‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਜੰਗਲਾਤ ਸਰਵੇਖਣ ਤੋਂ ਮਨੁੱਖਤਾ ਨੂੰ ਹਲੂਣ ਕੇ ਰੱਖ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਜੰਗਲਾਤ ਹੇਠਲਾ ਰਕਬਾ ਸਭ ਤੋਂ ਘੱਟ ਹੈ। ਪੰਜਾਬ ਵਿੱਚੋਂ 456 ਵਰਗ ਕਿਲੋਮੀਟਰ ਤੱਕ ਜੰਗਲਾਤ ਏਰੀਆ ਖੁਰ ਗਿਆ ਹੈ ਜਦਕਿ ਹਰਿਆਣਾ ਵਿੱਚੋਂ 139 ਵਰਗ ਕਿਲੋਮੀਟਰ ਅਤੇ ਹਿਮਾਚਲ ਵਿੱਚੋਂ 145 ਵਰਗ ਕਿਲੋਮੀਟਰ ਘਟਿਆ ਹੈ। ਲੋਕ ਸਭਾ ਵਿੱਚ ਪੇਸ਼ ਰਿਪੋਰਟ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਹੋਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੰਜਾਬ ਦਾ ਭੂਗੋਲਿਕ ਖੇਤਰਫਲ 50,362 ਵਰਗ ਕਿਲੋਮੀਟਰ ਹੈ, ਜਿਸ ਵਿੱਚੋਂ 2,985 ਵਰਗ ਕਿਲੋਮੀਟਰ ਜੰਗਲਾਂ ਅਤੇ ਰੁੱਖਾਂ ਨਾਲ ਢੱਕਿਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦਾ ਖੇਤਰਫਲ ਕ੍ਰਮਵਾਰ 55,673 ਵਰਗ ਕਿਲੋਮੀਟਰ ਅਤੇ 44,212 ਵਰਗ ਕਿਲੋਮੀਟਰ ਹੈ, ਜਿਸ ਵਿੱਚੋਂ ਜੰਗਲ ਅਤੇ ਰੁੱਖਾਂ ਦਾ ਘੇਰਾ ਕ੍ਰਮਵਾਰ 16,118 ਵਰਗ ਕਿਲੋਮੀਟਰ ਅਤੇ 3,028 ਵਰਗ ਕਿਲੋਮੀਟਰ ਹੈ। ਅੰਬਾਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਵੱਲੋਂ ਸਦਨ ਵਿੱਚ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਕੁਝ ਰਾਜਾਂ ਵਿੱਚ ਜੰਗਲਾਤ ਦੇ ਘੇਰੇ ਵਿੱਚ ਵਾਧਾ ਹੋਇਆ ਹੈ ਜਦੋਂ ਕਿ ਕੁਝ ਰਾਜਾਂ ਨੇ ਆਈਐਸਐਫਆਰ ਦੇ ਮੁਕਾਬਲੇ ਜੰਗਲਾਤ ਕਵਰ ਵਿੱਚ ਵਾਧਾ ਕੀਤਾ ਹੈ।
ਭਾਰਤ ਦਾ ਕੁੱਲ ਖੇਤਰਫਲ 32,87,469 ਵਰਗ ਕਿਲੋਮੀਟਰ ਹੈ, ਜਿਸ ਵਿੱਚੋਂ ਜੰਗਲ ਅਤੇ ਰੁੱਖਾਂ ਦਾ ਖੇਤਰਫਲ 8,09,537 ਵਰਗ ਕਿਲੋਮੀਟਰ ਹੈ। ਕੁੱਲ ਮਿਲਾ ਕੇ, ਦੇਸ਼ ਭਰ ਵਿੱਚ ਹਰਿਆਵਲ ਵਿੱਚ 2,261 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ।16 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਕਵਰ ਵਿੱਚ ਗਿਰਾਵਟ ਦੇਖੀ ਗਈ ਹੈ। ਜੰਗਲਾਤ ਦੇ ਨੁਕਸਾਨ ਦਾ ਕਾਰਨ ਵਿਕਾਸ ਦੀਆਂ ਗਤੀਵਿਧੀਆਂ, ਜੰਗਲਾਂ ਦੀ ਕਟਾਈ, ਜੈਵਿਕ ਤਣਾਅ ਅਤੇ ਸ਼ਹਿਰੀਕਰਨ, ਬਹੁਤ ਜ਼ਿਆਦਾ ਸ਼ੋਸ਼ਣ, ਕਬਜ਼ੇ ਅਤੇ ਹੋਰ ਉਦੇਸ਼ਾਂ ਵਰਗੇ ਵੱਖ-ਵੱਖ ਕਾਰਕਾਂ ਨੂੰ ਮੰਨਿਆ ਗਿਆ ਹੈ।
ਇੱਕ ਹੋਰ ਜਾਣਕਾਰੀ ਅਨੁਸਾਰ ਕਿਸੇ ਵੇਲੇ ਪੰਜਾਬ ਵਿੱਚ ਜੰਗਲਾਤ ਹੇਠਲਾ ਰਕਬਾ 30 ਫ਼ੀਸਦੀ ਤੋਂ ਵੱਧ ਸੀ ਜਿਹੜਾ ਕਿ ਹੁਣ ਘੱਟ ਕੇ 3.87 ਫ਼ੀਸਦੀ ਰਹਿ ਗਿਆ ਹੈ। ਇਹੋ ਵਜ੍ਹਾ ਹੈ ਕਿ ਸਰਕਾਰ ਵੱਲੋਂ ਮੱਤੇਵਾੜਾ ਦੇ ਜੰਗਲਾਂ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦੇ ਪ੍ਰਸਤਾਵ ਦਾ ਵੱਡਾ ਵਿਰੋਧ ਹੋਇਆ ਹੈ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪੈ ਗਿਆ ਸੀ। ਪੰਜਾਬ ਦੇ ਇੱਕ ਹੋਰ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਵਿਰੁੱਧ ਵੀ ਰੁੱਖ ਵੇਚ ਕੇ ਪੈਸਾ ਖਾ ਜਾਣ ਦੇ ਕਥਿਤ ਦੋਸ਼ਾਂ ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ ਅਤੇ ਉਹ ਅਦਾਲਤ ਦੀ ਸ਼ਰਨ ਵਿੱਚ ਜਾ ਪੁੱਜੇ ਹਨ।