Punjab

ਮੁੱਖ ਮੰਤਰੀ ਮਾਨ ਦੇ ਹਰੇ ਪੈੱਨ ਦੀ ਸਿਆਹੀ ਸੁੱਕੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਰੇ ਪੈੱਨ ਦੀ ਸਿਆਹੀ ਚੱਲਣ ਤੋਂ ਪਹਿਲਾਂ ਹੀ ਸੁੱਕ ਗਈ ਹੈ। ਪੰਜਾਬ ਵਿਧਾਨ ਸਭਾ ਨਤੀਜੇ ਦੇ ਐਲਾਨ ਤੋਂ ਅਗਲੇ ਪਲ ਆਪਣੇ ਘਰ ਦੇ ਬਨੇਰੇ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਹਰਾ ਪੈੱਨ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਚੱਲੇਗਾ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਇੱਕ ਹੋਰ ਭਾਸ਼ਣ ਹਾਸੇ ਠੱਠੇ ਦਾ ਸਬੱਬ ਵੀ ਬਣਿਆ ਜਦੋਂ ਉਨ੍ਹਾਂ ਨੇ ਕਹਿ ਦਿੱਤਾ ਸੀ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਏਨੇ ਮੌਕੇ ਪੈਦਾ ਕਰ ਦਿਆਂਗੇ ਕਿ ਬਾਹਰਲੇ ਦੇਸ਼ਾਂ ਦੇ ਗੋਰੇ ਵੀ ਇੱਥੇ ਆ ਕੇ ਨੌਕਰੀ ਕਰਿਆ ਕਰਨਗੇ।

ਇਸ ਤੋਂ ਵੀ ਪਹਿਲਾਂ ਪਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ 27 ਨਵੰਬਰ 2011 ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੁਹਾਲੀ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਉੱਤੇ ਬੈਠੇ ਕੱਚੇ ਮਾਸਟਰਾਂ ਕੋਲ ਭੂੰਝੇ ਬਹਿ ਕੇ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਠੇਕੇ ਉੱਤੇ ਭਰਤੀ ਨਹੀਂ ਹੋਵੇਗੀ ਅਤੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ। ਅੱਜ ਉਹੀ ਕੱਚੇ ਅਧਿਆਪਕ ਮੁੜ ਸੜਕਾਂ ਉੱਤੇ ਹਨ। ਕੱਚੇ ਅਧਿਆਪਕਾਂ ਨੇ ਲੰਘੇ ਕੱਲ੍ਹ ਕਿਸਾਨਾਂ ਦੇ ਪੱਕੇ ਮੋਰਚੇ ਵਿੱਚ ਹਾਜ਼ਰੀ ਵੀ ਭਰੀ ਹੈ।

ਪੰਜਾਬ ਮੰਤਰੀ ਮੰਡਲ ਦੀ 18 ਮਈ ਦੀ ਮੀਟਿੰਗ ਵਿੱਚ 1766 ਪਟਵਾਰੀ ਠੇਕੇ ਉੱਤੇ ਭਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਸੇਵਾਮੁਕਤ ਪਟਵਾਰੀਆਂ ਨੂੰ 25 ਹਜ਼ਾਰ ਰੁਪਏ ਉੱਕਾ ਪੁੱਕਾ ਤਨਖਾਹ ਉੱਤੇ ਭਰਤੀ ਕੀਤਾ ਜਾਵੇਗਾ ਪਰ ਉਹ ਨਾਲ ਪੈਨਸ਼ਨ ਵੀ ਲੈਂਦੇ ਰਹਿਣਗੇ ਬਸ਼ਰਤੇ ਕਿ ਉਨ੍ਹਾਂ ਦੀ ਉਮਰ 64 ਸਾਲ ਤੋਂ ਹੇਠਾਂ ਹੋਵੇ। ਪੰਜਾਬ ਮੰਤਰੀ ਮੰਡਲ ਦੇ ਇਸ ਫੈਸਲੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੋਚ ਦੀ ਪੋਲ ਖੁੱਲ ਗਈ ਹੈ। ਇੱਕ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ 4711 ਅਸਾਮੀਆਂ ਹਨ ਅਤੇ ਇਨ੍ਹਾਂ ਵਿੱਚੋਂ ਤਿੰਨ ਹਜ਼ਾਰ ਦੇ ਕਰੀਬ ਖਾਲੀ ਪਈਆਂ ਹਨ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਨੇ ਦੋ ਮਈ 2011 ਨੂੰ 1152 ਪਟਵਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ। ਉਦੋਂ ਦੋ ਲੱਖ 34 ਹਜ਼ਾਰ ਬੇਰੁਜ਼ਗਾਰਾਂ ਨੇ ਆਪਣੇ ਖਾਲੀ ਖੀਸਿਆਂ ਵਿੱਚੋਂ ਪ੍ਰੀਖਿਆ ਫੀਸ ਭਰ ਕੇ ਪਟਵਾਰੀ ਬਣਨ ਦਾ ਸੁਪਨਾ ਸਿਰਜਿਆ ਸੀ। ਸਰਕਾਰ ਵੱਲੋਂ ਅੱਠ ਅਗਸਤ ਨੂੰ ਪ੍ਰੀਖਿਆ ਵੀ ਲੈ ਲਈ ਗਈ ਪਰ ਬੇਰੁਜ਼ਗਾਰ ਨੌਜਵਾਨਾਂ ਦੇ ਸੁਪਨੇ ਅਧੂਰੇ ਰਹਿ ਗਏ।

ਪੰਜਾਬ ਸਰਕਾਰ ਕੋਲ ਠੇਕੇ ਉੱਤੇ ਸੇਵਾਮੁਕਤ ਪਟਵਾਰੀ ਭਰਤੀ ਕਰਨ ਦੀ ਥਾਂ ਉਨ੍ਹਾਂ ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਦੇਣ ਦਾ ਮੌਕਾ ਸੀ ਜਿਨ੍ਹਾਂ ਨੇ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ ਅਤੇ ਜੇਬਾਂ ਵਿੱਚੋਂ ਇਮਤਿਹਾਨ ਫੀਸ ਵੀ ਭਰੀ ਹੈ। ਸਰਕਾਰ ਚਾਹੁੰਦੀ ਤਾਂ ਨਵੀਂ ਰੈਗੂਲਰ ਭਰਤੀ ਦਾ ਅਮਲ ਵੀ ਮਹੀਨੇ ਵਿੱਚ ਪੂਰਾ ਹੋ ਸਕਦਾ ਸੀ। ਪੰਜਾਬ ਦੀ ਕਾਂਗਰਸ ਸਰਕਾਰ ਦੇ ਪੱਤਣ ਦਾ ਕਾਰਨ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਦੇਣ ਦਾ ਲਾਰਾ ਬਣਿਆ ਹੈ।

ਸਮਝਿਆ ਜਾ ਰਿਹਾ ਹੈ ਕਿ ਆਪ ਦੀ ਸਰਕਾਰ ਪਟਵਾਰੀਆਂ ਦੀ ਉਸ ਧਮਕੀ ਤੋਂ ਡਰ ਗਈ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਸਰਕਲ ਤੋਂ ਬਾਹਰ ਜਾ ਕੇ ਕੰਮ ਕਰਨ ਤੋਂ ਹੱਥ ਖੜੇ ਕਰ ਦਿੱਤੇ ਸਨ।