India International Khaas Lekh Khalas Tv Special Punjab

ਜੱਟਾ ਤੇਰੀ ਜੂਨ ਬੁਰੀ

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਰਾਂ ‘ਤੇ ਸਰ੍ਹੋਂ ਰੰਗੀਆਂ ਚੁੰਨੀਆਂ ਲੈ ਕੇ ਕਿਸਾਨ ਬੀਬੀਆਂ ਨੇ ਸਿੰਘੂ ਬਾਰਡਰ ‘ਤੇ ਨੱਚ-ਨੱਚ ਕੇ ਦਿੱਲੀ ਹਿਲਾ ਦਿੱਤੀ। ਹਰੇ ਰੰਗ ਦੇ ਲੜ ਛੱਡਵੇਂ ਤੁਰਲੇ ਵਾਲੀਆਂ ਪੱਗਾਂ ਸਜਾ ਕੇ ਪਾਏ ਭੰਗੜੇ ਨੇ ਪੂਰਾ ਦੇਸ਼ ਨਾਲ ਨੱਚਣ ਲਾ ਲਿਆ। ਪੰਜਾਬ ਦੇ ਕੋਨੇ-ਕੋਨੇ ਵਿੱਚ ਪਿੜ ਬੱਝੇ, ਢੋਲ ਦੇ ਡਗੇ ‘ਤੇ ਬੋਲੀਆਂ ਪਈਆਂ, ਭੰਗੜੇ ਪਏ, ਫੁੱਲਾਂ ਦੀ ਵਰਖਾ ਹੋਈ। ਜਸ਼ਨਾਂ ਦੇ ਗੁਬਾਰਿਆਂ ਨੇ ਅਸਮਾਨ ਤੋਂ ਉਰੇ ਸਤਰੰਗੀ ਪੀਂਘ ਬਣਾ ਲਈ। ਮੌਕਾ ਸੀ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ। ਪੰਜ ਹੋਰ ਮੰਗਾਂ ਮੰਨੇ ਜਾਣ ਲਈ ਹਾਂ-ਪੱਖੀ ਭਰੋਸਾ ਮਿਲਣ ਦਾ। ਸਮਾਜ ਦਾ ਕਿਹੜਾ ਵਰਗ ਸੀ ਜਿਹੜਾ ਖੁਸ਼ੀ ‘ਚ ਖੀਵਾ ਨਹੀਂ ਹੋਇਆ ਪਰ ਟਾਵੇਂ-ਟਾਵੇਂ ਸਿਆਣੇ ਇਹ ਚਰਚਾ ਕਰਦੇ ਵੀ ਦਿਸੇ, ਜਿਹੜੇ ਕਹਿ ਰਹੇ ਸਨ ਕਿ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਨਾਲ ਕਿਸਾਨਾਂ ਦੀ ਸੱਚਮੁੱਚ ਕਿਸਮਤ ਬਦਲ ਜਾਊ। ਕਿਸਾਨ ਕਰਜ਼ੇ ਤੋਂ ਸੁਰਖਰੂ ਹੋ ਜਾਊ। ਖੁਦਕੁਸ਼ੀਆਂ ਦੀ ਫ਼ਸਲ ਪੱਕੇ ਤੌਰ ‘ਤੇ ਵੱਢੀ ਜਾਊ। ਸਾਰੇ ਕੁੱਝ ਦਾ ਜਵਾਬ ਅੱਜ ਕਿਸਾਨ ਦਿਵਸ ਮੌਕੇ ਸਾਹਮਣੇ ਆਏ ਅੰਕੜੇ ਦਿੰਦੇ ਨਜ਼ਰ ਆ ਰਹੇ ਹਨ। ਕਿਸਾਨ ‘ਤੇ ਮੁਲਕ ਨੂੰ ਫ਼ਖ਼ਰ ਤਾਂ ਹੈ ਪਰ ਉਹਦਾ ਆਪਣਾ ਮੁਕੱਦਰ ਨਹੀਂ ਬਦਲਿਆ।

