ਜਿਹੜੇ ਬਜ਼ੁਰਗਾਂ ਕੋਲ ਸਿਹਤ ਬੀਮਾ ਯੋਜਨਾ ਹੈ, ਉਹ ਕੰਪਨੀਆਂ ਤੋਂ ਖੁਸ਼ ਨਹੀਂ ਹਨ।
ਸਰਵੇ ਦੌਰਾਨ ਜਿਨ੍ਹਾਂ ਸ਼ਹਿਰਾਂ ਦੇ ਪਰਿਵਾਰਾਂ ਜਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ, ਉਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦਾ ਅਮਰਾਵਤੀ, ਪੰਜਾਬ ਅਤੇ ਹਰਿਆਣਾ ਦਾ ਚੰਡੀਗੜ੍ਹ, ਅਸਾਮ ਦਾ ਡਿਸਪੁਰ, ਤੇਲੰਗਾਨਾ ਦਾ ਹੈਦਰਾਬਾਦ, ਗੁਜਰਾਤ ਦਾ ਗਾਂਧੀਨਗਰ, ਗੋਆ ਦਾ ਪਾਨਾਜੀ, ਕੇਰਲ ਦਾ ਚਿਰਵੰਤਪੁਰਮ, ਬਿਹਾਰ ਦਾ ਪਟਨਾ, ਮਹਾਰਾਸ਼ਟਰ ਦਾ ਮੁੰਬਈ, ਝਾਰਖੰਡ ਦਾ ਰਾਂਚੀ, ਉੱਤਰਾਖੰਡ ਦਾ ਦੇਹਰਾਦੂਨ, ਤਾਮਿਲਨਾਡੂ ਦਾ ਚੇਨੱਈ, ਵੈਸਟ ਬੰਗਾਲ ਦਾ ਕੋਲਕਾਤਾ, ਛੱਤੀਸਗੜ੍ਹ ਦਾ ਰਾਏਪੁਰ, ਕਰਨਾਟਕਾ ਦਾ ਬੰਗਲੁਰੂ, ਰਾਜਸਥਾਨ ਦਾ ਜੈਪੁਰ, ਉੱਤਰ ਪ੍ਰਦੇਸ਼ ਦਾ ਲਖਨਊ, ਹਿਮਾਚਲ ਪ੍ਰਦੇਸ਼ ਦਾ ਸ਼ਿਮਲਾ, ਮੱਧ ਪ੍ਰਦੇਸ਼ ਦਾ ਭੁਪਾਲ, ਉੜੀਸਾ ਦਾ ਭੁਬਨੇਸ਼ਵਰ ਅਤੇ ਲੇਹ ਲੱਦਾਖ ਸਮੇਤ ਦਿੱਲੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਦੇ 220 ਪਰਿਵਾਰਾਂ ਨੂੰ ਸਰਵੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ 12 ਹਜ਼ਾਰ ਦੇ ਕਰੀਬ ਲੋਕਾਂ ਨਾਲ ਗੱਲ ਕੀਤੀ ਗਈ ਹੈ।
ਬਿਨਾਂ ਸ਼ੱਕ ਬਦਲਦੇ ਤੇਜ਼ ਰਫ਼ਤਾਰ ਯੁੱਗ ਵਿੱਚ ਬਜ਼ੁਰਗਾਂ ਦੀ ਅਣਦੇਖੀ ਹੋ ਰਹੀ ਹੈ। ਪੱਛਣ ਦੇ ਪ੍ਰਭਾਵ ਹੇਠ ਨਵੀਂ ਅਤੇ ਪੁਰਾਣੀ ਪੀੜੀ ਵਿੱਚ ਪਾੜਾ ਵਧਿਆ ਹੈ। ਨਵੀਂ ਪੀੜੀ ਆਪਣੀ ਜ਼ਿੰਦਗੀ ਆਪਣੀ ਆਜ਼ਾਦੀ ਨਾਲ ਜਿਊਣਾ ਮੰਗਣ ਲੱਗੀ ਹੈ। ਦੂਜਾ ਪੱਖ ਇਹ ਵੀ ਹੈ ਕਿ ਘਰਾਂ ਤੋਂ ਦੂਰ ਅਤੇ ਕਾਰਪੋਰੇਟ ਕੰਪਨੀਆਂ ਵਿੱਚ ਦਿਨ ਰਾਤ ਦੀਆਂ ਨੌਕਰੀਆਂ ਮਿਲਣ ਕਰਕੇ ਕਈ ਬੱਚਿਆਂ ਕੋਲ ਚਾਹ ਕੇ ਵੀ ਸਮਾਂ ਨਹੀਂ ਦੇ ਪਾ ਰਹੇ। ਦੂਜੇ ਪਾਸੇ ਕਈ ਸਾਰੇ ਬਜ਼ੁਰਗ ਵੀ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਣਾ ਨਹੀਂ ਚਾਹੁੰਦੇ।
