‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿੱਦਿਅਕ ਖੇਤਰ ਨੂੰ ਲੈ ਕੇ ਹੋ ਰਹੀ ਸਿਆਸਤ ਵਿੱਚ ਹੁਣ ਦੋ ਲੀਡਰ ਆਹਮੋ-ਸਾਹਮਣੇ ਹੋ ਗਏ ਹਨ। ਦਰਅਸਲ, ਕੇਜਰੀਵਾਲ ਵੱਲੋਂ ਪੰਜਾਬ ਆ ਕੇ ਦਿੱਲੀ ਦੇ ਸਿੱਖਿਆ ਸਿਸਟਮ ਦੇ ਹਰ ਵਾਰ ਗੁਣ-ਗਾਣ ਗਾਏ ਜਾਂਦੇ ਹਨ ਤੇ ਪੰਜਾਬ ਦੇ ਸਿੱਖਿਆ ਸਿਸਟਮ ਨੂੰ ਵਾਰ-ਵਾਰ ਭੰਡਿਆ ਜਾਂਦਾ ਰਿਹਾ ਹੈ। ਇਸ ਲਈ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਨੇ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਆਪ ਆਗੂ ਵੱਲੋਂ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਇਸ ਜ਼ਮੀਨ ’ਤੇ ਕਿਹੜੀ ਸਿੱਖਿਆ ਕ੍ਰਾਂਤੀ ਲਿਆਉਣਗੇ, ਜਿਸ ਨੂੰ ਸਦੀਆਂ ਤੋਂ ਸੱਭਿਅਤਾ ਦਾ ਧੁਰਾ ਆਖਿਆ ਜਾਂਦਾ ਹੈ ਅਤੇ ਜਿਸ ਨੇ ਲੋਕਾਂ ਨੂੰ ਪੜਣਾ ਤੇ ਲਿਖਣਾ ਸਿਖਾਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੁਆਰਾ ਵਰਤਿਆ ਜਾਣ ਵਾਲਾ ਇੱਕ ਹੋਰ ਹੋਛਾ ਢੰਗ ਹੈ ਅਤੇ ਕੇਜਰੀਵਾਲ ਨੂੰ ਪੰਜਾਬ ਬਾਰੇ ਵੀ ਕੁੱਝ ਨਹੀਂ ਪਤਾ। ਉਨਾਂ ਕਿਹਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਇਹ ਤੱਥ ਭੁੱਲ ਗਏ ਹਨ ਕਿ ਉਹ ਉਸੇ ਜ਼ਮੀਨ ਦੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਥੇ ਵੇਦਾਂ, ਉਪਨਿਸ਼ਦਾਂ ਅਤੇ ਹੋਰ ਗ੍ਰੰਥਾਂ ਦੀ ਰਚਨਾ ਹੋਈ। ਇਸ ਤੋਂ ਕਿਤੇ ਬਾਅਦ ਜਾ ਕੇ ਲੋਕਾਂ ਨੂੰ ਪੜਣ ਤੇ ਲਿਖਣ ਦੀ ਜਾਚ ਆਈ।
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ, ਜਿੱਥੇ ਮਹਾਨ ਗੁਰੂ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਲੋਕਾਂ ਨੂੰ ਜੀਵਨ ਵਿੱਚ ਮਾਰਗ ਦਰਸ਼ਨ ਦੇ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਹੀ ਹੈ ਪਰ ਜ਼ਮੀਨੀ ਹਕੀਕਤ ਤੋਂ ਜਾਣੂ ਹੋਏ ਬਿਨਾਂ ਕਿਸੇ ਬਾਹਰੀ ਵਿਅਕਤੀ ਵੱਲੋਂ ਟਿੱਪਣੀਆਂ ਕਰਨ ਦੀ ਇਹ ਇੱਕ ਹੋਰ ਮਿਸਾਲ ਹੈ। ਉਹ ਪੰਜਾਬ ਵਿੱਚ ਹੋਂਦ ਬਚਾਉਣ ਲਈ ਸਿਆਸੀ ਮਹੱਤਤਾ ਹਾਸਲ ਕਰਨ ਲਈ ਸੌੜੀਆਂ ਚਾਲਾਂ ‘ਤੇ ਭਰੋਸਾ ਕਰ ਰਿਹਾ ਹੈ।
ਉਹ ਦਿੱਲੀ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਤੱਥ ਲਿਆਉਣਾ ਚਾਹੁਣਗੇ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਨੈਸ਼ਨਲ ਪਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚ ਪੰਜਾਬ ਪਹਿਲੇ ਸਥਾਨ ‘ਤੇ ਸੀ ਜਦੋਂ ਕਿ ਦਿੱਲੀ ਛੇਵੇਂ ਸਥਾਨ ‘ਤੇ ਸੀ। ਸਿੱਖਿਆ ਦੇ ਸਾਰੇ ਮਾਪਦੰਡਾਂ ਸਿੱਖਣ ਦੇ ਨਤੀਜੇ, ਪਹੁੰਚ, ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਬਰਾਬਰਤਾ ਅਤੇ ਪ੍ਰਸ਼ਾਸਨ ਪ੍ਰਕਿਰਿਆ ਅਨੁਸਾਰ ਪੰਜਾਬ ਦਿੱਲੀ ਤੋਂ ਕਿਤੇ ਉੱਪਰ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੇ ਪਿਛਲੇ 4 ਸਾਲਾਂ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ 1.93 ਲੱਖ ਤੋਂ 3.3 ਲੱਖ ਤੱਕ ਵਧਾ ਕੇ ਸਰਕਾਰੀ ਸਕੂਲ ਪ੍ਰਣਾਲੀ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਇਹ ਸਾਡੀ ਸਰਕਾਰੀ ਸਕੂਲ ਪ੍ਰਣਾਲੀ ਦੀ ਗੁਣਵੱਤਾ ਵਿੱਚ ਸੂਬਾ ਵਾਸੀਆਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ, ਜਿਸਨੂੰ ਐਨਪੀਜੀਆਈ ਵੱਲੋਂ ਦੁਹਰਾਇਆ ਗਿਆ ਹੈ।
ਪਰਗਟ ਸਿੰਘ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਵੀ ਯਾਦ ਦਿਵਾਉਣਾ ਚਾਹੁਣਗੇ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਮੈਟ੍ਰਿਕ ਤੱਕ 35:1 ਦੇ ਮੁਕਾਬਲੇ ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24.5:1 ਹੈ। ਦਿੱਲੀ ਦੇ 15 ਫ਼ੀਸਦੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਪੰਜਾਬ ਦੇ 4 ਫ਼ੀਸਦੀ ਦੇ ਮੁਕਾਬਲੇ ਉਲਟ ਹੈ। ਇਸ ਲਈ ਉਹ ਅਰਵਿੰਦ ਕੇਜਰੀਵਾਲ ਨੂੰ ਸਲਾਹ ਦੇਣਗੇ ਕਿ ਉਹ ਕਿਰਪਾ ਕਰਕੇ ਪੰਜਾਬ ਦੀ ਚਿੰਤਾ ਕਰਨ ਤੋਂ ਪਹਿਲਾਂ ਦਿੱਲੀ ਲਈ ਲੋੜੀਂਦੇ ਅਧਿਆਪਕਾਂ ਨੂੰ ਯਕੀਨੀ ਬਣਾਉਣ।
ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੂਬੇ ਬਾਰੇ ਗਲ਼ਤ ਅਤੇ ਅਧੂਰੀ ਜਾਣਕਾਰੀ ਹੈ। ਇਸ ਲਈ ਉਹ ਦੱਸਣਾ ਚਾਹੁਣਗੇ ਕਿ ਪੰਜਾਬ ਸਰਕਾਰ ਦਸੰਬਰ ਦੇ ਅੰਤ ਤੱਕ 20,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕਰਨ ਦੀ ਪ੍ਰਕਿਰਿਆ ਅਧੀਨ ਹੈ। ਇਹ ਭਰਤੀਆਂ ਪਹਿਲਾਂ ਹੀ ਰੈਗੂਲਰ ਕੀਤੇ ਗਏ 8 ਹਜ਼ਾਰ 886 ਅਧਿਆਪਕਾਂ ਤੋਂ ਇਲਾਵਾ ਹਨ। ਇਸ ਤੋਂ ਇਲਾਵਾ 1 ਹਜ਼ਾਰ 117 ਸਟਾਫ਼ ਮੈਂਬਰਾਂ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਹੋਰ ਪ੍ਰਕਿਰਿਆ ਅਧੀਨ ਹਨ।
ਪਰਗਟ ਸਿੰਘ ਨੇ ਕਿਹਾ ਕਿ ਤਬਾਦਲੇ ਸਬੰਧੀ ਨੀਤੀ ਦੇ ਸਬੰਧ ਵਿੱਚ ਪੰਜਾਬ ਦੀ ਬਦਲੀਆਂ ਬਾਰੇ ਨੀਤੀ ਭਾਰਤ ਵਿੱਚ ਸਭ ਤੋਂ ਵਧੀਆ ਅਤੇ ਸਭ ਤੋਂ ਪਾਰਦਰਸ਼ੀ ਨੀਤੀਆਂ ਵਿੱਚੋਂ ਇੱਕ ਹੈ, ਜੋ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ ਅਤੇ ਸਾਲ ਵਿੱਚ ਇੱਕ ਵਾਰ ਕੀਤੀ ਜਾਂਦੀ ਹੈ। ਸਾਫਟਵੇਅਰ ਰਾਹੀਂ ਸੌਖ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਹੈ।ਅਧਿਆਪਕਾਂ ਦੇ ਤਬਾਦਲੇ ਦੀ ਨੀਤੀ ਤੋਂ ਲੈ ਕੇ ਸਕੂਲ ਦੇ ਅੰਕੜਿਆਂ ਤੱਕ ਸਭ ਕੁੱਝ ਇੱਕ ਬਟਨ ਦੇ ਕਲਿੱਕ ‘ਤੇ ਸੰਭਵ ਹੈ, ਜੋ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਆਪਣੇ 8 ਸਾਲਾਂ ਦੇ ਕਾਰਜਕਾਲ ਦੌਰਾਨ ਨਹੀਂ ਕਰ ਸਕੀ।
ਪਰਗਟ ਸਿੰਘ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਕਰਦੇ ਹਨ ਕਿ ਉਹ ਵਿਦੇਸ਼ਾਂ ਵਿੱਚ ਸਿਖਲਾਈ ਵਰਗੀਆਂ ਚਾਲਾਂ ਵਰਤ ਕੇ ਸਿੱਖਿਆ ਦੇ ਮੁੱਦੇ ‘ਤੇ ਸਿਆਸਤ ਨਾ ਖੇਡਣ। ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦਾਈਏ ਕਿ ਉਹ ਪਹਿਲਾਂ ਹੀ ਆਪਣੇ ਸਟਾਫ ਨੂੰ ਆਈਐਸਬੀ ਮੁਹਾਲੀ ਵਿਖੇ ਪੇਸ਼ੇਵਰ ਪ੍ਰਬੰਧਨ ਹੁਨਰ ਵਿਕਸਿਤ ਕਰਨ ਲਈ ਭੇਜ ਰਹੇ ਹਨ। ਪੰਜਾਬ ਵਿੱਚ ਪਹਿਲਾਂ ਹੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਅਤੇ ਪੰਜਾਬ ਦੇ ਲੋਕ ਪਹਿਲਾਂ ਹੀ ਇਸ ਦਾ ਹਿੱਸਾ ਹਨ। ਇਹ ਵੱਖਰੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਇਸ ਗੱਲ ਤੋਂ ਜਾਣੂ ਨਹੀਂ ਹਨ।