Khaas Lekh Khalas Tv Special Punjab

ਸੱਚੋ ਸੱਚ ਦੱਸੀਂ ਵੇ ਵੋਟਰ ਜੋਗੀਆ…

ਕਮਲਜੀਤ ਸਿੰਘ ਬਨਵੈਤ

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋਣ ਵਿੱਚ ਸਿਰਫ਼ ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਸਿਆਸੀ ਪਾਰਟੀਆਂ ਲੰਘੇ ਕੱਲ੍ਹ ਖੁੱਲ੍ਹਮ-ਖੁੱਲ੍ਹਾ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਲੋਕਾਂ ਦੇ ਘਰੀਂ ਕੁੰਡੇ ਖੜਕਾਉਣ ਵਿੱਚ ਮਸ਼ਰੂਫ਼ ਹਨ। ਉਮੀਦਵਾਰਾਂ ਦੀ ਝੋਲੀ ਚੁੱਕ ਘਰੋਂ ਘਰੀਂ ਦਾਰੂ ਦੀਆਂ ਪੇਟੀਆਂ ਪੁੱਜਦੀਆਂ ਕਰਨ, ਕਣਕ ਦੇ ਗੱਟੇ ਸੁੱਟਣ ਸਮੇਤ ਕੜਕਦੇ ਮਜ਼ੈਂਟਾ ਰੰਗੇ ਕਾਗਜ਼ ਦੇ ਟੁਕੜੇ ਟੁਣਕਾ ਕੇ ਵੋਟਾਂ ਪੱਕੀਆਂ ਕਰਨ ਵਿੱਚ ਲੱਗੇ ਹੋਏ ਹਨ। ਉਮੀਦਵਾਰਾਂ ਦਾ ਰੌਲਾ ਰੱਪਾ ਹੈ ਪਰ ਵੋਟਰ ਚੁੱਪ ਹੈ। ਵੋਟਰਾਂ ਨੇ ਹਾਲੇ ਤੱਕ ਪੱਤੇ ਛਾਤੀ ਨਾਲ ਲਾ ਕੇ ਰੱਖੇ ਹੋਏ ਹਨ। ਪੰਜਾਬੀਆਂ ਦੀ ਲੰਮੀ ਖਾਮੋਸ਼ੀ ਸਿਆਸੀ ਪਾਰਟੀਆਂ ਨੂੰ ਤੜਫਾ ਰਹੀ ਹੈ।

ਸਿਆਸੀ ਪੰਡਿਤ ਲੰਘੜੀ ਵਿਧਾਨ ਸਭਾ ਦੀ ਭਵਿੱਖਬਾਣੀ ਕਰ ਰਹੇ ਹਨ। ਅਖਬਾਰਾਂ ਇਸ ਵਾਰ ਇਸ਼ਤਿਹਾਰ ਨਾ ਡਿੱਗਣ ਕਾਰਨ ਦਰ ਵੱਟੀ ਬੈਠੀਆਂ ਹਨ। ਟੀਵੀ ਚੈਨਲਾਂ ਰਾਹੀਂ ਸਿਆਸੀ ਪਾਰਟੀਆਂ ਦੇ ਬੁਲਾਰਿਆਂ, ਆਲੋਚਕਾਂ, ਅਰਥਸ਼ਾਸਤਰੀਆਂ ਅਤੇ ਵੱਖ-ਵੱਖ ਖੇਤਰ ਦੇ ਮਾਹਿਰਾਂ ਦੇ ਆਪਸੀ ਭੇੜ ਦੀਆਂ ਆਵਾਜ਼ਾਂ ਕੰਨੀਂ ਪੈ ਰਹੀਆਂ ਹਨ। ਕਈ ਟੀਵੀ ਚੈਨਲਾਂ ਵੱਲੋਂ ਚੋਣ ਸਰਵੇਖਣਾਂ ਰਾਹੀਂ ਰਾਜਨੀਤਿਕ ਪਾਰਟੀਆਂ ਨੂੰ ਤੋਲਿਆ ਜਾ ਰਿਹਾ ਹੈ। ਚੋਣ ਸਰਵੇਖਣ ਸ਼ੁਰੂ-ਸ਼ੁਰੂ ਵਿੱਚ ਤਾਂ ਇੱਕੋ ਬੋਲੀ ਬੋਲਦੇ ਰਹੇ ਹਨ। ਇਨ੍ਹਾਂ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਮੂਹਰੇ ਦੱਸ ਕੇ ਕਾਂਗਰਸ ਪਾਰਟੀ ਨਾਲ ਭੇੜ ਦਿਖਾਇਆ ਜਾਂਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੀਜੇ ਥਾਂ ‘ਤੇ ਡਿੱਗਦਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਗਠਜੋੜ ਅਤੇ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਸਰਵੇਖਣਾਂ ਤੋਂ ਬਾਹਰ ਰੱਖਿਆ ਜਾਂਦਾ ਰਿਹਾ ਹੈ। ਚੋਣ ਸਰਵੇਖਣਾਂ ਵਿੱਚ ਪੱਛੜ ਕੇ ਸ਼ਾਮਿਲ ਹੋਇਆ ਭਾਜਪਾ ਗਠਜੋੜ ਹੁਣ ਫਾਡੀ ਦਿਖਾਇਆ ਜਾਣ ਲੱਗਾ ਹੈ। ਸੰਯੁਕਤ ਸਮਾਜ ਮੋਰਚਾ ਹਾਲੇ ਤੱਕ ਮਨਫ਼ੀ ਚੱਲ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਜ਼ੀ ਨਿਊਜ਼ ਅਤੇ ਡਿਜ਼ਾਈਨਡ ਬਾਕਸ ਦੇ ਤਾਜ਼ਾ ਸਰਵੇਖਣ ਨੇ ਸਿਆਸੀ ਪਾਰਟੀਆਂ ਦੀ ਉੱਪਰਲੀ ਮਿੱਟੀ ਹੇਠਾਂ ਕਰਕੇ ਰੱਖ ਦਿੱਤੀ ਹੈ। ਤਾਜ਼ਾ ਸਰਵੇਖਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੋਹਰੀ ਦਿਖਾਇਆ ਗਿਆ ਹੈ ਅਤੇ ਭਾਜਪਾ ਤੀਜੇ ਥਾਂ ‘ਤੇ ਦਿਸ ਰਹੀ ਹੈ। ਉਂਝ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਵਿੱਚ ਵੀ ਹਾਸ਼ੀਏ ‘ਤੇ ਜਾ ਖੜੇ ਅਕਾਲੀ ਦਲ ਦਾ ਉਭਾਰ ਤਾਂ ਹੋ ਰਿਹਾ ਹੈ ਪਰ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਦਿਖਾਉਣ ਵਾਲੇ ਚੋਣ ਸਰਵੇਖਣ ਨੇ ਇਨ੍ਹਾਂ ਚੈਨਲਾਂ ਦੀ ਭਰੋਸੇਯੋਗਤਾ ‘ਤੇ ਕਈ ਸਾਰੇ ਸਵਾਲ ਖੜੇ ਕਰ ਦਿੱਤੇ ਹਨ।

