– ਕਮਲਜੀਤ ਸਿੰਘ ਬਨਵੈਤ
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂਵਾਲਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੀਪ ਸਿੱਧੂ ਆਸ਼ਕ ਤਾਂ ਹੈ ਹੀ ਸੀ, ਕਰਮਾਂ ਵਾਲਾ ਵੀ ਨਿਕਲਿਆ। ਜੋਬਨ ਰੁੱਤੇ ਮਰ ਕੇ ਤਾਰਾ ਬਣਿਆ ਹੈ। ਉਹ ਤਾਰਾ ਜਿਹੜਾ ਨੀਲੇ ਅੰਬਰੋਂ ਧਰੂਵ ਤਾਰਾ ਬਣ ਪੰਜਾਬ ਨੂੰ ਰੁਸ਼ਨਾਉਂਦਾ ਰਹੇਗਾ। ਕਿਸਾਨ ਅੰਦੋਲਨ ਦੌਰਾਨ ਆਪਣੀਆਂ ਤਕਰੀਰਾਂ ਅਤੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਕਾਰਨ ਵਿਵਾਦਾਂ ਵਿੱਚ ਘਿਰਿਆ ਦੀਪ ਸਿੱਧੂ ਥੋੜੇ ਸਮੇਂ ਵਿੱਚ ਹੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਲੱਗਾ। ਦੀਪ ਸਿੱਧੂ ਦੀ ਦੋ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਅਚਾਨਕ ਮੌਤ ਹੋਈ ਤਾਂ ਪੰਜਾਬ ਵਿੱਚ ਮਾਤਮ ਛਾ ਗਿਆ। ਇਹ ਵਜ੍ਹਾ ਸੀ ਕਿ ਪੰਜਾਬ ਵਿੱਚ ਕੋਈ ਅੱਖ ਹੋਵੇਗੀ ਜਿਹੜੀ ਰੋਈ ਨਾ ਹੋਵੇ, ਜਿਨ੍ਹੇ ਦਿਲ ਨਾ ਭਰਿਆ ਹੋਵੇ। ਗਮ ‘ਚ ਡੁੱਬਿਆ ਨਾ ਹੋਵੇ। ਉਹਦੇ ਪਿੱਤਰੀ ਪਿੰਡ ਉਦੇਕਰਨ ਵਿੱਚ ਮਾਤਮ ਛਾ ਗਿਆ। ਸਸਕਾਰ ਉਹਦਾ ਲੁਧਿਆਣੇ ਨੇੜੇ ਪਿੰਡ ਥਰੀਕੇ ਵਿੱਚ ਹੋਇਆ ਜਿੱਥੇ ਉਦੇਕਰਨ ਦੇ ਬਜ਼ੁਰਗਾਂ ਦਾ ਜਵਾਨ ਪੁੱਤ ਦੀ ਲਾਸ਼ ਵੇਖ ਕੇ ਦਿਲ ਨਹੀਂ ਸੀ ਖੜ ਰਿਹਾ।
ਦੀਪ ਸਿੱਧੂ ਦੇ ਬਜ਼ੁਰਗ ਜਸਪਾਲ ਸਿੰਘ ਦਾ ਦੱਸਣਾ ਹੈ ਕਿ ਉਹ ਬਚਪਨ ਤੋਂ ਹੀ ਜ਼ਹੀਨ ਬੁੱਧੀ ਦਾ ਮਾਲਕ ਅਤੇ ਸਿੱਖ ਵਿਚਾਰਧਾਰਾ ਦਾ ਮੁੱਦਈ ਸੀ। ਸੂਰਤ ਪੱਖੋਂ ਚਾਹੇ ਉਹ ਪੂਰਨ ਸਿੱਖ ਨਹੀਂ ਸੀ ਪਰ ਉਹਦੀ ਪ੍ਰੇਰਣਾ ਨਾਲ ਸੈਂਕੜੇ ਲੋਕ ਗੁਰੂ ਵਾਲੇ ਬਣੇ। ਉਹ ਜ਼ਜ਼ਬਾਤੀ ਸੀ ਪਰ ਚਲਾਕ ਨਹੀਂ ਸੀ। ਛੋਟਿਆਂ ਹੁੰਦਿਆਂ ਪੜਾਈ ਵਿੱਚ ਮੋਹਰੀ ਰਿਹਾ ਅਤੇ ਉਹਦੇ ਨਿਮਰ ਸੁਭਾਅ ਦੀ ਚਰਚਾ ਉਦੇਕਰਨ ਤੋਂ ਦਿੱਲੀ ਦੀਆਂ ਬਰੂਹਾਂ ਤੱਕ ਹੁੰਦੀ ਰਹੀ। ਦੀਪ ਸਿੱਧੂ ਦੇ ਰਿਸ਼ਤੇਦਾਰਾਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਹਨੇ ਮੁੰਬਈ ਦੀ ਫਿਲਮ ਨਗਰੀ ਵਿੱਚ ਕੰਮ ਕੀਤਾ, ਮਾਡਲਿੰਗ ਵਿੱਚ ਸਿੱਕਾ ਜਮਾਇਆ ਪਰ ਦਾਰੂ ਸਮੇਤ ਦੂਜੇ ਐਬਾਂ ਤੋਂ ਬਚਦਾ ਰਿਹਾ। ਪਿੰਡ ਦੀ ਪੜਾਈ ਤੋਂ ਬਾਅਦ ਉਹਨੇ ਪੂਣੇ ਤੋਂ ਲਾ ਦੀ ਡਿਗਰੀ ਲਈ। ਉੱਚ ਪੜਾਈ ਲਈ ਵਲੈਤ ਗਿਆ ਅਤੇ ਵਕਾਲਤ ਵੀ ਕੀਤੀ।
