– ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ :- ਪੰਜਾਬੀਆਂ ਦਾ ਵਿਦੇਸ਼ ਜਾਣਾ ਮਜ਼ਬੂਰੀ ਹੈ, ਨਾ ਸ਼ੌਂਕ, ਨਾ ਫੈਸ਼ਨ, ਨਾ ਹੋੜ। ਕੋਈ ਵਿਦੇਸ਼ਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਜਾਂਦਾ ਹੈ, ਕੋਈ ਹਾਰ ਹੰਭ ਕੇ ਪੱਕੇ ਹੋਣ ਲਈ। ਪੜਾਈ ਦੇ ਬਹਾਨੇ ਵਿਦੇਸ਼ ਨੂੰ ਉਡਾਣ ਭਰਨ ਵਾਲਿਆਂ ਦੀਆਂ ਤਾਂ ਲੰਮੀਆਂ ਕਤਾਰਾਂ ਲੱਗੀਆਂ ਪਈਆਂ ਹਨ। ਇੱਕ ਸੱਚ ਇਹ ਵੀ ਕਿ ਬਹਾਨਾ ਰੁਜ਼ਗਾਰ ਬਣੇ ਜਾਂ ਪੜਾਈ, ਅਸਲ ਮਕਸਦ ਤਾਂ ਉੱਥੇ ਜਾ ਕੇ ਪੱਕੇ ਹੋਣਾ ਹੁੰਦਾ ਹੈ। ਉਂਝ ਉੱਚ ਪੜਾਈ ਹਾਸਿਲ ਕਰਕੇ ਆਪਣੇ ਮੁਲਕ ਆ ਵੱਸਣ ਵਾਲੇ ਤਾਂ ਵਿਰਲੇ ਟਾਂਵੇ ਹੋਣਗੇ। ਇਨ੍ਹਾਂ ਵਿਰਲੇ ਟਾਂਵਿਆਂ ਵਿੱਚੋਂ ਮੂਹਰਲੀ ਕਤਾਰ ਵਿੱਚ ਨਾਂ ਆਉਂਦਾ ਹੈ ਯੂਕਰੇਨ ਦਾ, ਜਿੱਥੇ ਵੱਡੀ ਗਿਣਤੀ ਵਿਦਿਆਰਥੀ ਸੱਚਮੁੱਚ ਹੀ ਡਾਕਟਰੀ ਦੀ ਪੜਾਈ ਕਰਨ ਵਾਸਤੇ ਜਾਂਦੇ ਹਨ। ਅਸਲ ਵਿੱਚ ਡਾਕਟਰੀ ਦੀ ਪੜਾਈ ਕਰਨ ਲਈ ਬਾਹਰਲੇ ਦੇਸ਼ਾਂ ਵਿੱਚੋਂ ਇਸ ਤੋਂ ਵਧੀਆ ਹੋਰ ਕੋਈ ਟਿਕਾਣਾ ਹੈ ਵੀ ਨਹੀਂ।
ਉਂਝ ਜਿਵੇਂ ਪੰਜਾਬੀ ਨੌਜਵਾਨ ਆਪਣਾ ਮੁਲਕ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਿਹਾ ਹੈ, ਇਹ ਗੱਲ ਫਿਕਰਮੰਦੀ ਦੀ ਹੈ। ਪੰਜਾਬ ਦੀਆਂ ਸੱਥਾਂ, ਪੰਚਾਇਤਾਂ ਅਤੇ ਇਕੱਠਾਂ ਤੋਂ ਅੱਗੇ ਜਾ ਕੇ ਕਿਸਾਨ ਅੰਦੋਲਨ ਵਿੱਚ ਵੀ ਇਸ ‘ਤੇ ਚਿੰਤਾ ਜਾਹਿਰ ਕੀਤੀ ਜਾਂਦੀ ਰਹੀ ਪਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ ਮੁੱਦਾ ਮਨਫ਼ੀ ਹੋ ਕੇ ਰਹਿ ਗਿਆ। ਰੂਸ ਦੇ ਬੰਬਾਂ ਦੇ ਸਾਏ ਹੇਠ ਯੂਕਰੇਨ ਦੀ ਧਰਤੀ ‘ਤੇ ਤਰਾਹ-ਤਰਾਹ ਕਰਕੇ ਦਿਨ ਕੱਟੀ ਕਰਦੇ ਨੌਜਵਾਨਾਂ ਦੀ ਚਰਚਾ ਹਰ ਜ਼ੁਬਾਨ ‘ਤੇ ਹੈ। ਪਰ ਜੇ ਕੋਈ ਚੁੱਪ ਹੈ ਤਾਂ ਚੋਣਾਂ ਵਿੱਚ ਨਿੱਤਰੇ ਉਮੀਦਵਾਰ।