ਸਾਲ 2021 ਦੌਰਾਨ ਦੇਸ਼ ਵਿੱਚ ਅਨਾਜ ਦਾ ਰਿਕਾਰਡ ਉਤਪਾਦਨ 30 ਲੱਖ 86 ਹਜ਼ਾਰ ਕਰੋੜ ਟਨ ਨੂੰ ਪਾਰ ਕਰ ਗਿਆ। ਹਾਲੇ ਡੇਢ ਦਹਾਕਾ ਪਹਿਲਾਂ ਮਸਾਂ 20.86 ਲੱਖ ਕਰੋੜ ਟਨ ਨੂੰ ਪੁੱਜਦਾ ਰਿਹਾ ਹੈ। ਮਤਲਬ ਇਹ ਕਿ ਪੰਦਰਾਂ ਸਾਲਾਂ ਵਿੱਚ 10 ਕਰੋੜ ਟਨ ਵੱਧ ਅਨਾਜ ਉਗਾਇਆ ਜਾਣ ਲੱਗਾ ਹੈ, ਉਹ ਵੀ ਉਸ ਵੇਲੇ ਜਦੋਂ ਦੁਨੀਆ ਕਰੋਨਾ ਵਿੱਚ ਪਿਸ ਰਹੀ ਸੀ, ਕਿਸਾਨ ਘਰ-ਬਾਰ ਛੱਡ ਕੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠਾ ਸੀ। ਝੋਨੇ ਦੀ ਗੱਲ ਕਰੀਏ ਤਾਂ ਬੀਤੇ ਸਾਲ ਦੌਰਾਨ ਪਿਛਲੇ ਪੰਜ ਸਾਲਾਂ ਨਾਲੋਂ 98.3 ਲੱਖ ਟਨ ਵੱਧ ਪੈਦਾਵਾਰ ਹੋਈ। ਕਣਕ ਦਾ ਝਾੜ ਵੀ 91 ਲੱਖ ਟਨ ਹੋਰ ਵਧਿਆ। ਦਾਲਾਂ ਵੀ 40 ਲੱਖ ਟਨ ਦੇ ਕਰੀਬ। ਰਿਪੋਰਟ ਮੁਤਾਬਕ 2018 ਵਿੱਚ ਝੋਨੇ ਦਾ ਉਤਪਾਦਨ 11.64 ਕਰੋੜ ਟਨ ਸੀ ਜਿਹੜਾ ਕਿ 2020 ਵਿੱਚ 12.22 ਕਰੋੜ ਟਨ ਨੂੰ ਪਾਰ ਗਿਆ ਹੈ। ਕਣਕ ਦਾ ਝਾੜ ਦੁੱਗਣਾ ਹੋਇਆ ਹੈ।

ਇਸਦੇ ਉਲਟ ਕਿਸਾਨ ਦੇ ਮੁਕੱਦਰ ਦੀ ਗੱਲ ਕਰੀਏ ਤਾਂ ਨਵੀਂ ਸਦੀ ਦੇ ਦੂਜੇ ਸਾਲ ਕਿਸਾਨ ਦੀ ਸਾਲਾਨਾ ਪਰਿਵਾਰਕ ਆਮਦਨ 23 ਹਜ਼ਾਰ 383 ਰੁਪਏ ਸੀ। ਮਹੀਨੇ ਦੇ ਸਿਰਫ 2.115 ਰੁਪਏ ਬਣਦੇ ਹਨ। 2012 ਵਿੱਚ ਸਾਲਾ ਆਮਦਨ 77.112 ਰੁਪਏ ਹੋ ਗਈ ਅਤੇ 2018 ਵਿੱਚ ਸਵਾ ਲੱਖ ਦੇ ਕਰੀਬ ਹੋ ਗਈ। ਮਾਸਿਕ ਪਰਿਵਾਰਕ ਆਮਦਨ ਦੀ ਗੱਲ ਕਰੀਏ ਤਾਂ ਇਹ 10.218 ਰੁਪਏ ਬੈਠਦੀ ਹੈ। ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਤਿੰਲਗਾਨਾ, ਯੂਪੀ, ਪੱਛਮੀ ਬੰਗਾਲ ਦੇ ਕਿਸਾਨ ਸਿਰਫ਼ 10 ਹਜ਼ਾਰ ਰੁਪਏ ਮਹੀਨੇ ਦੇ ਪਰਿਵਾਰ ਦਾ ਪੇਟ ਭਰਨ ਲਈ ਮਜ਼ਬੂਰ ਹਨ। ਦੇਸ਼ ਦਾ 50 ਫ਼ੀਸਦੀ ਕਿਸਾਨ ਕਰਜ਼ ਹੇਠ ਦੱਬਿਆ ਪਿਆ ਹੈ। ਮੁਲਕ ਦੇ ਸਿਰਫ਼ 12 ਰਾਜ ਹਨ, ਜਿੱਥੇ 10 ਹਜ਼ਾਰ ਤੋਂ ਵੱਧ ਮਾਸਿਕ ਆਮਦਨ ਹੈ।