ਦੀਪ ਸਿੱਦੂ ਦੇ ਰਿਸ਼ਤੇਦਾਰ ਐਡਵੋਕੇਟ ਜਸਮੇਲ ਸਿੰਘ ਬਰਾੜ ਨੇ ਦੱਸਿਆ ਕਿ ਉਹ ਫੁੱਟਬਾਲ ਦਾ ਵਧੀਆਂ ਖਿਡਾਰੀ ਸੀ। ਕਾਬਿਲ ਵਕੀਲ, ਅਦਾਕਾਰ ਅਤੇ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਸੀ। ਮੁੰਬਈ ਰਹਿੰਦਿਆਂ ਉਹਦਾ ਸੰਪਰਕ ਪ੍ਰੋਡਿਊਸਰ ਏਕਤਾ ਕਪੂਰ ਅਤੇ ਲੀਲਾ ਬੰਸਾਲੀ ਜਿਹੇ ਡਿਰੈਕਟਰਾਂ ਨਾਲ ਹੋਇਆ, ਜਿਨ੍ਹਾਂ ਦਾ ਬਾਅਦ ਵਿੱਚ ਕਾਨੂੰਨੀ ਸਲਾਹਕਾਰ ਰਿਹਾ। ਧਰਮਿੰਦਰ ਪਰਿਵਾਰ ਨਾਲ ਉਹਦੀ ਕਾਫ਼ੀ ਨੇੜਤਾ ਸੀ। ਉਹਦੀ ਜਾਦੂਮਈ ਸ਼ਖਸੀਅਤ ਦਾ ਹੀ ਕਰਿਸ਼ਮਾ ਕਹੀਏ ਕਿ ਉਹਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰ ਲਿਆ। ਗੁਰਦਾਸਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਨੂੰ ਉਹਨੇ ਮੋਹਰੀ ਹੋ ਕੇ ਜਿਤਾਇਆ। ਦੀਪ ਦੀ ਦਿਆਨਤਦਾਰੀ ਨੂੰ ਦੇਖਦਿਆਂ ਸੰਨੀ ਦਿਓਲ ਨੇ ਆਪਣੀ ਗੈਰ ਹਾਜ਼ਰੀ ਵਿੱਚ ਹਲਕੇ ਦਾ ਚਾਰਜ ਉਹਨੂੰ ਦੇ ਦਿੱਤਾ ਪਰ ਕਿਸਾਨੀ ਅੰਦੋਲਨ ਦੌਰਾਨ ਉਹ ਸੰਨੀ ਨੂੰ ਅਲਵਿਦਾ ਕਹਿ ਕੇ ਦਿੱਲੀ ਦੀਆਂ ਬਰੂਹਾਂ ‘ਤੇ ਜਾ ਡਟਿਆ।
ਕੁੰਡਲੀ ਮਨੇਸਰ ਹਾਈਵੇਅ ‘ਤੇ ਮੰਗਲਵਾਰ ਰਾਤ ਸੜਕ ਹਾਦਸੇ ਵਿੱਚ ਜਦੋਂ ਉਹਦੀ ਜਾਨ ਚਲੇ ਜਾਣ ਦੀ ਖ਼ਬਰ ਲੋਕਾਂ ਦੇ ਕੰਨੀ ਪਈ ਤਾਂ ਭੀੜ ਆਪ ਮੁਹਾਰੇ ਉੱਧਰ ਨੂੰ ਹੋ ਤੁਰੀ। ਉਸਦੀ ਦੇਹ ਨੂੰ ਵੱਡੇ ਕਾਫ਼ਲੇ ਦੇ ਰੂਪ ਵਿੱਚ ਪੰਜਾਬ ਲਿਆਂਦਾ ਗਿਆ। ਦੀਪ ਦੇ ਘਰ ਦੇ ਬਾਹਰ ਪਹਿਲਾਂ ਹੀ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਉਹਦੇ ਘਰ ਦੇ ਬਾਹਰ ਦੋ ਤਿੰਨ ਕਿਲੋਮੀਟਰ ਤੱਕ ਗੱਡੀਆਂ ਹੀ ਗੱਡੀਆਂ ਦਿਸ ਰਹੀਆਂ ਸਨ। ਅਰਦਾਸ ਕਰਨ ਤੋਂ ਬਾਅਦ ਭਾਵੁਕ ਹੋਏ ਲੋਕਾਂ ਨੂੰ ਤਰਲਿਆਂ ਨਾਲ ਪਿੱਛੇ ਕਰਵਾ ਕੇ ਗੇਟ ਖੁੱਲ੍ਹਵਾਇਆ ਗਿਆ ਤਾਂ ਕਿਤੇ ਅੰਤਿਮ ਯਾਤਰਾ ਘਰੋ ਰਵਾਨਾ ਹੋਈ। ਪਿੰਡ ਦਾ ਮਾਹੌਲ ਬੇਹੱਦ ਗਮਗੀਨ ਸੀ। ਦੀਪ ਸਿੱਧੂ ਦੇ ਹਾਦਸੇ ਨੂੰ ਲੈ ਕੇ ਕਈ ਤਰ੍ਹਾਂ ਨਾਲ ਗੱਲਾਂ ਚਿੱਥੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦੇ ਪਰਿਵਾਰ ਨੇ ਹਾਦਸੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਇੱਕ ਖੁੰਝੇ ਤੋਂ ਤਾਂ ਸੀਬੀਆਈ ਨੂੰ ਜਾਂਚ ਦੇਣ ਦੀ ਮੰਗ ਵੀ ਉੱਠਣ ਲੱਗੀ ਹੈ।