ਆਮ ਲੋਕ ਚੋਣ ਸਰਵੇਖਣਾਂ ਦੀ ਗੱਲ ਚਾਹੇ ਦਿਲਚਸਪੀ ਨਾਲ ਕਰਦੇ ਹੋਣ ਪਰ ਇਹ ਕਦੇ ਸਿਆਸੀ ਹਵਾ ਦਾ ਰੁਖ਼ ਬਦਲਣ ਦਾ ਸਬੱਬ ਨਹੀਂ ਬਣੇ। ਬਹੁਤ ਵਾਰ ਤਾਂ ਇਨ੍ਹਾਂ ਸਰਵੇਖਣਾਂ ਨੂੰ ਭਾੜੇ ਦੇ ਗਰਦਾਨਿਆਂ ਜਾਂਦਾ ਰਿਹਾ ਹੈ। ਸਿਆਸੀ ਪਾਰਟੀਆਂ ਸਪਾਂਸਰਡ ਚੋਣ ਸਰਵੇਖਣ ਕਰਵਾਉਣ ਵਿੱਚ ਵੀ ਸਫ਼ਲ ਹੋ ਜਾਂਦੀਆਂ ਰਹੀਆਂ ਹਨ। ਸਪਾਂਸਰਡ ਜਾਂ ਭਾੜੇ ਦੇ ਚੋਣ ਸਰਵੇਖਣ ਕਿਸੇ ਵੀ ਅਦਾਰੇ ਦੀ ਭਰੋਸੇਯੋਗਤਾ ਨੂੰ ਕਟਹਿਰੇ ਵਿੱਚ ਖੜਾ ਕਰਦੇ ਹਨ ਚਾਹੇ ਇਹ ਮੀਡੀਆ ਹਾਊਸ ਕਿਉਂ ਨਾ ਹੋਣ। ਵਪਾਰ ਨਾਲੋਂ ਭਰੋਸੇਯੋਗਤਾ ਵਧੇਰੇ ਬਹੁਮੁੱਲੀ ਹੁੰਦੀ ਹੈ। ਦੂਜਿਆਂ ਨੂੰ ਪਾਠ ਪੜਾਉਣ ਵਾਲਿਆਂ ਨੂੰ ਦਾਨ ਦਾ ਕੰਮ ਆਪਣੇ ਘਰੋਂ ਸ਼ੁਰੂ ਕਰਨ ਦੀ ਲੋੜ ਹੈ। ਚੋਣ ਸਰਵੇਖਣ ਕੁੱਝ ਵੀ ਤਸਵੀਰ ਦਿਖਾਉਂਦੇ ਰਹਿਣ, ਅਸਲ ਸੱਚ ਤਾਂ ਪੰਜਾਬ ਦੇ ਜੋਗੀ ਵੋਟਰ ਹੀ ਦਿਖਾਉਣਗੇ। ਥੋੜਾ ਹੋਰ ਸਬਰ ਰੱਖਣ ਦੀ ਗੱਲ ਹੈ, ਜੋਗੀਆਂ ਵਾਲੀ ਪਿਟਾਰੀ 10 ਮਾਰਚ ਨੂੰ ਖੁੱਲ੍ਹ ਹੀ ਜਾਣੀ ਹੈ।