ਰਿਪੋਰਟ ਨੇ ਕਿਸਾਨ ਦੀ ਦੁੱਖਦੀ ਰਗ ‘ਤੇ ਵੀ ਹੱਥ ਰੱਖਿਆ ਹੈ। ਪਿਛਲੇ ਸਾਲ ਚਾਹੇ ਰਿਕਾਰਡ ਉਤਪਾਦਨ ਹੋਇਆ ਪਰ ਹੜਾਂ ਨਾਲ 66.55 ਲੱਕ ਹੈਕਟੇਅਰ ਫਸਲ ਤਬਾਹ ਹੋ ਗਈ ਸੀ। ਸਾਲ 2012 ਤੋਂ ਲੈ ਕੇ 2018 ਤੱਕ ਫਸਲ ਦੀ ਕਮਾਈ ਮਸਾਂ ਪੌਣੇ ਪੰਜ ਫ਼ੀਸਦੀ ਵਧੀ ਹੈ। ਜਦਕਿ ਦੂਜੇ ਵਰਗਾਂ ਦੀ ਆਮਦਨ ਵਿੱਚ 21.8 ਫ਼ੀਸਦੀ ਦਾ ਵਾਧਾ ਹੋਇਆ ਹੈ। ਕਿਸਾਨ ਨੂੰ ਪੈ ਰਹੀ ਕੁਦਰਤੀ ਮਾਰ ਦੇ ਅੰਕੜੇ ਦੱਸਦੇ ਹਨ ਕਿ 2018 ਵਿੱਚ 17 ਲੱਖ ਏਕੜ ਫ਼ਸਲ ਕੁਦਰਤੀ ਆਫ਼ਤ ਨਾਲ ਤਬਾਹ ਹੋਈ ਸੀ। ਉਸ ਤੋਂ ਇੱਕ ਸਾਲ ਪਹਿਲਾਂ ਹੜਾਂ ਦੀ ਮਾਰ ਹੇਠ 114.95 ਲੱਖ ਹੈਕਟੇਅਰ ਮਾਰ ਹੇਠ ਆ ਗਿਆ ਸੀ। ਕੌੜੇ ਸੱਚ ਵਰਗੇ ਅੰਕੜੇ ਇਹ ਵੀ ਸਾਹਮਣੇ ਆਏ ਹਨ ਕਿ ਦੇਸ਼ ਦੇ ਕਿਸਾਨ ਕੋਲ ਔਸਤਨ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਹੈ। ਮੁਲਕ ਦੇ 8.2 ਫ਼ੀਸਦੀ ਲੋਕ ਬੇਜ਼ਮੀਨੇ ਹਨ। ਹਰੇਕ ਕਿਸਾਨ ਸਿਰ ਔਸਤਨ 74.121 ਰੁਪਏ ਦਾ ਕਰਜ਼ਾ ਹੈ।

ਪੰਜਾਬ ਦੇ ਕਿਸਾਨ ਦੀ ਤਕਦੀਰ ਮੁਲਕ ਦੇ ਕਿਸਾਨਾਂ ਨਾਲੋਂ ਵੱਖਰੀ ਨਹੀਂ ਪਰ ਬਾਵਜੂਦ ਇਸਦੇ ਉਹ ਠੰਢ ਅਤੇ ਧੁੱਪ ਦੀ ਮਾਰ ਝੱਲ ਕੇ ਪੂਰੇ ਦੇਸ਼ ਦਾ ਢਿੱਡ ਭਰ ਰਿਹਾ ਹੈ। ਰੱਬ ਕਰੇ, ਕਿਸਾਨ ਦਿਵਸ ਦੇ ਮੌਕੇ ‘ਤੇ ਹੀ ਹਾਕਮ ਨੂੰ ਮੱਤ ਆ ਜਾਵੇ ਅਤੇ ਉਹ ਢਿੱਡੋਂ ਤੁਰ ਪਵੇ ਅੰਨਦਾਤਾ ਦੀ ਤਕਦੀਰ ਬਦਲਣ ਲਈ। ਕਿਸਾਨੀ ਦੇਸ਼ ਦੀ ਰੀੜ ਦੀ ਹੱਡੀ ਹੈ। ਇਹ ਵੀ ਸੱਚ ਹੈ ਕਿ ਰੀੜ ਦੀ ਹੱਡੀ ਮਜ਼ਬੂਤ ਹੋਏ ਬਿਨਾਂ ਮੁਲਕ ਲਈ ਅਗਲੀ ਪੁਲਾਂਘ ਭਰਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।