ਅੰਕੜੇ ਦੱਸਦੇ ਹਨ ਕਿ ਯੂਕਰੇਨ ਵਿੱਚ ਮੈਡੀਕਲ ਦੀ ਪੜਾਈ ਲਈ ਹਰ ਸਾਲ ਭਾਰਤੀ ਜਨਤਾ ਦੇ ਖੀਸੇ ਵਿੱਚੋਂ ਇੱਕ ਹਜ਼ਾਰ ਕਰੋੜ ਰੁਪਏ ਯੂਕਰੇਨ ਦੇ ਬੈਂਕਾਂ ਕੋਲ ਜਮ੍ਹਾਂ ਹੋ ਰਹੇ ਹਨ। ਯੂਕਰੇਨ ਉਨ੍ਹਾਂ ਚੋਣਵੇਂ ਮੁਲਕਾਂ ਵਿੱਚੋਂ ਇੱਕ ਹੈ, ਜਿੱਥੋਂ ਐੱਮਬੀਬੀਐੱਸ ਦੀ ਡਿਗਰੀ ਲੈਣ ਨਾਲ ਇੱਕ ਭਾਰਤ ਦੀ ਡਾਕਟਰੀ ਦੀ ਡਿਗਰੀ ਦੇ ਬਰਾਬਰ ਮੁੱਲ ਪੈਂਦਾ ਹੈ। ਬਸ ਲੋੜ ਹੁੰਦੀ ਹੈ ਤਾਂ ਇੱਕ ਸਾਂਝਾ ਟੈਸਟ ਪਾਸ ਕਰਨ ਦੀ। ਜੇ ਪੰਜਾਬ ਵਿੱਚ ਬੱਚਿਆਂ ਨੂੰ ਡਾਕਟਰੀ ਦੀ ਪੜਾਈ ਕਰਨ ਦਾ ਢੁੱਕਵਾਂ ਮੌਕਾ ਮਿਲਦਾ ਹੁੰਦਾ ਤਾਂ ਉਹ ਯੂਕਰੇਨ ਨਾ ਭੱਜਦੇ। ਜੇ ਪੰਜਾਬ ਦੇ ਨੌਜਵਾਨਾਂ ਨੂੰ ਘਰ ਹੀ ਰੁਜ਼ਗਾਰ ਮਿਲੇ ਤਾਂ ਉਹ ਜ਼ਮੀਨਾਂ ਵੇਚ ਵਿਦੇਸ਼ ਨੂੰ ਉਡਾਣਾਂ ਕਿਉਂ ਭਰਨ। ਤੇ ਜੇ ਇੱਧਰ ਰੌਸ਼ਨ ਭਵਿੱਖ ਨਜ਼ਰੀ ਪੈਂਦਾ ਹੋਵੇ ਤਾਂ ਮਾਂਵਾਂ ਭੈਣਾਂ ਦੇ ਗਹਿਣੇ ਗਿਰਵੀ ਰੱਖ ਕੇ ਏਜੰਟਾਂ ਦੇ ਘਰ ਕਿਉਂ ਭਰਨ। ਅੰਕੜੇ ਦੱਸਦੇ ਹਨ ਕਿ ਭਾਰਤੀ ਭਰ ਦੇ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀਆਂ ਸਿਰਫ਼ 90 ਹਜ਼ਾਰ ਸੀਟਾਂ ਹਨ। ਇਹਦੇ ਲਈ ਹਰ ਸਾਲ ਅੱਠ ਲੱਖ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਗੌਰਮੈਂਟ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਸੀਟਾਂ ਦੀ ਸੰਖਿਆ 55 ਹਜ਼ਾਰ ਹੈ। ਇਹਦੇ ਵਿੱਚੋਂ ਵੀ 65 ਫ਼ੀਸਦੀ ਰਾਖਵੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀਆਂ ਕੁੱਲ 1280 ਸੀਟਾਂ ਹਨ। ਇਨ੍ਹਾਂ ਵਿੱਚੋਂ ਵੀ ਤਿੰਨ ਸਰਕਾਰੀ ਕਾਲਜਾਂ ਦੀਆਂ ਸੀਟਾਂ ਦੀ ਗਿਣਤੀ ਸਿਰਫ਼ 675 ਹੈ। ਕੁੱਲ਼ ਮਿਲਾ ਕੇ ਮੁਲਕ ਭਰ ਦੇ ਜਨਰਲ ਵਰਗ ਦੇ ਵਿਦਿਆਰਥੀ 35 ਫ਼ੀਸਦੀ ਸੀਟਾਂ ਦੇ ਲਈ ਭਿੜਦੇ ਹਨ। ਭਾਰਤ ਦੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀ ਡਿਗਰੀ 80 ਲੱਖ ਤੋਂ ਡੇਢ ਕਰੋੜ ਨੂੰ ਪੈਂਦੀ ਹੈ ਜਦਕਿ ਯੂਕਰੇਨ ਵਿੱਚ 35 ਲੱਖ ਨਾਲ ਸਰ ਜਾਂਦਾ ਹੈ। ਯੂਕਰੇਨ ਵਿੱਚ 35 ਮੈਡੀਕਲ ਯੂਨੀਵਰਸਿਟੀਆਂ ਹਨ ਜਿਨ੍ਹਾਂ ਵਿੱਚੋਂ ਅੱਠ ਨੂੰ ਟਾੱਪ ‘ਤੇ ਮੰਨਿਆ ਜਾ ਰਿਹਾ ਹੈ। ਭਾਰਤ ਵਿੱਚੋਂ 18 ਹਜ਼ਾਰ 95 ਬੱਚੇ ਇਸ ਵੇਲੇ ਯੂਕਰੇਨ ਵਿੱਚ ਡਾਕਟਰੀ ਦੀ ਪੜਾਈ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਦੋ ਹਜ਼ਾਰ ਤੋਂ ਵੱਧ ਦਾ ਸਬੰਧ ਟਰਾਈਸਿਟੀ ਨਾਲ ਹੈ। ਇਨ੍ਹਾਂ ਵਿੱਚ ਰੁਜ਼ਗਾਰ, ਕਾਰੋਬਾਰ ਦੇ ਸਿਰ ‘ਤੇ ਉੱਥੇ ਸੈਟਲ ਹੋਏ ਪੰਜਾਬੀਆਂ ਦੀ ਗਿਣਤੀ ਸ਼ਾਮਿਲ ਨਹੀਂ ਹੈ।
ਬਿਊਰੋ ਆਫ਼ ਇਨਵੈਸਟੀਗੇਸ਼ ਦੇ ਅੰਕੜੇ ਹੋਰ ਫਿਕਰਾਂ ਵਿੱਚ ਪਾ ਰਹੇ ਹਨ। ਪਹਿਲੀ ਜਨਵਰੀ 2016 ਤੋਂ 2021 ਤੱਕ ਪੰਜਾਬ ਵਿੱਚੋਂ ਸਵਾ ਪੰਜ ਲੱਖ ਲੋਕ ਵਿਦੇਸ਼ ਗਏ ਹਨ। ਇਨ੍ਹਾਂ ਵਿੱਚੋਂ ਪੌਣੇ ਪੰਜ ਲੱਖ ਨੂੰ ਰੁਜ਼ਗਾਰ ਦੀ ਭਾਲ ਸੀ। ਇਹਦਾ ਮਤਲਬ ਇਹ ਹੋਇਆ ਕਿ ਇਨ੍ਹਾਂ ਸਾਲਾਂ ਦੌਰਾਨ ਪੰਜਾਬ ਵਿੱਚੋਂ ਹਰ ਮਹੀਨੇ ਪੌਣੇ ਅੱਠ ਹਜ਼ਾਰ ਪੰਜਾਬੀਆਂ ਨੇ ਰੁਜ਼ਗਾਰ ਲ਼ਈ ਵਿਦੇਸ਼ ਨੂੰ ਉਡਾਣ ਭਰੀ ਹੈ। ਹੋਰ ਸਰਲ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਹਰ ਰੋਜ਼ ਪੰਜਾਬ ਵਿੱਚੋਂ ਢਾਈ ਸੌ ਵਿਅਕਤੀ ਵਿਦੇਸ਼ ਜਾ ਰਿਹਾ ਹੈ। ਭਾਰਤ ਦੀ ਗੱਲ ਕਰੀਏ ਤਾਂ ਪਿਛਲੇ ਪੰਜ ਸਾਲਾਂ ਦੌਰਾਨ ਇੱਕ ਕਰੋੜ 37 ਲੱਖ ਭਾਰਤੀਆਂ ਨੇ ਮੁਲਕ ਛੱਡਿਆ ਹੈ। ਗੁਆਂਢੀ ਸੂਬੇ ਹਰਿਆਣਾ ਵਿੱਚੋਂ ਇਸ ਸਮੇਂ ਦੌਰਾਨ ਸਿਰਫ਼ 31 ਹਜ਼ਾਰ 482 ਹੀ ਵਿਦੇਸ਼ ਗਏ ਜਦਕਿ ਦਿੱਲੀ ਤੋਂ ਰੁਜ਼ਗਾਰ ਲਈ ਬਾਹਰ ਜਾਣ ਵਾਲੇ ਲੋਕਾਂ ਦੀ ਗਿਣਤੀ ਦੋ ਲੱਖ ਦੇ ਕਰੀਬ ਦੱਸੀ ਜਾਂਦੀ ਹੈ।