ਲੋੜ ਤਾਂ ਵੱਡਿਆਂ ਅਤੇ ਬੱਚਿਆਂ ਨੂੰ ਸਮੇਂ ਅਨੁਸਾਰ ਢਾਲਣ, ਇੱਕ ਦੂਜੇ ਨੂੰ ਸਮਝਣ ਅਤੇ ਸਾਥ ਦੇਣ ਦੀ ਹੈ। ਵੱਡੀ ਉਮਰ ਵਿੱਚ ਬਜ਼ੁਰਗਾਂ ਦੀ ਤਮਾ ਵਧੇਰੇ ਵੱਧ ਜਾਂਦੀ ਹੈ ਅਤੇ ਬੱਚੇ ਇਹ ਸਮਝਣ ਲਈ ਤਿਆਰ ਨਹੀਂ। ਮਾਪਿਆਂ ਵੱਲੋਂ ਕੀਤੀ ਚਿੰਤਾ ਉਨ੍ਹਾਂ ਨੂੰ ਆਜ਼ਾਦੀ ਵਿੱਚ ਬੇਲੋੜਾ ਦਖਲ ਲੱਗਣ ਲੱਗ ਪੈਂਦੀ ਹੈ। ਜੇ ਕਿਤੇ ਅਸੀਂ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਦੀਆਂ ਨਿੱਕੀਆਂ ਪ੍ਰਾਪਤੀਆਂ ਨੂੰ ਵੱਡੀਆਂ ਕਰਕੇ ਮਨਾਉਣੀਆਂ ਸਿੱਖ ਲਈਏ ਤਾਂ ਅੱਧੀਆਂ ਤੋਂ ਵੱਧ ਸਮੱਸਿਆਵਾਂ ਦਾ ਹੱਲ ਆਪਣੇ ਆਪ ਨਿਕਲ ਆਵੇ।
ਇਹ ਵੀ ਆਮ ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਦੀਆਂ ਆਦਤਾਂ ਬੱਚਿਆਂ ਵਰਗੀਆਂ ਹੋ ਜਾਂਦੀਆਂ ਹਨ। ਤਦ ਹੀ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਪੰਜ ਸਾਲਾਂ ਦਾ ਬੱਚਾ ਮਾਂ-ਬਾਪ ਤੋਂ ਪਿਆਰ ਦੀ ਉਮੀਦ ਰੱਖਦਾ ਹੈ, ਉਸੇ ਤਰ੍ਹਾਂ 60 ਸਾਲ ਤੋਂ ਉੱਪਰ ਦੇ ਮਾਂ-ਬਾਪ ਬੱਚੇ ਤੋਂ ਪਿਆਰ ਅਤੇ ਸਾਂਭ ਸੰਭਾਲ ਦੀ ਉਮੀਦ ਰੱਖਦੇ ਹਨ। ਬਜ਼ੁਰਗਾਂ ਦੇ ਕੰਬਦੇ ਹੱਥਾਂ ਵਿੱਚ ਭਾਵੇਂ ਜਾਨ ਬਹੁਤ ਘੱਟ ਹੁੰਦੀ ਹੈ ਪਰ ਇਹ ਹੱਥ ਜਿਸ ਨੂੰ ਦਿਲੋਂ ਅਸ਼ੀਰਵਾਦ ਦੇ ਦੇਣ, ਉਸਦੀ ਕਿਸਮਤ ਸਦਾ ਲਈ ਸੁਆਰ ਦਿੰਦੇ ਹਨ।
ਬਜ਼ੁਰਗ ਮਜ਼ਬੂਰੀ ਵੱਸ ਹੀ ਸਹੀਂ, ਬਦਲ ਵਜੋਂ ਬਿਰਧ ਆਸ਼ਰਮ ਵਿੱਚ ਸਹਾਰਾ ਤਾਂ ਲੱਭਣ ਲੱਗੇ ਹਨ ਪਰ ਘਰ ਵਾਲਾ ਪਿਆਰ ਇੱਥੇ ਵੀ ਨਸੀਬ ਨਹੀਂ ਹੁੰਦਾ। ਹਾਂ, ਦੂਜਿਆਂ ਨਾਲ ਦੁੱਖ-ਸੁੱਖ ਵੰਡਾ ਕੇ ਜ਼ਿੰਦਗੀ ਗੁਜ਼ਾਰਨ ਦਾ ਸਬੱਬ ਜ਼ਰੂਰ ਬਣ ਜਾਂਦਾ ਹੈ।