ਯੂਕਰੇਨ ‘ਤੇ ਰੂਸ ਦਾ ਹਮਲਾ ਚਾਹੇ ਸਾਡਾ ਇਸ ਹੱਥਲੇ ਲੇਖ ਦਾ ਵਿਸ਼ਾ ਨਹੀਂ ਪਰ ਇੱਕ ਵਾਕ ਵਿੱਚ ਗੱਲ ਮੁਕਾਉਣੀ ਹੋਵੇ ਤਾਂ ਇਹ ਕਿ ਇਹ ਵਿਸ਼ਵ ਦੀਆਂ ਦੋ ਵੱਡੀਆਂ ਤਾਕਤਾਂ ਦਾ ਭੇੜ ਹੈ। ਰੂਸ ਲਈ ਵੀ ਯੂਕਰੇਨ ਨਾਲ ਜੰਗ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ। ਅੰਕੜੇ ਦੱਸਦੇ ਹਨ ਕਿ ਰੂਸ ਨੇ ਪਿਛਲੇ ਚਾਰ ਦਿਨਾਂ ਦੌਰਾਨ ਜਦੋਂ ਤੋਂ ਜੰਗ ਸ਼ੁਰੂ ਹੋਈ ਹੈ, ਪੰਜ ਲੱਖ ਕਰੋੜ ਦਾ ਵਿੱਤੀ ਰਗੜਾ ਖਾਧਾ ਹੈ। ਰੂਸ ਦੀ ਕਰੰਸੀ ਰੂਬਲ ਵਿੱਚ 30 ਫ਼ੀਸਦੀ ਗਿਰਾਵਟ ਆਈ ਹੈ ਜਦਕਿ ਸ਼ੇਅਰ ਬਾਜ਼ਾਰ 40 ਫ਼ੀਸਦੀ ਹੇਠਾਂ ਡਿੱਗਿਆ ਹੈ। ਯੂਰਪ ਦੇ ਸਾਰੇ ਬੈਂਕਾਂ ਨੇ ਰੂਸ ਲਈ ਕੰਮ ਕਰਨਾ ਬੰਦ ਕਰ ਦਿੱਤਾ ਹੈ। ਨਾਟੋ ਦੇ ਮੈਂਬਰ ਮੁਲਕ ਰੂਸ ਉੱਤੇ ਪਾਬੰਦੀਆਂ ਲਾ ਚੁੱਕੇ ਹਨ। ਰੂਸ ਦੇ ਕੇਂਦਰੀ ਬੈਂਕ ਉੱਤੇ ਬੈਨ ਲਗਾਉਣ ਨਾਲ ਕਰੀਬ 630 ਅਰਬ ਡਾਲਰ ਦੀ ਵਿਦੇਸ਼ੀ ਕਰੰਸੀ ਨੂੰ ਹੱਥ ਪਾਉਣ ‘ਤੇ ਮਨਾਹੀ ਹੋ ਗਈ ਹੈ। ਰੂਸ ਆਪਣੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ਼ ਸੜਕਾਂ ‘ਤੇ ਆ ਗਿਆ ਹੈ। ਉੱਥੋਂ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਨੇ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਲੜਾਈ ਨਾਲ ਰੂਸ ਨੂੰ ਵੱਡਾ ਧੱਕਾ ਲੱਗਾ ਹੈ। ਰੂਸ ਦੀ ਹਵਾਈ ਕੰਪਨੀ ਐੱਸ 7 ਦੇ ਡਾਇਰੈਕਟਰ ਕੰਗਾਲੀ ਗਲ ਪੈਣ ਤੋਂ ਡਰਨ ਲੱਗੇ ਹਨ।
ਯੂਕਰੇਨ ਵਿੱਚ ਫਸੇ ਬੱਚਿਆਂ ਦਾ ਭਵਿੱਖ ਅੱਗੇ ਹਾਲ ਦੀ ਘੜੀ ਹਨੇਰਾ ਛਾ ਗਿਆ ਹੈ। ਉਨ੍ਹਾਂ ਦੇ ਮਾਪਿਆਂ ਦੇ ਘਰੀਂ ਚੁੱਲ੍ਹੇ ਨਹੀਂ ਬਲ ਰਹੇ। ਯੂਕਰੇਨ ਦੀ ਫ਼ੌਜ ਵੱਲੋਂ ਉੱਥੇ ਫਸੇ ਬੱਚਿਆਂ ਦੀ ਕੁੱਟਮਾਰ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਜੰਗ ਕਾਰਨ ਬੱਚੇ ਆਪਣੀ ਡਾਕਟਰੀ ਦੀ ਡਿਗਰੀ ਪੂਰੀ ਕਰ ਸਕਣਗੇ ਕਿ ਨਹੀਂ, ਹਾਲ ਦੀ ਘੜੀ ਇਹ ਸਮਾਜ ਅੱਗੇ ਵੱਡਾ ਸਵਾਲ ਬਣ ਖੜਿਆ ਹੈ ਪਰ ਮਾਪਿਆਂ ਦੇ ਦੋਵੇਂ ਹੱਥ ਤਾਂ ਬੱਚਿਆਂ ਦੀ ਸਲਾਮਤੀ ਵਾਪਸੀ ਲਈ ਜੁੜੇ ਹੋਏ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਇੰਚਾਰਜ ਅਤੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਮੈਡੀਕਲ ਅਤੇ ਹੋਰ ਸਿੱਖਿਆ ਮਹਿੰਗੀ ਹੋਣ ਕਾਰਨ ਵਿਦਿਆਰਥੀ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ। ਇਸ ਬਾਰੇ ਕੇਂਦਰ ਸਣੇ ਸਾਰੀਆਂ ਸੂਬਾ ਸਰਕਾਰਾਂ ਨੂੰ ਗੰਭੀਰਤਾ ਨਾਲ ਸੋਚਣਾ ਅਤੇ ਨੀਤੀਗਤ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੰਗ ਦੀ ਮਾਰ ਥੱਲੇ ਆਏ ਯੂਕਰੇਨ ’ਚ ਅੱਜ ਹਜ਼ਾਰਾਂ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਇਸ ਲਈ ਪੰਜਾਬ, ਹਰਿਆਣਾ ਸਮੇਤ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਕਦੇ ਇਸ ਤੱਥ ’ਤੇ ਧਿਆਨ ਨਹੀਂ ਦਿੱਤਾ। ਮਾਨ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਹਾਸ਼ੀਏ ’ਤੇ ਸੁੱਟ ਰੱਖਿਆ ਹੈ। ਆਜ਼ਾਦੀ ਤੋਂ ਬਾਅਦ ਬਣੀਆਂ ਯੋਜਨਾਵਾਂ ਮੁਤਾਬਕ ਜ਼ਿਲ੍ਹਾ ਪੱਧਰ ’ਤੇ ਸਰਕਾਰੀ ਮੈਡੀਕਲ ਕਾਲਜ ਖੋਲ੍ਹਣਾ ਤਾਂ ਦੂਰ, 1966 ਤੋਂ ਬਾਅਦ ਪੰਜਾਬ ਦੇ ਪਟਿਆਲਾ, ਫ਼ਰੀਦਕੋਟ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ’ਚ ਐੱਮਬੀਬੀਐੱਸ ਅਤੇ ਐੱਮਡੀ, ਐੱਮਐੱਸ ਦੀਆਂ ਸੀਟਾਂ ’ਚ ਮਾਮੂਲੀ ਵਾਧਾ ਕੀਤਾ ਗਿਆ ਹੈ। ਮੁਹਾਲੀ ’ਚ ਪਿਛਲੇ ਸਾਲ ਖੁੱਲ੍ਹੇ ਡਾ. ਬੀਆਰ ਅੰਬੇਡਕਰ ਮੈਡੀਕਲ ਕਾਲਜ ਦੀਆਂ 100 ਸੀਟਾਂ ਸਮੇਤ ਚਾਰੇ ਸਰਕਾਰੀ ਮੈਡੀਕਲ ਕਾਲਜਾਂ ’ਚ ਕੁੱਲ 675 ਐੱਮਬੀਬੀਐੱਸ ਸੀਟਾਂ ਹਨ।
ਸੰਪਰਕ : 98147 34035